ਇਲਾਜਯੋਗ ਹੈ ‘ਸਵਾਈਨ ਫਲੂ’

ਸਵਾਈਨ ਫਲੂ ਇਕ ਇਲਾਜਯੋਗ ਬੀਮਾਰੀ ਹੈ। ਮਰੀਜ਼ ਦੀ ਹਾਲਤ ਉਦੋਂ ਹੀ ਗੰਭੀਰ ਹੁੰਦੀ ਹੈ, ਜਦੋਂ ਉਸ ਨੂੰ ਸਮੇਂ ਸਿਰ ਇਲਾਜ ਦੀ ਸਹੂਲਤ ਨਹੀਂ ਮਿਲਦੀ। ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤੇ ਮਾਮਲਿਆਂ ‘ਚ ਹਲਕੀ ਜਿਹੀ ਇਨਫੈਕਸ਼ਨ ਹੁੰਦੀ ਹੈ, ਇਸ ਲਈ ਬੇਵਜ੍ਹਾ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਸ ਰੋਗ ਦੇ ਇਲਾਜ ਲਈ ਕਈ ਦਵਾਈਆਂ ਮੁਹੱਈਆ ਹਨ ਪਰ ਇਨ੍ਹਾਂ ਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਿਨਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਬੇਸ਼ੱਕ ਅਜੇ ਸਵਾਈਨ ਫਲੂ ਲਈ ਵੱਖਰੇ ਤੌਰ ‘ਤੇ ਕੋਈ ਵੈਕਸੀਨ ਨਹੀਂ ਹੈ ਪਰ ਮੌਸਮੀ ਨਜ਼ਲੇ-ਜ਼ੁਕਾਮ ਲਈ ਇਸਤੇਮਾਲ ਹੋਣ ਵਾਲੀ ਵੈਕਸੀਨ ਐੱਚ1 ਐੱਨ1 ਵੀ ਰੋਗਾਣੂ ‘ਤੇ ਪੂਰੀ ਤਰ੍ਹਾਂ ਅਸਰਦਾਰ ਹੁੰਦੀ ਹੈ ਤੇ ਸਾਡੇ ਸਰੀਰ ‘ਚ ਇਸ ਵੈਕਸੀਨ ਦਾ ਅਸਰ 1 ਸਾਲ ਤਕ ਰਹਿੰਦਾ ਹੈ। ਜਿਹੜੇ ਲੋਕਾਂ ਨੂੰ ਸਵਾਈਨ ਫਲੂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਪਹਿਲਾਂ ਹੀ ਇਹ ਵੈਕਸੀਨ ਦਿੱਤੀ ਜਾ ਸਕਦੀ ਹੈ। ਫਿਰ ਵੀ ਇਕ ਗੱਲ ਦਾ ਖਿਆਲ ਰਹੇ ਕਿ ਕਈ ਮਾਮਲਿਆਂ ‘ਚ ਟੀਕਾ ਲੱਗਣ ਤੋਂ ਬਾਅਦ 2 ਹਫਤਿਆਂ ਤਕ ਸਰੀਰ ‘ਚ ਐਂਟੀਬਾਡੀਜ਼ ਪੈਦਾ ਹੋਣ ਦਾ ਖਦਸ਼ਾ ਹੁੰਦਾ ਹੈ।
ਸਵਾਈਨ ਫਲੂ ਤੋਂ ਪੀੜਤ ਵਿਅਕਤੀ ਨੂੰ ਜ਼ਿਆਦਾਤਰ ਮਾਮਲਿਆਂ ‘ਚ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ ਕਿਉਂਕਿ ਦੇਸ਼ ਦੇ ਕਈ ਇਲਾਕਿਆਂ ‘ਚ ਇਸ ਦੀ ਦਵਾਈ ਮੈਡੀਕਲ ਸਟੋਰਾਂ ‘ਤੇ ਵਿਕਰੀ ਲਈ ਮੁਹੱਈਆ ਨਹੀਂ ਹੈ। ਜਦੋਂ ਰੋਗੀ ‘ਤੇ ਦਵਾਈ ਦਾ ਹਾਂ-ਪੱਖੀ ਅਸਰ ਹੋਣ ਲੱਗਦਾ ਹੈ ਤਾਂ ਉਸ ਨੂੰ ਘਰ ਲਿਜਾ ਕੇ ਵੀ ਇਲਾਜ ਜਾਰੀ ਰੱਖਿਆ ਜਾ ਸਕਦਾ ਹੈ। ਸਵਾਈਨ ਫਲੂ ਤੋਂ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਨੱਕ-ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਤੇ ਪੀੜਤ ਵਿਅਕਤੀ ਨੂੰ ਬਾਕੀ ਪਰਿਵਾਰ ਨਾਲੋਂ ਵੱਖਰੇ ਕਮਰੇ ‘ਚ ਰੱਖਣਾ ਚਾਹੀਦਾ ਹੈ, ਜਿਥੇ ਉਸ ਦਾ ਕਿਸੇ ਨਾਲ ਸਿੱਧਾ ਸੰਪਰਕ ਨਾ ਹੋਵੇ। ਰੋਗੀ ਵਲੋਂ ਵਰਤੇ ਭਾਂਡੇ ਗਰਮ ਪਾਣੀ ਨਾਲ ਸਾਫ ਕੀਤੇ ਜਾਣੇ ਚਾਹੀਦੇ ਹਨ ਅਤੇ ਵੱਖਰੇ ਰੱਖੇ ਜਾਣੇ ਚਾਹੀਦੇ ਹਨ। ਰੋਗੀ ਦੇ ਕਮਰੇ ‘ਚੋਂ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਆਪਣੇ ਕੱਪੜੇ ਬਦਲ ਲੈਣੇ ਚਾਹੀਦੇ ਹਨ ਅਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ।