ਸਾਡੇ ਮਰਨ ਮਗਰੋਂ

ਖੌਰੇ ਇੱਕ ਦਿਨ ਸਾਡੇ ਮਨ ਵਿੱਚ ਕੀ ਆਈ ਕਿ ਚਲੋ ਅੱਜ ਮਰ ਕੇ ਹੀ ਵੇਖ ਲਿਆ ਜਾਵੇ ਕਿਉਂਕਿ ਜ਼ਿੰਦਗੀ ਜਿਊਣ ਲਈ ਮਰਨ ਦਾ ਅੰਦਾਜ਼ ਆਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਮਰਨ ਲੱਗਿਆ ਤਾਂ ਮੇਰੇ ਮਰਨ ਨਾਲ ਸਾਡੇ ਹੱਸਦੇ-ਵੱਸਦੇ ਘਰ ਵਿੱਚ ਸਿਆਪਾ ਪੈ ਗਿਆ। ਸਾਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਸੋਗ ਦੀ ਲਹਿਰ ਫੈਲ ਗਈ। ਸਕੇ-ਸਬੰਧੀਆਂ ਨੇ ਮਿਲ-ਮਿਲਾ ਕੇ ਸਾਡੀ ਅਰਥੀ ਤਿਆਰ ਕੀਤੀ ਤੇ ਉਨ੍ਹਾਂ ਨੇ ਸਾਡੇ ਮੁਰਦਾ ਸਰੀਰ ਨੂੰ ਜਲਾਉਣ ਲਈ ਮੜ੍ਹੀਆਂ ਵੱਲ ਵਹੀਰਾਂ ਘੱਤ ਲਈਆਂ। ਮਰਦਾਂ ਦੇ ਸੋਗਮਈ ਚਿਹਰੇ ਤੇ ਔਰਤਾਂ ਦੀ ਕਰੁਣਾਮਈ ਸ਼ਬਦਾਵਲੀ ਸਾਡੇ ਮੋਏ ਸਰੀਰ ਦੇ ਨਾਲ-ਨਾਲ ਤੁਰਨ ਲੱਗੀ। ਅਸੀਂ ਇਨ੍ਹਾਂ ਗੱਲਾਂ ਤੋਂ ਬੇਲਾਗ ਆਪਣੀ ਮਰਨ-ਮਸਤੀ ਵਿੱਚ ਚੂਰ ਕੋਈ ਗਾਣਾ ਗੁਣਗੁਣਾਉਣ ਲੱਗ ਪਏ, ”ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ…।”ਸਾਡੇ ਸਰੀਰ ਨੂੰ ਮੜ੍ਹੀਆਂ ਵਿੱਚ ਚੰਗੀ ਤਰ੍ਹਾਂ ਫੂਕ ਕੇ ਸਾਰੇ ਜਣੇ ਉਪਰੋਂ ਰੋਣੀ ਸੂਰਤ ਬਣਾ ਕੇ ਅੰਦਰੋਂ-ਅੰਦਰੀ ਹੱਸਦੇ-ਖੇਡਦੇ ਆਪਣੇ ਘਰਾਂ ਨੂੰ ਪਰਤਣ ਲੱਗੇ। ਸਾਡੇ ਘਰਦਿਆਂ ਨੇ ਵੀ ਘਰ ਆ ਕੇ ਸੁੱਖ ਦਾ ਸਾਹ ਲਿਆ। ਗਲੀ-ਗੁਆਂਢ ਤੇ ਰਿਸ਼ਤੇਦਾਰ ਆਪੋ-ਆਪਣੇ ਕੰਮਾਂ-ਕਾਰਾਂ ‘ਤੇ ਕੂਚ ਕਰ ਗਏ। ਕਿਸੇ ਨੇ ਘਰ ਵਿੱਚ ਜਾ ਕੇ ਟੀ.ਵੀ. ਦਾ ਬਟਨ ਦਬਾ ਦਿੱਤਾ ਤੇ ਲੱਗਿਆ ਪੌਪ ਗੀਤਾਂ ‘ਤੇ ਨੱਚਣ, ਟੱਪਣ। ਕੋਈ ਜਣਾ ਕਿਸੇ ਸਿਨੇਮੇ ਵਿੱਚ ਕੋਈ ਮਸਾਲਾ ਫ਼ਿਲਮ ਵੇਖਣ ਜਾ ਵੜਿਆ ਅਤੇ

ਕਿਸੇ ਨੌਜਵਾਨ ਨੇ ਆਪਣੀ ਮਹਿਬੂਬਾ ਸੰਗ ਕਿਸੇ ਨਹਿਰ ਦੇ ਕੰਢੇ ਜਾਂ ਕਿਤੇ ਝਾੜੀਆਂ ਦੇ ਝੁੰਡ ਵਿੱਚ ਜਾ ਡੇਰੇ ਲਾਏ।ਚਲੋ ਆਖਰ ਨੂੰ ਉਹ ਸੁਭਾਗਾ ਦਿਨ ਵੀ ਆ ਬਹੁੜਿਆ। ਸਾਡੇ ਮੁਹੱਲੇ ਦੇ ਵਿੱਚ ਹੀ ਪੈਂਦੇ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਸਾਡੇ ਭੋਗ ‘ਤੇ ਮਾਈ-ਭਾਈ ਜੁੜਨ ਲੱਗੇ। ਹਾਲਾਂਕਿ ਸਾਡੀ ਜ਼ਿੰਦਗੀ ਦੇ ਇਤਿਹਾਸ ਵਿੱਚ ਕੋਈ ਅਲੋਕਾਰੀ ਗੱਲ ਜਾਂ ਘਟਨਾ ਨਹੀਂ ਵਾਪਰੀ ਸੀ ਪਰ ਫਿਰ ਵੀ ਅਸੀਂ ਇਹ ਵੇਖ ਕੇ ਹੈਰਾਨ-ਪ੍ਰੇਸ਼ਾਨ ਹੋਈ ਜਾਈਏ ਕਿ ਸ਼ਹਿਰ ਦੇ ਪਤਵੰਤੇ ਸੱਜਣ ਭਾਵ ਰਾਜਨੀਤਕ ਆਗੂ, ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਧਰਮ ਦੇ ਠੇਕੇਦਾਰ ਗੱਜ-ਵੱਜ ਕੇ ਸਾਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਵਧ-ਚੜ੍ਹ ਕੇ ਹਿੱਸਾ ਪਾਉਣ ਲੱਗੇ ਸਨ। ਸਾਡੇ ਭੋਗ ਲਈ ਸਾਰੀਆਂ ਮਸ਼ਹੂਰ ਅਖ਼ਬਾਰਾਂ ਵਿੱਚ ਸਾਡੀਆਂ ਧੁੰਦਲੀਆਂ ਤਸਵੀਰਾਂ ਸਹਿਤ ਇਸ਼ਤਿਹਾਰ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਇਹ ਵੀ ਲਿਖਿਆ ਸੀ ਕਿ ‘ਵੱਖਰੇ ਕਾਰਡ ਨਹੀਂ ਭੇਜੇ ਜਾਣਗੇ’। ਇਸ ਦੇ ਬਾਵਜੂਦ ਏਨੀ ਭੀੜ ਵੇਖ ਕੇ ਅਸੀਂ ਮੁਰਦੇਹਾਲੀਂ ਵੀ ਦੰਗ ਤੇ ਬੇਚੈਨ ਹੋਈ ਜਾਈਏ ਕਿ ਹਾਏ ਰੱਬ ਜੀ ਕਿੱਥੇ ਜਾਵਾਂ ਕੀ ਕਰਾਂ? ਸਾਡਾ ਭੋਗ ਪਾਇਆ ਗਿਆ, ਅਸੀਂ ਨਿਹਾਲ ਹੋ ਉੱਠੇ। ਕੀਰਤਨ ਸੋਹਿਲਾ ਪੜ੍ਹੇ ਜਾਣ ਤੋਂ ਬਾਅਦ ਸਾਡਾ ਇੱਕ ਮਿੱਤਰਨੁਮਾ ਸਾਥੀ ਮਾਈਕ ‘ਤੇ ਜਾ ਖੜ੍ਹਾ ਹੋਇਆ, ”ਹੁਣ ਸਾਡੇ ਵੀਰਾਂ ਵਰਗੇ ਮਿੱਤਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਐੱਮ.ਐੱਲ.ਏ. ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੰਚ ‘ਤੇ ਪਧਾਰਨ।”
ਐੱਮ.ਐੱਲ.ਏ. ਸਾਹਿਬ ਮਾਈਕ ਕੋਲ ਜਾਂਦੇ ਹਨ ਤੇ ਆਪਣਾ ਸੋਗਮਈ ਭਾਸ਼ਣ ਝਾੜਨ ਲੱਗਦੇ ਹਨ, ”ਦੇਖੋ ਬਈ ਸੱਜਣੋ! ਸ੍ਰ. ਜਗਬੀਰ ਸਿੰਘ ਹੁਰੀਂ ਇਲਾਕੇ ਦੀ ਜਾਨ ਸਨ, ਇਲਾਕੇ ਦਾ ਮਾਣ ਸਨ। ਉਹ ਬੇਸ਼ੱਕ ਸਰਕਾਰੀ ਮੁਲਾਜ਼ਮ ਸਨ ਪਰ ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ।”
ਉਨ੍ਹਾਂ ਦੇ ਰੇਲਵੇ ਲਾਈਨ ਤੋਂ ਵੀ ਲੰਮੇ ਭਾਸ਼ਣ ਦੌਰਾਨ ਅਸੀਂ ਸੋਚਣ ਲਈ ਮਜਬੂਰ ਹੋ ਗਏ ਕਿ ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਆਖਰ ਅਸੀਂ ਅਜਿਹਾ ਕਿਹੜਾ ਤੀਰ ਚਲਾਇਆ ਹੈ ਜੋ ਇਹ ਨੇਤਾ ਜੀ ਸਾਡੀ ਤਾਰੀਫ਼ ਦੇ ਪੁਲ਼ ਬੰਨ੍ਹਣੋਂ ਬਾਜ਼ ਨਹੀਂ ਆ ਰਹੇ? ਹਾਂ! ਯਾਦ ਆਇਆ ਕਿ ਇਨ੍ਹਾਂ ਵੱਲੋਂ ਕੀਤੇ ਘਪਲਿਆਂ ਦਾ ਅਸੀਂ ਇੱਕ ਵਾਰ ਪਰਦਾਫਾਸ਼ ਜ਼ਰੂਰ ਕੀਤਾ ਸੀ।
”ਹੁਣ ਮੈਂ ਚੇਅਰਮੈਨ ਨਗਰ ਸੁਧਾਰ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਉਹ ਵਿਛੜੀ ਪਵਿੱਤਰ ਰੂਹ ਬਾਰੇ ਦੋ ਸ਼ਬਦ ਸੰਗਤ ਨਾਲ ਸਾਂਝੇ ਕਰਨ।”
”ਮੈਂ ਕਯਾ ਬੋਲੂੰ? ਸਾਰਾ ਇਲਾਕਾ ਜਾਣਦਾ ਹੈ ਇਨ ਭਾਈ ਸਾਹਿਬ ਕੇ ਕਾਰਨਾਮੋਂ ਕੋ। ਹਮਾਰੀ ਕਮੇਟੀ ਕੇ ਲੀਏ, ਇਲਾਕੇ ਕੇ ਲੀਏ ਇਨਹੋ ਨੇ ਕਯਾ ਕੁਛ ਨਹੀਂ ਕੀਆ?”
ਅਸੀਂ ਫੇਰ ਸੋਚਣ ਲਈ ਮਜਬੂਰ ਹੋ ਗਏ ਕਿ ਇਨ੍ਹਾਂ ਦੀ ਕਮੇਟੀ ਲਈ ਅਸੀਂ ਕੀ ਕੀਤਾ ਹੈ? ਇਲਾਕੇ ਵਿੱਚ ਅਸੀਂ ਅਜਿਹੇ ਕਿਹੜੇ ਕਾਰਨਾਮੇ ਕੀਤੇ ਹਨ ਕਿ ਜਿਨ੍ਹਾਂ ਲਈ ਇਹ ਸਾਨੂੰ ਮਰਨ ਤੋਂ ਮਗਰੋਂ ਰੱਬ ਵਾਂਗ ਯਾਦ ਕਰ ਰਹੇ ਹਨ। ਅੱਛਾ! ਅੱਛਾ! ਹੁਣ ਦਿਮਾਗ਼ ‘ਚ ਆਇਆ ਕਿ ਅਸੀਂ ਇੱਕ ਵਾਰ ਇਨ੍ਹਾਂ ਸ੍ਰੀਮਾਨ ਦੇ ਕਿਰਦਾਰ ਨੂੰ ਵੰਗਾਰ ਪਾਈ ਸੀ ਜਦੋਂ ਅਸੀਂ ਇਨ੍ਹਾਂ ਵੱਲੋਂ ਇੱਕ ਨਾਬਾਲਗ ਕੰਨਿਆ ਨਾਲ ਕੀਤੇ ਬਲਾਤਕਾਰ ਦਾ ਪਰਦਾਫਾਸ਼ ਕੀਤਾ ਸੀ।
ਅਤੇ ਫੇਰ ਵਾਰੀ ਆਈ ਇੱਕ ਧਰਮ ਦੇ ਠੇਕੇਦਾਰ ਦੀ ਜੋ ਹਰ ਧਰਮ ਅਸਥਾਨ, ਜਲੂਸ ਅਤੇ ਧਾਰਮਿਕ ਰਸਮ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਨਹੀਂ ਥੱਕਦੇ। ਉਹ ਮਾਈਕ ‘ਤੇ ਆ ਕੇ ਬੋਲੇ, ”ਸੱਜਣੋ ਤੇ ਦੇਵੀਓ! ਮੈਨੂੰ ਸਟੇਜ ‘ਤੇ ਸਕੱਤਰ ਵੱਲੋਂ ਹੁਕਮ ਹੋਇਆ ਹੈ ਕਿ ਮੈਂ ਮਹਾਂਪੁਰਸ਼ਾਂ ਬਾਰੇ ਤੁਹਾਡੇ ਨਾਲ ਚੰਦ ਸ਼ਬਦ ਸਾਂਝੇ ਕਰਾਂ। ਪਰ ਕੀ ਕਰਾਂ? ਸਰਦਾਰ ਜਗਬੀਰ ਸਿੰਘ ਜੀ ਇਤਨੇ ਮਹਾਨ ਇਤਨੇ ਫਰਾਖਦਿਲ ਤੇ ਇਤਨੇ ਪੁਰਖ਼ਲੂਸ ਇਨਸਾਨ ਸਨ ਕਿ ਉਨ੍ਹਾਂ ਬਾਰੇ ਕੁਝ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ।”
ਫੇਰ ਉਹ ਆਪਣੇ ਮਗਰਮੱਛੀ ਹੰਝੂਆਂ ‘ਤੇ ਰੁਮਾਲ ਫੇਰ ਕੇ ਅਗਾਂਹ ਉਚਾਰਨ ਲੱਗੇ, ”ਬੱਸ ਮਾਈ ਭਾਈ ਜੀ! ਮੈਂ ਤੁੱਛ ਤੇ ਨਾਚੀਜ਼ ਨਾਲੀ ਦਾ ਗੰਦਾ ਕੀੜਾ ਉਨ੍ਹਾਂ ਬਾਰੇ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦਾ..।”
ਧਾਰਮਿਕ ਆਗੂ ਹੱਥ ਜੋੜ ਕੇ ਆਪਣਾ ਸਥਾਨ ਗ੍ਰਹਿਣ ਕਰਦੇ ਹਨ। ਜੁੜੀ ਸੰਗਤ ਵਿੱਚ ਜਿੱਥੇ ਘੁਸਰ-ਮੁਸਰ ਹੋਣ ਲੱਗਦੀ ਹੈ, ਉੱਥੇ ਕਈਆਂ ਦੇ ਚਿਹਰੇ ਭਾਵਪੂਰਤ ਤੇ ਜਜ਼ਬਾਤੀ ਹੋ ਉੱਠਦੇ ਹਨ। ਖ਼ਾਸਕਰ ਬੀਬੀਆਂ ਦੀਆਂ ਅੱਖਾਂ ਉਨ੍ਹਾਂ ਦੇ ਭਾਵੁਕ ਬੋਲਾਂ ਨਾਲ ਦੁਪੱਟੇ ਗਿੱਲੇ ਕਰਨ ਤੀਕ ਜਾਂਦੀਆਂ ਹਨ।
ਮੰਚ ਸਕੱਤਰ ਵੀ ਭਾਵੁਕ ਹੋ ਉੱਠਦਾ ਹੈ, ”ਸਰਦਾਰ ਸਾਹਿਬ ਹੁਰਾਂ ਜੋ ਤਕਰੀਰ ਕੀਤੀ ਉਸ ਤੋਂ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਾਡੇ ਵੀਰਾਂ ਵਰਗੇ ਮਿੱਤਰ ਕਿੰਨੇ ਮਹਾਨ ਸਨ।”
ਅਸੀਂ ਸੋਚਦੇ ਹਾਂ ‘ਵੀਰਾਂ ਵਰਗੇ ਮਿੱਤਰ? ਮਹਾਨ ਮਿੱਤਰ? ਤੂੰ ਉਹੀ ਐਂ ਜਿਸ ਨੇ ਮੇਰੇ ਬਾਲ ਬੱਚਿਆਂ ਦੇ ਮੂੰਹੋਂ ਦੋ ਡੰਗ ਦੀ ਰੋਟੀ ਖੋਹਣ ਦੀ ਕੋਝੀ ਸ਼ਰਾਰਤ ਕੀਤੀ ਸੀ ਤੇ ਮੈਨੂੰ ਇੱਕ ਝੂਠੇ ਕੇਸ ਵਿੱਚ ਜੇਲ੍ਹ ਯਾਤਰਾ ਕਰਵਾਉਣ ਦਾ ਪਾਪ ਕੀਤਾ ਸੀ? ਕਿਉਂ ਭੁੱਲ ਗਿਆ ਕਿ ਯਾਦ ਐ, ਚੇਤੇ ਆਇਆ ਕੁਝ ਚੁਫ਼ੇਰਗੜ੍ਹੀਏ?’
ਮੰਚ ਸੰਚਾਲਕ ਕਹਿੰਦਾ ਹੈ, ”ਮੈਨੂੰ ਪਤਾ ਹੈ ਕਿ ਐਥੇ ਹੋਰ ਵੀ ਰਾਜਨੀਤਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਤੇ ਬੁਲਾਰੇ ਬੈਠੇ ਹਨ ਪਰ ਸਮੇਂ ਦੀ ਘਾਟ ਕਾਰਨ ਸਾਰਿਆਂ ਤੋਂ ਮੁਆਫ਼ੀ ਮੰਗਦਾ ਹੋਇਆ ਕਿਸੇ ਅਗਲੇ ਸ਼ਰਧਾਂਜਲੀ ਸਮਾਗਮ ‘ਤੇ ਇਨ੍ਹਾਂ ਸੱਜਣਾਂ-ਪੁਰਖਾਂ ਨੂੰ ਮੌਕਾ ਦੇਣ ਦਾ ਪੱਕਾ ਤੇ ਠੋਸ ਵਾਅਦਾ ਕਰਦਾ ਹਾਂ।” ਕਈ ਘੰਟਿਆਂ ਤੀਕ ਚੱਲੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਲੋਕਾਂ ਦੇ ਇਕੱਠ ਤੋਂ ਵਿਛੜਣ ਵੇਲੇ ਲੋਕਾਂ ਦੇ ਚਿਹਰਿਆਂ ਦੀ ਭੀੜ ਵਿੱਚੋਂ ਸਾਨੂੰ ਹੋਰ ਤਾਂ ਸ਼ਾਇਦ ਕੁਝ ਨਜ਼ਰ ਨਾ ਆਇਆ ਪਰ ਆਪਣੀ ਮਾਂ ਦੀਆਂ ਝੁਰੜੀਆਂ, ਪਤਨੀ ਦੀ ਉਦਾਸ ਤੱਕਣੀ ਤੇ ਬੱਚਿਆਂ ਦੇ ਮਾਸੂਮ ਚਿਹਰਿਆਂ ਵਿੱਚੋਂ ਏਨਾ ਕੁਝ ਨਜ਼ਰ ਆਇਆ ਕਿ ਮਰਨ ਮਗਰੋਂ ਮੁੜ ਅਸੀਂ ਧਰਤੀ ‘ਤੇ ਬਿਨਾਂ ਕਿਸੇ ਹੀਲ ਹੁੱਜਤ ਦੇ ਆਉਣ ਦਾ ਪੱਕਾ ਤੇ ਅੰਤਿਮ ਫ਼ੈਸਲਾ ਲੈ ਲਿਆ।

Tag:

ਸਾਡੇ ਮਰਨ ਮਗਰੋਂ

Tags: