ਤਾਂਬੇ ਨਾਲ ਗਠੀਏ ਦੇ ਦਰਦਾਂ ਦਾ ਇਲਾਜ

ਤਾਂਬੇ ਦੇ ਸਿੱਕਿਆਂ ਵਾਲੀ ਜੁੱਤੀ ਨਾਲ ਇਲਾਜ ਕਰਨ ਵਾਲਾ ਜੌਹਨ ਫਰੈਂਕਸ ਆਮ ਤੌਰ ਤੇ ਇਹ ਗੱਲ ਪੜ੍ਹਨ ਸੁਣਨ ਵਾਲੇ ਨੂੰ ਹੈਰਾਨੀ ਜਿਹੀ ਹੋਵੇਗੀ ਕਿ ਅੱਜ ਸਾਇੰਸ ਦੇ ਜ਼ਮਾਨੇ ਵਿਚ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕੇਵਲ ਤਾਂਬੇ ਦੇ ਦੋ ਚਾਰ ਸਿੱਕੇ ਆਪਣੀ ਜੁੱਤੀ ਵਿਚ ਰੱਖਣ ਨਾਲ ਗਠੀਏ ਵਰਗੇ ਨਾਮੁਰਾਦ ਰੋਗ ਤੋਂ ਉਸ ਨੂੰ ਆਰਾਮ ਮਿਲ ਜਾਵੇ । ਪਰ ਡੇਲੀ ਮੇਲ ਵਿਚ ਛਪੀ ਖ਼ਬਰ ਤੋਂ ਇਹੀ ਪਤਾ ਚੱਲਦਾ ਹੈ ਕਿ ਜੌਹਨੀ ਫਰੈਂਕਸ ਨਾਂ ਦੇ ਇਕ 85 ਸਾਲਾ ਬੰਦੇ ਨੇ ਜਦੋਂ ਇਕ ਲੇਖ ਪੜ੍ਹਿਆ ਕਿ ਤਾਂਬੇ ਉਤੇ ਤੁਰਨ ਨਾਲ ਗਠੀਏ ਦੇ ਦਰਦ ਨੂੰ ਆਰਾਮ ਮਿਲਦਾ ਹੈ ਤਾਂ ਉਸ ਨੇ ਸੋਚਿਆ ਕਿ ਮੈਂ ਇਤਨਾ ਮਹਿੰਗਾ ਤੇ ਸਹੀ ਤਾਂਬਾ ਕਿੱਥੋਂ ਲਵਾਂਗਾ । ਜਿਹੜੇ ਤਾਂਬੇ ਵਾਲੇ ਜੁੱਤੀ ਦੇ ਤਲੇ (ਸੋਲ) ਕੰਪਨੀ ਵੱਲੋਂ 30 ਪੌਂਡ ਦੇ ਵੇਚੇ ਜਾ ਰਹੇ ਸਨ, ਉਹਦੇ ਲਈ ਉਹ ਬਹੁਤ ਮਹਿੰਗੇ ਸਨ, ਜੋ ਉਹ ਖਰੀਦ ਨਹੀਂ ਸਕਦਾ ਸੀ । ਤਦ ਉਹਨੇ ਇਕ ਤਰਕੀਬ ਸੋਚੀ ਕਿ ਯੂ ਕੇ ਦੇ 2 ਪੈਨੀਆਂ ਦੇ ਚਾਰ ਕੁ ਸਿੱਕੇ ਆਪਣੀ ਜੁੱਤੀ ਦੇ ਤਲੇ ਵਿਚ ਗੂੰਦ (ਗਲੂ) ਨਾਲ ਚਿਪਕਾ ਲਏ ਤੇ ਇਹ ਜੁੱਤੀ ਪਾ ਕੇ ਤੁਰਦੇ ਫਿਰਦੇ ਰਹੇ । ਇਹ 2 ਪੈਨੀ ਦੇ ਸਿੱਕੇ 1992 ਤੋਂ ਪਹਿਲਾਂ ਦੇ ਬਣੇ ਹੋਏ ਸਨ, ਜਦੋਂ ਇਹਨਾਂ ਵਿਚ 97% ਤਾਂਬਾ ਹੁੰਦਾ ਸੀ । ਉਸ ਨੇ ਦੇਖਿਆ ਕਿ 4 ਹਫ਼ਤਿਆਂ ਵਿਚ ਉਸ ਦੀਆਂ ਦਰਦਾਂ ਨੂੰ ਕਾਫ਼ੀ ਰਾਹਤ ਮਿਲ ਗਈ ਸੀ । ਦੂਜੀ ਵਿਸ਼ਵ ਜੰਗ ਵਿਚ ਭਾਗ ਲੈਣ ਵਾਲਾ ਜੌਹਨੀ ਫਰੈਂਕਸ ਪਿਛਲੇ 15 ਸਾਲਾਂ ਤੋਂ ਗਠੀਏ ਦੇ ਦਰਦਾਂ ਤੋਂ ਪੀੜਤ ਸੀ । ਉਹ ਆਪਣੇ ਗੋਡਿਆਂ ਉਤੇ ਝੁਕ ਵੀ ਨਹੀਂ ਸਕਦਾ ਸੀ ।ਫਰੈਂਕ ਨੇ ਕਿਹਾ ਕਿ ਹੁਣ ਮੈਂ ਦਰਦ ਤੋਂ ਬਿਨਾ ਆਰਾਮ ਨਾਲ ਤੁਰ ਫਿਰ ਸਕਦਾ ਹਾਂ, ਬਲਕਿ ਆਪਣੇ ਸਰੀਰ ਦੇ ਅੱਧ ਤੱਕ ਆਪਣੀ ਲੱਤ ਉਪਰ ਚੁੱਕ ਸਕਦਾ ਹਾਂ, ਇਥੋਂ ਤੱਕ ਕਿ ਕਿੱਕ ਵੀ ਮਾਰ ਸਕਦਾ ਹਾਂ । ਉਤਰੀ ਲੰਡਨ ਦੇ ਸਟੇਨਮੋਰ ਇਲਾਕੇ ਵਿਚ ਰਹਿਣ ਵਾਲੇ ਜੌਹਨੀ ਫਰੈਂਕ ਨੇ ਤਾਂਬੇ ਬਾਰੇ ਪੜ੍ਹਨ ਪਿੱਛੋਂ ਪਹਿਲਾਂ ਤਾਂ ਤਾਂਬੇ ਦੇ ਸਿੱਕੇ ਆਪਣੀਆਂ ਜੁਰਾਬਾਂ ਵਿਚ ਪਾਏ, ਪਰ ਇਹ ਹਿਲਦੇ ਰਹਿਣ ਨਾਲ ਪੈਰਾਂ ਨੂੰ ਤਕਲੀਫ਼ ਹੁੰਦੀ ਸੀ, ਫਿਰ ਉਸ ਨੇ ਇਕ ਸਸਤਾ ਜਿਹਾ ਬਤਾਵਾ (ਸੋਲ) ਲੈ ਕੇ ਉਸ ਨਾਲ ਚਿਪਕਾ ਲਏ ਜੋ ਕਿ ਕਾਰਗਰ ਸਿੱਧ ਹੋਇਆ ।ਤਾਂਬੇ ਨਾਲ ਗਠੀਏ ਦੇ ਆਰਾਮ ਬਾਰੇ ਰੌਇਲ ਵੁਲਵਰਹੈਂਪਟਨ ਹਸਪਤਾਲ ਵਿਖੇ ਐਨ ਐਚ ਐਸ ਟਰੱਸਟ ਵੱਲੋਂ ਹੋਰ ਖੋਜ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ ਲੰਡਨ ਵਿਚ ਵਿਟਿੰਗਟਨ ਹਸਪਤਾਲ ਦੇ ਪ੍ਰੋਫੈਸਰ ਅਲਬਰਟ ਸਿੰਗਰ ਦਾ ਵੀ ਕਹਿਣਾ ਹੈ ਕਿ ਉਸ ਨੂੰ ਵੀ ਗਠੀਏ ਦੇ ਦਰਦਾਂ ਤੋਂ ਤਾਂਬੇ ਨਾਲ ਰਾਹਤ ਮਿਲੀ ਹੈ ।

Tags: ,