ਬੈਲਗੱਡੀਆਂ ਦੀ ਦੌੜ

19-2-2015ਬੈਲਗੱਡੀਆਂ ਦੀ ਦੌੜ ਨੇ ਇਨ੍ਹਾਂ ਮੇਲਿਆਂ ਵਿਚ ਜੋ ਥਾਂ ਬਣਾਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਪੰਜਾਬੀਆਂ ਦੀ ਜਾਨ ਅਤੇ ਸ਼ਾਨ ਹਨ ਇਹ ਮੇਲੇ ਅਤੇ ਮੇਲਿਆਂ ਦੀ ਜਿੰਦ ਅਤੇ ਜਾਨ ਹਨ ਬੈਲਗੱਡੀਆਂ ਦੇ ਦੌੜ ਮੁਕਾਬਲੇ।
ਸੱਚ ਤੋਂ ਲਾਂਭੇ ਨਹੀਂ ਹੈ ਇਹ ਤੱਥ ਕਿ ਸਾਡੇ ਮੇਲਿਆਂ ਵਿਚ ਰੌਣਕਾਂ ਬੈਲਗੱਡੀਆਂ ਦੇ ਦੌੜ ਮੁਕਾਬਲਿਆਂ ਸਦਕਾ ਹੀ ਏਨੀ ਵੱਡੀ ਗਿਣਤੀ ਵਿਚ ਭਰਦੀਆਂ ਹਨ ਅਤੇ ਜਦ ਇਹ ਮੁਕਾਬਲੇ ਖਤਮ ਹੁੰਦੇ ਹਨ ਤਾਂ ਲੋਕ ਉੱਠ ਕੇ ਘਰਾਂ ਨੂੰ ਤੁਰ ਪੈਂਦੇ ਹਨ ਭਾਵੇਂ ਕਿ ਪ੍ਰਬੰਧਕਾਂ ਦੇ ਲਾਊਡ
ਸਪੀਕਰ ਬਥੇਰੀਆਂ ਚੀਕਾਂ ਮਾਰਦੇ ਹਨ ਕਿ ਅਜੇ ਫਲਾਣੀ ਖੇਡ ਰਹਿੰਦੀ ਹੈ, ਫਲਾਣਾ ਮੁਕਾਬਲਾ ਰਹਿੰਦਾ ਹੈ, ਗਾਉਣੇ ਵਾਲੇ ਕਲਾਕਾਰਾਂ ਨੇ ਵੀ ਅਜੇ ਰੰਗ ਬੰਨ੍ਹਣਾ ਹੈ, ਪਰ ਕਿੱਥੇ? ਬੈਲਗੱਡੀਆਂ ਦੀ ਹੀਟ
ਦੌੜ ਜਦ ਮੈਦਾਨ ਵਿਚ ਛੁੱਟਦੀ ਹੈ ਤਾਂ ਜੋਸ਼ ਦਾ ਇਕ ਤੂਫ਼ਾਨ ਉੱਠਦਾ ਹੈ ਅਤੇ ਸਾਰੇ ਦਰਸ਼ਕ ਆਪਮੁਹਾਰੇ ਸੀਟਾਂ ਤੋਂ ਉੱਠ ਕੇ ਖੜ੍ਹੇ ਹੋ ਜਾਂਦੇ ਹਨ, ਦੋਵੇਂ ਹੱਥ ਹਵਾ ਵਿਚ ਲਹਿਰਾਉਂਦੇ ਦਰਸ਼ਕ ਜੋਸ਼ ਵਿਚ ਚੀਕਾਂ ਮਾਰ ਉੱਠਦੇ ਹਨ, ਧੂੜਾਂ ਪੁੱਟਦੀਆਂ ਗੱਡੀਆਂ ਮੈਦਾਨ ਨੂੰ ਚੀਰਦੀਆਂ ਇੰਝ ਨਿਕਲਦੀਆਂ ਹਨ ਕਿ ਕਈ ਵਾਰ ਕੈਮਰਿਆਂ ਦੀ ਪਕੜ ਵਿਚ ਵੀ ਨਹੀਂ ਆਉਂਦੀਆਂ।

ਬੈਲਗੱਡੀਆਂ ਦੀਆਂ ਦੌੜਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਉਣ ਬਾਰੇ ਸਪੱਸ਼ਟੀਕਰਨ ਇਹ ਦਿੱਤਾ ਜਾਂਦਾ ਹੈ ਕਿ ਇਸ ਦੌੜ ਵਿਚ ਬੈਲਾਂ ‘ਤੇ ਤਸ਼ੱਦਦ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਨਸ਼ੇ ਖਿਲਾਏ ਜਾਂਦੇ ਹਨ, ਆਰਾਂ ਪਰੈਣਾਂ ਮਾਰ ਕੇ ਉਨ੍ਹਾਂ ਨੂੰ ਤੇਜ਼ ਦੜਾਉਣ ਦਾ ਯਤਨ ਕੀਤਾ ਜਾਂਦਾ ਹੈ।
ਬੈਲਗੱਡੀਆਂ ਦੀ ਦੌੜ ਦੇ ਇਤਿਹਾਸ ਵਿਚ ‘ਕਿਲਾ ਰਾਏਪੁਰ’ ਜ਼ਿਲ੍ਹਾ ਲੁਧਿਆਣਾ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। ਅੰਕੜੇ ਗਵਾਹ ਹਨ ਕਿ ਪੇਂਡੂ ਖੇਡ ਮੇਲਿਆਂ ਵਿਚ ਬੈਲਗੱਡੀਆਂ ਦੀ ਸਭ ਤੋਂ ਪਹਿਲੀ ਦੌੜ ਇਸੇ ਪਿੰਡ ਦੇ ਖੇਡ ਮੈਦਾਨ ਵਿਚੋਂ ਸ਼ੁਰੂ ਹੋਈ ਜਦ ਪਿੰਡ ਵਾਸੀ ਬਾਬਾ ਬਖਸ਼ੀਸ਼ ਸਿੰਘ ਗਰੇਵਾਲ ਨੇ ਸੰਨ 1935 ਵਿਚ ਇਕ ਬੈਲਗੱਡੀ ਆਪ ਖੁਦ ਤਿਆਰ ਕਰਕੇ ਇਸ ਮੇਲੇ ਵਿਚ ਦਰਸ਼ਕਾਂ ਦੇ ਸਨਮੁੱਖ ਲਿਆ ਉਤਾਰੀ।
ਪਰਵਾਸੀ ਭਾਰਤੀਆਂ ਅਤੇ ਸਰਦੇ-ਪੁੱਜਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਕਿਲਾ ਰਾਇਪੁਰ ਵਿਚ ਬੈਲਗੱਡੀਆਂ ਦੇ ਦੌੜ ਮੁਕਾਬਲਿਆਂ ਕਰਕੇ ਮਸ਼ਹੂਰ ਇਹ ਸਾਲਾਨਾ ਪੇਂਡੂ ਖੇਡ ਮੇਲਾ ਕਰੀਬ ਇਕ ਸਦੀ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਪੰਜਾਬੀ ਸੱਭਿਆਚਾਰ ਦਾ ਅਲੰਬਰਦਾਰ ਇਹ ਮੇਲਾ ਦਿਨੋ ਦਿਨ ਏਨੀ ਤੇਜ਼ੀ ਨਾਲ ਵਧਿਆ ਕਿ ਅੱਜ ਆਲਮ ਇਹ ਹੈ ਕਿ ਕਿਲਾ ਰਾਇਪੁਰ ਬੈਲਗੱਡੀਆਂ ਦੀਆਂ ਦੌੜਾਂ ਨਾਲ ਤੇ ਬੈਲਗੱਡੀਆਂ ਦੀਆਂ ਦੌੜਾਂ ਕਿਲਾ ਰਾਇਪੁਰ ਨਾਲ ਕੁਲ ਜਗਤ ਵਿਚ ਮਸ਼ਹੂਰ ਹਨ। ਟੈਲੀਵਿਜ਼ਨ ਰਾਹੀਂ ਹਰ ਸਾਲ ਇਨ੍ਹਾਂ ਦੌੜ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਲੱਖਾਂ ਦਰਸ਼ਕ ਹਰ ਸਾਲ ਇਸ ਮੇਲੇ ਵਿਚ ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਪੁੱਜਦੇ ਹਨ। ਦੇਸ਼ ਭਰ ਤੋਂ ਮੀਡੀਆ ਨਾਲ ਸਬੰਧਿਤ ਹਸਤੀਆਂ ਇਸ ਮੇਲੇ ਦੀ ਫੋਟੋਗ੍ਰਾਫ਼ੀ ਕਰਨ ਲਈ ਪੁੱਜਦੀਆਂ ਹਨ, ਲੱਖਾਂ ਦੇ ਇਨਾਮ ਤਕਸੀਮ ਕੀਤੇ ਜਾਂਦੇ ਹਨ ਅਤੇ ਪਿੰਡ ਪੱਧਰ ਦਾ ਇਹ ਮੇਲਾ ਮਿੰਨੀ ਉਲੰਪਿਕ ਵਜੋਂ ਜਾਣਿਆ ਜਾਂਦਾ ਹੈ ਜਿਸ ਵਿਚ ਗੱਡੀਆਂ ਦੀ ਦੌੜ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਦੀਆਂ ਝਲਕੀਆਂ ਸ਼ਾਮਿਲ ਮਿਲਦੀਆਂ ਹਨ। ਇਸ ਸਾਲ ਮੈਂ ਖਾਸ ਤੌਰ ‘ਤੇ ਕਿਲਾ ਰਾਇਪੁਰ ਦੀਆਂ ਖੇਡਾਂ ਦਾ ਬੈਲਗੱਡੀਆਂ ਦੀ ਪਾਬੰਦੀ ਤੋਂ ਬਾਅਦ ਦਾ ਰੂਪਰੰਗ ਦੇਖਣ ਲਈ ਗਿਆ ਸੀ ਅਤੇ ਗਾਗਰ ਵਿਚ ਸਾਗਰ ਇਹ ਹੈ ਕਿ ਬਹੁਤ ਹੀ ਵੱਡਾ ਪਾੜ ਦੇਖਣ ਨੂੰ ਮਿਲਿਆ। ਮੇਲੇ ਦੀ ਜਾਨ ਕੱਢ ਕੇ ਲੈ ਗਈ ਦਿਸਦੀ ਸੀ ਬੈਲਗੱਡੀਆਂ ਦੀ ਪਾਬੰਦੀ ਅਤੇ ਆਉਣ ਵਾਲੇ ਇਕ ਦੋ ਮੇਲੇ ਹੋਰ ਇਸੇ ਗ਼ੈਰ-ਹਾਜ਼ਰੀ ਵਿਚ ਜੇਕਰ ਲੰਘਦੇ ਗਏ ਤਾਂ ਗੰਨਿਆਂ ਦੇ ਵੱਢ ਵਿਚ ਖੋਰੀ ਵੀ ਨਹੀਂ ਰਹਿਣੀ। ਲੋੜ ਹੈ ਕਿ ਕਾਨੂੰਨ ਨੂੰ ਪੂਰੀ ਇੱਜ਼ਤ ਦਿੱਤੀ ਜਾਵੇ, ਪਸ਼ੂਆਂ ‘ਤੇ ਕਿਸੇ ਕਿਸਮ ਦੇ ਤਸ਼ੱਦਦ ਦੀ ਮੁਕੰਮਲ ਰੋਕ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਖੇਡ ਨੂੰ ਮੁੜ ਸੁਰਜੀਤ ਕਰਨ ਲਈ ਕਾਨੂੰਨੀ ਚਾਰਾਜੋਈ ਅਪਣਾਈ ਜਾਵੇ। ਖੇਡ ਦੇ ਸ਼ਾਨਦਾਰ ਪੱਖ ਨੂੰ ਦਰਸਾਉਂਦੀਆਂ ਪਾਬੰਦੀ ਤੋਂ ਪਹਿਲਾਂ ਦੀਆਂ ਕੁਝ ਤਸਵੀਰਾਂ ਇਸ ਲੇਖ ਨਾਲ ਸ਼ਾਮਿਲ ਕਰ ਦਿੱਤੀਆਂ ਹਨ।

ਬੈਲਗੱਡੀਆਂ ਦੀ ਦੌੜ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੈ
ਬੈਲਗੱਡੀਆਂ ਦੀਆਂ ਦੌੜਾਂ ਪੰਜਾਬੀ ਸੱਭਿਆਚਾਰ ਦਾ ਅੰਗ ਹਨ। ਇਹ ਪੰਜਾਬੀ-ਮਨਾਂ ਵਿਚ ਵਸੀਆਂ ਹੋਈਆਂ ਹਨ। ਇਨ੍ਹਾਂ ਨਾਲ ਹਜ਼ਾਰਾਂ
ਬੰਦਿਆਂ ਦਾ ਰੁਜ਼ਗਾਰ ਵੀ ਜੁੜਿਆ ਹੋਇਐ। ਬੈਲਗੱਡੀਆਂ ਦੀ ਦੌੜ ਉੱਤੇ ਪਾਬੰਦੀ ਪੰਜਾਬ ਦੇ ਸੱਭਿਆਚਾਰ ਤੇ ਸਥਾਨਿਕਤਾ ਉੱਤੇ ਸਿੱਧੀ ਸੱਟ
ਹੈ, ਜਿਸ ਲਈ ਪੰਜਾਬ ਦੇ ਬੁੱਧੀਜੀਵੀਆਂ ਤੇ ਸਿਆਸਤਦਾਨਾਂ ਨੂੰ ਸੁਚੇਤ ਹੋਣਾ ਚਾਹੀਦੈ। ਜਿਹੜੇ ਸੁਚੇਤ ਨਹੀਂ ਹੁੰਦੇ, ਉਨ੍ਹਾਂ ਦੀਆਂ ਸੱਭਿਆਚਾਰਕ ਵਿਰਾਸਤਾਂ ਖੁਰਨ ਵਿਚ ਦੇਰ ਨਹੀਂ ਲੱਗਦੀ।

ਵੀਡੀਓ

Tag:
Running of Bullock

Tags: