ਔਖਾ ਕੰਮ

ਜਦੋਂ ਵੀ ਕਦੇ ਗੱਡੀ ਲਾਲ ਬੱਤੀ ਤੇ ਜਾ ਕੇ ਰੁੱਕਦੀ ਹੈ ਤਾਂ ਕੋਈ ਨਾ ਕੋਈ ਗੱਡੀ ਨੂੰ ਘੇਰ ਹੀ ਲੈਂਦਾ ਹੈ। ਚਾਹੇ ਉਹ ਗੱਡੀ ਦੇ ਸ਼ੀਸ਼ੇ ਸਾਫ਼ ਕਰਨ ਵਾਲਾ ਹੋਵੇ, ਚਾਹੇ ਕੋਈ ਸਮਾਨ ਵੇਚ ਕੇ ਪੈਸੇ ਕਮਾਉਣ ਵਾਲਾ ਹੋਵੇ ਜਾਂ ਕੋਈ ਬਿਨਾਂ ਮਿਹਨਤ ਕੀਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲਾ ਹੋੇਵੇ।
ਇੱਕ ਦਿਨ ਜਦੋਂ ਗੱਡੀ ਲਾਲ ਬੱਤੀ ਤੇ ਜਾ ਕੇ ਰੁਕੀ ਤਾਂ ਹਮੇਸ਼ਾਂ ਦੀ ਤਰਾ ਇੱਕ ਲੜਕਾ ਗੱਡੀ ਦੇ ਸ਼ੀਸ਼ੇ ਕੋਲ ਆ ਕੇ ਖੜ੍ਹਾ ਹੋ ਗਿਆ। ਜਦੋਂ ਮੇਰੇ ਪਤੀ ਨੇ ਸ਼ੀਸ਼ਾ ਖੋਲ ਕੇ ਉਸਨੂੰ ਕੁੱਝ ਪੈਸੇ ਦੇਣੇ ਚਾਹੇ ਤਾਂ ਉਸਨੇ ਕਿਹਾ ਕਿ , ” ਅੰਕਲ, ਮੈਨੂੰ ਪੈੇਸੇ ਨਹੀਂ ਚਾਹੀਦੇ ਤੁਸੀਂ ਮੇਰੀ ਗੱਲ ਸੁਣ ਲਉ। ਉਥੇ ਮੇਰੇ ਮੰਮੀ ਪਏ ਹਨ, ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ। ਤੁਸੀਂ ਮੇਰੇ ਨਾਲ ਚੱਲ ਕੇ ਦੇਖੋ।” ਪਰ ਅਸੀਂ ਹਰੀ ਬੱਤੀ ਹੁੰਦੇ ਹੀ ਗੱਡੀ ਨੂੰ ਆਪਣੀ ਮੰਜ਼ਿਲ ਵੱਲ ਵਧਾ ਲਿਆ।
ਜਦੋਂ ਕੁੱਝ ਦੇਰ ਬਾਅਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪਿਛਲੀ ਸੀਟ ਤੇ ਬੈਠੀ ਮੇਰੀ ਬੇਟੀ ਬਹੁਤ ਰੋ ਰਹੀ ਸੀ। ਕਾਫ਼ੀ ਦੇਰ ਤੱਕ ਅਸੀਂ ਉਸ ਤੋਂ ਰੋਣ ਦਾ ਕਾਰਣ ਪੁੱਛਦੇ ਰਹੇ ਅਤੇ ਅਖੀਰ ਉਸਨੇ ਆਪਣੇ ਰੋਣ ਦਾ ਕਾਰਣ ਦੱਸਿਆ। ਕਾਰਣ ਸੀ ਉਸ ਲੜਕੇ ਦੀ ਮਾਂ ਦਾ ਫ਼ਿਕਰ। ਸ਼ਾਇਦ ਉਸਨੂੰ ਮੇਰਾ ਖਿਆਲ ਆਇਆ ਹੋਵੇ। ਪਰ ਇੱਕ ਵਾਰ ਉਸਦੇ ਰੋਣ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਵਾਰ ਤਾਂ ਮਹਿਸੂਸ ਹੋਇਆ ਕਿ ਸਾਡੇ ਤੋਂ ਗਲਤੀ ਹੋ ਗਈ ਹੈੈ। ਅਸੀਂ ਸੋਚਣ ਲਈ ਮਜਬੂਰ ਹੋ ਗਏ ਕਿ ਸਾਡੀ ਸੋਚ ਸਹੀ ਹੈ ਜਾਂ ਸਾਡੀ ਬੇਟੀ ਦੀ।ਜਿਵੇਂ ਕਿਵੇਂ ਪਰ ਮੁਸ਼ਕਿਲ ਨਾਲ ਉਹ ਦਿਨ ਬੀਤ ਗਿਆ।
ਅਗਲੇ ਹੀ ਦਿਨ ਫਿਰ ਸਾਡਾ ਉਸੇ ਰਸਤੇ ਤੋਂ ਜਾਣਾ ਹੋਇਆ ਤੇ ਅਸੀਂ ਦੁਬਾਰਾ ਉਸੇ ਲੜਕੇ ਨੂੰ ਦੇਖਿਆ।ਉਹ ਕਿਸੇ ਹੋਰ ਨੂੰ ਉਹੀ ਕਹਾਣੀ ਸੁਣਾ ਰਿਹਾ ਸੀ।
ਉਸ ਦਿਨ ਮੈਨੂੰ ਇਨਸਾਨ ਦੀ ਪਹਿਚਾਣ ਕਰਨਾ ਦੁਨੀਆ ਦਾ ਸਭ ਤੋਂ “ਔਖਾ ਕੰਮ” ਲੱਗਿਆ ।

On,

Author: