ਧਰੇਕ ( Melia Azedarach )

ਧਰੇਕ, ਡੇਕ, ਪੰਜਾਬ ਦੇ ਸੱਭਿਆਚਾਰ ਨਾਲ ਜੁੜਿਆ ਇੱਕ ਸੰਘਣੀ ਠੰਡੀ ਹਵਾ ਦੇਣ ਵਾਲਾ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਾਲਾ ਕੋਮਲ ਜਿਹਾ ਰੁੱਖ ਹੈ। ਕਹਿੰਦੇ ਹਨ ਧੀਆਂ ਤੇ ਧਰੇਕਾਂ ਨੂੰ ਵਧਦਿਆਂ ਦੇਰ ਨਹੀਂ ਲੱਗਦੀ, ਜਿੱਥੇ ਧੀ ਬਾਬਲ ਦੇ ਵਿਹੜੇ ਦਾ ਸ਼ਿੰਗਾਰ ਤੇ ਰੌਣਕ ਤੇ ਮੋਹ ਦਾ ਪ੍ਰਤੀਕ ਹੈ,ਉੱਥੇ ਧਰੇਕ ਵੀ ਵਿਹੜੇ ਦਾ ਸ਼ਿੰਗਾਰ ਠੰਡੀ ਸੰਘਣੀ ਛਾਂ ਦਾ ਸ੍ਰੋਤ ਹੁੰਦੀ ਹੈ। ਧੀ ਦੀ ਬਾਬਲ ਦੇ ਵਿਹੜੇ ਬਚਪਨ ਤੋਂ ਜੁਆਨੀ ਤੱਕ ਸਹੇਲੀਆਂ ਨਾਲ ਮਾਣੀ ਧਰੇਕ ਦੀ ਛਾਂ ਵੀ ਨਾ ਭੁੱਲਣਯੋਗ ਹੁੰਦੀ ਹੈ। ਬੇਸ਼ੱਕ ਨਿੰਮ ਵਕੈਣ ਵੀ ਇੱਸੇ ਜਾਤੀ ਦੇ ਰੁੱਖ ਹਨ, ਪਰ ਧਰੇਕ ਆਪਣੀ ਥਾਂ ਤੇ ਹੈ। ਧਰੇਕ ਲਗਭਗ ਹਰ ਕਿਸਮ ਦੀ ਧਰਤੀ ਤੇ ਬਹੁਤੀ ਦੇਖਭਾਲ ਕੀਤੇ ਬਿਨਾਂ ਉਗਦੀ ਤੇ ਫਲਦੀ ਫੁਲਦੀ ਹੈ। ਇਸ ਦੇ ਇਲਾਵਾ ਇਸ ਦੀ ਲੱਕੜੀ ਹਲਕੀ ਤੇ ਛੇਤੀ ਕੀੜਾ ਘੁਣ ਨਾ ਲੱਗਣ ਕਾਰਣ ਬਹੁਤ ਕੰਮ ਆਉਂਦੀ ਹੈ। ਇਸ ਦੇ ਫਲ ਫੁੱਲ ਵੀ ਬਹੁ ਗੁਣੀ ਹਨ ਤੇ ਕਈ ਰੋਗਾਂ ਦੀ ਦਵਾਈਆਂ ਵਿਚ ਕੰਮ ਆਉਂਦੇ ਹਨ। ਇਸ ਨੁੰ ਚਿੱਟੇ ਬੈਂਗਣੀ ਰੰਗ ਦੇ ਸੁੰਦਰ ਮਹਿਕ ਵਾਲੇ ਗੁੱਛੇਦਾਰ ਫੁੱਲ ਲੱਗਦੇ ਹਨ। ਫਿਰ ਗੋਲ ਗੋਲ ਗਾੜ੍ਹੇ ਗੁੱਛੇਦਾਰ ਹਰੇ ਰਂੰਗ ਦੇ ਫਲ ਲੱਗਦੇ ਹਨ ਜਿਨ੍ਹਾਂ ਨੂੰ ਧਰਕੋਨੇ ਕਿਹਾ ਜਾਂਦਾ ਹੈ, ਜੋ ਪੱਕਣ ਤੇ ਪੀਲੇ ਰੰਗ ਦੇ ਹੋ ਜਾਂਦੇ ਹਨ, ਪਰ ਸਵਾਦ ਕੌੜਾ ਹੋਣ ਕਰਕ ਖਾਣ ਦੇ ਕੰਮ ਨਹੀਂ ਆਉਂਦੇ, ਹਾਂ ਪੰਛੀ ਤੇ ਗਾਲ੍ਹੜ ਇਨ੍ਹਾਂ ਨੂੰ ਬੜੇ ਸ਼ਵਾਦ ਨਾਲ ਖਾਦੇ ਹਨ। ਪਤਝੜ ਦੀ ਰੁੱਤੇ ਇੱਸ ਰੁੱਖ ਦੇ ਪੱਤੇ ਪੀਲੇ ਹੋ ਕੇ ਝੜ ਜਾਂਦੇ ਹਨ ਤੇ ਸਿਆਲ ਦੀ ਰੁੱਤੇ ਇਸ ਤੇ ਪੱਕੇ ਹੋਏ ਫਲਾਂ ਦੇ ਗੁੱਛੇ ਸੁਨਹਿਰੀ ਭਾਅ ਮਾਰਦੇ ਰੁੱਖ ਤੇ ਲਟਕੇ ਬੜੇ ਸੋਹਣੇ ਲੱਗਦੇ ਹਨ ਤੇ ਫਿਰ ਕਾਲੀ ਭਾਅ ਮਾਰਦੇ ਝੜ ਕੇ ਧਰਤੀ ਤੇ ਡਿਗ ਪੈਂਦੇ ਹਨ ਤੇ ਗਰਮੀ ਦੀ ਵਿਚ ਬੀਜ ਦੇ ਰੂਪ ਵਿਚ ਧਰਤੀ ਤੇ ਡਿਗ ਕੇ ਉਗ ਪੈਂਦੇ ਹਨ ਤੇ ਜ਼ਰਾ ਵੱਡੇ ਹੋਣ ਤੇ ਲੋੜ ਅਨੁਸਾਰ ਇਨ੍ਹਾਂ ਬੀਜਾਂ ਚੋਂ ਬਣੇ ਬੂਟੇ ਲਾ ਲਏ ਜਾਂਦੇ ਹਨ। ਬੰਬੀਆ ਤੇ ਖੁਲ੍ਹੇ ਥਾਂਵਾਂ ਤੇ ਧ੍ਰੇਕਾਂ ਦੇ ਰੁੱਖ ਅਜੇ ਵੀ ਛਾਂ ਲਈ ਲਗਾਏ ਜਾਂਦੇ ਅੱਜ ਕੱਲ ਬੇਸ਼ਕ ਪੰਜਾਬ ਵਿਚ ਇੱਸ ਛਾਂ ਦਾਰ ਰੁੱਖ ਦੀ ਥਾਂ ਹੋਰ ਪ੍ਰਦੇਸੀ ਰੁੱਖ ਛਾਂ ਲਈ ਲਾਏ ਜਾ ਰਹੇ ਹਨ, ਪਰ ਧਰੇਕ ਦਾ ਰੁਖ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਇੱਸ ਬਹੁਗੁਣੀ ਰੁੱਖ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਇਸ ਸਾਦ ਮੁਰਾਦੇ ਪਰ ਬਹੁਗੁਣੀ ਰੁੱਖ ਦੀ ਸਾਂਭ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ, ਧਰੇਕ ਬਾਰੇ ਇਹ ਲੇਖ ਲਿਖਦਿਆਂ ਮੈਨੂੰ ਇੱਸ ਰੁਖ ਨਾਲ ਜੁੜੇ ਪੁਰਾਣੇ ਧੀਆਂ ਦੇ ਬਚਪਣ ਨਾਲ ਜੁੜੇ ਬੋਲ ਯਾਦ ਕਰਦੇ ਹੋਏ ਇਹ ਕਵਿਤਾ ਲਿਖਣ ਦੀ ਪ੍ਰੇਰਣਾ, ਸਹੁਰੇ ਘਰ ਗਈ, ਧੀ ਜਦੋਂ ਵਿਹੜੇ ਵਿਚ ਫੁੱਲਾਂ ਨਾਲ ਲੱਦੀ ਧਰੇਕ ਦੇ ਚਿੱਟੇ ਬੈਂਗਣੀ ਰੰਗ ਦੇ ਫੁੱਲਾਂ ਵੱਲ ਵੇਖਦੀ ਹੈ ਤਾਂ ਉਸ ਨੂੰ ਪੇਕੇ ਘਰ ਵਿਚ ਬਿਤਾਏ ਵਿਹੜੇ ਵਿਚ ਉੱਗੀ ਧਰੇਕ ਦੀ ਛਾਂਵੇਂ ਧਰੇਕ ਦੇ ਬੈਂਗਣੀ ਫੁੱਲਾਂ ਨਾਲ ਖੇਡਣ ਦੇ ਬਚਪਣ ਦੇ ਦਿਨ ਯਾਦ ਆਉਣ ਤੇ ਮਾਂ ਨੂੰ ਮਿਲਣ ਲਈ ਪੇਕੇ ਘਰ ਜਾਣ ਦੀ ਤਾਂਘ ਤੜਪਾਉਂਦੀ ਹੈ। ਫੁੱਲੜੀਏ ਧਰੇਕੇ, ਫੁੱਲ ਮੈਨੂੰ ਦੇ। ਮੈਂ ਵੀ ਜਾਣਾ ਪੇਕੇ, ਫੁੱਲ ਮੈਨੂੰ ਦੇਹ। ਸੱਸ ਮੇਰੀ ਪ੍ਰਧਾਨ, ਘਰ ਵਿਚ ਚੌਧਰ ਰੱਖੇ। ਕੰਤ ਮੇਰਾ ਪ੍ਰਦੇਸੀਂ, ਝਾਤ ਨਾ ਪਿੱਛੇ ਦੇਖੇ। ਫੁੱਲ ਮੈਨੂੰ ਦੇਹ, ਮੈਂ ਵੀ ਜਾਣਾ ਪੇਕੇ। ਭਾਬੋ ਮੇਹਰੀ ਸੁਹਣੀ, ਵਿਚ ਫੁਲਕਾਰੀ ਫੱਬੇ। ਵੀਰ ਨਾ ਜਾਵੇ ਠੇਕੇ, ਫੁੱਲ ਮੈਨੂੰ ਦੇਹ, ਮੈਂ ਵੀ ਜਾਣਾ ਪੇਕੇ। ਬਾਬਲ ਦੇ ਘਰ ਗੁੱਡੀਆਂ, ਖੇਡੇ ਅਤੇ ਪਟੋਲੇ। ਯਾਦ ਕਰਾਂ ਮੈਂ ਉਹ ਦਿਨ, ਬਚਪਣ ਦੇ ਵਿਚ ਖੇਡੇ ਫੁੱਲ ਮੈਨੂੰ ਦੇਹ, ਮੈਂ ਵੀ ਜਾਣਾ ਪੇਕੇ। ਮਾਂ ਦਾ ਪਿਆਰ ਅਮੁੱਲਾ, ਸਹੁਰੇ ਘਰ ਨਹੀਂ ਲੱਭਦਾ। ਹਰ ਦਮ ਉੱਠਦੇ ਬਹਿੰਦੇ, ਮੁੜ ਮੁੜ ਆਵੇ ਚੇਤੇ। ਫੁੱਲ ਮੈਨੂੰ ਦੇਹ, ਮੈਂ ਵੀ ਜਾਣਾ ਪੇਕੇ। ਫੁੱਲ ਮੈਨੂੰ ਦੇਹ। ਫੁਲੱੜੀਏ ਧਰੇਕੇ, ਫੁੱਲ ਮੈਨੂੰ ਦੇ। -ਰਵੇਲ ਸਿੰਘ ਇਟਲੀ

Tags: