ਕੀ ਇਹੋ ਜ਼ਿੰਦਗੀ ਹੈ…?

ਇਕ ਤਾਂ ਇਥੇ ਸਰਦੀਆਂ ਨੇ ਘੇਰ ਲਿਆ ਸੀ। ਪੂਰਬ ਦੀ ਸੀਤ ਲਹਿਰ ਤਲਵਾਰ ਦੀ ਭਾਂਤੀ ਕੱਟ ਗਈ ਸੀ। ਹਵਾ ਦੇ ਇਨ੍ਹਾਂ ਬੁੱਲਿਆਂ ਨੇ ਤੂਫਾਨ ਖੜ੍ਹਾ ਕਰ ਦਿੱਤਾ ਸੀ। ਬੂਟਿਆਂ ਨੇ ਜਿਵੇਂ ਪਤਝੜ ਦੀ ਕਾਲੀ ਚਾਦਰ ਲਪੇਟ ਲਈ ਹੋਵੇ। ਇੰਝ ਲੱਗ ਰਿਹਾ ਸੀ, ਜਿਵੇਂ ਮੌਸਮਾਂ ਦਾ ਸੋਗ ਮਨਾ ਰਹੇ ਹੋਣ। ਕੋਈ ਕੀ ਸਮਝੇ ਕਿ ਇਹ ਸੋਗਵਾਰ ਹੈ। ਰਾਤਾਂ ਹਨੇਰੀਆਂ ਸਨ, ਪਰ ਦਿਨ ਵੀ ਹਨੇਰੀ ਵਿਚ ਡੁੱਬੇ ਹੋਏ ਸਨ। ਪਰਿੰਦੇ ਹੋਣ ਜਾਂ ਰੀਂਗਣ ਵਾਲੇ ਜੀਵ-ਜੰਤੂ, ਸਭ ਆਪਣੇ ਟਿਕਾਣਿਆਂ ਵਿਚ ਬੈਠੇ ਆਪਣੀ ਜਮ੍ਹਾਂ ਕੀਤੀ ਹੋਈ ਪੂੰਜੀ ਨਾਲ ਆਪਣਾ ਗੁਜ਼ਰ-ਬਸਰ ਕਰ ਰਹੇ ਸਨ।

ਬੁੱਢੀ ਦਾਦੀ ਅੰਮਾ ਨੇ ਆਪਣੀ ਫ਼ਟੀ-ਪੁਰਾਣੀ ਰਜਾਈ ‘ਚੋਂ ਵੇਖਦਿਆਂ ਆਵਾਜ਼ ਦਿੱਤੀ, ”ਗੁਲੂ ਜਾਨ ਵੇਖਣਾ ਹਨੇਰੀ ਦੇ ਪਰਛਾਵੇਂ ਮੁੜ ਨੇ? ਕਿਧਰੇ ਅਜਿਹਾ ਨਾ ਵਾਪਰ ਜਾਵੇ ਤੇ ਮੇਰੀ ਨਮਾਜ਼ ਸਰਦੀ ਦੀ ਭੇਟ ਚੜ੍ਹ ਜਾਵੇ।” ਗੁਲੂ ਜਾਨ ਨੇ ਉੱਤਰ ਦਿੱਤਾ, ”ਵੱਡੀ ਅੰਮਾ ਹਨੇਰੀ ਦੇ ਪਰਛਾਵੇਂ ਮੁੜ ਰਹੇ ਹਨ, ਉੱਤੋਂ ਹਵਾ ਦਾ ਜ਼ੋਰ ਵੀ ਟੁੱਟ ਚੁੱਕਾ ਹੈ। ਤੁਹਾਡੀ ਨਮਾਜ਼ ਦਾ ਵੇਲਾ ਆ ਪਹੁੰਚਿਆ ਹੈ।” ”ਹਾਂ ਪੁੱਤਰ! ਸਰਦੀਆਂ ਘਟਣ ਲੱਗੀਆਂ ਹਨ। ਬੱਦਲਾਂ ਨੇ ਸਿਰ ਚੁੱਕ ਲਿਆ ਹੈ। ਰੱਬ ਸਾਡੇ ਜਿਹੇ ਬੇਘਰਿਆਂ, ਕੱਪੜਿਆਂ-ਲੀੜਿਆਂ ਤੋਂ ਵਾਂਝੇ ਇਨਸਾਨਾਂ ‘ਤੇ ਰਹਿਮ ਕਰੇ।” ਦਾਦੀ ਅੰਮਾ ਨੇ ਦੁਖੀ ਮਨ ‘ਚ ਡੁੱਬ ਕੇ ਕਿਹਾ। ਪੋਤੇ ਨੇ ਇਕ ਜ਼ੋਰਦਾਰ ਠਾਠਾ ਮਾਰ ਕੇ

ਹੱਸਦਿਆਂ ਦੱਸਿਆ, ”ਦਾਦੀ ਅੰਮਾ ਤੇਰਾ ਗੋਡਾ ਰਜਾਈ ‘ਚੋਂ ਬਾਹਰ ਦਿਸ ਰਿਹਾ ਹੈ। ਤੁਸੀਂ ਇਹ ਰਜਾਈ ਕਦੋਂ ਬਣਾਈ ਸੀ।” ”ਉਫ਼…ਚੰਨਾ ਤੂੰ ਕਿਉਂ ਅਜਿਹੀਆਂ ਗੱਲਾਂ ਪੁੱਛਦਾ ਰਹਿੰਦਾ ਏਂ, ਮੇਰਾ ਦਿਲ ਅਜਿਹੀਆਂ ਗੱਲਾਂ ਕਰਦਿਆਂ ਦੁਖੀ ਹੁੰਦਾ ਹੈ। ਇਹ ਮੇਰੀ ਪੁਰਾਣੀ ਸਹੇਲੀ ਹੈ। ਤੇਰੇ ਦਾਦੇ ਨੇ ਆਪਣੇ ਵਿਆਹ ਦੇ ਦਿਨਾਂ ‘ਚ ਬਣਾਈ ਸੀ। ਅਸਾਂ ਦੋਵਾਂ ਨੇ ਆਪਣੀ ਜਵਾਨੀ ਇਸੇ ਦੀ ਓਟ ਵਿਚ ਬਤੀਤ ਕੀਤੀ ਹੈ। ਉਹ ਤਾਂ ਆਪਣੇ ਰਸਤੇ ‘ਤੇ ਤੁਰ ਗਿਆ। ਸੋਚ ਰਹੀ ਹਾਂ, ਇਹ ਮੈਨੂੰ ਕਬਰ ਤੱਕ ਲਿਜਾਣ ਦੀ ਸਹਾਇਤਾ ਕਰੇਗੀ। ਤੇਰੇ ਬਾਪੂ ਦੀ ਅਜਿਹੀ ਹੈਸੀਅਤ ਨਹੀਂ ਕਿ ਉਹ ਨਵੀਂ ਬਣਾ ਦੇਵੇ। ਪੂਰੇ ਦਿਨ ਭਰ ਦੀ ਦੌੜ ਵਿਚ ਜਾਨ ‘ਤੇ ਆ ਬਣਦੀ ਹੈ ਅਤੇ ਕਿਧਰੇ ਜਾ ਕੇ ਰੁੱਖੀ-ਮਿੱਸੀ ਨਾਲ ਬੱਚਿਆਂ ਦਾ ਪੇਟ ਪਾਲਦਾ ਹੈ। ਅਜਿਹੀ ਹਾਲਤ ਵਿਚ ਭਲਾ ਮੇਰੀ ਰਜਾਈ ਦੀ ਕਿਸਮਤ ਕਿਵੇਂ ਖੁੱਲ੍ਹ ਸਕਦੀ ਹੈ। ਉਸ ਦੀ ਕਮਾਈ ਤਾਂ ਦੂਜਿਆਂ ਦੇ ਲੇਖੇ ਲੱਗ ਜਾਂਦੀ ਹੈ। ਕਦੇ ਕਿਸੇ ਦੀ ਭੰਗ, ਕਿਸੇ ਦਾ ਹੋਰ ਕੁਝ। ਆਰਾਮਦੇਹ ਗੱਦੇ ਬਣਾਉਣੇ ਕਿਸ ਨੇ, ਜਿਹੜੇ ਉਹਨੂੰ ਆਪਣੇ ਆਪ ‘ਤੇ ਲਿਟਾਉਣਗੇ।” ਇਕੋ ਸਾਹ ‘ਚ ਦਾਦੀ ਅੰਮਾ ਖੌਰੇ ਕੀ-ਕੀ ਕਹਿ ਗਈ ਸੀ।
ਦਾਦੀ ਨੇ ਫਟੀ-ਪੁਰਾਣੀ ਰਜਾਈ ਨੂੰ ਛੱਡਿਆ। ਇਸ ਦੇ ਨਾਲ ਉਹਨੂੰ ਭੁੱਖ ਦਾ ਅਹਿਸਾਸ ਵੀ ਹੋਇਆ। ”ਸਦਰ ਜਾਨ ਵੇਖੀਂ, ਦਸਤਰਖਾਨ ‘ਤੇ ਬਚੀ ਹੋਈ ਰੋਟੀ ਦਾ ਟੁਕੜਾ ਪਿਆ ਹੋਵੇ। ਜਿਹੜਾ ਮੇਰੇ ਦਿਲ ਨੂੰ ਕੁਝ ਤਾਕਤ ਦੇ ਸਕੇ।” ”ਦਾਦੀ ਅੰਮਾ ਦਸਤਰਖਾਨ ਤਾਂ ਪਹਿਲਾਂ ਹੀ ਮੈਂ ਤੁਹਾਡੇ ਸਾਹਮਣੇ ਬਾਹਰ ਝਾੜਿਆ ਸੀ। ਥੋੜ੍ਹਾ ਜਿਹਾ ਚੂਰ-ਭੂਰ ਡਿੱਗਿਆ। ਮੈਂ ਜਿਹੜੀਆਂ ਦੋ-ਤਿੰਨ ਰੋਟੀਆਂ ਪਕਾਈਆਂ ਸਨ, ਗੁਲੂ ਜਾਨ ਨੇ ਖਾ ਲਈਆਂ। ਇਕ-ਦੋ ਬੁਰਕੀਆਂ ਮੈਂ ਵੀ ਲਈਆਂ। ਬਸ…ਹਾਂ ਇਕ ਫੁਲਕਾ ਤਹਿ ਕਰਕੇ ਰੱਖਿਆ ਹੈ, ਗੁਲੂ ਜਾਨ ਦੇ ਅੱਬਾ ਲਈ। ਉਹ ਕੰਮ ‘ਤੇ ਗਏ ਹੋਏ ਨੇ, ਭੁੱਖੇ ਹੋਣਗੇ।” ਸੱਦੋ ਨੇ ਉੱਤਰ ਦਿੱਤਾ। ”ਉਹ ਰਹਿਣ ਦੇ ਮੇਰੇ ਜਿਹੀ ਚੰਡਾਲ ਨੂੰ, ਉਹ ਆ ਕੇ ਖਾ ਲਵੇਗਾ।” ਅੰਮਾ ਨੇ ਕਿਹਾ। ਥੋੜ੍ਹੀ ਦੇਰ ਮਗਰੋਂ ਗੁਲੂ ਦਾ ਅੱਬਾ ਈਸ਼ਰਕ ਠੰਢ ਅਤੇ ਭੁੱਖ ਨਾਲ ਨਿਢਾਲ ਮੁੜ ਆਇਆ ਤੇ ਧੁੱਪ ਵਿਚ ਬੈਠਦੇ ਸਾਰ ਹੀ ਸੱਦੋ ਨੂੰ ਆਵਾਜ਼ ਦਿੱਤੀ। ”ਸੱਦੋ ਜੇਕਰ ਖਾਣ ਲਈ ਕੁਝ ਹੋਵੇ ਤਾਂ ਲੈ ਆਵੋ। ਇੱਥੇ ਬੈਠ ਕੇ ਜ਼ਹਿਰ ਮਾਰ ਕਰ ਲਈਐ। ਖਜੂਰ ਦੇ ਕੁਝ ਦਾਣੇ ਵੀ ਜੇਕਰ ਹੋਣ ਤਾਂ ਲੈ ਆਵੀਂ।” ”ਤੁਹਾਨੂੰ ਕਿਹਾ ਸੀ ਕਿ ਖਜੂਰਾਂ ਖਤਮ ਹੋ ਗਈਆਂ ਨੇ। ਜੋ ਕੁਝ ਮੈਂ ਬਚਾ ਕੇ ਸਰਦੀਆਂ ਲਈ ਰੱਖਿਆ ਸੀ, ਉਹ ਕਰਜ਼ੋਈਆਂ ਨੂੰ ਦੇ ਦਿੱਤਾ।” ਸੱਦੋ ਨੇ ਅਫ਼ਸੋਸ ਕਰਦਿਆਂ ਕਿਹਾ। ਉਨ੍ਹਾਂ ਦਾ ਛੇ ਸਾਲਾਂ ਦਾ ਬੱਚਾ ਦੌੜਦਾ ਹੋਇਆ ਆਇਆ। ”ਮਾਂ ਮੈਂ ਅੱਜ ਘੁੱਗੀ ਦਾ ਸ਼ਿਕਾਰ ਕੀਤਾ ਹੈ। ਉਥੇ ਹੀ ਉਹਦੇ ਪਰ ਨੋਚ ਲਏ। ਲੂਣ ਕਿੱਥੇ ਹੈ, ਮੈਂ ਉਹਨੂੰ ਅੱਗ ‘ਤੇ ਭੁੰਨ ਰਿਹਾ ਹਾਂ।”
”ਉਥੇ ਹੀ ਨਮਕਦਾਨੀ ਵਿਚ ਵੇਖ। ਅੰਦਰ ਪਈ ਹੈ। ਮੇਰਾ ਸਿਰ ਨਾ ਖਾਹ।” ਸੱਦੋ ਨੇ ਝਾੜ ਪਾਈ। ”ਅੰਮਾ ਇਸ ਵਿਚ ਲੂਣ ਨਹੀਂ ਹੈ।” ਮੁੰਡੇ ਨੇ ਗਿੜ-ਗੜਾਦਿਆਂ ਕਿਹਾ। ”ਫੇਰ ਉਥੇ ਹੀ ਡੱਬੇ ਵਿਚ ਵੇਖ ਲੈ। ਜੇਕਰ ਉਸ ਵਿਚ ਵੀ ਨਹੀਂ ਹੈ ਤਾਂ ਬਿਨਾਂ ਲੂਣ ਦੇ ਅੱਗ ‘ਤੇ ਭੁੰਨ ਕੇ ਖਾ ਲੈ।” ”ਮਾਂ” ਮੁੰਡੇ ਨੇ ਇਕ ਵਾਰ ਹੋਰ ਆਵਾਜ਼ ਦਿੱਤੀ। ”ਫੁਲਕੇ ਦੀ ਇਕ ਗਰਾਹੀ ਰੱਖ ਲਵੀਂ, ਮੈਂ ਮਾਸ ਨਾਲ ਖਾਵਾਂਗਾ।” ਈਸ਼ਰਕ ਨੇ ਸੱਦੋ ਨੂੰ ਕਿਹਾ, ”ਹਵਾ ਵਿਚ ਪਹਿਲਾਂ ਵਰਗੀ ਤਪਸ਼ ਨਹੀਂ ਰਹੀ। ਤੂੰ ਮੇਰੀ ਚਾਦਰ ਦੀ ਬੁੱਕਲ ਮਾਰ ਕੇ ਮੀਰ ਦੇ ਘਰ ਚਲੀ ਜਾ, ਥੋੜ੍ਹੀ ਜਿਹੀ ਖਜੂਰ ਮੰਗ ਲਿਆ। ਅੱਜ ਰਾਤੀਂ ਮੈਂ ਲੱਕੜਾਂ ਕੱਟਣ ਜਾਣਾ ਹੈ। ਮੀਰ ਦੇ ਘਰ ਲੱਕੜਾਂ ਖਤਮ ਹੋ ਚੁੱਕੀਆਂ ਨੇ।”
ਸੂਰਜ ਹੁਣ ਪੱਛਮ ਵੱਲ ਝੁਕ ਰਿਹਾ ਸੀ। ਪੂਰਬ ਵੱਲੋਂ ਕਾਲੇ ਬੱਦਲ ਘੁੰਮਣ-ਘੇਰੀਆਂ ‘ਚ ਅਠਖੇਲੀਆਂ ਕਰਦੇ ਹੋਏ ਅੱਗੇ ਵਧ ਰਹੇ ਸਨ। ਥੋੜ੍ਹੇ ਸਮੇਂ ਮਗਰੋਂ ਸੂਰਜ ਡੁੱਬ ਗਿਆ। ਹਨੇਰੇ ਨੇ ਆਪਣਾ ਘੇਰਾ ਵਧਾ ਦਿੱਤਾ। ਬੱਦਲਾਂ ਨੇ ਸਾਰੇ ਅਸਮਾਨ ਨੂੰ ਢਕ ਦਿੱਤਾ। ਇਕ ਤਾਂ ਰਾਤ ਦਾ ਹਨੇਰਾ ਅਤੇ ਉਪਰੋਂ ਬੱਦਲਾਂ ਦਾ ਹਨੇਰਗਰਦੀ। ਘੁੱਪ ਹਨੇਰੇ ਵਿਚੋਂ ਅੱਖ ਨੂੰ ਅੱਖ ਨਹੀਂ ਸੀ ਦਿਸ ਰਹੀ। ਬੂੰਦਾ-ਬਾਂਦੀ ਮਗਰੋਂ ਵਰਖਾ ਨ
ੇ ਜਲ-ਥਲ ਕਰ ਦਿੱਤਾ। ਵਰਖਾ ਨੇ ਅਜਿਹਾ ਸਮਾਂ ਬੰਨ੍ਹ ਲਿਆ ਸੀ ਕਿ ਜਿਵੇਂ ਅੱਜ ਹੀ ਪੈਣੀ ਸੀ। ਡੰਗਰਾਂ ਨੇ ਡਰ ਕਾਰਨ ਜ਼ੋਰ-ਜ਼ੋਰ ਨਾਲ ਮਮਿਆਣਾ ਅਤੇ ਡਕਾਰਨਾ ਆਰੰਭ ਕਰ ਦਿੱਤਾ। ਅਮੀਰ ਆਪਣੇ ਪੱਕੇ ਘਰਾਂ ਵਿਚ ਅਤੇ ਗਰੀਬ ਆਪਣੀਆਂ ਝੌਂਪੜੀਆਂ ਵਿਚ ਫਟੇ-ਪੁਰਾਣੇ ਕੱਪੜਿਆਂ ਵਿਚ ਦੰਦੜਕਾ ਵਜਾ ਰਹੇ ਸਨ। ਵਰਖਾ ਰੁਕ ਗਈ ਤੇ ਡੰਗਰਾਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ, ਪ੍ਰੰਤੂ ਅਜੇ ਵੀ ਕਿਧਰੇ-ਕਿਧਰੇ ਉਨ੍ਹਾਂ ਦੇ ਕੁਰਲਾਉਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕਈ ਲੋਕ ਆਪਣੀ ਢਹਿ-ਢੇਰੀ ਹੋਈ ਝੌਂਪੜੀ ‘ਚੋਂ ਅੱਗ ਦੀ ਆਸ ਵਿਚ ਦੰਦ ਵਜਾਂਦੇ ਤੇ ਕੱਛਾਂ ‘ਚ ਹੱਥ ਦਿੱਤੇ ਹੋਏ ਠੰਢ ਦਾ ਦੁੱਖ ਝੱਲ ਰਹੇ ਸਨ। ਰਾਤ ਖਤਮ ਹੋਣ ਮਗਰੋਂ ਦਿਨ ਦੀ ਲੋਅ ਚਮਕ ਰਹੀ ਸੀ। ਕੁੱਕੜਾਂ ਨੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੱਦੋ ਰਾਤ ਭਰ ਦੀ ਕੜਾਕੇਦਾਰ ਠੰਢ ਵਿਚ ਨਹੀਂ ਸੀ ਸੌਂ ਸਕੀ, ਜੋ ਕੁੱਕੜ ਦੀ ਬਾਂਗ ‘ਤੇ ਅੱਭੜਵਾਹੇ ਉੱਠ ਗਈ। ਅਮੀਰ ਲੋਕਾਂ ਦੇ ਘਰਾਂ ਦੇ ਦਾਣੇ ਪੀਸਣੇ ਸਨ। ਉਹ ਕੰਮ ਤੋਂ ਵਿਹਲੀ ਹੋਣ ਲਈ ਬਾਹਰ ਨਿਕਲੀ। ਈਸ਼ਰਕ ਠੰਢ ਦਾ ਮਾਰਿਆ ਗੁੱਛਾ-ਮੁੱਛਾ ਹੋਇਆ ਪਿਆ ਸੀ। ਉਸ ਦੀ ਮਸਾਂ-ਮਸਾਂ ਅੱਖ ਲੱਗੀ ਸੀ ਕਿ ਬਾਹਰੋਂ ਰੌਂਗਟੇ ਖੜ੍ਹੇ ਕਰਨ ਵਾਲੀ ਇਕ ਚੀਖ ਨੇ ਉਹਨੂੰ ਝੰਜੋੜ ਦਿੱਤਾ। ਉਹ ਘਬਰਾ ਕੇ ਉਠਿਆ ਅਤੇ ਦੌੜਦਾ ਹੋਇਆ ਬਾਹਰ ਆ ਗਿਆ। ਉਸ ਨੇਵੇਖਿਆ ਕਿ ਸੱਦੋ ਗਾਰੇ ਵਿਚ ਡਿੱਗ ਪਈ ਸੀ। ਈਸ਼ਰਕ ਨੇ ਆਪਣੇ ਦੁੱਖਾਂ ਦੀ ਸਾਥਣ ਨੂੰ ਸਹਾਰਾ ਦੇ ਕੇ ਚੁੱਕਿਆ ਅਤੇ ਘਸੀਟ ਕੇ ਝੌਂਪੜੀ ਅੰਦਰ ਲੈ ਆਇਆ। ”ਤੈਨੂੰ ਕੀ ਹੋਇਆ।” ਈਸ਼ਰਕ ਨੇ ਸੱਦੋ ਨੂੰ ਪੁੱਛਿਆ। ”ਇੰਨੀ ਜ਼ੋਰ ਨਾਲ ਕਿਉਂ ਚੀਖੀੇ।” ”ਕੀ ਦੱਸਾਂ ਠੰਢੀ ਹਵਾ ਦੀ ਇਕ ਲਹਿਰ ਨੇ ਮੇਰੇ ਹੋਸ਼-ਹਵਾਸ ਉਡਾ ਦਿੱਤੇ, ਮੇਰੇ ਹੱਥ-ਪੈਰ ਜਮ ਗਏ ਹਨ।” ਸੱਦੋ ਨੇ ਆਪਣਾ ਹਾਲ ਦੱਸਿਆ। ਈਸ਼ਰਕ ਝੌਂਪੜੀ ਦੇ ਇਕ ਕੋਣੇ ‘ਚ ਗਿਆ, ਜਿੱਥੇ ਬੱਚੇ ਲਿਪਟੇ ਹੋਏ ਘੂਕ ਸੁੱਤੇ ਪਏ ਸਨ। ਉਥੇ ਕੁਝ ਝਾੜੀਆਂ ਪਈਆਂ ਸਨ ਪਰ ਝੌਂਪੜੀ ਅੰਦਰ ਵੀ ਵਰਖਾ ਦਾ ਪਾਣੀ ਸੀ ਅਤੇ ਉਹ ਸਾਰੀਆਂ ਗਿੱਲੀਆਂ ਹੋ ਚੁੱਕੀਆਂ ਸਨ। ਉਨ੍ਹਾਂ ਇੱਧਰ-ਉਧਰ ਭਾਲ ਕਰਕੇ ਖਜੂਰ ਦੇ ਪੱਤਿਆਂ ਦਾ ਇਕ ਮੁੱਛਾ ਚੁੱਕਿਆ ਤੇ ਸੱਦੋ ਨੂੰ ਪੁੱਛਣ ਲੱਗਾ, ” ਮਾਸਿਚ ਕਿੱਥੇ ਟਿਕਾਈ ਹੈ?” ”ਮਾਚਿਸ ਵਿੱਚ ਇਕੋ ਤੀਲੀ ਰਹਿ ਗਈ ਸੀ। ਕੱਲ੍ਹ ਮੁੰਡੇ ਨੇ ਅੱਗ ਬਾਲ ਕੇ ਘੁੱਗੀ ਭੁੰਨੀ ਸੀ। ਮੈਂ ਅੱਗ ਨੂੰ ਬਲਦੀ ਰੱਖਣ ਲਈ ਲੱਕੜ ਦੇ ਮੁੱਢ ਸੁਲਘਾਏ ਸਨ, ਪਰ ਵਰਖਾ ਨੇ ਬੁਝਾ ਦਿੱਤੇ।” ਸੱਦੋ ਦਾ ਇਹ ਪੀੜਾਂ ਭਰਿਆ ਉਤਰ ਸੁਣ ਕੇ ਈਸ਼ਰਕ ਦੀਆਂ ਅੱਖਾਂ ਭਰ ਆਈਆਂ। ਮਜਬੂਰ ਹੋ ਕੇ ਉਸਨੇ ਸੱਦੋ ਉਪਰ ਫ਼ਟੀਆਂ ਪੁਰਾਣੀਆਂ ਰਜਾਈਆਂ ਸੁੱਟ ਦਿੱਤੀਆਂ। ਆਪਣੇ ਹੇਠਲੇ-ਉਪਰਲੇ ਕੱਪੜੇ ਸੱਦੋ ‘ਤੇ ਸੁੱਟਦਿਆਂ ਕਹਿਣ ਲੱਗਾ, ”ਚੰਗਾ ਮੈਂ ਚੱਲਦਾ ਹਾਂ। ਜਦੋਂ ਤੇਰੇ ਜਿਸਮ ਵਿੱਚ ਕੁਝ ਜਾਨ ਪੈ ਗਈ ਤਾਂ ਮੀਰ ਦੇ ਘਰ ਦਾਣੇ ਪੀਸ ਆਵੀਂ। ਸਵੇਰੇ ਜੇਕਰ ਸਮਾਂ ਮਿਲਿਆ ਤਾਂ ਮੀਰ ਦੇ ਘਰੋਂ ਲਿਆਂਦਾ ਹੋਇਆ ਧਾਨ ਵੀ ਕੁੱਟ ਕੇ ਸਾਫ਼ ਕਰ ਲਵੀਂ, ਜਿਹੜਾ ਉਹਨੇ ਕੱਲ੍ਹ ਘੱਲਿਆ ਸੀ। ਮੈਂ ਸ਼ਾਇਦ ਦੇਰ ਨਾਲ ਪਰਤਾਂ, ਉਹ ਐਵੇਂ ਨਰਾਜ਼ ਹੋਵੇਗਾ।” ਵਰਖਾ ਬੰਦ ਹੋਣ ਮਗਰੋਂ ਤੇਜ਼ ਹਵਾ ਚੱਲ ਰਹੀ ਸੀ। ਈਸ਼ਰਕ ਨੇ ਖੋਤੇ ਨੂੰ ਕਾਠੀ ਪਾਉਣ ਮਗਰੋਂ ਆਪਣੇ ਖਸਤਾ ਹਾਲ ਬੂਟ ਪਾਏ। ਪੁਰਾਣੀ ਕੰਬਲ ਖਿੱਚ ਲਈ ਤਾਂ ਜੋ ਉਸਨੂੰ ਲਪੇਟ ਲਵੇ, ਪਰ ਛੋਟਾ ਮੁੰਡਾ ਉੱਚੀ-ਉੱਚੀ ਰੋਣ ਲੱਗ ਪਿਆ। ਪਿਉ ਨੇ ਪੁੱਛਿਆ, ”ਪੁੱਤਰ ਕੀ ਗੱਲ ਹੈ, ਕਿਉਂ ਰੋ ਰਿਹਾ ਏ, ਕੁਝ ਤਕਲੀਫ ਤਾਂ ਨਹੀਂ।” ਉਹਨੇ ਕਿਹਾ, ”ਮੈਨੂੰ ਕੰਬਣੀ ਛਿੜ ਗਈ ਏ, ਕੁਝ ਉਪਰ ਦੇ ਦਿਉ।” ਉਹਦੇ ਦੰਦੜਕਾ ਵੱਜ ਰਿਹਾ ਸੀ। ਈਸ਼ਰਕ ਕਾਫੀ ਪ੍ਰੇਸ਼ਾਨ ਸੀ। ਇਕ ਪਾਸੇ ਬੱਚੇ ਦਾ ਰੋਣਾ ਤੇ ਬਾਹਰ ਹਵਾ ਦਾ ਦਿਲ ਨੂੰ ਚੀਰਨ ਵਾਲਾ ਸ਼ੋਰ। ਔਲਾਦ ਦਾ ਮੋਹ ਆਪਣੀ ਥਾਂ ਭਾਰੂ ਰਿਹਾ। ਉਸਨੇ ਆਪਣੇ ਲਈ ਬੱਚੇ ਤੋਂ ਚੁੱਕਿਆ ਕੰਬਲ ਮੁੜ ਬੱਚੇ ਉਪਰ ਦੇ ਦਿੱਤਾ। ਇਕ-ਦੋ ਕਦਮ ਚੱਲ ਕੇ ਰੁਕਿਆ ਤੇ ਪਤਨੀ ਨੂੰ ਆਵਾਜ਼ ਦਿੱਤੀ।
”ਉਹ ਸੱਦੋ! ਕੱਲ੍ਹ ਜਿਹੜਾ ਮੈਂ ਤੈਨੂੰ ਮੀਰ ਦੇ ਘਰੋਂ ਖਜੂਰ ਮੰਗਣ ਨੂੰ ਕਿਹਾ ਸੀ! ਕੁਝ ਦਿੱਤੇ ਉਹਨੇ।” ”ਭਾਈ ਮੈਂ ਤਾਂ ਮੂੰਹ ਖੋਲ ਕੇ ਪ੍ਰੇਸ਼ਾਨ ਹੋ ਗਈ ਸੀ। ਖਜੂਰ ਉਹਨੇ ਕੀ ਦੇਣੀ ਸੀ। ਗੱਲਾਂ ਆਖ-ਆਖ ਕੇ ਮੇਰੀਆਂ ਸੱਤਾਂ ਪੀੜ੍ਹੀਆਂ ਫਰੋਲ ਛੱਡੀਆਂ।” ਸੱਦੋ ਨੇ ਰਜਾਈ ਦੇ ਅੰਦਰੋਂ ਹੀ ਬੁੜ-ਬੜਾਇਆ।
ਈਸ਼ਰਕ ਖੋਤੇ ‘ਤੇ ਬੈਠ ਕੇ ਜੰਗਲ ਵੱਲ ਚਲਾ ਗਿਆ। ਸਰੀਰ ‘ਤੇ ਕੇਵਲ ਮੀਰ ਦਾ ਦਿੱਤਾ ਹੋਇਆ ਫਟਾ-ਪੁਰਾਣਾ ਪਹਿਰਾਵਾ, ਦੂਜੇ ਪਾਸੇ ਦਿਲ ਨੂੰ ਚੀਰਨ ਵਾਲੀ ਹਵਾ….. ਉਹਦੀ ਜਾਨ ‘ਤੇ ਆ ਪਈ ਸੀ। ਉਹ ਰੋਜ਼ ਦੀ ਤਰ੍ਹਾਂ ਜੰਗਲ ਵੱਲ ਚੱਲ ਪਿਆ। ਪਹਿਲਾਂ ਸਵੇਰ ਦਾ ਗਿਆ ਆਥਣੇ ਮੁੜਦਾ, ਪਰ ਅੱਜ ਅਜਿਹਾ ਗਿਆ ਤੇ ਮੁੜ ਕੇ ਨਹੀਂ ਪਰਤਿਆ। ਸਵੇਰ ਹੋਈ ਤਾਂ ਸੱਦੋ ਨੇ ਚੱਕੀ ਪੀਹ ਕੇ ਇਕ ਪਾਸੇ ਨੂੰ ਧੱਕ ਦਿੱਤੀ ਅਤੇ ਆਪਣੀਆਂ ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਦਾਦੀ ਅੰਮਾ ਦੀਆਂ ਰਜ਼ਾਈ ‘ਤੇ ਗੱਡ ਲਈਆਂ। ਬੁੱਢੀ ਅਜੇ ਤੱਕ ਗੁੱਛਾ-ਮੁੱਛਾ ਹੋਈ ਪਈ ਸੀ। ਉਹਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਇੰਨੀ ਦੇਰ ਤੱਕ ਕਦੇ ਨਹੀਂ ਸੀ ਸੁੱਤੀ। ਉਹ ਸੱਸ ਦੇ ਸਿਰਹਾਣੇ ਖੜ੍ਹ ਗਈ ਤੇ ਉਸਨੂੰ ਝੰਜੋੜ ਕੇ ਜਗਾਉਣ ਲੱਗੀ, ਪਰ ਉਹ ਕਦੋਂ ਦੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਸੱਦੋ ਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ। ਉਸਦੀ ਹੋਸ਼ ਉਡਾਉਣ ਵਾਲੀ ਚੀਖ ਫਿਜਾ ‘ਚ ਗੂੰਜ ਗਈ। ਆਂਢ-ਗੁਆਂਢ ਇਕੱਠਾ ਹੋ ਗਿਆ। ਬੱਢੀ ਅੰਮਾ ਨੂੂੰ ਕੀ ਹੋ ਗਿਆ? ਦੇ ਸ਼ੋਰ ਵਿੱਚ ਸੱਦੋ ਨੇ ਕਿਹਾ, ”ਜੀਜਾਂ ਕੀ ਹੋਣਾ ਸੀ। ਉਹੋ ਕੁਝ ਵਾਪਰਿਆ, ਜਿਹੜਾ
ਕੁਝ ਗਰੀਬਾਂ ਦੀ ਕਿਸਮਤ ਵਿੱਚ ਹੁੰਦਾ ਹੈ। ਗਰੀਬੀ ਦਾ ਦੁੱਖ ਉਹ ਕਦੋਂ ਤੱਕ ਬਰਦਾਸ਼ਤ ਕਰਦੀ। ਇਸਨੂੰ ਠੰਢ ਨੇ ਸਾਡੇ ਤੋਂ ਖੋਹ ਲਿਆ ਹੈ।”
ਈਸ਼ਰਕ ਕਿੰਨਾ ਬਦ-ਨਸੀਬ ਸੀ ਕਿ ਉਸਨੂੰ ਮਾਂ ਦੇ ਆਖਰੀ ਦਰਸ਼ਨ ਵੀ ਨਸੀਬ ਨਾ ਹੋਏ। ਹਮਦਰਦ ਲੋਕਾਂ ਨੇ ਬੁੱਢੀ ਦਾ ਕਫ਼ਨ-ਦਫ਼ਨ ਕੀਤਾ ਤੇ ਆਪਣੇ ਘਰਾਂ ਨੂੰ ਮੁੜ ਗਏ। ਸੱਦੋ ਸਿਰ ‘ਤੇ ਹੱਥ ਧਰ ਕੇ ਸਿਆਪਾ ਕਰਦੀ ਰਹੀ। ਅਜੇ ਸੱਸ ਦੀ ਮੌਤ ਦਾ ਗ਼ਮ ਘੱਟ ਨਹੀਂ ਸੀ ਹੋਇਆ ਕਿ ਇਕ ਗੁਆਂਢਣ ਦੌੜਦੀ ਹੋਈ ਆਈ ਅਤੇ ਵਰਲਾਪ ਕੇ ਕਹਿਣ ਲੱਗੀ। ਬਦ-ਕਿਸਮਤ ਸੱਦੋ! ਅਫ਼ਸੋਸ ਤੇਰੀ ਹਾਲਤ ‘ਤੇ! ਤੂੰ ਤਾਂ ਬੁੱਢੀ ਦੇ ਵੈਣ ਪਾ ਕੇ ਰੋ ਰਹੀ ਏ, ਮੌਤ ਨੇ ਤਾਂ ਤੈਥੋਂ ਤੇਰੇ ਬੱਚਿਆਂ ਦੇ ਸਿਰ ਦਾ ਸਾਇਆ ਵੀ ਖੋਹ ਲਿਆ ਹੈ। ਈਸ਼ਰਕ ਕੜਾਕੇ ਦੀ ਠੰਢ ਵਿੱਚ ਤੈਨੂੰ ਇਕੱਲੀ ਨੂੰ ਛੱਡ ਗਿਆ। ਇਕ ਕਾਫ਼ਲੇ ਨੂੰ ਉਥੋਂ ਲੰਘਦਿਆਂ ਉਹਦੀ ਲਾਸ਼ ਮਿਲੀ ਤੇ ਉਹ ਉਸਨੂੂੰ ਚੁੱਕ ਲਿਆਏ।” ਇਹ ਸੁਣਦੇ ਸਾਰ ਹੀ ਜਿਵੇਂ ਸੱਦੋ ‘ਤੇ ਬਿਜਲੀ ਡਿੱਗ ਪਈ। ਉਸਦਾ ਸਾਹ ਬੰਦ ਹੋ ਗਿਆ ਤੇ ਉਸ ਦੀਆਂ ਅੱਖਾਂ ਦੁਆਲੇ ਹਨੇਰਾ ਛਾ ਗਿਆ। ਲੋਕਾਂ ਨੇ ਉਸਨੂੰ ਇਕ ਕੋਨੇ ‘ਚ ਲਿਟਾ ਦਿੱਤਾ। ਹਰ ਵਰ੍ਹੇ ਇੰਝ ਹੀ ਸਰਦੀਆਂ ਦੀ ਬੇ-ਰਹਿਮ ਰੁੱਤ ਆਉਾਂਦੀ । ਇੰਝ ਹੀ ਹਵਾ ‘ਚ ਸੀਤ ਲਹਿਰ ਦੀਆਂ ਹਵਾਵਾਂ ਈਸ਼ਰਕਾਂ ਦਾ ਸੋਗ ਮਨਾਉਾਂਦੀਆਂ ਨ। ਖੌਰੇ ਇੰਝ ਕਿੰਨੀਆਂ ਹੀ ਸੱਦੋਆਂ ਠੰਢੀਆਂ ਹੋ ਜਾਂਦੀਆਂ ਹਨ। ਹਜ਼ਾਰਾਂ ਬੁੱਢੇ ਗਰੀਬੀ ਦਾ ਦੁੱਖ ਭੋਗਣ ਲਈ ਯਤੀਮ ਹੋ ਜਾਂਦੇ ਹਨ।

Tag:

ਕੀ ਇਹੋ ਜ਼ਿੰਦਗੀ ਹੈ…?

Tags: