ਜਾਗੋ ( Jaago )

ਜਾਗੋ ਸਾਡੇ ਪੰਜਾਬੀ ਸੱਭਿਆਚਾਰ ਦਾ ਇਕ ਮਜ਼ਬੂਤ ਅੰਗ ਹੈ, ਜੋ ਸਦੀਆਂ ਤੋਂ ਸ਼ੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ। ਭਾਵੇਂ ਇਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ, ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਪਹਿਲਾਂ ਇਹ ਸਿਰਫ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ ਔਰਤਾਂ ਹੀ ਜਾਗੋ ਕੱਢਦੀਆਂ ਸਨ, ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ।
ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ। ਆਪਸ ਵਿੱਚ ਇਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ। ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ। ਮਰਦਾਂ ਨੇ ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ। ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ। ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਜਾਗੋ ਕੱਢੀ ਜਾਂਦੀ ਸੀ।
ਇਕ ਪਿੱਤਲ ਦੀ ਢੋਕਣੀ ਦੇ ਮੂੰਹ ‘ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ। ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ, ਇਹ ਵਿਆਹ ਵਾਲੇ ਮੁੰਡੇ ਦੀ ਮਾਸੀ ਦੇ ਸਿਰ ‘ਤੇ ਰੱਖੀ ਹੁੰਦੀ ਹੈ। ਇਸ ਦੇ ਨਾਲ ਘੁੰਗਰੂਆਂ ਵਾਲੀ ਡਾਂਗ ਵੀ ਹੁੰਦੀ ਹੈ, ਜਿਸ ‘ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ। ਇਸ ਨੂੰ ਧਰਤੀ ‘ਤੇ ਵਾਰ-ਵਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ, ਤਾਲ ਤੇ ਅੱਡੀਆਂ ਦੀ ਧਮਾਲ ਨਾਲ ਇਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ। ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚੱਲ ਪੈਂਦੀ ਹੈ:
ਜਾਗੋ ਕੱਢਣੀ ਮੜਕ ਨਾਲ ਤੁਰਨਾ, ਨੀਂ ਵਿਆਹ ਕਰਤਾਰੇ ਦਾ।
ਜੱਟਾ, ਜਾਗ ਬਈ, ਓ ਹੁਣ ਜਾਗੋ ਆਈ ਆ
ਚੁੱਪ ਕਰ ਬੀਬੀ ਮਸਾਂ ਸੁਆਈ ਆ, ਲੋਰੀ ਦੇ ਕੇ ਪਾਈ ਆ,
ਉਠ ਖੜੂਗੀ, ਔਖਾ ਕਰੂਗੀ, ਚੁੱਕਣੀ ਪਊਗੀ, ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ।
ਹੌਲੀ-ਹੌਲੀ ਬੋਲੀਆਂ ਵਿੱਚ ਤੇਜ਼ੀ ਆਉਂਦੀ ਜਾਂਦੀ ਹੈ:
ਬੱਲੇ ਨੀਂ ਬੰਬੀਹਾ ਬੋਲੇ, ਸ਼ਾਵਾ ਨਾ ਬੰਬੀਹਾ ਬੋਲੇ।
ਪਰ ਜਾਗੋ ਕਿਸੇ ਤੋਂ ਡਰਨ ਵਾਲੀ ਨਹੀਂ, ਉਹ ਤਾਂ ਸਭ ਵੱਡੇ ਅਖਵਾਉਣ ਵਾਲਿਆਂ ਨੂੰ ਲਲਕਾਰਦੀ ਹੈ:
ਏਸ ਪਿੰਡ ਦਿਓ ਪੰਚੋ ਵੇ, ਸਰਪੰਚੋ ਲੰਬੜਦਾਰੋ,
ਬਈ ਮੇਲ ਆਇਆ ਚੰਦ ਕੁਰ ਦੇ,
ਜ਼ਰਾ ਹਟ ਕੇ ਪਰ੍ਹਾਂ ਨੂੰ ਲੰਘ ਜਾਇਓ, ਬਈ ਵੱਡੀ ਮਾਮੀ ਜ਼ੈਲਦਾਰਨੀ,
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ, ਬਈ ਵੱਡੀ ਮਾਮੀ ਜ਼ੈਲਦਾਰਨੀ।

ਵੱਡੀ ਮਾਮੀ, ਜਿਸ ਨੇ ਜਾਗੋ ਚੁੱਕੀ ਹੋਈ ਹੈ, ਉਸ ਦਿਨ ਉਹ ਔਰਤ ਸ਼ਕਤੀ ਦਾ ਪ੍ਰਤੀਕ ਬਣੀ ਹੁੰਦੀ ਹੈ, ਜਿਹੜੇ ਕਿਸੇ ਵੀ ਵੱਡੇ ਘਰ ਦੇ ਭਾਂਡੇ ਮੂਧੇ ਕਰ ਸਕਦੀ ਹੈ, ਮੰਜੇ ਉਲਟਾ ਸਕਦੀ ਹੈ, ਵੱਡੇ-ਵੱਡੇ ਨਾਢੂ ਖਾਂ ਅਖਵਾਉਣ ਵਾਲੇ ਨੂੰ ਟਿੱਚਰ ਕਰ ਸਕਦੀ ਹੈ, ਕਿਉਂਕਿ ਉਸ ਦੇ ਨਾਲ ਕਿਰਤ ਸ਼ਕਤੀ ਜੁੜੀ ਹੋਈ ਹੁੰਦੀ ਹੈ। ਇਸੇ ਲਈ ਉਹ ਜ਼ੈਲਦਾਰਨੀ ਹੁੰਦੀ ਹੈ ਤੇ ਨਾਨਕੇ ਪਰਿਵਾਰ ‘ਚੋਂ ਹੋਦ ਦੇ ਬਾਵਜੂਦ ਦਾਦਕਿਆਂ ਦਾ ਉਸ ਨੂੰ ਪੂਰਾ ਸਹਿਯੋਗ ਹਾਸਲ ਹੁੰਦਾ ਹੈ। ਉਹ ਘੁੰਡ ਵਿੱਚ ਲੁਕ ਕੇ ਰਹਿਣ ਵਾਲੀ ਔਰਤ ਨਹੀਂ, ਜਿਸ ‘ਤੇ ਮਰਦ ਨੇ ਸੈਂਕੜੇ ਪਾਬੰਦੀਆਂ ਲਾਈਆਂ ਹੋਣ, ਅੱਜ ਉਹ ਇਨ੍ਹਾਂ ਸਭ ਪਾਬੰਦੀਆਂ ਨੂੰ ਤੋੜ ਕੇ ਇਕ ਬਗਾਵਤ ਦਾ ਝੰਡਾ ਚੁੱਕੀ ਫਿਰਦੀ ਹੈ। ਇਸੇ ਲਈ ਤਾਂ ਉਹ ਜਾਣ ਬੁੱਝ ਕੇ ਪਤਵੰਤਿਆਂ ਨੂੰ ਛੇੜਦੀ ਹੈ

ਲੰਬੜਾ ਜੋਰੂ ਜਗਾ ਲੈ ਬਈ ਹੁਣ ਜਾਗੋ ਆਈ ਆ।
ਵਿੱਚੋਂ ਕੋਈ ਆਕੜ ਕੰਨੇ ਜੱਟ ਵੱਲੋਂ ਜਵਾਬ ਵੀ ਦਿੰਦੀ ਹੈ:
ਨੀਂ ਜਾਗੋ ਜਾਗੋ ਫਿਰੇਂ ਕਰਦੀ, ਸਾਨੂੰ ਪਤਾ ਨਹੀਂ ਕਿਸ ਨੂੰ ਬੁਲਾਉਂਦੀ,
ਸੁੱਤਾ ਜੱਟ ਮਾਨ ਨਾ ਕੁੜੇ, ਕਾਹਨੂੰ ਹੱਥ ਨੀਂ ਭਰਿੰਡਾਂ ਨੂੰ ਤੂੰ ਪਾਉਂਦੀ,
ਨੀਂ ਜਾਗੋ ਤੇਰੀ ਲੰਘ ਚੱਲੀ ਐ, ਕਾਹਨੂੰ ਮਾਰ-ਮਾਰ ਕੂਹਣੀਆਂ ਉਠਾਉਂਦੀ।
ਪਰ ਲਲਕਾਰਾ ਫੇਰ ਵੱਜਦਾ ਹੈ:
ਆਉਂਦੀ ਕੁੜੀਏ, ਜਾਂਦੀ ਕੁੜੀਏ, ਭਰ ਲਿਆ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ..ਕਿੱਥੇ ਲਾਹੇਂਗੀ ਨੀਂ ਸਾਰਾ ਪਿੰਡ ਛੜਿਆਂ ਦਾ।
ਛੜੇ ਮਲੰਗੋ ਕੋਠੇ ਚੜ੍ਹ ਜਾਓ, ਰੰਨਾਂ ਵਾਲੇ ਅੰਦਰ ਵੜ ਜਾਓ,
ਫੇਰ ਨਾ ਰੌਲਾ ਪਾਇਓ, ਬਈ ਧੂੜ੍ਹਾਂ ਪੱਟੀ ਆਉਂਦੀ ਐ,
ਨਾਨਕਿਆਂ ਦੀ ਜਾਗੋ..।
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ.. ਜਾਗੋ ਰੌਲਾ ਪਾਉਂਦੀ ਆਈ..।

ਇਸ ਸਮੇਂ ਦੌਰਾਨ ਇਕ ਘਰ ਤੋਂ ਦੂਜੇ ਘਰ ਜਾਣਾ ਜਾਰੀ ਰਹਿੰਦਾ ਹੈ। ਦੀਵਿਆਂ ਵਿੱਚ ਹਰ ਘਰ ਤੋਂ ਤੇਲ ਪਾਇਆ ਜਾਂਦਾ ਹੈ, ਜਿਹੜਾ ਇਕ ਪਾਸੇ ਤਾਂ ਸ਼ਗਨਾਂ ਦਾ ਪ੍ਰਤੀਕ ਹੈ, ਦੂਜੇ ਪਾਸੇ ਉਸ ਪਰਿਵਾਰ ਵੱਲੋਂ ਜਾਗੋ ਦੀ ਸੋਚ ਨਾਲ ਸਹਿਮਤੀ ਪ੍ਰਗਟਾਉਣਾ ਵੀ ਹੈ। ਇਸ ਸੋਚ ਵਿੱਚ ਪਿਆਰ, ਇਤਫਾਕ, ਭਰਾਤਰੀ ਸਾਂਝ ਦੇ ਨਾਲ ਬਿਨਾਂ ਕਿਸੇ ਊਚ-ਨੀਚ, ਰੰਗ, ਜਾਤ, ਮਜ਼ਹਬ ਦੇ ਭਿੰਨ ਭਾਵ ਤੋਂ ਸਭ ਨਾਲ ਖੁਸ਼ੀ ਸਾਂਝੀ ਕਰਨਾ ਵੀ ਸ਼ਾਮਲ ਹੈ ਤਾਂ ਹੀ ਤਾਂ ਕਿਹਾ ਗਿਆ ਹੈ:
ਕੋਈ ਪਾਊਗਾ ਨਸੀਬਾਂ ਵਾਲਾ, ਬਈ ਜਾਗੋ ਵਿੱਚੋਂ ਤੇਲ ਮੁੱਕਿਆ।
ਜਾਗੋ ਵਿੱਚ ਸਿਰਫ ਜਾਗੋ ਨਾਲ ਸਬੰਧਤ ਬੋਲੀਆਂ ਹੀ ਨਹੀਂ ਹੁੰਦੀਆਂ, ਸਗੋਂ ਉਹ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਹੜੀਆਂ ਆਮ ਗਿੱਧੇ ਵਿੱਚ ਚੱਲਦੀਆਂ ਹਨ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਜਾਗੋ ਰੁਕਦੀ ਹੈ, ਜਿੰਨੀ ਦੇਰ ਉਸ ਘਰ ਦੀ ਸੁਆਣੀ ਦੀਵਿਆਂ ਵਿੱਚ ਤੇਲ ਪਾਉਂਦੀ ਹੈ ਅਤੇ ਸ਼ਗਨ ਵਜੋਂ ਕੁਝ ਰੁਪਏ ਦਿੰਦੀ ਹੈ, ਉਨੀ ਦੇਰ ਗਿੱਧਾ ਭਰ ਜੋਬਨ ਵਿੱਚ ਜਾਰੀ ਰਹਿੰਦਾ ਹੈ। ਇਨ੍ਹਾਂ ਬੋਲੀਆਂ ਦੀ ਗਿਣਤੀ ਵਿੱਚ ਵੰਨ-ਸੁਵੰਨਤਾ ਬੇਅੰਤ ਹੈ, ਅਸੀਂ ਇਥੇ ਸਿਰਫ ਕੁਝ ਜ਼ਿਕਰ ਕੀਤਾ ਹੈ:

ਸੁਣ ਨੀਂ ਭਾਬੀ ਟਿੱਕੇ ਵਾਲੀਏ, ਕੀ ਜਵਾਬ ਹੈ ਤੇਰਾ,
ਨੀਂ ਭੈਣ ਤੇਰੀ ਨਾਲ ਵਿਆਹ ਕਰਵਾ ਕੇ, ਬਣ ਜਾਂ ਭਣੋਈਆ ਤੇਰਾ,
ਗਿੱਧੇ ਦੇ ਵਿੱਚ ਵੜ ਕੇ ਨੀਂ ਤੂੰ ਦੇ ਦੇ ਸ਼ੌਕ ਦਾ ਗੇੜਾ,
ਨੀਂ ਦੀਵਾ ਕੀ ਕਰਨਾ, ਚਾਨਣ ਹੋ ਜਾਊ ਤੇਰਾ।”
‘‘ਸੁਣ ਨੀਂ ਭਾਬੀ ਨੱਚਣ ਵਾਲੀਏ, ਤੇਰੇ ਤੋਂ ਕੀ ਮਹਿੰਗਾ,
ਤੇਰੇ ਮੂਹਰੇ ਥਾਨ ਸੁੱਟਿਆ, ਸੁੱਥਣ ਸਵਾ ਲਈਂ ਭਾਵੇਂ ਲਹਿੰਗਾ।”
‘‘ਤਿੰਨ ਦਿਨ ਹੋਗੇ ਤਾਪ ਚੜ੍ਹੇ ਨੂੰ, ਹੂੰਗਰ ਪਵੇ ਚੁਫੇਰੇ,
ਪੇਕੇ ਤਾਂ ਮੇਰੇ ਪੈਂਦ ਸਿਰ੍ਹਾਣੇ, ਸਹੁਰੇ ਨਾ ਢੁਕਦੇ ਨੇੜੇ,
ਜੇ ਮੈਂ ਮਰਗੀ ਵੇ, ਵਿੱਚ ਬੋਲੂੰਗੀ ਤੇਰੇ।”
‘‘ਕੱਲ੍ਹ ਦਾ ਆਇਆ ਮੇਲ ਸੁਣੀਂਦਾ, ਸੁਰਮਾ ਸਭ ਨੇ ਪਾਇਆ,
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਬੱਲੇ ਬੱਲੇ ਬੱਲੇ ਬੱਲੇ ਬੱਲੇ..
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਵਿਆਂਹਦੜ ਰੂਪ ਸਜਾਇਆ,
ਨੀਂ ਮੁੰਡੇ ਦੀ ਮਾਮੀ ਨੇ, ਗਿੱਧਾ ਖੂਬ ਸਜਾਇਆ।”
ਅਖੀਰ ‘ਤੇ ਕਿਹਾ ਜਾਂਦਾ ਹੈ:
‘‘ਨਾਨਕਿਆਂ ਤੇ ਦਾਦਕਿਆਂ ਨੇ, ਚਾਵਾਂ ਸੱਧਰਾਂ ਖੁਸ਼ੀਆਂ ਦੇ ਨਾਲ,
ਸਾਰੇ ਪਿੰਡ ਘੁਮਾਈ ਆ, ਬਈ ਹੁਣ ਜਾਗੋ ਆਈ ਆ।”
ਅੱਜ ਦੇ ਸਮੇਂ ਵਿੱਚ ਵਿਆਹ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਹਨ ਅਤੇ ਜਾਗੋ ਵੀ ਵਪਾਰਕ ਅਤੇ ਆਧੁਨਿਕ ਹੋ ਗਈ ਹੈ। ਹੇਠਾਂ ਦਿੱਤੀਆਂ
ਬੋਲੀਆਂ ਆਧੁਨਿਕ ਜਾਗੋ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ:
‘‘ਨਾ ਉਹ ਹਾਸੇ, ਨਾ ਉਹ ਖੁਸ਼ੀਆਂ, ਨਾ ਉਹ ਜਾਗੋ ਰਹਿ ਗਈ,
ਅੱਜ ਕੱਲ੍ਹ ਜਾਗੋ ਨਵੇਂ ਸਮੇਂ ਦੀ, ਵਹਿਣਾਂ ਦੇ ਵਿੱਚ ਵਹਿ ਗਈ,
ਹੁਣ ਤਾਂ ਜਾਗੋ ਟੀ ਵੀ ਦੀ ਇਕ ਆਈਟਮ ਬਣ ਕੇ ਰਹਿ ਗਈ,
ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।
ਅੰਮੀ ਕਹਿੰਦੀ ਕੌਣ ਚੁੱਕੂ ਭਾਰ, ਛੇਤੀ ਕੋਈ ਜਾਓ ਬਾਜ਼ਾਰ,
ਦੀਵੇ ਤੇਲ ਘੜਾ ਤਿਆਗੋ, ਲਾਈਟਾਂ ਵਾਲੀ ਲਿਆਓ ਜਾਗੋ,
ਹੁਣ ਚਾਈਨੀਜ਼ ਜਾਗੋ ਆਈ ਆ, ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।”
ਅੱਜ ਲੋੜ ਹੈ ਜਾਗੋ ਦੀ ਭਾਵਨਾ ਨੂੰ ਜਗਦੀ ਰੱਖਣ ਦੀ। ਸਿਰਫ ਮੂਵੀ ਜਾਂ ਐਲਬਮ ਵਿੱਚ ਦਿਖਾਉਣ ਲਈ ਭਾੜੇ ਦੀ ਜਾਗੋ ਦੀ ਲੋੜ ਨਹੀਂ।
ਸਾਡੇ ਅਮੀਰ ਵਿਰਸੇ ਦੀ ਅਮੀਰ ਜਾਗੋ ਵਿੱਚੋਂ ਤੇਲ ਮੁੱਕ ਰਿਹਾ ਹੈ, ਆਓ ਰਲ ਮਿਲ ਕੇ ਸਾਂਝੀਵਾਲਤਾ ਦਾ ਤੇਲ ਪਾਈਏ।

ਜਾਗੋ ਵੀਡਿਓੁ
http://www.youtube.com/watch?v=LBcznz84_ms

Tags: , ,