ਦੰਦਾਂ ਦੀ ਚਿੰਤਾ

ਦਾਦੀ ਨੂੰ ਪੋਤੇ ਦਾ ਫ਼ਿਕਰ ਬਹੁਤ ਸੀ। ਹੋਵੇ ਵੀ ਕਿਉਂ ਨਾ, ਦੋ ਕੁੜੀਆਂ ਤੋਂ ਬਾਅਦ ਹੋਇਆ ਸੀ।ਫ਼ਿਕਰ ਵਾਲੀ ਤਾਂ ਓਦਾਂ ਕੋਈ ਗੱਲ ਨਹੀਂ ਸੀ ਪਰ ਗੁਆਂਢਣਾਂ ਨੇ ਕਹਿ ਕਹਿ ਕੇ ਫ਼ਿਕਰ ਵੱਡਾ ਕਰ ਦਿੱਤਾ ਸੀ। ਮੁੰਡਾ ਦੋ ਸਾਲਾਂ ਦਾ ਹੋਇਆ ਸੀ ਪਰ ਉਸ ਨੇ ਦੰਦ ਨਹੀਂ ਸੀ ਕੱਢੇ। ”ਇਹਨੂੰ ਤਾਂ ਭਾਈ ਕਿਸੇ ਦੰਦਾਂ ਦੇ ਡਾਕਟਰ ਨੂੰ ਦਿਖਾਓ। ਜ਼ਰੂਰ ਕੋਈ ਕਾਰਨ ਹੋਊ ਨਹੀਂ ਤਾਂ ਛੇਵੇਂ-ਸੱਤਵੇਂ ਮਹੀਨੇ ‘ਚ ਨਿਆਣੇ ਅੱਧਾ ਬੀੜ ਕੱਢ ਲੈਂਦੇ। ਆਹ ਤਾਂ ਭੈੜਾ ਲਗਦਾ, ਓਦਾਂ ਸੁੱਖ ਨਾਲ ਹੁਣ ਤਾਂ ਦੌੜਿਆ ਫਿਰਦਾ।” ਅੱਜ ਫਿਰ ਤੀਰਥੋ ਦੀ ਗੁਆਂਢਣ ਕਹਿ ਗਈ। ਤੀਰਥੋ ਨੇ ਆਪਣੇ ਪੋਤੇ ਨੂੰ ਗੋਦੀ ‘ਚ ਲਿਆ। ”ਵੇ ਜਾਹ ਵੇ ਉਠ ਲੈ ਜਾ ਕਿਸੇ ਦੰਦਾਂ ਦੇ ਡਾਕਟਰ ਕੋਲ। ਮੁੰਡੇ ਦੇ ਦੰਦ ਦਿਖਾ ਲਿਆ।” ਤੀਰਥੋ ਨੇ ਆਪਣੇ ਪੁੱਤਰ ਨੂੰ ਕਿਹਾ। ਪੁੱਤਰ ਹਾਲਾਂਕਿ ਵਿਹਲਾ ਹੀ ਰਹਿੰਦਾ ਪਰ ਉਸ ਕੋਲ ਮੁੰਡੇ ਨੂੰ ਡਾਕਟਰ ਕੋਲ ਲੈ ਕੇ ਜਾਣ ਦਾ ਸਮਾਂ ਨਹੀਂ ਸੀ। ਤੀਰਥੋ ਨੇ ਮੁੰਡੇ ਨੂੰ ਗੋਦੀ ਲਿਆ ਤੇ ਕਸਤੂਰੀ ਲਾਲ ਕੋਲ ਗਈ। ਕਸਤੂਰੀ ਲਾਲ ਮੁੰਡੇ ਦਾ ਦਾਦਾ ਰਿਟਾਇਰ ਹੋ ਕੇ ਵਕਤ ਕਟੀ ਕਰ ਰਿਹਾ ਸੀ। ਇੱਕ ਮੁੰਡਾ ਬਾਹਰ ਗਿਆ ਹੋਇਆ। ਕਦੀ ਪੈਸਾ ਨਾ ਭੇਜਿਆ। ਦੂਜਾ ਵਿਆਹਿਆ ਪਰ ਬਾਹਰ ਜਾਣ ਦੀ ਤਿਆਰੀ ‘ਚ ਵਿਹਲਾ। ਇਹ ਦੂਜੇ ਦਾ ਹੀ ਕਾਕਾ, ਜਿਸ ਨੇ ਅਜੇ ਦੰਦ ਨਹੀਂ ਕੱਢੇ ਸਨ। ”ਆਹ ਮੁੰਡੇ ਨੂੰ ਲੈ ਜਾ ਦੰਦਾਂ ਦੇ ਡਾਕਟਰ ਕੋਲ। ਦੋ ਸਾਲਾਂ ਦਾ ਹੋ ਗਿਆ। ਅਜੇ ਦੰਦ ਨਹੀਂ ਕੱਢੇ।” ਤੀਰਥੋ ਨੇ ਕਸਤੂਰੀ ਲਾਲ ਨੂੰ ਕਿਹਾ। ”ਤੈਨੂੰ ਕੀ ਕਾਹਲੀ ਹੈ ਮੁੰਡੇ ਦੇ ਦੰਦਾਂ ਦੀ, ਆਪੇ ਆ ਜਾਣਗੇ।” ”ਤੈਨੂੰ ਨਾ ਪੇ ਦਿਆ ਪੁੱਤਾ ਕਦੀ ਘਰ ਦੇ ਕਿਸੇ ਕੰਮ ਦੀ ਚਿੰਤਾ ਹੋਈ, ਕਿੱਥੇ ਤੇਰੀ ਉਮਰ ਚਲੀ ਗਈ” ਬਿਨਾਂ ਵਜ੍ਹਾ ਤੀਰਥੋ ਉੱਚੀ ਸੁਰ ਵਿੱਚ ਬੋਲਣ ਲੱਗੀ। ਕਸਤੂਰੀ ਲਾਲ ਹੱਸਣ ਲੱਗਾ। ”ਉਹ ਭਲੀਏ ਲੋਕੇ ਦੰਦਾਂ ਦਾ ਡਾਕਟਰ ਬੜਾ ਮਹਿੰਗਾ ਈ। ਪੰਜ ਸੌ ਐਵੇਂ ਲੈ ਲੈਣਾ ਉਸ ਨੇ। ਇਹ ਕੋਈ ਪ੍ਰੇਸ਼ਾਨੀ ਨਹੀਂ ਨਾਲੇ।” ”ਨਾਲੇ ਕੀ ਪਤਾ ਆ, ਗੁਆਂਢਣਾਂ ਨੇ ਮੱਤ ਮਾਰੀ ਪਈ।” ”ਨਾਲੇ ਤੀਰਥਾਂ ਦੇਵੀ ਜੀ ਮੇਰੀ ਗੱਲ ਧਿਆਨ ਨਾਲ ਸੁਣੀ। ਨਾਂ ਬੜੇ ਸੋਹਣੇ ਰੱਖੇ ਸੀ। ਰਾਮ ਅਵਤਾਰ ਤੇ ਕ੍ਰਿਸ਼ਨ ਅਵਤਾਰ। ਦੋਵੇਂ ਕੋਈ ਕੰਮ ਨਾ ਕਰਦੇ। ਵੱਡਾ ਬਾਹਰ ਭੇਜਿਆ, ਉਸ ਕਦੀ ਕੋਈ ਪੈਸਾ ਨਾ ਭੇਜਿਆ। ਛੋਟਾ ਕੋਈ ਕੰਮ ਨਾ ਕਰਦਾ ਮੈਨੂੰ ਹੀ ਖਾਂਦੇ ਨੇ। ਤੇਰੇ ਪੋਤੇ ਦੇ ਦੰਦ ਨਹੀਂ ਆਏ। ਮੈਂ ਤਾਂ ਕਹਿੰਨਾ ਚੰਗਾ ਹੈ ਦੰਦ ਨਹੀਂ ਆਏ। ਰੱਬ ਕਰੇ ਨਾ ਹੀ ਆਉਣ। ਦੰਦ ਆ ਗਏ ਤਾਂ ਮੈਨੂੰ ਹੀ ਖਾਣਾ। ਪੁੱਤ ਤਾਂ ਖਾਂਦੇ ਹੀ ਨੇ ਹੁਣ ਪੋਤੇ ਵੀ ਖਾਣਗੇ। ਤੀਰਥਾਂ ਦੇਵੀ ਗੱਲ ਸਮਝਣ ਦੀ ਕੋਸ਼ਿਸ਼ ਕਰ” ਡਾਕਟਰ ਦਾ ਨਾਂ ਵਾਰ-ਵਾਰ ਸੁਣ ਕੇ ਤੀਰਥੋ ਦਾ ਪੋਤਾ ਗੋਦੀ ‘ਚੋਂ ਬਾਹਰ ਆ ਗਿਆ। ”ਇਹ ਦੰਦਾਂ ਦੀ ਚਿੰਤਾ ਛੱਡ ਦੇ ਤੀਰਥਾਂ ਦੇਵੀ। ਇਹ ਦੰਦ ਹੀ ਹਨ ਜਿਹੜੇ ਮੈਨੂੰ ਖਾ ਰਹੇ ਹਨ। ਪਹਿਲਾਂ ਪੁੱਤਾਂ ਦੇ ਦੰਦ ਖਾ ਰਹੇ ਸਨ, ਹੁਣ ਪੋਤਿਆਂ ਦੇ ਦੰਦ ਵੀ ਖਾਣ ਲਈ ਡਰਾ ਰਹੇ ਹਨ। ਕਸਤੂਰੀ ਲਾਲ ਵਿਚਾਰਾ ਕੀ ਕਰੇ। ਇਹ ਪੋਤੇ ਦੇ ਦੰਦ ਜਿੰਨੀ ਦੇਰੀ ਨਾਲ ਆਉਣਗੇ, ਓਨਾ ਮੈਨੂੰ ਘੱਟ ਖਾਣਗੇ। ਦੰਦਾਂ ਦੀ ਚਿੰਤਾ ਨਾ ਕਰ।” ਏਨਾ ਕਹਿੰਦਾ ਹੋਇਆ ਕਸਤੂਰੀ ਲਾਲ ਬੂਹੇ ‘ਚੋਂ ਬਾਹਰ ਹੋ ਗਿਆ।

Tag:

ਦੰਦਾਂ ਦੀ ਚਿੰਤਾ

Tags: