ਗਰੀਬੂ ਨਾਂ ਦਾ ਹੀ ‘ਗਰੀਬੂ’ ਨਹੀਂ ਸੀ, ਸਗੋਂ ਉਹ ਘਰੋਂ ਵੀ ਬਹੁਤ ਗ਼ਰੀਬ ਸੀ। ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਅਤੇ ਆਪਣਾ ਪੇਟ ਭਰ ਲੈਣਾ! ਵਿਆਹ ਦੀ ਨਾ ਤਾਂ ਉਸ ਨੂੰ ਕੋਈ ਆਸ ਸੀ ਅਤੇ ਨਾ ਹੀ ਉਸ ਨੇ ਵਿਆਹ-ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ। ਉਸ ਦੀ ਆਰਥਿਕ ਹਾਲਤ ਇਤਨੀ ਮਾੜੀ ਸੀ ਕਿ ਜਦ ਉਸ ਨੂੰ ਕਦੇ ਦਿਹਾੜੀ ਨਾ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖਿਆਂ ਹੀ ਸੌਣਾਂ ਪੈਂਦਾ।
ਗਰੀਬੂ ਦੀ ਮਾਂ ਬੜੀ ਸਬਰ-ਸੰਤੋਖ ਵਾਲੀ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਸਤਿਯੁਗੀ ਔਰਤ! ਜਦ ਉਹਨਾਂ ਨੂੰ ਰਾਤੀਂ ਕੁਝ ਖਾਣ ਨੂੰ ਨਾ ਮਿਲ਼ਦਾ ਤਾਂ ਉਹ ਆਪਣੇ ਪੁੱਤ ਗਰੀਬੂ ਨੂੰ ਕੁਝ ਭੁੱਜੇ ਛੋਲੇ ਅਤੇ ਗੁੜ ਦੀ ਰੋੜੀ ਦੇ ਨਾਲ ਗੁਆਂਢੀਆਂ ਦੇ ਨਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਂ-ਪੁੱਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌਂ ਜਾਂਦੇ। ਸਰਕਾਰ ਦੀ ਆਟਾ-ਦਾਲ ਦੀ ਚਲਾਈ ਸਕੀਮ ਤਾਂ ਉਹਨਾਂ ਤੱਕ ਪਹੁੰਚੀ ਹੀ ਨਹੀਂ ਸੀ। ਸਰਕਾਰੀ ਅਦਾਰਿਆਂ ਦੀਆਂ ਫ਼ਾਈਲਾਂ ਵਿਚ ਹੀ ਪ੍ਰਾਣ ਤਿਆਗ ਗਈ ਸੀ। ਇੰਨਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ-ਕੀ ਲਿਖ ਕੇ ਲੈ ਗਏ ਸਨ? ਜਦ ਉਹਨਾਂ
ਨੇ ਗਰੀਬੂ ਦੀ ਮਾਂ ਨੂੰ ਪੁੱਛਿਆ, ”ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ?” ਤਾਂ ਬੇਬੇ ਨੇ ਇੱਕੋ ਉਤਰ ਦਿੱਤਾ ਸੀ, ”ਪੁੱਤ ਸਾਡੇ ਕੋਲ ਤਾਂ ਆਹ ਦੋ ਸਰੀਰ ਐ, ਇਕ ਮੇਰਾ ਤੇ ਇਕ ਮੇਰੇ ਪੁੱਤ ਦਾ, ਤੇ ਜਾਂ ਆਹ ਗਿੱਠ ਕੁ ਦਾ ਕੱਚਾ ਕੋਠੜਾ ਐ, ਹੋਰ ਸਾਡੇ ਕੋਲੇ ਪੁੱਤ ਡੱਕਾ ਨੀ!” ਤੇ ਇੰਨਕੁਆਰੀ ਵਾਲੇ ਲਿਖ ਕੇ ਲੈ ਗਏ ਸਨ। ਪਰ ਅਜੇ ਤੱਕ ਉਹਨਾਂ ਨੂੰ ਇਸ ਸਕੀਮ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ। ਇਹਨਾਂ ਲਈ ਤਾਂ ਗੱਲ ਮੰਤਰੀਆਂ ਦੇ ਬਿਆਨਾਂ ਅਤੇ ਅਖ਼ਬਾਰਾਂ ਵਿਚ ਹੀ ਲਾਟ ਵਾਂਗ ਬਲ ਕੇ ਹੇਠ ਬੈਠ ਗਈ ਸੀ। ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ, ”ਬੇਬੇ, ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ? ਮਿਲੂ ਕੁਛ ਆਪਾਂ ਨੂੰ ਵੀ?” ਤਾਂ ਬੇਬੇ ਘੋਰ ਉਦਾਸੀ ਵਿਚੋਂ ਬੋਲਦੀ, ”ਪੁੱਤ, ਜਦੋਂ ਆਪਣਾ ਰੱਬ ਈ ਬਿਗਾਨਾ ਹੋ ਗਿਆ, ਫ਼ੇਰ ਗੌਰਮਿੰਟ ਕੀਹਦੇ ਮਿੱਤ? ਜਦੋਂ ਸਾਡਾ ਰੱਬ ਨਹੀਂ ਸਾਡੀ ਸੁਣਦਾ ਤਾਂ ਗੌਰਮਿੰਟ ਕਿੱਥੋਂ ਸੁਣੂੰ? ਦੜ ਵੱਟ ਕੇ ਈ ਜ਼ਮਾਨਾ ਕੱਟ ਪੁੱਤ! ਆਪਾਂ ਨੂੰ ਤਾਂ ਕਰ ਕੇ ਈ ਖਾਣਾ ਪੈਣੈਂ!”
ਬੇਬੇ ਦੀਆਂ ਸੱਚੀਆਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ!
ਇਕ ਦਿਨ ਗਰੀਬੂ ਨਾਲ ਅੱਤ ਭੈੜ੍ਹੀ ਵਾਰਦਾਤ ਹੋਈ। ਕਦੇ ਕਿਸੇ ਨਾਲ ਹੋਈ ਨਾ ਬੀਤੀ! ਗਰੀਬੂ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਸ ਦੇ ਸਰੀਰ ਦੇ ਅੰਗਾਂ ਨੇ ਉਸ ਵਿਰੁੱਧ ‘ਬਗਾਵਤ’ ਕਰ ਦਿੱਤੀ। ਉਹਨਾਂ ਦੀ ਹੁੰਦੀ ”ਜ਼ਿੰਦਾਬਾਦ-ਮੁਰਦਾਬਾਦ” ਤੋਂ ਗਰੀਬੂ ਨੇ ਕਸੀਸ ਵੱਟ ਲਈ। ਸਿਆਸੀ ਪਰਾਟੀਆਂ ਦੇ ਲੋਕ ‘ਬਾਗ਼ੀ’ ਹੁੰਦੇ ਉਸ ਨੇ ਦੇਖੇ ਸਨ, ਧੀ-ਪੁੱਤਰ ਮਾਂ ਬਾਪ ਤੋਂ ਬਾਗ਼ੀ ਹੁੰਦੇ ਵੇਖੇ ਸਨ। ਅਦਾਲਤਾਂ ਤੋਂ ਮੁਜ਼ਰਮ ਭਗੌੜੇ ਹੁੰਦੇ ਸੁਣੇ ਸਨ। ਪਰ ਗਰੀਬੂ ‘ਤੇ ਤਾਂ ਅਜੀਬ ਹੀ ਭਾਵੀ ਬੀਤ ਚੱਲੀ ਸੀ। ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ-ਝਗੜਨ ਲੱਗ ਪਏ ਅਤੇ ਹੰਗਾਮੇ ‘ਤੇ ਉਤਰ ਆਏ ਸਨ। ਅੰਗਾਂ ਨੇ ਤਾਂ ਜਿਹੜਾ ਲੜਨਾ ਸੀ, ਉਹ ਤਾਂ ਲੜਨਾ ਹੀ ਸੀ। ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿਚ ਕੰਡੇਰਨਿਆਂ ਵਾਂਗ ਖੜ੍ਹੇ ਹੋ ਗਏ।
”ਤੂੰ ਸਾਨੂੰ ਕਦੇ ਧੋਂਦਾ ਨਹੀਂ? ਸਾਡੀ ਹਾਲਤ ਤਾਂ ਦੇਖ ਲੈ! ਕਿਉਂ ਏਡਾ ਬੇਸ਼ਰਮ ਤੇ ਨਿਰਦਈ ਹੈਂ ਤੂੰ?” ਸਿਰ ਦੇ ਵਾਲਾਂ ਨੇ ਅਵਾਜ਼ ਉਚਾਰੀ।
”ਪੰਜਾਬ ‘ਚ ਪਾਣੀ ਦੀ ਕਿੱਲਤ ਹੈ, ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਐ, ਜ਼ਹਿਰੀਲਾ ਪਾਣੀ ਪੀ-ਪੀ ਕੇ ਕੈਂਸਰ ਦਾ ਸ਼ਿਕਾਰ ਹੋਈ ਜਾਂਦੇ ਐ, ਸੌ-ਸੌ ਹੋਰ ਭਿਆਨਕ ਬਿਮਾਰੀਆਂ ਲੱਗੀ ਜਾਂਦੀਐਂ, ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰ ਦੇ ਪਾਣੀ ਨਾਲ ਧੋ ਲਿਆਇਆ ਤਾਂ ਹੋ ਸਕਦੈ ਤੁਹਾਨੂੰ ਵੀ ਕੈਂਸਰ ਹੋ ਜਾਵੇ ਤੇ ਤੁਸੀਂ ਵੀ ਝੜ ਜਾਵੋਂ, ਫ਼ੇਰ ਮੈਂ ਕੀਹਦੀ ਜਾਨ ਨੂੰ ਰੋਊਂਗਾ? ਮੈਂ ਤਾਂ ਤੁਹਾਡਾ ਭਲਾ ਸੋਚ ਕੇ ਈ ਚੁੱਪ ਐਂ! ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਐ ਤੇ ਤੁਸੀਂ ਧੋਣ ਦੀ ਗੱਲ ਕਰਦੇ ਓ! ਦੜ ਵੱਟ ਕੇ ਜ਼ਮਾਨਾ ਕੱਟੋ ਬਈ! ਅੱਜ ਕੱਲ੍ਹ ਪਾਣੀਆਂ ‘ਚ ਕਹਿੰਦੇ ‘ਓਹ’ ਐ ਜੀਹਨੂੰ ਪਤਾ ਨੀ ‘ਕੀ’ ਕਹਿੰਦੇ ਐ!” ਆਖ ਕੇ ਗਰੀਬੂ ਨੇ ਵਾਲਾਂ ‘ਤੇ ਤਾਂ ਕਾਬੂ ਪਾ ਲਿਆ। ਪਰ ਨਾਲ ਦੀ ਨਾਲ ਬੇਸਬਰੀਆਂ ਅੱਖਾਂ ਚੀਕ ਉਠੀਆਂ!
”ਸਾਡੀ ਵੀ ਸਫ਼ਾਈ-ਸਫ਼ੂਈ ਕਰਵਾ ਦਿਆ ਕਰ! ਕਦੇ ਬਾਤ ਈ ਨੀ ਪੁੱਛੀ? ਕਿਉਂ ਐਨਾਂ ਬੇਰਹਿਮ ਐਂ ਤੂੰ? ਅਸੀਂ ਕਿੰਨਾਂ ਤੇਰਾ ਸਾਥ ਦਿੱਤੈ?”
”ਉਏ ਗੱਲ ਸੁਣੋਂ! ਮੈਂ ਮੁਨੱਕਰ ਆਂ? ਤੁਸੀਂ ਮੇਰਾ ਬਥੇਰਾ ਸਾਥ ਦਿੱਤੈ, ਕੋਈ ਸ਼ੱਕ ਨਹੀਂ! ਇੱਕ ਗੱਲ ਦੱਸੋ, ਮੈਂ ਤੁਹਾਡੇ ਵਿਚ ਦੀ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਐ? ਨਹੀਂ ਨਾ ਦੇਖਿਆ?”
”ਨਹੀਂ ਦੇਖਿਆ, ਪਰ ਸਾਡੇ ਵੀ ਕਦੇ ਦੁਆਈ ਪੁਆ ਲਿਆਇਆ ਕਰ! ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗਾਂ ਲਾ-ਲਾ ਕੇ ਪ੍ਰਦੂਸ਼ਣ ਫ਼ੈਲਾ ਕੇ ਸਾਡਾ ਬੁਰਾ ਹਾਲ ਕਰੀ ਰੱਖਦੇ ਐ!”
”ਲੋਕਾਂ ਨੂੰ ਕੌਣ ਸਮਝਾਵੇ..? ਬਈ ਇਹਦੇ ਨਾਲ ‘ਕੱਲੀਆਂ ਤੁਸੀਂ ਹੀ ਨਹੀਂ ਖ਼ਰਾਬ ਹੁੰਦੀਆਂ! ਹੋਰ ਸਾਹ-ਦਮੇਂ ਦੀਆਂ ਬਿਮਾਰੀਆਂ ਵੀ ਆ ਚੁੰਬੜਦੀਐਂ! ਤੇ ਨਾਲੇ ਜਿਹੜੇ ਅੱਜ ਕੱਲ੍ਹ ਝੋਲਾ ਛਾਪ ਡਾਕਦਾਰ ਪਿੰਡਾਂ ‘ਚ ਬੈਠੇ ਐ, ਉਹਨਾਂ ਨੂੰ ਇੱਲ੍ਹ ਤੋਂ ਕੁੱਕੜ ਨਹੀਂ ਆਉਂਦਾ! ਅਵਲੇ-ਸਵਲੇ ਟੀਕੇ ਲਾ ਕੇ ਲੋਕਾਂ ਨੂੰ ਪਾਰ ਬੁਲਾਈ ਜਾਂਦੇ ਐ! ਗਰਭ ‘ਚ ਕੁੜੀਆਂ ਮਾਰਨਾ ਸਰਕਾਰ ਨੇ ਬੰਦ ਕੀਤਾ ਹੋਇਐ, ਪਰ ਇਹ ਅਜੇ ਵੀ ਦੱਬੀ ਜਾਂਦੇ ਐ ਕੰਮ ਨੂੰ! ਅੱਗੇ ਫ਼ੀਸ ਹਜ਼ਾਰ-ਦੋ ਹਜ਼ਾਰ ਸੀ ਤੇ ਹੁਣ ਦਸ-ਦਸ ਹਜ਼ਾਰ ਕਰਤੀ! ਅਖੇ ਅਸੀਂ ਵੀ ਰਿਸਕ ਲੈਨੇ ਆਂ! ਐਹੋ ਜੇ ਦੁਸ਼ਟ ਡਾਕਦਾਰਾਂ ਕੋਲੋਂ ਮੈਂ ਤੁਹਾਡਾ ਇਲਾਜ਼ ਕਰਵਾਊਂ? ਜਿਹੜੇ ਜੀਵ ਹੱਤਿਆ ਕਰਨ ਲੱਗੇ ਵੀ ਰੱਬ ਤੋਂ ਈ ਨੀ ਡਰਦੇ? ਨਾ ਮੈਂ ਤੁਹਾਨੂੰ ਉਹਨਾਂ ਬੇਈਮਾਨ ਡਾਕਦਾਰਾਂ ਕੋਲ ਲੈ ਕੇ ਜਾਊਂ, ਜਿਹੜੇ ਲੋਕਾਂ ਦਾ ਲਹੂ ਪੀਂਦੇ ਐ, ਤੇ ਜੀਵ ਹੱਤਿਆ ਧੜਾ ਧੜ ਕਰੀ ਜਾਂਦੇ ਐ?” ਭਾਸ਼ਨ ਦੇ ਕੇ ਗਰੀਬੂ ਨੇ ਅੱਖਾਂ ਦਾ ਮੂੰਹ ਵੀ ਬੰਦ ਕਰ ਦਿੱਤਾ।
ਕੰਨ ਤਾਂ ਉਸ ਤੋਂ ਅੱਗੇ ਹੀ ਅੱਕੇ ਪਏ ਸੀ।
ਹੁਣ ਉਹਨਾਂ ਨੇ ਵਾਰੀ ਲਈ!
”ਸਾਡਾ ਕੀ ਹਾਲ? ਸਾਡੀ ਵੀ ਮੈਲ-ਮੂਲ ਕਢਵਾ ਲਿਆਇਆ ਕਰ ਕਿਤੇ? ਨਿੱਤ ਦੇ ਲਾਰੇ ਸੁਣ-ਸੁਣ ਕੇ ਅਸੀਂ ਥੱਕ ਗਏ ਹਾਂ!”
”ਕੋਈ ਮਾਰ ਕੇ ਸੂਆ ਤੁਹਾਡਾ ਪੜਦਾ ਦਿਊਗਾ ਪਾੜ! ਤੁਸੀਂ ਸਮਝਦੇ ਓਂ ਕਿ ਮੈਂ ਤੁਹਾਡਾ ਵੈਰੀ ਆਂ? ਕਿੰਨੇ ਵਾਰੀ ਤੁਹਾਨੂੰ ਕਥਾ ਸੁਣਾ ਕੇ ਲਿਆਈਦੀ ਐ? ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਹੋਣ, ਉਥੇ ਮੈਂ ਤੁਹਾਨੂੰ ਲੈ ਕੇ ਈ ਨੀ ਜਾਂਦਾ! ਗੰਦ-ਪਿੱਲ ਸੁਣਨ ਨਾਲ ਬੰਦਾ ਮੈਲਾ ਹੁੰਦੈ! ਚੰਗੀਆਂ ਗੱਲਾਂ ਸੁਣ ਕੇ ਤੁਸੀਂ ਮੈਲੇ ਨਹੀਂ ਹੁੰਦੇ! ਹੋਂਦ ਦੀ ਮੈਲ ਬਾਰੇ ਨਾ ਸੋਚੋ, ਆਤਮਾ ਦੀ ਮੈਲ ਮਾੜੀ ਹੁੰਦੀ ਐ! ਅਗਲੇ ਹਫ਼ਤੇ ਤੁਹਾਨੂੰ ਸਤਿਸੰਗ ਕਰਵਾ ਕੇ ਲਿਆਊਂ, ਚੁੱਪ ਕਰ ਜਾਓ!”
”ਤੇ ਮੇਰੇ ਬਾਰੇ ਤਾਂ ਤੂੰ ਕਦੇ ਸੋਚਿਆ ਵੀ ਨਹੀਂ ਹੋਣਾਂ?” ਦਿਲ ਉਦਾਸੀ ਵਿਚ ਬੋਲ ਉਠਿਆ। ਉਹ ਕਦੋਂ ਦਾ ਲਾਈਨ ਵਿਚ ਲੱਗਿਆ ਵਾਰੀ ਦੀ ਉਡੀਕ ਕਰ ਰਿਹਾ ਸੀ।
”ਤੂੰ ਤਾਂ ਚੰਗਾ ਈ ਬਹੁਤ ਐਂ! ਮੈਨੂੰ ਘੱਟੋ ਘੱਟ ਤੇਰੇ ਤੋਂ ਆਹ ਉਮੀਦ ਨੀ ਸੀ! ਤੂੰ ਮੈਨੂੰ ਇਹ ਦੱਸ, ਬਈ ਤੂੰ ਹੁਣ ਤੱਕ ਕਿਸੇ ਦਾ ਮਾੜਾ ਕੀਤਾ?”
”ਨਹੀਂ!”
”ਮਾੜੀ ਕਰਨ ਬਾਰੇ ਸੋਚਿਆ?”
”ਕਦੇ ਵੀ ਨਹੀਂ! ਤੇ ਨਾ ਕਦੇ ਸੋਚਾਂ!”
”ਫ਼ੇਰ ਤੂੰ ਐਨਾਂ ਚੰਗਾ ਹੋ ਕੇ ਮੈਨੂੰ ਉਲਾਂਭੇ ਕਾਹਤੋਂ ਦੇਈ ਜਾਨੈਂ?” ਉਸ ਦੀ ਚਾਪਲੂਸੀ ਵਾਲੀ ਗੱਲ ਸੁਣ ਕੇ ਦਿਲ ਤਾਂ ਚੁੱਪ ਕਰ ਗਿਆ। ਪਰ ਭੁੱਖਾ ਪੇਟ ਕੁਰਲਾ ਉਠਿਆ।
”ਉਏ ਮੇਰੇ ਅੰਦਰ ਵੀ ਸੁੱਟ ਕੁਛ! ਕਦੋਂ ਦਾ ਘੁਰੜ-ਘੁਰੜ ਕਰੀ ਜਾਨੈਂ! ਤੂੰ ਮੇਰੀ ਬਾਤ ਈ ਨਹੀਂ ਸੁਣਦਾ? ਜਦੋਂ ਮੈਂ ਅਵਾਜ਼ ਮਾਰਦੈਂ, ਤੂੰ ਢੀਠ ਹੀ ਹੋ ਰਹਿੰਨੈ?”
”ਜਿਹੜਾ ਕੁਛ ਕਮਾਉਨੈਂ, ਉਹ ਤੇਰੇ ‘ਚ ਈ ਤਾਂ ਪਾਈ ਜਾਨੈਂ, ਤੇਰਾ ਮੂੰਹ ਮੈਂ ਸਾਰੀ ਉਮਰ ਨਹੀਂ ਭਰ ਸਕਿਆ! ਹੋਰ ਤਾਂ ਹੋਰ, ਤੈਨੂੰ ਨੀ ਸੀ ਬੋਲਣਾ ਚਾਹੀਦਾ! ਤੇਰੇ ਤੋਂ ਮੈਨੂੰ ਇਹ ਉਮੀਦ ਹੈਨੀ ਸੀ! ਤੂੰ ਤਾਂ ਖਾਂਦਾ ਪੀਂਦਾ ਈ ਟੀਟਣੇ ਮਾਰਦੈਂ!”
”ਜੇ ਤੂੰ ਮੇਰੇ ‘ਚ ਪਾਉਨੈਂ ਤਾਂ ਮੈਂ ਇਹਨਾਂ ਨੂੰ ਵੀ ਵੰਡਵੀਂ ਤਾਕਤ ਦਿੰਨੈਂ, ਮੈਂ ਕਿਹੜਾ ‘ਕੱਲਾ ਈ ਹਜ਼ਮ ਕਰ ਜਾਨੈਂ? ਕਾਣੀਂ ਵੰਡ ਤਾਂ ਮੈਂ ਵੀ ਨਹੀਂ ਕਰਦਾ?” ਉਸ ਨੇ ਦੂਜੇ ਅੰਗਾਂ ਵੱਲ ਇਸ਼ਾਰਾ ਕਰ ਕੇ ਗਰੀਬੂ ਨੂੰ ਝੂਠਾ ਕਰਦਿਆਂ ਕਿਹਾ।
ਪੇਟ ਦੇ ਉਤਰ ਨਾਲ ਗਰੀਬੂ ਰੁਲ ਗਿਆ। ਉਸ ਦੀ ਸੋਚ ਬੰਦ ਹੋ ਗਈ। ਦਿਮਾਗ ਦੇ ਫ਼ਾਟਕ ਲੱਗ ਗਏ।
”ਹੁਣ ਮੇਰੇ ਵਿਚ ਪਾ ਕੁਛ! ਸਵੇਰ ਦਾ ਖਾਲੀ ਖੜਕੀ ਜਾਨੈਂ! ਤੂੰ ਤਾਂ ਹੱਦ ਦੀ ਬੇਸ਼ਰਮੀ ਧਾਰ ਰੱਖੀ ਐ! ਜਿੰਨਾਂ ਚਿਰ ਮੈਂ ਬੂ-ਕਲਾਪ ਨਹੀਂ ਕਰਦਾ, ਤੂੰ ਕਿਹੜਾ ਕੁਛ ਪਾਉਨੈਂ ਮੇਰੇ ‘ਚ?”
ਗਰੀਬੂ ਨਿਰੁੱਤਰ ਸੀ।
”ਜੇ ਮੈਂ ਖਾਲੀ ਹੋ ਗਿਆ ਤਾਂ ਤੇਰੇ ਆਹ ਸਾਰੇ ਕਿਸੇ ਕੰਮ ਦੇ ਨਹੀਂ! ਸਭ ਜਵਾਬ ਦੇ ਜਾਣਗੇ! ਇਹ ਮੇਰੇ ਸਿਰ ‘ਤੇ ਈ ਜਿਉਂਦੇ ਐ!”
ਗਰੀਬੂ ਕੋਲ ਹੁਣ ਵੀ ਕੋਈ ਉਤਰ ਨਹੀਂ ਸੀ। ਉਸ ਦੀ ਦਲੀਲਾਂ ਵਾਲੀ ਪਟਾਰੀ ਖਾਲੀ ਹੋ ਚੁੱਕੀ ਸੀ।
”ਤੂੰ ਬੋਲਦਾ ਨੀ ਕੁਛ?” ਪੇਟ ਨੇ ਫ਼ਿਰ ਜਵਾਬ ਮੰਗਿਆ।
”ਲੈ…! ਤੂੰ ਮੈਨੂੰ ਈ ਖਾ ਲੈ, ਹੋਰ ਤਾਂ ਮੇਰੇ ਕੋਲੇ ਕੁਛ ਹੈ ਨਹੀਂ! ਜਦੋਂ ਦਿਹਾੜੀ ਈ ਨਹੀਂ ਮਿਲੀ, ਤੈਨੂੰ ਕਿੱਥੋਂ ਹੱਡ ਵੱਢ ਕੇ ਦੇ ਦਿਆਂ? ਲੈ, ਮੈਨੂੰ ਈ ਖਾ ਲੈ ਤੂੰ!” ਗਰੀਬੂ ਵੀ ਮੁਜ਼ਾਹਰਾ ਕਰਨ ਵਾਲਿਆਂ ਵਾਂਗ ਉਚੀ-ਉਚੀ ਬਿਲਕ ਉਠਿਆ।
”ਵੇ ਕੀਹਦੇ ਨਾਲ ਲੜੀ ਜਾਨੈਂ?” ਮਾਂ ਨੇ ਸੁੱਤੇ ਪਏ ਗਰੀਬੂ ਨੂੰ ਆ ਹਲੂਣਿਆਂ।
ਗਰੀਬੂ ਨੇ ਆਸਾ ਪਾਸਾ ਦੇਖਿਆ ਅਤੇ ਮਾਯੂਸੀ ਦੀ ਮੁਸਕਾਨ ਉਸ ਦੇ ਬੁੱਲ੍ਹਾਂ ‘ਤੇ ਫ਼ੈਲ ਗਈ।
”ਗਰੀਬਾਂ ਨੇ ਕੀਹਦੇ ਨਾਲ ਲੜਨੈਂ ਬੇਬੇ? ਗਰੀਬ ਦੇ ਤਾਂ ਸੁਪਨੇ ਵੀ ਅਵੱਲੇ ਹੀ ਹੁੰਦੇ ਐ!” ਤੇ ਉਹ ਬਿਨਾ ਚਾਹ ਪੀਤੀ ਦਿਹਾੜੀ ਚੌਂਕ ਵੱਲ ਨੂੰ ਤੁਰ ਪਿਆ।
ਬੇਬੇ ਵੀ ਲੰਬਾ ਉਦਾਸ ਸਾਹ ਲੈ ਕੇ ਅੰਦਰ ਵੜ ਗਈ।
Tag: