ਮਰ ਗਿਆ ਰਾਮ ਲਾਲ ?

ਰਾਮ ਲਾਲ ਦੇ ਨੰਬਰਾਂ ਕਾਰਨ ਉਸ ਦੀ ਸਾਰੇ ਇਲਾਕੇ ‘ਚ ਧੁੰਮ ਪੈ ਗਈ। ਉਹਦੇ ਚਾਰ-ਪੰਜ ਜਮਾਤੀ ਹੀ ਪਾਸ ਹੋਏ ਸਨ ਤੇ ਉਹ ਵੀ ਮਸਾਂ ਥਰਡ ਡਿਵੀਜ਼ਨ ਵਿੱਚ। ਸ਼ਾਮਾ ਚਾਹੁੰਦਾ ਸੀ ਕਿ ਰਾਮ ਲਾਲ ਨੂੰ ਉਹ ਪਟਵਾਰੀ ਬਣਾਵੇ ਪਰ ਰਾਮ ਲਾਲ ਪਿੰਡਾਂ ਵਿੱਚ ਜ਼ਮੀਨਾਂ ਕੱਛਣ ਨਾਲੋਂ ਕੁਰਸੀ ‘ਤੇ ਬੈਠਣ ਵਾਲੀ ਨੌਕਰੀ ਚਾਹੁੰਦਾ ਸੀ। ਜਦ ਕਲਰਕੀ ਵੀ ਨਾ ਮਿਲੀ ਤਾਂ ਹਾਰ ਕੇ ਉਸ ਨੇ ਜੇ.ਬੀ.ਟੀ. ‘ਚ ਦਾਖਲਾ ਲੈ ਲਿਆ। ਉਹ ਸਾਲ ਮਗਰੋਂ ਹੀ ਪ੍ਰਾਇਮਰੀ ਸਕੂਲ ‘ਚ ਮਾਸਟਰ ਜਾ ਲੱਗਾ। ਰਾਮ ਲਾਲ, ਉਸ ਦਾ ਪਿਤਾ ਸ਼ਾਮਾ, ਮਾਂ ਭਾਗਵੰਤੀ ਤੇ ਭਰਾ ਤਾਰਾ ਸਾਰੇ ਖ਼ੁਸ਼ ਸਨ। ਘਰ ਵਿੱਚ ਚਾਰ ਪੈਸੇ ਆਉਣ ਲੱਗੇ ਸਨ। ਹੁਣ ਸ਼ਹਿਰਾਂ ਥਾਵਾਂ ਵਾਲੇ ਰਾਮ ਲਾਲ ਨੂੰ ਰਿਸ਼ਤਾ ਕਰਨ ਲਈ ਚੱਕਰ ਕੱਟਣ ਲੱਗੇ। ਨੇੜਲੇ ਸ਼ਹਿਰ ਦੇ ਅਮੀਰ ਬ੍ਰਾਹਮਣ ਨੇ ਸ਼ਾਮੇ ਨੂੰ ਕਿਹਾ, ”ਭਰਾਵਾ ਕੁੜੀ ਮੇਰੀ ਵੀ ਟੀਚਰ ਹੈ ਪਰ ਉਹ ਚਾਹੁੰਦੀ ਹੈ ਕਿ ਉਹਦੇ ਸਹੁਰਿਆਂ ਵਾਲੇ ਜਾਂ ਤਾਂ ਸ਼ਹਿਰ ‘ਚ ਮਕਾਨ ਬਣਾ ਕੇ ਰਹਿੰਦੇ ਹੋਣ ਜਾਂ ਪਿੰਡ ਵਿੱਚ ਹੀ ਉਨ੍ਹਾਂ ਦਾ ਸਿਰ ਕੱਢਵਾਂ ਘਰ ਹੋਵੇ।” ਸ਼ਾਮੇ ਨੇ ਕਿਹਾ, ”ਭਰਾਵਾ, ਮੇਰੀ ਪਹੁੰਚ ਨਹੀਂ ਕਿ ਵਿਆਹ ‘ਤੇ ਖ਼ਰਚਾ ਵੀ ਕਰਾਂ ਤੇ ਮਕਾਨ ਵੀ ਬਣਾਵਾਂ। ਨਾ ਭਾਈ ਨਾ! ਮੈਂ ਤਾਂ ਚਾਦਰ ਵੇਖ ਕੇ

ਹੀ ਪੈਰ ਪਸਾਰੂੰ।”
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਰਾਮ ਲਾਲ ਵੀ ਘਰ ਪਹੁੰਚ ਗਿਆ। ਉਹ ਕੁੜੀ ਨੂੰ ਜਾਣਦਾ ਸੀ ਤੇ ਮਨ ਵਿੱਚ ਉਹਦੇ ਨਾਲ ਵਿਆਹ ਦੀ ਧਾਰੀ ਬੈਠਾ ਸੀ ਪਰ ਸ਼ਾਮੇ ਵੱਲੋਂ ਉਹਦੇ ਹੋਣ ਵਾਲੇ ਸਹੁਰੇ ਦੀ ਸ਼ਰਤ ਮੰਨਣ ਤੋਂ ਇਨਕਾਰੀ ਹੋਣ ‘ਤੇ ਰਾਮ ਲਾਲ ਨੂੰ ਆਪਣਾ ਸੁਪਨਾ ਟੁੱਟਦਾ ਜਾਪਿਆ। ਰਾਮ ਲਾਲ ਮਨ ਵਿੱਚ ਵਸਾਈ ਕੁੜੀ ਨੂੰ ਅੱਖੋਂ ਓਹਲੇ ਨਹੀਂ ਕਰ ਰਿਹਾ ਸੀ। ਉਸ ਨੇ ਆਪਣੇ ਪਿਤਾ ਨੂੰ ਕਿਹਾ, ”ਬਾਪੂ ਤੂੰ ਹਾਂ ਕਰਦੇ। ਮੈਂ ਆਪਣੇ ਦੋਸਤਾਂ ਤੋਂ ਪੈਸੇ ਲੈ ਕੇ ਘਰ ਦੇ ਖ਼ਰਚੇ ਦਾ ਪ੍ਰਬੰਧ ਕਰ ਦੇਵਾਂਗਾ।”
ਸ਼ਾਮੇ ਨੇ ਬਹੁਤ ਪੁੱਛਿਆ, ”ਭਾਈ ਤੇਰੇ ਕੋਲ ਕਿਹੜਾ ਕਾਰੂੰ ਦਾ ਖ਼ਜ਼ਾਨਾ ਹੈ? ਤੇਰਾ ਕਿਹੜਾ ਮਿੱਤਰ ਹਾਤਮ ਤਾਈ ਹੈ ਜੋ ਤੈਨੂੰ ਪੈਸਿਆਂ ਦਾ ਖ਼ਜ਼ਾਨਾ ਸੌਂਪ ਦੇਵੇਗਾ? ਪੁੱਤਰਾ! ਚਾਦਰ ਵੇਖ। ਅੱਡੀਆਂ ਚੁੱਕ ਕੇ ਫਾਹਾ ਲੈਣਾ ਚੰਗਾ ਨਹੀਂ। ਅਸੀਂ ਨਹੀਂ ਕਿਸੇ ਦੀ ਸ਼ਰਤ ਮੰਨਣੀ। ਜੇ ਉਹ ਬੰਦਾ ਬਹੁਤਾ ਹੀ ਅਮੀਰ ਹੈ ਤਾਂ ਬਣਾ ਦੇਵੇ ਕੋਠੀ ਆਪਣੀ ਧੀ ਨੂੰ। ਮੇਰਾ ਤਾਂ ਜਵਾਬ ਐ।” ਰਾਮ ਲਾਲ ਬਹੁਤ ਉਦਾਸ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਨ ਵਿੱਚ ਵਸੀ ਕੁੜੀ ਸੁਨੀਤਾ ਦਾ ਰਿਸ਼ਤਾ ਲੈਣ ਤੋਂ ਉਹਦਾ ਪਿਉ ਇਨਕਾਰ ਕਰੇ। ਉਸ ਨੇ ਆਪਣੇ ਪਿਉ ਨੂੰ ਕਿਹਾ, ”ਸ਼ਗਨ ਦਾ ਰੁਪਿਆ ਲੈ ਲਵੋ। ਅਗਲੇ ਸਾਲ ਤਕ ਪੈਸਿਆਂ ਦਾ ਜੁਗਾੜ ਹੋ ਜਾਊ। ਮਕਾਨ ਵੀ ਬਣਾ ਲਵਾਂਗੇ ਤੇ ਵਿਆਹ ਵੀ ਕਰ ਲਵਾਂਗੇ।” ਸ਼ਾਮਾ ਮੰਨ ਗਿਆ। ਉਸ ਨੇ ਸੁਨੀਤਾ ਦੇ ਪਿਉ ਨੂੰ ਸਾਰੀ ਸਥਿਤੀ ਸਮਝਾ ਦਿੱਤੀ।
ਦੋਵਾਂ ਘਰਾਂ ਵਿੱਚ ਤਸੱਲੀ ਹੋ ਗਈ। ਛੇ ਮਹੀਨੇ ਲੰਘ ਗਏ। ਪੈਸਾ ਕਿਧਰੋਂ ਹੱਥ ਨਾ ਲੱਗਾ। ਰਾਮ ਲਾਲ ਦੇ ਮਿੱਤਰ ਉਧਾਰ ਦੇਣ ਦਾ ਇਕਰਾਰ ਕਰਦੇ ਪਰ ਮੁੱਕਰ ਜਾਂਦੇ। ਰਾਮ ਲਾਲ ਵੀ ਪ੍ਰੇਸ਼ਾਨ ਸੀ। ਸ਼ਾਮਾ ਵੀ ਉਸ ਨੂੰ ਵੇਖ ਕੇ ਤਿਊੜੀਆਂ ਪਾ ਲੈਂਦਾ। ਉਹ ਕੁੜੀ ਵਾਲਿਆਂ ਨੂੰ ਜਵਾਬ ਦੇ ਦੇਣ ਦੀ ਗੱਲ ਕਰਦਾ। ਰਾਮ ਲਾਲ ਉਦਾਸ ਹੋ ਜਾਂਦਾ।
ਅਜਿਹੇ ਮੌਕੇ ਇੱਕ ਦਿਨ ਲਾਗਲੇ ਪਿੰਡ ਦੇ ਸਰਦਾਰਾਂ ਦੇ ਮੁੰਡੇ ਸੀਤੇ ਨੇ ਰਾਮ ਲਾਲ ਨੂੰ ਆ ਜੱਫੀ ਪਾਈ। ਰਾਮ ਲਾਲ ਨੂੰ ਉਦਾਸ ਵੇਖ ਕੇ ਉਹ ਠੇਕੇ ‘ਚੋਂ ਬੋਤਲ ਲੈ ਕੇ ਘਰ ਲੈ ਗਿਆ। ਨਸ਼ਾ ਚੜ੍ਹਦਾ ਗਿਆ, ਰਾਮ ਲਾਲ ਫਿੱਸਦਾ ਗਿਆ। ਸਾਰੀ ਗੱਲ ਦੱਸੀ ਤਾਂ ਸੀਤਾ ਕਹਿੰਦਾ, ”ਇਹ ਕਿਹੜਾ ਵੱਡਾ ਕੰਮ ਹੈ? ਦੱਸ ਕਿੰਨੇ ਪੈਸੇ ਚਾਹੀਦੇ ਤੈਨੂੰ?” ਰਾਮ ਲਾਲ ਨੇ ਸੰਗਦੇ-ਸੰਗਦੇ ਨੇ ਕਿਹਾ, ”ਪੱਚੀ ਹਜ਼ਾਰ ਨਾਲ ਸਰ ਜਾਵੇਗਾ।” ਸੀਤੇ ਨੇ ਗੁੱਟੀ ਉਸ ਦੇ ਹੱਥ ਫੜਾ ਦਿੱਤੀ ਤੇ ਹੋਰ ਪੈਸੇ ਦੇਣ ਦਾ ਵੀ ਲਾਲਚ ਦਿੱਤਾ।
ਰਾਮ ਲਾਲ ਨੇ ਅਗਲੀ ਸਵੇਰ ਪੈਸੇ ਘਰ ਜਾ ਫੜਾਏ। ਸ਼ਾਮੇ ਨੇ ਇੱਟਾਂ, ਸੀਮਿੰਟ ਲਿਆ ਕੇ ਮਕਾਨ ਬਣਵਾਉਣਾ ਸ਼ੁਰੂ ਕਰ ਦਿੱਤਾ। ਲੋਕ ਕਹਿਣ, ”ਕਿਹੜਾ ਖ਼ਜ਼ਾਨਾ ਹੱਥ ਲੱਗਿਆ ਹੈ?” ਉਹ ਕਹਿੰਦਾ, ”ਆਪਾਂ ਹਮਾਤੜਾਂ ਨੂੰ ਕਿਹੜਾ ਕਾਰੂੰ ਦਾ ਖ਼ਜ਼ਾਨਾ ਮਿਲਣਾ ਸੀ, ਇਹ ਤਾਂ ਰਾਮ ਲਾਲ ਦੀ ਹਿੰਮਤ ਹੈ।” ਮਕਾਨ ਕੋਠੀ ਵਰਗਾ ਬਣ ਗਿਆ ਤੇ ਸੁਨੀਤਾ ਦੇ ਮਾਪੇ ਵੀ ਖ਼ੁਸ਼ ਹੋ ਗਏ ਤੇ ਪਿੰਡ ਵਾਲੇ ਸ਼ਾਮੇ ਦੀ ਕਿਸਮਤ ‘ਤੇ ਈਰਖਾ ਕਰਨ ਲੱਗੇ।
ਇੱਕ ਦਿਨ ਸੀਤਾ ਆਪਣੇ ਪਿਉ ਨਾਲ ਰਾਮ ਲਾਲ ਕੋਲ ਉਸ ਦੇ ਸਕੂਲ ਜਾ ਵੜਿਆ। ਉਨ੍ਹਾਂ ਪੈਸੇ ਜਾ ਮੰਗੇ। ਰਾਮ ਲਾਲ ਦੀ ਹੋਸ਼ ਉੱਡ ਗਈ। ਸੀਤਾ ਦੇ ਪਿਉ ਨੇ ਕਿਹਾ, ”ਜੇ ਪੈਸੇ ਨਾ ਮੋੜੇ ਤਾਂ ਸਕੂਲ ‘ਚ ਹੀ ਤੇਰੀ ਅਹੀ ਤਹੀ ਫੇਰ ਦਊਂ।” ਰਾਮ ਲਾਲ ਬਹੁਤ ਡਰ ਗਿਆ। ਉਸ ਨੂੰ ਯਾਦ ਆਇਆ ਕਿ ਸ਼ਾਮੇ ਨੇ ਉਸ ਨੂੰ ਕਿਹਾ ਸੀ, ”ਚਾਦਰ ਵੇਖ ਕੇ ਪੈਰ ਪਸਾਰੋ।” ਪਰ ਹੁਣ ਪੈਰ ਪਸਾਰੇ ਤਾਂ ਕੀ ਝੁਲਸੇ ਵੀ ਜਾ ਚੁੱਕੇ ਸਨ। ਕੋਈ ਰਾਹ ਨਹੀਂ ਲੱਭ ਰਿਹਾ ਸੀ।
ਰਾਮ ਲਾਲ ਨੇ ਕਿਹਾ, ”ਸੀਤਿਆ, ਚਾਚੇ ਨੂੰ ਸਮਝਾ। ਇਹ ਲੋਹੜਾ ਨਾ ਮਾਰੇ। ਗੱਲ ਆਪਣੇ ਵਿੱਚ ਹੀ ਰਹੇ ਤਾਂ ਚੰਗਾ ਹੈ। ਨਹੀਂ ਤਾਂ ਸੁਨੀਤਾ ਦਾ ਪਿਉ ਵੀ ਰਿਸ਼ਤੇ ਤੋਂ ਮੁੱਕਰ ਜਾਏਗਾ ਤੇ ਬਾਪੂ ਵੱਖ ਗਾਲ੍ਹੀ ਗਲੋਚ ਕਰੇਗਾ।” ਉਸ ਵੇਲੇ ਰਾਮ ਲਾਲ ਨੂੰ ਸੀਤਾ ਇੱਕ ਪਾਸੇ ਲੈ ਗਿਆ। ਦੋਵਾਂ ਵਿੱਚ ਗੁਪਤ ਗੱਲਬਾਤ ਹੋਈ। ਸੀਤਾ ਕਹਿਣ ਲੱਗਾ, ”ਮੈਂ ਦਸਵੀਂ ਦਾ ਦਾਖ਼ਲਾ ਭਰਨ ਲੱਗਾ ਹਾਂ। ਤੂੰ ਇਕਰਾਰ ‘ਤੇ ਪੱਕਾ ਰਹੀਂ। ਤੈਨੂੰ ਕਰਜ਼ਾ ਮੁਆਫ਼।” ਸੀਤਾ ਇਹ ਕਹਿ ਕੇ ਆਪਣੇ ਬਾਪੂ ਵੱਲ ਹੋਇਆ, ”ਆ ਬਾਪੂ ਚੱਲੀਏ। ਮੇਰੇ ਦੋਸਤ ਨੂੰ ਹੋਰ ਪ੍ਰੇਸ਼ਾਨ ਨਾ ਕਰ।”
ਮਾਰਚ ਵਿੱਚ ਦਸਵੀਂ ਦਾ ਇਮਤਿਹਾਨ ਹੋਇਆ। ਜੂਨ ‘ਚ ਨਤੀਜਾ ਨਿਕਲਿਆ ਤਾਂ ਸੀਤਾ ਜ਼ਿਲ੍ਹੇ ‘ਚੋਂ ਫਸਟ ਆਇਆ। ਇਹ ਗੱਲ ਸਾਰੇ ਇਲਾਕੇ ਵਿੱਚ ਘੁੰਮ ਗਈ ਕਿ ਵੇਖੋ ਕੁਦਰਤ ਦਾ ਕਮਾਲ, ਦੋ ਵਾਰ ਦਸਵੀਂ ‘ਚ ਫੇਲ੍ਹ ਸੀਤਾ ਤਿੰਨ ਸਾਲ ਮਗਰੋਂ ਓਨੇ ਹੀ ਨੰਬਰ ਲੈ ਗਿਆ ਜਿੰਨੇ ਪਹਿਲਾਂ ਰਾਮ ਲਾਲ ਲੈ ਕੇ ਗਿਆ ਸੀ।
‘ਚੋਰ ਯਾਰ ਰਹਿਣ ਨਾ ਗੁੱਝੇ, ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ’ ਵਾਂਗ ਲੋਕਾਂ ਨੇ ਸੀਤੇ ਦੀ ਕਾਮਯਾਬੀ ਦਾ ਭੇਤ ਫਰੋਲਣਾ ਸ਼ੁਰੂ ਕਰ ਦਿੱਤਾ। ਸ਼ਰੀਕੇ ਵਾਲੇ ਤਾਂ ਉੱਡਦੀ ਚਿੜੀ ਵੀ ਪਿੰਜਰੇ ਪਾ ਲੈਂਦੇ ਨੇ। ਉਹ ਭਲਾ ਸੀਤੇ ਦੇ ਪਾਸ ਹੋ ਜਾਣ ਦੀ ਗੱਲ ਕਿਵੇਂ ਹਜ਼ਮ ਕਰ ਸਕਦੇ ਸਨ। ਉਨ੍ਹਾਂ ਨੇ ਸੀਤੇ ਤੇ ਉਹਦੇ ਪਿਉ ਦਾ ਮਿਲਾਪ ਸ਼ਾਮੇ ਨਾਲ ਅਚਾਨਕ ਵਧਿਆ ਵੇਖਿਆ। ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਸੀਤੇ ਅਤੇ ਸ਼ਾਮੇ ਦੇ ਮਾਸਟਰ ਪੁੱਤਰ ਰਾਮ ਲਾਲ ਵਿੱਚ ਜ਼ਰੂਰ ਗੋਲਮਾਲ ਹੈ। ਸ਼ਰਾਬ ਪੀ ਕੇ ਬੜ੍ਹਕਾਂ ਮਾਰਨਾ ਤੇ ਸ਼ਰੀਕੇ ਵਾਲਿਆਂ ਨੂੰ ਲਲਕਾਰਨਾ ਸੀਤੇ ਨੂੰ ਮਹਿੰਗਾ ਪਿਆ। ਉਨ੍ਹਾਂ ਨੇ ਖ਼ਾਸ ਅਧਿਕਾਰੀ ਨੂੰ ਮਿਲ ਕੇ ਯੂਨੀਵਰਸਿਟੀ ‘ਚ ਜਾ ਸੀਤੇ ਦੀ ਸ਼ਿਕਾਇਤ ਕੀਤੀ। ਚੜ੍ਹਾਵਾ ਵੀ ਚੜ੍ਹਾਇਆ ਤੇ ਹਿੱਕ ਠੋਕ ਕੇ ਕਿਹਾ, ”ਇਹ ਮੁੰਡਾ ਤਾਂ ਦੋ ਵਾਰ ਸਿਫਰ ਨੰਬਰ ਹੀ ਲੈਂਦਾ ਰਿਹਾ ਹੈ ਤੇ ਹੁਣ ਦੋ ਸਾਲ ਆਵਾਰਾਗਰਦੀ ਕਰਨ ਪਿੱਛੋਂ ਦੋ ਮਹੀਨਿਆਂ ਵਿੱਚ ਪੜ੍ਹ ਕੇ ਕਿਵੇਂ ਉਹ ਜ਼ਿਲ੍ਹੇ ਭਰ ‘ਚੋਂ ਸਾਰੇ ਉਮੀਦਵਾਰਾਂ ਤੋਂ ਵੱਧ ਨੰਬਰ ਲੈ ਸਕਦਾ ਹੈ।”
ਪੜਤਾਲ ਸ਼ੁਰੂ ਹੋਈ। ਸੀਤੇ ਦੀ ਹੱਥ ਲਿਖਤ ਪਰਚਿਆਂ ਨਾਲ ਮਿਲਾਈ ਗਈ। ਉਹ ਸੀਤਾ ਜੋ ਅੰਗਰੇਜ਼ੀ ਦੇ 90 ਫ਼ੀਸਦੀ ਨੰਬਰ ਲਈ ਬੈਠਾ ਸੀ, ਉਹ ਦੋ ਸਤਰਾਂ ਪਰਦੇ ਤੋਂ ਵੇਖ ਕੇ ਵੀ ਸਹੀ ਨਾ ਲਿਖ ਸਕਿਆ। ਸੀਤੇ ਦਾ ਦਸਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਨੇ ਵਾਪਸ ਲੈ ਲਿਆ। ਉਸ ਨੇ ਰਾਮ ਲਾਲ ਨੂੰ ਆਪਣੇ ਬਾਰੇ ਸ਼ਿਕਾਇਤ ਦੀ ਜਾਣਕਾਰੀ ਦੇ ਦਿੱਤੀ ਸੀ। ਰਾਮ ਲਾਲ ਦਾ ਨਾਂ ਲੈਣ ‘ਤੇ ਯੂਨੀਵਰਸਿਟੀ ਨੇ ਉਸ ਦੀ ਪੜਤਾਲ ਸ਼ੁਰੂ ਕਰ ਦਿੱਤੀ। ਸਿੱਖਿਆ ਵਿਭਾਗ ਨੂੰ ਲਿਖਿਆ ਗਿਆ ਤੇ ਉਹਦੀ ਨੌਕਰੀ ਲਈ ਖ਼ਤਰਾ ਬਣ ਗਿਆ। ਜਦੋਂ ਅਧਿਕਾਰੀ ਉਹਦੇ ਸਕੂਲ ਪੁਲੀਸ ਲੈ ਕੇ ਪਹੁੰਚਿਆ ਤਾਂ ਰਾਮ ਲਾਲ ਰੂਪੋਸ਼ ਹੋ ਚੁੱਕਾ ਸੀ।
ਸਿੱਖਿਆ ਅਧਿਕਾਰੀ, ਪੁਲੀਸ ਤੇ ਯੂਨੀਵਰਸਿਟੀ ਦਾ ਪ੍ਰਤੀਨਿਧ ਰਾਮ ਲਾਲ ਦੇ ਪਿੰਡ ਉਸ ਦੇ ਪਿਤਾ ਸ਼ਾਮੇ ਕੋਲ ਪਹੁੰਚ ਕੇ ਪੁੱਛਣ ਲੱਗੇ, ”ਰਾਮ ਲਾਲ ਕਿੱਥੇ ਹੈ?” ਉਸ ਨੇ ਪੁੱਛਿਆ, ”ਕੀ ਗੱਲ ਹੈ? ਉਹ ਆਪਣੇ ਸਕੂਲ ਹੀ ਹੋਣਾ ਹੈ। ਜਾਓ ਜਾ ਕੇ ਪਤਾ ਕਰ ਲਉ।” ਥਾਣੇਦਾਰ ਨੇ ਕਿਹਾ, ”ਉਸ ਉੱਪਰ ਤੇ ਉਹਦੇ ਦੋਸਤ ਸੀਤੇ ‘ਤੇ ਚਾਰ ਸੌ ਵੀਹ ਦਾ ਕੇਸ ਹੈ। ਦੋਵਾਂ ਦੇ ਸਰਟੀਫਿਕੇਟ ਵੀ ਖੋਹੇ ਜਾਣੇ ਨੇ ਤੇ ਸਜ਼ਾ ਵੀ ਭੁਗਤਣੀ ਪਊ। ਕਿਸੇ ਦੀ ਥਾਂ ਇਮਤਿਹਾਨ ਦੇਣਾ ਬਹੁਤ ਵੱਡਾ ਅਪਰਾਧ ਹੈ। ਮਾਸਟਰ ਨੇ ਕਿਸੇ ਹੋਰ ਨੂੰ ਦਸਵੀਂ ਕਰਵਾਉਣ ਲਈ ਆਪਣੀ ਨੌਕਰੀ ਵੀ ਖ਼ਤਰੇ ਵਿੱਚ ਪਾ ਲਈ ਹੈ।”
ਜਦੋਂ ਰਾਮ ਲਾਲ ਦੇ ਪਿਤਾ ਨੇ ਇਹ ਗੱਲ ਸੁਣੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੂੰ ਸਮਝ ਆ ਗਈ ਕਿ ਪੱਕਾ ਘਰ ਬਣਾਉਣ ਲਈ ਉਸ ਨੇ ਕਿਸ ਤੋਂ ਪੈਸੇ ਲਏ। ਦਿਲ ‘ਚ ਕਹਿਣ ਲੱਗਾ ਕਿ ‘ਰਾਮ ਲਾਲ ਤੂੰ ਮੇਰੀ ਗੱਲ ਅਣਗੌਲੀ ਕਰ ਕੇ ਚੰਗਾ ਨਹੀਂ ਕੀਤਾ।’
ਉਹ ਗੁੰਮ ਸੁੰਮ ਹੋ ਗਿਆ ਜਿਵੇਂ ਸਿਲ-ਪੱਥਰ ਹੋ ਗਿਆ ਹੋਵੇ। ਥਾਣੇਦਾਰ ਨੇ ਕਿਹਾ, ”ਉਸ ਨੂੰ ਪੇਸ਼ ਕਰੋ। ਨਹੀਂ ਤਾਂ ਤੁਹਾਡੇ ਹੱਡਾਂ ‘ਚੋਂ ਕੱਢ ਲਵਾਂਗੇ। ਸਾਨੂੰ ਪੁਲਸੀਆਂ ਨੂੰ ਸਭ ਜਾਚ ਹੈ।”
ਇਹ ਗੱਲ ਸੁਣਦਿਆਂ ਸ਼ਾਮਾ ਧੜੰਮ ਕਰ ਕੇ ਡਿੱਗ ਪਿਆ। ਉਹ ਬੇਹੋਸ਼ੀ ਵਿੱਚ ਬੁੜਬੁੜਾਉਣ ਲੱਗਾ, ”ਕਿੱਥੋਂ ਪੇਸ਼ ਕਰਾਂ ਸਰਕਾਰ? ਰਾਮ ਲਾਲ ਤਾਂ ਮਰ ਗਿਆ ਹੈ। ਸਾਨੂੰ ਵੀ ਮਾਰ ਗਿਐ।” ਸਾਰੇ ਲੋਕ, ਅਧਿਕਾਰੀ ਤੇ ਪੁਲਿਸ ਵਾਲੇ ਹੈਰਾਨ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਰਾਮ ਲਾਲ ਤਾਂ ਜਿਉਂਦਾ ਹੀ ਹੋਊ ਪਰ ਸ਼ਾਮਾ ਜ਼ਰੂਰ ਚੜ੍ਹਾਈ ਕਰ ਜਾਊ। ਇਲਾਕੇ ਵਿੱਚ ਸ਼ਾਮੇ ਦੇ ਘਰ ਦੀ ਮਹਾਭਾਰਤ ਹਰ ਜ਼ੁਬਾਨ ‘ਤੇ ਸੀ।

Tag:

ਮਰ ਗਿਆ ਰਾਮ ਲਾਲ ?

Tags: