ਲੁੱਡੀ ( Luddi )

ਲੁੱਡੀ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਹੋਣ
ਕਰਕੇ ਇਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਹ ਲੋਕ-ਨਾਚ
ਸ਼ਾਂਤਮਈ ਖੇਤਰਾਂ ਵਿੱਚ ਪਰਚਲਿਤ ਰਿਹਾ, ਜਿਸ ਦੇ ਸਿੱਟੇ ਵਜੋਂ ਉਹਨਾਂ ਲੋਕਾਂ ਦੀ ਜੀਵਨ ਤੋਰ ਉਤਨੀ ਕਰੜੀ ਨਾ ਹੋ ਸਕੀ ਜਿੰਨੀ ਭੰਗੜੇ ਅਤੇ ਝੂਮਰ ਦੇ ਨਾਚਾਂ ਵਾਲੇ ਖੇਤਰਾਂ ਵਿੱਚ
ਵਸਦੇ ਪੰਜਾਬੀਆਂ ਦੀ ਸੀ। ਮੂਲ ਰੂਪ ਵਿੱਚ ਇਹ ਨਾਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ। ਇਸ ਲਈ ਵੀ ਢੋਲ ਦੇ
ਤਾਲ ਦੀ ਆਵਸ਼ਕਤਾ ਮੰਨੀ ਜਾਂਦੀ ਹੈ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ ਜਿਨ੍ਹਾਂ ਨਾਲ ਨਚਾਰ ਜਿਵੇਂ ਮਰਜ਼ੀ ਨਾਚ-ਮੁਦਰਾਵਾਂ ਪ੍ਰਗਟਾ ਸਕਦਾ ਹੈ। ਆਮ ਤੌਰ ਤੇ ਲੁੱਡੀ ਨਾਚ
ਨੱਚਦੇ ਸਮੇਂ ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ
ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੀ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ ਮੁਦਰਾ ਬਦਲ ਕੇ ਤਿਨੰ ਤਾੜੀਆਂ ਮਾਰਦੇ ਹਨ। ਇਹ
ਤਿੰਨ ਤਾੜੀਆਂ ਘੇਰੇ ਦੇ ਅੰਦਰਵਾਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾਅ ਕੇ, ਫੇਰ ਛਾਤੀ ਅੱਗੇ ਕਰਕੇ ਅਤੇ
ਤੀਜੀ ਤਾੜੀ ਘੇਰੇ ਦੇ ਬਾਹਰ ਵਾਲੇ ਪਾਸੇ ਨੂੰ ਝੁਕ ਕੇ ਮਾਰਦੇ ਹਨ। ਢੋਲ ਦੀ ਨੀਵੀਂ ਸੁਰ ਵਾਲੀ ਥਾਪੀ ਦੇ ਸੰਕੇਤ ਤੇ ਨਵੀਂ ਮੁਦਰਾ ਦਾ ਪ੍ਰਗਟਾ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ
ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ
ਅਤੇ ਤਾੜੀ ਦੇ ਕਾਰਜ ਵਿੱਚ ਸ਼ਮਤਾ ਆ ਜਾਂਦੀ ਹੈ। ਇਸ ਲੋਕ-ਨਾਚ ਦੀ ਵਿੱਲਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ, ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹ
ਵਿੱਚੋਂ ਕਈ ਪ੍ਰਕਾਰ ਦੀਆਂ ਅਵਾਜ਼ਾਂ ਜਿਵੇਂ:

ਸ਼..ਸ਼….ਸ਼..ਸ਼, ਹੀ…ਹੀ…ਹੀ…ਹੀ
ਹੋ..ਹੋ….ਹੋ….ਹੋ..ਓ..ਓ….ਓ….ਓ

ਜਾਂ

ਐਲੀ…ਐਲੀ…ਐਲੀ !!! ਹੜੀਪਾ ਹਾਇ ! ਹੜੀਪਾ ਹਾਇ !!

ਆਦਿ ਕੱਢ ਕੇ ਰਸਕਤਾ ਭਰ ਲੈਂਦੇ ਹਨ।
ਅਜੋਕੇ ਯੁੱਗ ਵਿੱਚ ਇਸ ਲੋਕ-ਨਾਚ ਦੀ ਵੱਖਰੀ ਪਛਾਣ ਵੀ ਭੰਗੜੇ ਦੀਆਂ ਇੱਕ ਦੋਂ ਚਾਲਾਂ ਵਿੱਚ ਸਿਮਟ ਕੇ ਰਹਿ ਗਈ ਵੇਖਣ ਨੂੰ ਮਿਲਦੀ ਹੈ, ਅਸਲ ਮੁਹਾਂਦਰਾ ਲੁਪਤ ਹੋ ਰਿਹਾ ਹੈ।

ਲੁੱਡੀ ਵੀਡਿਓੁ

Tags: , ,