ਕਿਰਾਏਦਾਰ

ਇੱਕ ਵਾਰ ਫਿਰ ਘਰ ਖਾਲੀ-ਖਾਲੀ ਹੋ ਗਿਆ ਸੀ, ਜਿਵੇਂ ਇਸ ਘਰ ਵਿੱਚ ਕਦੇ ਕੋਈ ਵੱਸਦਾ ਹੀ ਨਹੀਂ ਸੀ। ਵੱਡਾ ਪੜ੍ਹ-ਲਿਖ ਕੇ ਜਦੋਂ ਕੈਨੇਡਾ ਸੈਟਲ ਹੋ ਗਿਆ ਤਾਂ ਇਹ ਤਸੱਲੀ ਸੀ ਕਿ ਕੋਈ ਗੱਲ ਨਹੀਂ, ਛੋਟਾ ਤਾਂ ਸਾਡੇ ਕੋਲ ਹੀ ਹੈ। ਪੈਸਾ ਕਮਾਉਣ ਦੀ ਲਾਲਸਾ ਵਿੱਚ ਛੋਟੇ ਦੇ ਵੀ ਵਿਦੇਸ਼ ਚਲੇ ਜਾਣ ਵਾਲੇ ਦਿਨ ਤੋਂ ਹੀ ਸਾਰਾ ਘਰ ਭਾਂਅ-ਭਾਂਅ ਕਰਨ ਲੱਗਾ ਸੀ। ਉਂਜ ਜਾਣ ਲੱਗੇ ਛੋਟਾ ਅਤੇ ਉਸ ਦੀ ਵਹੁਟੀ ਵਾਰ-ਵਾਰ ਉਨ੍ਹਾਂ ਨੂੰ ਬੱਚਿਆਂ ਵਾਂਗ ਸਮਝਾਕੇ ਗਏ ਸਨ, ”ਦੇਖਣਾ ਭਾਪਾ ਜੀ! ਐਂਵੇ ਯਕੀਨ ਕਰਕੇ ਕਿਸੇ ਐਰੇ-ਗੈਰੇ ਨੂੰ ਚਾਰ ਪੈਸਿਆਂ ਦੇ ਲਾਲਚ ਵਿੱਚ ਕਿਰਾਏ ‘ਤੇ ਨਾ ਬਿਠਾ ਲੈਣਾ। ਤੁਹਾਨੂੰ ਜਿੰਨੇ ਪੈਸੇ ਚਾਹੀਦੇ ਹੋਣਗੇ, ਮੈਨੂੰ ਲਿਖਣਾ ਮੈਂ ਭੇਜਦਾ ਰਹਾਂਗਾ। ਅੱਜ-ਕੱਲ੍ਹ ਕਿਸੇ ਦਾ ਉੱਕਾ ਵਿਸ਼ਵਾਸ ਨਹੀਂ। ਪਹਿਲਾਂ ਚੰਗੇ ਬਣ ਕੇ ਮਕਾਨ ਮਾਲਕਾਂ ਦਾ ਵਿਸ਼ਵਾਸ ਜਿੱਤ ਲੈਂਦੇ ਨੇ ਅਤੇ ਬਾਅਦ ਵਿੱਚ ਨਿੱਤ ਅਖ਼ਬਾਰਾਂ ਵਿੱਚ ਪੜ੍ਹੀਦਾ ਕਿ ਕਿਰਾਏਦਾਰ ਰਾਤ ਨੂੰ ਮਕਾਨ ਮਾਲਕ ਦਾ ਕਤਲ ਕਰਕੇ ਘਰ ਦਾ ਸਾਰਾ ਕੁਝ ਲੁੱਟ ਕੇ ਫਰਾਰ ਹੋ ਗਿਆ।” ”ਵੈਸੇ ਤਾਂ ਥੋਨੂੰ ਤੁਹਾਡੀ ਪੈਨਸ਼ਨ ਹੀ ਨਹੀਂ ਮੁੱਕਿਆ ਕਰਨੀ। ਦੋ ਜੀਆਂ ਨੂੰ ਸੱਤ ਹਜ਼ਾਰ ਕਿਤੇ ਥੋੜ੍ਹਾ ਹੁੰਦੈ?” ਜਿਹੜੀ ਗੱਲ ਛੋਟਾ ਮੂੰਹ ਪਾੜ ਕੇ ਕਹਿ ਨਹੀਂ ਸੀ ਸਕਦਾ ਉਹ ਉਸ ਦੀ ਵਹੁਟੀ ਨੇ ਸਹਿਜੇ ਹੀ ਆਖ ਦਿੱਤੀ ਸੀ।
ਪੰਜ-ਸੱਤ ਦਿਨ ਤਾਂ ਬਾਹਰ ਜਾ ਕੇ ਪੁੱਤ ਨੇ ਫੋਨ ਕਰ ਕੇ ਹਾਲ-ਚਾਲ ਜ਼ਰੂਰ ਪੁੱਛਿਆ। ਪੈਸੇ ਤਾਂ ਕੀ ਭੇਜਣੇ ਸਨ ਫਿਰ ਤਾਂ ਟਾਈਮ ਨਾ ਮਿਲਣ ਬਹਾਨੇ ਕਈ-ਕਈ ਹਫ਼ਤੇ ਅਤੇ ਮਹੀਨੇ ਲੰਘਣ ਲੱਗ ਪਏ ਸਨ। ਗਾਹੇ-ਬਗਾਹੇ ਕਈ ਲੋਕ ਕਿਰਾਏ ਲਈ ਘਰ ਪੁੱਛਣ ਆਉਂਦੇ ਤਾਂ ਨੂੰਹ ਪੁੱਤ ਦੀਆਂ ਹਦਾਇਤਾਂ ਨੂੰ ਯਾਦ ਕਰ ਕੇ ਬਜ਼ੁਰਗ ਪਤੀ-ਪਤਨੀ ਨਾਂਹ ਕਰ ਦਿੰਦੇ। ਪਰ ਜੋ ਅੱਜ ਕਿਰਾਏ ਲਈ ਪੁੱਛਣ ਆਇਆ ਸੀ ਉਸ ਨੂੰ ਦੇਵ ਢਿੱਲੋਂ ਦੇ ਲੰਗੋਟੀਏ ਯਾਰ ਵੇਦ ਸ਼ਰਮਾ ਨੇ ਭੇਜਿਆ ਸੀ। ਇਸ ਕਰਕੇ ਇਕਦਮ ਮਨ੍ਹਾਂ ਵੀ ਤਾਂ ਨਹੀਂ ਕੀਤਾ ਜਾ ਸਕਦਾ ਸੀ। ਫਿਰ ਜਿਉਣ ਲਈ ਕੋਈ ਸਹਾਰਾ ਵੀ ਤਾਂ ਚਾਹੀਦਾ ਹੈ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਦੇਵ ਢਿੱਲੋਂ ਨੇ ਫ਼ੈਸਲਾ ਕੀਤਾ ਕਿ ਇੱਕ ਵਾਰ ‘ਹਾਂ’ ਕਰ ਦਿੰਦੇ ਹਾਂ। ਮਹੀਨੇ-ਦੋ ਮਹੀਨਿਆਂ ਬਾਅਦ ਕਿਸੇ ਬਹਾਨੇ ਉਠਾ ਦੇਵਾਂਗੇ। ਪਰ ਫਿਰ ਵੀ ਨੂੰਹ-ਪੁੱਤ ਦੀ ਸਲਾਹ ਧਿਆਨ ਵਿੱਚ ਰੱਖ ਕੇ ਕਿਰਾਏ ‘ਤੇ ਥੱਲੜਾ ਪੋਰਸ਼ਨ ਹੀ ਦਿੱਤਾ ਗਿਆ। ਬਜ਼ੁਰਗ ਢਿੱਲੋਂ ਜੋੜਾ ਆਪ ਉਪਰਲੇ ਪੋਰਸ਼ਨ ਵਿੱਚ ਹੀ ਰਿਹਾ ਤਾਂ ਜੋ ਸਾਰੇ ਘਰ ਦੀ ਨਿਗਰਾਨੀ ਰਹਿ ਸਕੇ।
ਨਵਾਂ ਕਿਰਾਏਦਾਰ ਜਸਵੀਰ, ਉਸ ਦੀ ਘਰਵਾਲੀ ਅਤੇ ਇੱਕ ਬੱਚਾ। ਜਿਵੇਂ ਛੋਟਾ ਜਿਹਾ ਪਰਿਵਾਰ ਉਵੇਂ ਹੀ ਬਹੁਤ ਥੋੜ੍ਹੀਆਂ ਚੀਜ਼ਾਂ, ਇੱਕ ਡਬਲਬੈੱਡ, ਦੋ ਕੁਰਸੀਆਂ ਇੱਕ ਮੇਜ਼, ਇੱਕ ਅਲਮਾਰੀ, ਰਸੋਈ ਗੈਸ ਅਤੇ ਚਾਰ ਭਾਂਡੇ। ਰਾਤੀਂ ਦੋਵੇਂ ਜੀਅ ਉੱਪਰ ਆਏ। ਪੈਰੀਂ ਹੱਥ ਲਾ ਕੇ ਕਹਿਣ ਲੱਗੇ, ”ਮਾਂ ਜੀ ! ਸ਼ਹਿਰ ਆਪਣਾ ਘਰ ਸੀ, ਕਦੇ ਕਿਰਾਏ ‘ਤੇ ਰਹੇ ਨਹੀਂ। ਇਸ ਕਰਕੇ ਜੇ ਕਿਤੇ ਕੋਈ ਗ਼ਲ਼ਤੀ ਹੋ ਜੇ ਤਾਂ ਸਾਨੂੰ ਆਪਣੇ ਬੱਚਿਆਂ ਵਾਂਗ ਝਿੜਕ ਦਿਓ।”
ਸ੍ਰੀਮਤੀ ਢਿੱਲੋਂ ਨੂੰ ਤਾਂ ਸਾਰੀ ਰਾਤ ਨੀਂਦ ਹੀ ਨਾ ਆਈ। ਮੁੜ-ਮੁੜ ਛੋਟੇ ਦੀਆਂ ਆਖੀਆਂ ਗੱਲਾਂ ਜ਼ਿਹਨ ਵਿੱਚ ਘੁੰਮੀ ਜਾਣ, ‘ਪਹਿਲਾਂ ਚੰਗੇ ਬਣ ਕੇ ਮਕਾਨ ਮਾਲਕਾਂ ਦਾ ਵਿਸ਼ਵਾਸ ਜਿੱਤ ਲੈਂਦੇ ਨੇ।’ ਪਤਾ ਹੀ ਨਹੀਂ ਕਦੋਂ ਸੋਚਾਂ ਦੇ ਸਮੁੰਦਰ ਦੀ ਘੁੰਮਣ ਘੇਰੀ ਵਿੱਚ ਰਾਤ ਬੀਤੀ। ਮਨ ਦੇ ਡਰ ਨੂੰ ਮਨ ਵਿੱਚ ਹੀ ਦਬਾਈ ਸ੍ਰੀਮਤੀ ਢਿੱਲੋਂ ਨੇ ਦਿਲ ਦਾ ਸ਼ੱਕ ਪਤੀ ਨਾਲ ਸਾਂਝਾ ਤਾਂ ਨਾ ਕੀਤਾ ਪਰ ਭਵਿੱਖ ਵਿੱਚ ਚੌਕੰਨੀ ਜ਼ਰੂਰ ਹੋ ਗਈ। ਦਿਨ ਬੀਤਦੇ ਗਏ। ਘਰ ਦਾ ਕੰਮ-ਧੰਦਾ ਮੁਕਾ ਕੇ ਜਦੋਂ ਜਸਵੀਰ ਦੀ ਘਰਵਾਲੀ ਗੋਲ-ਮਟੋਲ ਬੱਚੇ ਨੂੰ ਚੁੱਕੀ ਕਦੇ ਧੁੱਪ ਸੇਕਣ ਦੇ ਬਹਾਨੇ ਸ੍ਰੀਮਤੀ ਢਿੱਲੋਂ ਕੋਲ ਆ ਬੈਠਦੀ ਤਾਂ ਸ੍ਰੀਮਤੀ ਢਿੱਲੋਂ ਨੂੰ ਵੀ ਪਤਾ ਨਾ ਲੱਗਦਾ ਕਿ ਸਮਾਂ ਕਿੰਜ ਬੀਤ ਜਾਂਦਾ। ਦਾਦੀ-ਦਾਦੀ ਕਰਦਾ ਬੱਚਾ ਸ੍ਰੀਮਤੀ ਢਿੱਲੋਂ ਦੇ ਮੋਢਿਆਂ ਤੋਂ ਲੋਟਣੀ ਖਾ ਕੇ ਗੋਦੀ ਵਿੱਚ ਆ ਡਿੱਗਦਾ, ਕਲੋਲਾਂ ਕਰਦਾ ਰਹਿੰਦਾ। ਦੇਵ ਢਿੱਲੋਂ ਦੀ ਖੂੰਡੀ ਫੜ ਕੇ ਤੁਰਦਾ ਤਾਂ ਦੇਵ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਤੁਰਦੇ। ਜਸਵੀਰ ਦੀ ਘਰਵਾਲੀ ਸ੍ਰੀਮਤੀ ਢਿੱਲੋਂ ਦੇ ਨਾਂਹ-ਨਾਂਹ ਕਰਦਿਆਂ ਵੀ ਜਦੋਂ ਚਾਹ ਜਾਂ ਸਬਜ਼ੀ ਬਣਾਉਣ ਰਸੋਈ ਵਿੱਚ ਚਲੀ ਜਾਂਦੀ ਤਾਂ ਬਜ਼ੁਰਗ ਜੋੜੇ ਦਾ ਦਿਲ ਦਹਿਲ ਜਾਂਦਾ। ”ਜੀ ਮੈਂ ਕਹਿੰਦੀ ਸੀ, ਹੁਣ ਤਾਂ ਛੇ ਮਹੀਨੇ ਬੀਤ ਗਏ। ਨਾਲੇ ਇਹ ਤਾਂ ਆਪਣੇ ਨਾਲ ਬਹੁਤੇ ਹੀ ਘੁਲਦੇ ਮਿਲਦੇ ਜਾਂਦੇ ਨੇ, ਕਿਸੇ ਦਾ ਕੀ ਭਰੋਸਾ ਕਿਤੇ ਛੋਟੇ ਵਾਲੀ ਗੱਲ ਵੀ ਨਾ ਆਪਣੇ ਨਾਲ ਹੋ ਜੇ। ਮੇਰੀ ਮੰਨੋ ਤਾਂ ਇਨ੍ਹਾਂ ਨੂੰ ਉਠਾ ਹੀ ਦਿਓ।” ਸ੍ਰੀਮਤੀ ਢਿੱਲੋਂ ਨੇ ਵਸੀ-ਵਸਾਈ ਦੁਨੀਆਂ ਇੱਕ ਵਾਰ ਫਿਰ ਉੱਜੜ ਜਾਣ ਦੇ ਡਰ ਨੂੰ ਮਨ ਵਿੱਚ ਦੱਬ ਕੇ ਹੌਸਲੇ ਜਿਹੇ ਨਾਲ ਆਪਣੇ ਪਤੀ ਨੂੰ ਕਹਿ ਹੀ ਦਿੱਤਾ। ਕਾਫ਼ੀ ਦੇਰ ਤੱਕ ਜਦੋਂ ਦੇਵ ਦਾ ਜੁਆਬ ਨਾ ਆਇਆ ਤਾਂ ਸ੍ਰੀਮਤੀ ਢਿੱਲੋਂ ਨੇ ਕਾਹਲੀ-ਕਾਹਲੀ ਸਾਰੀ ਗੱਲ ਫਿਰ ਇਉਂ ਦੁਹਰਾ ਦਿੱਤੀ ਜਿਵੇਂ ਉਸ ਨੂੰ ਡਰ ਹੋਵੇ ਕਿ ਇਸ ਤੋਂ ਬਾਅਦ ਉਸ ਤੋਂ ਇਹ ਸਾਰੀ ਗੱਲ ਕਹਿ ਹੋਣ ਤੋਂ ਪਹਿਲਾਂ ਉਸ ਦੇ ਨੈਣ ਛਲਕ ਜਾਣਗੇ ਅਤੇ ਮੋਹ-ਮਾਇਆ ਦੇ ਭਾਰ ਥੱਲੇ ਜ਼ੁਬਾਨ ਦੀ ਹਰਕਤ ਬੰਦ ਹੋ ਜਾਵੇਗੀ। ਪਰ ਹੁਣ ਵੀ ਕੋਈ ਜੁਆਬ ਨਾ ਮਿਲਿਆ। ਹੜਬੜਾ ਕੇ ਸ੍ਰੀਮਤੀ ਢਿੱਲੋਂ ਨੇ ਬੱਤੀ ਜਗਾਈ, ਹੱਥ ਥਾਏਂ ਰੁਕ ਗਏ। ਪਤੀ ਦੀ ਹਾਲਤ ਦੇਖ ਕੇ ਸਰੀਰ ਕੰਬ ਗਿਆ, ਇੱਕੋ ਸਾਹੇ ਚੀਕਾਂ ਮਾਰਦੀ ਸ੍ਰੀਮਤੀ ਢਿੱਲੋਂ ਥਾਏਂ ਸੁੰਨ ਹੋ ਗਈ।
ਚੀਕਾਂ ਸੁਣ ਕੇ ਦਗੜ-ਦਗੜ ਕਰਦੇ ਦੋਵੇਂ ਮੀਆਂ-ਬੀਵੀ ਪੌੜੀਆਂ ਚੜ੍ਹ ਆਏ। ” ਤੁਸੀਂ ਘਬਰਾਓ ਨਾ ਮੈਂ ਆ ਗਿਆ ਮਾਂ ਜੀ,” ਕਹਿੰਦੇ ਹੀ ਜਸਵੀਰ ਨੇ ਦੇਵ ਢਿੱਲੋਂ ਨੂੰ ਦੋਵੇਂ ਬਾਹਵਾਂ ਵਿੱਚ ਚੁੱਕ ਲਿਆ। ”ਪੁੱਤ! ਛੇਤੀ ਇਨ੍ਹਾਂ ਨੂੰ ਹਸਪਤਾਲ ਲੈ ਚੱਲ ਐਸ ਵੇਲੇ ਤਾਂ ਕੋਈ ਰਿਕਸ਼ਾ ਵੀ ਨਈਂ ਮਿਲਣੀ।” ਡੌਰ-ਭੌਰ ਖੜ੍ਹੀ ਸ੍ਰੀਮਤੀ ਢਿੱਲੋਂ ਬੇਵੱਸ ਜਿਹੀ ਜਸਵੀਰ ਵੱਲ ਝਾਕੀ ਜਾ ਰਹੀ ਸੀ। ”ਮਾਂ ਜੀ! ਥੋਡੇ ਪੁੱਤ ਦੀਆਂ ਬਾਹਵਾਂ ਇੰਨੀਆਂ ਕਮਜ਼ੋਰ ਨਹੀਂ ਕਿ ਬਾਪ ਨੂੰ ਵੀ ਨਾ ਚੁੱਕ ਸਕਣ। ਭਾਪਾ ਜੀ ਨੂੰ ਮੇਰੇ ਜਿਉਂਦੇ-ਜੀਅ ਕੁਝ ਨਹੀਂ ਹੋ ਸਕਦਾ।” ਪੌੜੀਆਂ ਉਤਰਦਾ ਜਸਵੀਰ ਬੁੜਬੁੜਾ ਰਿਹਾ ਸੀ। ”ਹਾਰਟ ਅਟੈਕ ਐ ਜੀ। ਸਵਾ ਲੱਖ ਦੇ ਦੋ ਇੰਜੈਕਸ਼ਨ ਲੱਗਣਗੇ, ਗਰੰਟੀ ਕੋਈ ਨਹੀਂ ਕੁਝ ਵੀ ਹੋ ਸਕਦੈ।” ਜਸਵੀਰ ਦੀਆਂ ਬਾਹਾਂ ਵਿੱਚ ਹੀ ਦੇਵ ਢਿੱਲੋਂ ਦੀ ਨਬਜ਼ ਟੋਹ ਕੇ ਡਾਕਟਰ ਨੇ ਸਾਹਮਣੇ ਉਪਰੇਸ਼ਨ ਥਿਏਟਰ ਵੱਲ ਇਸ਼ਾਰਾ ਕਰ ਦਿੱਤਾ। ”ਮੈਂ ਸਵਾ ਦਾ ਢਾਈ ਦੇਵਾਂਗਾ ਡਾਕਟਰ ਸਾਹਬ। ਪਰ ਮੇਰੇ ਬਾਪ ਨੂੰ ।” ਕਹਿੰਦੇ ਹੀ ਜਸਵੀਰ ਦੀ ਧਾਹ ਨਿਕਲ ਗਈ। ”ਪਰ ਪੁੱਤ! ਸਾਡੇ ਕੋਲ ਐਨੇ ਪੈਸੇ।” ਅਲਫ਼ਾਜ਼ ਅਜੇ ਮੂੰਹ ਵਿੱਚ ਹੀ ਸਨ ਕਿ ਜਸਵੀਰ ਦੀ ਘਰਵਾਲੀ ਦੀਆਂ ਬਾਹਵਾਂ ਵਿੱਚ ਪਾਈਆਂ ਵੰਗਾਂ ਨੂੰ ਦੋਵੇਂ ਹੱਥਾਂ ਵਿੱਚ ਫੜੀ ਜਸਵੀਰ ਦਾ ਬੇਟਾ ਆਪਣੀ ਮਾਂ ਦੀ ਗੋਦੀ ਵਿੱਚੋਂ ਦਾਦੀ-ਦਾਦੀ ਕਰਦਾ ਸ੍ਰੀਮਤੀ ਢਿੱਲੋਂ ਵੱਲ ਉਲਰ ਪਿਆ।

Tag:

ਕਿਰਾਏਦਾਰ

Tags: