All posts by Er. Ravneet Verma

Maa De Hathan Diyan Pakiyan Rotiyan

ਕਾਸ਼ ਕਿ ਮਾਂ ਦੇ ਹੱਥਾਂ ਦੀ ਪੱਕੀ ਰੋਟੀ ਦਾ ਸਵਾਦ ਫੇਰ ਨਸੀਬ ਹੋ ਜਾਵੇ। ਕਾਸ਼ ਕਿ ਮਾਂ ਫੇਰ ਆਪਣੀ ਗੋਦੀ ਵਿੱਚ ਬੈਠਾ ਕੇ ਆਪਣੇ ਹੱਥ ਨਾਲ ਚੂਰੀ ਖਲਾ ਦੇਵੇ। ਓੁਹ ਸਮਾਂ ਵੀ ਕੀ ਸਮਾਂ ਸੀ ਜਦੋਂ ਨਿੱਕੀ ਜਿਹੀ ਗੱਲ ਤੇ ਰੁਸਿਆਂ ਨੂੰ ਮਾਂ ਆਪਣੇ ਹੱਥੀਂ ਰੋਟੀ ਖਲਾਓੁਂਦੀ ਸੀ। ਕਾਸ਼ ਕਿ ਓੁਹੀ ਸਮਾਂ ਮੁੜ ਆ ਜਾਵੇ। ਕਾਸ਼ ਕਿ ਅਸੀਂ ਹਲੇ ਵੀ ਛੋਟੇ ਬੱਚੇ ਹੀ ਹੁੰਦੇ, ਤੇ ਆਪਣੇ ਮਾਂ ਦੇ ਹੱਥਾਂ ਦਾ ਨਿੱਘ ਮਾਣਦੇ।

ਮਾਂ ਦਾ ਪਿਆਰ ਮਾਂ ਦੇ ਹਰ ਨਿਵਾਲੇ ਵਿੱਚ ਝਲਕਦਾ ਹੈ। ਕਦੇ ਓੁਹ ਗੋਬੀ ਵਾਲੇ ਪਰੌਂਠੇ, ਤੇ ਕਦੇ ਓੁਹ ਮੱਕੀ ਦੇ ਮੱਦੂ। ਤੇ ਕਦੇ ਮਿੱਸੀ ਰੋਟੀ ਤੇ ਲੱਸੀ ਦੇ ਛੰਨੇ। ਕਦੇ ਛੋਲਿਆਂ ਦੀ ਦਾਲ ਤੇ ਮੰਡੇ। ਕਦੇ ਪਿੰਨੀਆਂ ਤੇ ਕਦੇ ਕੜਿ੍ਆ ਹੋਇਆ ਦੁੱਧ। ਕਦੇ ਵੀਰੇ ਦੀ ਪਲੇਟ ਵਿਚੋਂ ਬੁਰਕੀ ਖੋ ਕੇ ਖਾਣੀ। ਸਵੇਰੇ ਘਰੋਂ ਨਿਕਲਦਿਆਂ ਮਾਂ ਦਾ ਓੁਹ ਪੁੱਛਣਾ ਕੇ ਪੁੱਤ ਰਾਤ ਨੂੰ ਕੀ ਖਾਣਾ, ਕੀ ਬਣਾਵਾਂ, ਤੇ ਫਿਰ ਓਹ ਨਵੀਆਂ- ਨਵੀਆਂ ਫਰਮਾਇਸ਼ਾਂ ਪਾਓੁਣੀਆਂ।

ਕਦੇ ਕੱਦੂ , ਕਦੇ ਪੇਠਾ, ਤੇ ਕਦੇ ਬੈਂਗਣ, ਤੇ ਕਦੇ ਟਿੰਡੇ। ਖਾਣ ਨੂੰ ਕਦੇ ਮਨ ਨਾ ਕਰੇ, ਤਾਂ ਮਾਂ ਦਾ ਕੋਲ ਬੈਠ ਕੇ ਮਲਾਈ ਪਾ ਕੇ ਖਲਾਓੁਂਣਾ, ਤੇ ਓੁਹ ਫਿਰ ਸਵਾਦ ਵੀ ਬੜਾ ਲੱਗਦਾ ਸੀ। ਮਾਂ ਤਾਂ ਕਹਿੰਦੀ ਕੇ ਮਲਾਈ ਨਾਲ ਸਵਾਦ ਲੱਗਦਾ, ਪਰ ਵਿਚੋਂ ਗੱਲ ਤਾਂ ਮਾਂ ਦੇ ਹੱਥਾਂ ਨਾਲ ਖਾਣ ਦੀ ਹੁੰਦੀ ਸੀ। ਇਹ ਅੱਜ ਪਤਾ ਲੱਗਦਾ।

ਹੁਣ ਕਿਸਨੂੰ ਕਹਿਏ? ਜੋ ਬਣਿਆ ਹੁਣ ਚੁੱਪ ਕਰਕੇ ਖਾ ਲਈਦਾ। ਹੁਣ ਜਦੋਂ ਮਾਂ ਤੋਂ ਦੂਰ ਹਾਂ ਤਾਂ ਕਦੇ ਬਰਗਰ, ਕਦੇ ਪਿਜ਼ਾ ਤੇ ਕਦੇ ਮੈਗੀ ਖਾ ਕੇ ਪੇਟ ਭਰ ਲਈਦਾ, ਬਸ। ਮਨ ਫਿਰ ਮਾਂ ਦੇ ਹੱਥਾਂ ਦੀ ਰੋਟੀ ਲਈ ਤਰਸਦਾ। ਫੇਰ ਸੋਚਾਂ ਵਿੱਚ ਹੀ ਮਾਂ ਨੂੰ ਕੋਲ ਪਾਈਦਾ ਤੇ ਸੋਂ ਜਾਈਦਾ।

ਜੱਦ ਮਿਲੀਏ ਮਾਂ ਨੂੰ ਤਾਂ ਘੁੱਟ ਗੱਲ ਲਾ ਲਈਦਾ, ਤੇ ਦਿਲ ਕਰਦਾ ਫਿਰ ਮੁੜ ਜੱਫੀ ਛਡੀਏ ਹੀ ਨਾ। ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕਰ ਕੇ ਮਨ ਠਹਿਰ ਜਾਂਦਾ ਤੇ ਲੱਗਦਾ ਸ਼ਾਇਦ ਜਨੱਤ ਇਸ ਤਰਾਂ ਦੀ ਹੀ ਹੋਵੇਗੀ।

ਫੇਰ ਸਵੇਰੇ ਸਵੇਰੇ, ਬਿਨਾ ਕਹੇ, ਸ਼ਾਹੀ ਅੰਦਾਜ਼ ਵਿੱਚ ਗੋਬੀ ਵਾਲੇ ਪਰਾਂਠੇ ਪੇਸ਼ ਹੋ ਜਾਂਦੇ ਆ, ਕਿਓੁਂਕਿ ਓੁਹ ਸਭ ਜਾਣਦੀ ਹੈ। ਜਿੰਨੇ ਦਿਨ ਕੋਲ ਰਹਿਣਾ ਹੁੰਦਾ ਓੁਹਨੇ ਦਿਨਾਂ ਲਈ ਫਰਮਾਇਸ਼ਾਂ ਜ਼ਰੂਰ ਪੁਛੀਆਂ ਜਾਂਦੀਆਂ, ਪਰ ਫਿਰ ਜ਼ੁਬਾਨ ਕੁੱਝ ਨਹੀਂ ਬੋਲਦੀ ਕਿਓੁਂਕਿ ਜੋ ਵੀ ਮਾਂ ਬਣਾਵੇ ਓੁਹ ਸ਼ਾਹੀ ਭੋਜ ਲੱਗਦਾ। ਇਹ ਮਨ ਦਾ ਵਿਸ਼ਵਾਸ ਹੈ।
ਕਾਸ਼ ਕੇ ਮਾਂ ਹਰ ਪੱਲ ਨਾਲ ਹੀ ਰਹੇ, ਜਿੱਥੇ ਜਾਵਾਂ ਮਾਂ ਨੂੰ ਨਾਲ ਹੀ ਲੈ ਜਾਵਾਂ ਕਿਓੁਂਕਿ,
ਮਾਵਾਂ ਠੰਡੀਆਂ ਛਾਂਵਾਂ, ਸੁੱਖ ਹੋਰ ਬਥੇਰੇ॥