ਅਨੋਖੀ ਖਬਰ

ਪਿਛਲੀ ਰਾਤ ਬੱਸ ਸਟੈਂਡ ਕੋਲ ਵਾਲੀਆਂ ਝੂੰਗੀਆਂ ਵਾਲਿਆਂ ਨੂੰ ਪੰਦਰਾਂ-ਵੀਹ ਡਾਕੂਆਂ ਨੇ ਘੇਰਾ ਪਾਉਣ ਦੀ ਲਾਈ ਖ਼ਬਰ ਜਿਉਂ ਹੀ ‘ਪਰਸੋਂ ਤੱਕ’ ਚੈਨਲ ਵਾਲਿਆਂ ਨੇ ਪ੍ਰਸਾਰਿਤ ਕੀਤੀ ਤਾਂ ਸਾਰੇ ਸੁੱਤੇ ਪਏ ਸ਼ਹਿਰ ਵਿਚ ਸਨਸਨੀ ਫੈਲ ਗਈ। ਡਾਕੂਆਂ ਨੇ ਸਾਰੇ ਲੁੱਟੇ ਹੋਏ ਮਾਲ ਜਿਵੇਂ ਰੂੜੀਆਂ ਵਿਚੋਂ ਚੁੱਗੇ ਹੋਏ ਖਾਲੀ ਫਟੇ-ਪੁਰਾਣੇ ਲਿਫਾਫੇ, ਬੋਰੇ, ਪਾਟੀਆਂ ਤਰਪਾਲਾਂ ਅਤੇ ਹੋਰ ਸਾਰੇ ਨਿੱਕ-ਸੁੱਕ ਦੀਆਂ ਪੰਡਾਂ ਬੰਨ੍ਹ ਕੇ ਚਾਰ ਡਾਕੂਆਂ ਦੇ ਸਾਈਕਲਾਂ ‘ਤੇ ਰੱਖ ਕੇ ਆਪਣੇ ਅੱਡੇ ਵੱਲ ਨੂੰ ਰਵਾਨਾ ਕਰ ਦਿੱਤਾ। ਬਾਕੀ ਦੇ ਡਾਕੂ ਵੀ ਮਾਰੇ ਹੋਏ ਸਫਲ ਡਾਕੇ ਦੀ ਖੁਸ਼ੀ ਵਿਚ ਝੁੂੰਮਦੇ ਦੌੜਨ ਦੀ ਤਿਆਰੀ ਕਰ ਹੀ ਰਹੇ ਸਨ ਪਰ ਟੀ. ਵੀ. ਵਿਚ ਖ਼ਬਰ ਆਉਣ ਕਰਕੇ ਸਾਰੇ ਜ਼ਿਲ੍ਹੇ ਦੀ ਪੁਲਿਸ ਵੀ ਹਰਕਤ ਵਿਚ ਆ ਗਈ। ਘੇਰਾ ਪਿਆ ਦੇਖ ਡਾਕੂਆਂ ਨੇ ਵੀ ਪੁਜ਼ੀਸ਼ਨਾਂ ਲੈ ਲਈਆਂ। ਦੋਹਾਂ ਪਾਸਿਉਂ ਰਾਈਫਲਾਂ ਅਤੇ ਗੁਲੇਲਾਂ ਚਲਣ ਲੱਗੀਆਂ, ਗੁਲੇਲਾਂ ਨਾਲ ਡੇਕ ਦੀਆਂ ਗੋਟਲੀਆਂ ਅਤੇ ਰਾਈਫਲਾਂ ਨਾਲ ਬਰਾਬਰ ਗੋਲੀਆਂ ਦਾ ਮੀਂਹ ਵਰ੍ਹਨ ਲੱਗਾ। ਲਗਾਤਾਰ ਪੰਜ ਘੰਟੇ ਤੱਕ ਚਲੇ ਮੁਕਾਬਲੇ ਵਿਚ ਪੁਲਿਸ ਨੂੰ ਕੋਈ ਵੀ ਕਾਮਯਾਬੀ ਨਾ ਮਿਲੀ ਤਾਂ ਪੁਲਿਸ ਨੇ ਵਾਇਰਲੈੱਸ ਕਰਕੇ ਹੋਰ ਪੁਲਿਸ ਅਤੇ ਕਮਾਂਡੋਜ਼ ਬੁਲਾ ਲਏ। ਗੋਲੀਆਂ ਤੇ ਗਟੋਲਾਂ ਡਾਕੂਆਂ ਦੀਆਂ ਵੀ ਤਕਰੀਬਨ ਖਤਮ ਵਰਗੀਆਂ ਹੀ ਸਨ ਨਾਲੇ ਪੁਲਿਸ ਦਾ ਘੇਰਾ ਤੰਗ ਹੁੰਦਾ ਦੇਖ ਡਾਕੂ ਵੀ ਉਸ ਜਗ੍ਹਾ ਨੂੰ ਛੱਡਣ ਦੀ

ਵਿਉਂਤਬੰਦੀ ਕਰਨ ਲੱਗੇ। ਡਾਕੂਆਂ ਦੇ ਸਰਦਾਰ ਦੀ ਜਿਉਂ ਹੀ ਸੜਕ ਕੰਢੇ ਖੜ੍ਹੇ ਪੀ. ਡਬਲਿਊ. ਡੀ. ਵਾਲਿਆਂ ਦੇ ਰੋਡ ਰੋਲਰ ‘ਤੇ ਪਈ ਤਾਂ ਉਸ ਦਿਮਾਗ ਨੇ ਮਿੰਟਾਂ ਵਿਚ ਹੀ ਸਾਰੀ ਪਲਾਨਿੰਗ ਕਰ ਲਈ। ਉਸ ਨੇ ਆਪਣੇ ਸਾਰੇ ਸਾਥੀ ਡਾਕੂਆਂ ਨੂੰ ਕੁਝ ਸਮਝਾਉਣ ਤੋਂ ਬਾਅਦ ‘ਅੱਖ ਝਪਕਦਿਆਂ ਹੀ ਸਾਰੇ ਡਾਕੂ ਉਸ ਰੋਡ ਰੋਲਰ ‘ਤੇ ਸਵਾਰ ਹੋ ਕੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋਣ ‘ਚ ਸਫਲ ਹੋ ਗਏ। ਪੁਲਿਸ ਨੇ ਡਾਕੂਆਂ ਪਿੱਛੇ ਬਥੇਰੀਆਂ ਜਿਪਸੀਆਂ ਲਾਈਆਂ ਪਰ ਹੱਥ ਅਸਫਲਤਾ ਹੀ ਲੱਗੀ। ਡਾਕੂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਏ ਸਨ। ਪੁਲਿਸ ਇਕ ਵਾਰ ਫਿਰ ਨਾਕਾਮ। ਪਰ ਪੁਲਿਸ ਨੂੰ ਉਸ ਵਕਤ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਿਰਫ ਅੱਧੇ ਘੰਟੇ ਬਾਅਦ ਉਹੀ ਰੋਡ ਰੋਲਰ ਵਾਰਦਾਤ ਵਾਲੀ ਥਾਂ ਤੋਂ ਸਵਾ ਕੁ ਸੌ ਕਿਲੋਮੀਟਰ ਦੂਰ ਪੱਛਮ ਵਾਲੇ ਪਾਸਿਉਂ ਪੁਲਿਸ ਨੇ ਬਰਾਮਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਅਪਰਾਧੀ ਕਿੰਨਾ ਵੀ ਹੁਸ਼ਿਆਰ ਹੋਵੇ, ਉਹ ਪਿੱਛੇ ਕੋਈ ਨਾ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਹੈ। ਇਸ ਕਰਕੇ ਪੁਲਿਸ ਉਸ ਰੋਡ ਰੋਲਰ ਨੂੰ ਟੋਅ ਕਰਕੇ ਥਾਣੇ ਵਿਚ ਲਿਆ ਕੇ ਉਸ ਰੋਲਰ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਕਿ ਡਾਕੂਆਂ ਦੇ ਟਿਕਾਣੇ ਦੀ ਅਤੇ ਲੁੱਟੇ ਹੋਏ ਮਾਲ ਦੀ ਕੋਈ ਨਾ ਕੋਈ ਸੂਹ ਜਾਂ ਕੋਈ ਹੋਰ ਠੋਸ ਸਬੂਤ ਮਿਲ ਸਕੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਕਿਸੇ ਵੀ ਨਤੀਜੇ ‘ਤੇ ਨਹੀਂ ਸੀ ਪਹੁੰਚ ਸਕੀ। ਛਾਣਬੀਨ ਜਾਰੀ ਹੈ

Tags:

Leave a Reply