ਛੰਦ ( Shand )

ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ, ਇਸ ਲਈ ਇਹ ਰਸਮ ਲਾੜੇ ਦੀ ਆਪਣੀ ਬੋਲੀ ਤੇ ਵਿਰਸੇ ਨਾਲ ਜੁੜੇ ਹੋਣ ਦੀ ਲੁਕਵੀਂ ਜਿਹੀ ਪਰਖ ਵੀ ਹੁੰਦੀ ਤੇ ਸਹੁਰੇ ਪਰਿਵਾਰ ਦੇ ਜੀਆਂ ਨਾਲ ਖੁੱਲ੍ਹਣ ਦਾ ਇੱਕ ਹੀਲਾ ਵੀ ਹੁੰਦਾ। ਇਹੀ ਕਾਰਨ ਹੁੰਦਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੁ ਸਾਲੀਆਂ ਨਾਲ ਸੰਵਾਦ ਦੇ ਉਹ ਪਲ ਕਿਧਰੇ ਫਿੱਕੇ ਨਾ ਪੈ ਜਾਣ ਤੇ ਲਾੜਾ ਕਿਤੇ ਸਾਲੀਆਂ ਦੇ ਹਜੂਮ ਹੱਥੋਂ ਲੁਹਾ ਕੇ ਨਾ ਆ ਜਾਏ। ਉਂਜ ਬਹੁਤੀ ਵਾਰ ਇਹ ਸੰਵਾਦ ਸਿਲਸਿਲਾ ਲਾੜੇ ਦੇ ਸੁਭਾਅ ’ਤੇ ਵੀ ਨਿਰਭਰ ਕਰਦਾ। ਕਈ ਤਾਂ ਬੜੇ ਖੁੱਲ੍ਹੇ ਖੁਲਾਸੇ ਢੰਗ ਨਾਲ ਪੇਸ਼ ਆਉਂਦੇ ਤੇ ਕਈ ਸੰਗ ਵਿੱਚ ਦੂਹਰੇ ਤੀਹਰੇ ਹੁੰਦੇ ਯਾਦ ਕੀਤਾ ਵੀ ਭੁੱਲ ਜਾਂਦੇ ਤੇ ਸਾਲੀਆਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਦਿੰਦੇI
ਇਸ
ਨਾਜ਼ੁਕ ਘੜੀ ਲਾੜੇ ਦੇ ਕੁਝ ਖ਼ਾਸ ਦੋਸਤ ਉਹਦੀ ਮਦਦ ’ਤੇ ਹੁੰਦੇ। ਸਾਲੀਆਂ ਦੀ ਤਾਬੜ-ਤੋੜ ਫ਼ਰਮਾਇਸ਼ ਅੱਗੇ ਇੱਕ ਸ਼ਰੀਫ ਤੇ ਨਰਮ ਜਿਹੇ ਸੁਭਾਅ ਦਾ ਲਾੜਾ ਛੰਦ ਸੁਣਾ ਕੇ ਬਚਣ ਦਾ ਹੀਲਾ ਕਰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ।
ਇੰਜ ਉਹ ਸਾਲੀਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਸੌਖੇ ਹੀ ਖਹਿੜਾ ਛੁਡਾ ਲੈਂਦਾ। ਇੰਜ ਹੀ ਕੋਈ ਹੋਰ ਧਾਰਮਿਕ ਬਿਰਤੀ ਦਾ ਮਾਲਕ ਇਸ ਰੁਮਾਂਚਕ ਮਾਹੌਲ ਵਿੱਚ ਸੁਰਾਂ ਦੇ ਸੋਹਲੇ ਗਾ ਕੇ ਹੱਥ ਜੋੜ ਦਿੰਦਾ:

ਵੈਲੀਆਂ ਦਾ ਸੰਗ ਮਾੜਾ, ਭਾਈਆਂ ਵਿੱਚ ਜੰਗ ਮਾੜਾ
ਗਵਾਂਢੀ ਹੋਜੇ ਨੰਗ ਮਾੜਾ , ਨਿੱਤ ਤੰਗ ਕਰਦਾ
ਕੱਚਾ ਧੋਰੀ ਖਾਲ ਮਾੜਾ,ਲਾਲਚੀ ਦਲਾਲ ਮਾੜਾ
ਚੌਰਾਸੀ ਜੇਹਾ ਸਾਲ ਮਾੜਾ, ਫੱਟ ਹਰੇ ਕਰਦਾ
ਭਾਦੋਂ ਦਾ ਮਰੋੜਾ ਮਾੜਾ, ਵੱਡਿਆਂ ਨੂੰ ਮੋੜਾ ਮਾੜਾ
ਯਾਰ ਦਾ ਵਿਛੋੜਾ ਮਾੜਾ , ਕੋਈ ਕੋਈ ਜਰਦਾ
ਦੁੱਖ ਲਾ-ਇਲਾਜ ਮਾੜਾ, ਤਾਨਾਸ਼ਾਹੀ ਰਾਜ ਮਾੜਾ
ਪੁਲਸ ਨਾਲ ਲਿਹਾਜ਼ ਮਾੜਾ, ਬੜਾ ਤੰਗ ਕਰਦਾ
ਸੱਥ ਵਿੱਚ ਸ਼ੋਰ ਮਾੜਾ, ਸ਼ਰੀਕੇ ਵਿੱਚ ਖੋਰ ਮਾੜਾ
ਬੱਦਲ ਘਨ ਘੋਰ ਮਾੜਾ, ਜੇ ਪੱਕੀ ਉੱਤੇ ਵਰ੍ਹਦਾ
ਖੰਘ ਨੂੰ ਅਚਾਰ ਮਾੜਾ, ਇੱਕ ਤਰਫਾ ‘ਖਬਾਰ ਮਾੜਾ
ਘੁੱਦੇ ਬੰਦਾ ਭਾਨੀਮਾਰ ਮਾੜਾ, ਕੰਨ ਰਹੇ ਭਰਦਾ

Tags: ,