ਜਦੋਂ ਮੈਨੂੰ ਇਸ਼ਕ ਦਾ ਬੁਖਾਰ ਚੜਿਆ। ਮਤਲਬ ਜਦੋਂ ਮੈਨੂੰ ਇਸ਼ਕ ਹੋਇਆ। ਮੈਂ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਸਾਡਾ ਸਾਰਾ ਪਰਿਵਾਰ ਕੈਨੇਡਾ ਗਿਆ ਹੋਇਆ ਸੀ। ਸਾਡੇ ਗੁਆਂਢ ਇਕ ਨਵਾਂ ਘਰ ਪਿਆ। ਉਨ੍ਹਾਂ ਨੇ ਘਰ ਦਾ ਮਹੂਰਤ ਕੀਤਾ। ਮੈਂ ਵੀ ਮਹੂਰਤ ਤੇ ਗਿਆ। ਉਥੇ ਇਕ ਸੋਹਣੀ ਸੁਨੱਖੀ ਮੁਟਿਆਰ ਦੇ ਦਰਸ਼ਨ ਹੋਏ, ਜਿਸਨੂੰ ਦੇਖਦੇ ਸਾਰ ਹੀ ਮੇਰੇ ਦੀਦੇ ਟਪਕਣ ਲੱਗੇ। ਮਹੂਰਤ ਖਤਮ ਹੋਣ ਤੇ ਨਾ ਚਾਹੁੰਦੇ ਹੋਏ ਵੀ ਘਰ ਵਾਪਸ ਆਉਣਾ ਪਿਆ। ਘਰ ਆ ਕੇ ਕੀ-ਕੀ ਹੋਇਆ, ਪੁਛੋ ਨਾ। ਪਰ ਮੈਂ ਦੱਸ ਹੀ ਦਿਨਾ ਏਂ। ਘਰ ਆਉਣ ਸਾਰ ਮੈਂ ਸੋਚਿਆ ਕੀ ਹੋਰ ਕੋਈ ਕੰਮ ਫੇਰ ਕਰਾਂਗੇ ਪਹਿਲਾਂ ਦੁੱਧ ਨੂੰ ਉਬਾਲਾ ਦੇ ਦੇਈਏ। ਸਟੋਵ ਚਲਾਉਣ ਲੱਗਾ ਤਾਂ ਉਸ ਵਿਚ ਤੇਲ ਨਹੀਂ ਸੀ। ਮੈਂ ਫਰਿਜ਼ ਖੋਲੀ ਉਸ ਵਿਚੋਂ ਪਾਣੀ ਦੀ ਬੋਤਲ ਕੱਢੀ ਤੇ ਸਟੋਵ ਵਿਚ ਪਾ ਦਿੱਤੀ। ਇਸ਼ਕ ਦਾ ਮੇਰੇ ਤੇ ਇਨਾਂ ਭੂਤ ਸਵਾਰ ਹੋ ਗਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਫਰਿਜ਼ ਖੋਲ ਕੇ ਪਾਣੀ ਦੀ ਬੋਤਲ ਕੱਢੀ ਹੈ ਜਾਂ ਬਾਰੀ ਖੋਲ ਕੇ ਤੇਲ ਦੀ ਬੋਤਲ। ਸਟੋਵ ਚੱਲੇ ਨਾ। ਆਖਰ ਟੱਕਰਾਂ-ਟੁੱਕਰਾਂ ਮਾਰ ਕੇ ਮੈਂ ਚੁਲੇ ਵਿਚ ਅੱਗ ਮਚਾਈ ਤੇ ਦੁੱਧ ਗਰਮ ਕੀਤਾ। ਦੁੱਧ ਗਰਮ ਕਰਕੇ ਮੈਂ ਗੇਟ ਵਿਚ ਜਾ ਕੇ ਖੜ ਗਿਆ ਇਹ ਦੇਖਣ ਲਈ ਕਿ
ਉਹ ਮੁਟਿਆਰ ਕਿਧਰ ਜਾਂਦੀ ਹੈ। ਉਨ੍ਹਾਂ ਦੇ ਘਰ ਆਉਣ ਵਾਲੇ ਸਾਰੇ ਲੋਕ ਲੰਘ ਗਏ ਪਰ ਉਹ ਨਹੀਂ ਲੰਘੀ। ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਉਹ ਮੁਟਿਆਰ ਨਵੇਂ ਘਰ ਵਾਲਿਆਂ ਦੀ ਹੀ ਹੈ। ਫਿਰ ਕੀ ਸੀ ਮੇਰੇ ਪੈਰ ਧਰਤੀ ਤੇ ਨਾ ਲੱਗਣ। ਮੈਂ ਪਿਆਰ ਦੇ ਅਨੁਭਵ ਵਿਚ ਬੜੇ ਰੁਮਾਂਟਿਕ ਅੰਦਾਜ਼ ਨਾਲ ਪਲੰਘ ਤੇ ਜਾ ਕੇ ਡਿੱਗਣ ਦੀ ਕੋਸ਼ਿਸ਼ ਕੀਤੀ। ਪਰ ਪਲੰਘ ਦੀ ਬਜਾਏ ਮੈਂ ਫਰਸ਼ ਤੇ ਹੀ ਡਿੱਗ ਪਿਆ। ਫਰਸ਼ ਮੇਰੇ ਨਾਜ਼ੁਕ ਲੱਕ ਨੂੰ ਬਚਾ ਨਾ ਸਕੀ। ਮੈਂ ਹਾਏ ਕਹਿ ਕੇ ਉਠ ਖੜਿਆ। ਮਸਾਂ ਮੈਂ ਆਪਣੇ ਆਪ ਨੂੰ ਸੋਫੇ ਦੇ ਕੇਲ ਲੈ ਕੇ ਗਿਆ। ਕੁਝ ਚਿਰ ਸੋਫੇ ਉਤੇ ਬੈਠਾ ਰਹਿਣ ਤੋਂ ਬਾਅਦ ਮੈਂ ਰਸੋਈ ਵਿਚ ਗਿਆ। ਉਥੇ ਕੁਝ ਜੂਠੇ ਭਾਂਡੇ ਪਏ ਸਨ। ਮੈਂ ਉਨਾਂ ਨੂੰ ਧੋ ਕੇ ਰੱਖਣ ਤੋਂ ਬਾਅਦ ਟੂਟੀ ਬੰਦ ਕਰਨੀ ਭੁਲ ਗਿਆ। ਇਸ਼ਕ ਦੀ ਮਸਤੀ ਵਿਚ ਮੈਂ ਗੁਣ-ਗੁਣਾਉਂਦਾ ਆਪਣੇ ਪਲੰਘ ਤੇ ਜਾ ਕੇ ਪੈ ਗਿਆ। ਮੈਂ ਇਹ ਸੋਚ ਕੇ 5 ਵਜੇ ਦਾ ਅਲਾਰਮ ਲਗਾ ਦਿੱਤਾ ਕਿ ਸੁਭਾ ਉਠ ਕੇ ਤਿਆਰ-ਬਿਆਰ ਹੋ ਕੇ ਉਸ ਮੁਟਿਆਰ ਦਾ ਪਤਾ ਲਗਾਵਾਂਗੇ।
ਜਦ ਮੈਂ ਸੁਭਾ ਉਠਿਆ ਤਾਂ ਦਸ (10) ਵੱਜ ਚੁੱਕੇ ਸਨ। ਮੈਂ ਤਾਂ ਇਸ਼ਕ ਦਾ ਅਸੂਲ ਹੀ ਤੋੜ ਦਿੱਤਾ। ਲੋਕਾਂ ਨੂੰ ਇਸ਼ਕ ਵਿਚ ਨੀਂਦ ਨਹੀਂ ਆਉਂਦੀ, ਅਸੀਂ ਰੱਜ ਕੇ ਸੁੱਤੇ। ਅਲਾਰਮ ਆਪ ਹੀ ਵੱਜ-ਵੁੱਜ ਕੇ ਹਟ ਗਿਆ ਹੋਵੇਗਾ। ਮੈਂ ਨਹਾਉਣ ਲਈ ਛੇਤੀ ਨਾਲ ਬਾਥਰੂਮ ਵਿਚ ਗਿਆ। ਮੈਂ ਆਪਣੇ ਸਰੀਰ ਨੂੰ ਗਿੱਲਾ ਕਰਕੇ ਸਾਬੁਣ ਲਗਾਉਣ ਲੱਗ ਪਿਆ। ਪਾਈਪ ਵਿਚ ਜਿਨਾਂ ਕੁ ਪਾਣੀ ਸੀ ਉਹ ਖਤਮ ਹੋ ਗਿਆ। ਮੈਂ ਬਾਹਰ ਨਿਕਲ ਕੇ ਦੇਖਿਆ ਪਿਛਲੇ ਵਿਹੜੇ ਵਿਚ ਚਿੱਕੜ-ਚਿੱਕੜ ਹੋਇਆ ਪਿਆ ਸੀ। ਮੈਂ ਉਸੇ ਤਰਾਂ ਸਾਫਾ ਲਪੇਟ ਕੇ ਗੁਆਂਢੀਆਂ ਦੇ ਘਰੋਂ ਪਾਣੀ ਲਿਆ ਕੇ ਨਹਾਤਾ, ਮੈਂ ਸੋਚਿਆ ਚੱਲ ਅੱਜ ਤਾਂ ਉਹ ਚਲੀ ਗਈ ਹੋਵੇਗੀ ਮੈਂ ਕੱਲ ਉਸ ਦਾ ਪਤਾ ਕਰਾਂਗਾ ਕਿ ਉਹ ਕਿਥੇ ਜਾਂਦੀ ਹੈ। ਥੋੜੇ ਚਿਰ ਬਾਅਦ ਮੇਰਾ ਦੋਸਤ ਮੇਰੇ ਕੋਲ ਆ ਗਿਆ। ਮੈਂ ਉਸ ਨੂੰ ਸਾਰੀ ਗੱਲ ਦੱਸੀ। ਉਸ ਨੇ ਉਨਾਂ ਦੇ ਕੋਠੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ”ਕਿਤੇ ਤੂੰ ਉਸ ਕੁੜੀ ਦੀ ਤਾਂ ਗੱਲ ਨਹੀਂ ਕਰਦਾ। ” ਮੈਂ ਉਸ ਵੱਲ ਦੇਖ ਹੈਰਾਨ ਜਿਹਾ ਹੋ ਗਿਆ। ਉਹ ਕੋਠੇ ਉਪਰ ਤਾਰ ਤੇ ਕੱਪੜੇ ਪਾ ਰਹੀ ਸੀ। ਮੇਰੇ ਦੋਸਤ ਨੇ ਦੱਸਿਆ ਕਿ ਇਹ ਸਾਡੇ ਕਾਲਜ ਵਿਚ ਪੜਦੀ ਹੈ। ਇਹ ਮੇਰੀ ਕਲਾਸਮੈਂਟ ਹੈ। ਇਸ ਦੀ ਕਲਾਸ 9 ਵਜੇ ਲੱਗਦੀ ਹੈ।
ਮੈਂ ਤੀਸਰੇ ਦਿਨ ਸਵੇਰੇ 7 ਵਜੇ ਉ॥ਠ ਕੇ ਤਿਆਰ ਹੋਣ ਲੱਗਾ। ਘੰਟਾ ਕੁ ਮੈਂ ਨਹਾਉਣ ਤੇ ਲਗਾ ਦਿੱਤਾ। ਨਹਾ ਕੇ ਜਦ ਸ਼ਰਟ ਪਾਉਣ ਲੱਗਾ ਤਾਂ ਉਸ ਦੇ ਤਿੰਨ ਬਟਨ ਟੁੱਟੇ ਹੋਏ ਸਨ। ਪੈਂਟ ਚੁੱਕੀ ਤਾਂ ਉਸ ਦਾ ਪੋਅਚਾ ਉਧੜਿਆ ਹੋਇਆ ਸੀ। ਹਾਰ ਕੇ ਮੈਂ ਮੈਲੇ ਲੀੜੇ ਹੀ ਪਾ ਲਏ। ਮੈਂ ਸੋਚਿਆ ਕਿ ਉਹ 8.30 ਵਜੇ ਜਾਂਦੀ ਹੋਵੇਗੀ। ਇਸ ਲਈ ਮੈਂ 8 ਵਜੇ ਬਾਬਾ ਆਦਮ ਵੇਲੇ ਦਾ ਮੋਟਰ ਸਾਈਕਲ ਬਾਹਰ ਕੱਢਿਆ। ਉਦੋਂ ਹੀ ਉਹ ਮੁਟਿਆਰ ਮੈਨੂੰ ਸਾਹਮਣਿਉਂ ਤੁਰੀ ਆਉਂਦੀ ਦਿਸ ਗਈ। ਮੈਂ ਫਟਾਫਟ ਦਰਵਾਜ਼ੇ ਬੰਦ ਕਰਕੇ ਮੋਟਰ ਸਾਈਕਲ ਸਟਾਰਟ ਕਰਨ ਲੱਗ ਪਿਆ। ਪਰ ਮੋਟਰ ਸਾਈਕਲ ਸਟਾਰਟ ਨਹੀਂ ਹੋਇਆ, ਉਹ ਹੱਸ ਕੇ ਮੇਰੇ ਕੋਲ ਦੀ ਲੰਘ ਗਈ, ਮੈਂ ਕਦੇ ਮੋਟਰ ਸਾਈਕਲ ਵੱਲ ਦੇਖਾਂ, ਕਦੇ ਉਸ ਵੱਲ। ਮੈਂ ਮੋਟਰਸਾਈਕਲ ਮਕੈਨਿਕ ਕੋਲ ਲੈ ਗਿਆ। ਉਸ ਨੇ ਕਿਹਾ, ”ਇਸ ਦੀ ਰਿਪੇਅਰ ਤੇ ਪੂਰਾ ਦਿਨ ਲੱਗ ਜਾਵੇਗਾ।” ਮੈਂ ਮੋਟਰਸਾਈਕਲ ਮਕੈਨਿਕ ਨੂੰ ਫੜਾ ਕੇ ਆਪਣੇ ਕਾਲਜ ਚਲਾ ਗਿਆ ਅਤੇ ਉਸ ਮੁਟਿਆਰ ਨੂੰ ਮਿਲਣ ਦਾ ਕੰਮ ਅਗਲੇ ਦਿਨ ਤੇ ਛੱਡ ਦਿੱਤਾ।
ਚੌਥੇ ਦਿਨ ਮੈਂ ਸਾਰੇ ਕੰਮ ਟਾਈਮ ਸਿਰ ਕਰ ਲਏ। ਉਹ ਜਦੋਂ ਦੂਰੋਂ ਆਉਂਦੀ ਦਿਸੀ ਤਾਂ ਉਦੋਂ ਹੀ ਮੈਂ ਮੋਟਰਸਾਈਕਲ ਸਟਾਰਟ ਕਰ ਲਿਆ। ਜਦੋਂ ਉਹ ਮੇਰੇ ਕੋਲ ਦੀ ਲੰਘਣ ਲੱਗੀ ਤਾਂ ਮੈਂ ਕਿਹਾ, ”ਬੈਠ ਜਾਉ ਜੀ, ਮੈਂ ਤੁਹਾਨੂੰ ਕਾਲਜ ਤੱਕ ਛੱਡ ਦਿਨਾ ਏਂ।” ਉਹ ਕੁਝ ਨਾ ਬੋਲੀ ਚੁਪ-ਚਾਪ ਮੇਰੇ ਮੋਟਰ ਸਾਈਕਲ ਮਗਰ ਬੈਠ ਗਈ। ਮੈਂ ਹਾਲੇ ਗੇਅਰ ਪਾ ਕੇ ਮੋਟਰ ਸਾਈਕਲ ਤੋਰਿਆ ਹੀ ਸੀ ਕਿ ਉਸ ਵਿਚ ਪੈਟਰੋਲ ਮੁਕ ਗਿਆ। ਉਸ ਨੇ ਕਿਹਾ, ”ਕੋਈ ਗੱਲ ਨਹੀਂ ਮੈਂ ਚਲੀ ਜਾਵਾਂਗੀ ਉਹ ਉਤਰ ਕੇ ਤੁਰ ਪਈ, ਮੈਂ ਘਰ ਵਾਪਸ ਮੁੜ ਆਇਆ। ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਪੈਟਰੋਲ ਪਹਿਲਾਂ ਕਿਉਂ ਨਹੀਂ ਦੇਖਿਆ। ਮੈਂ ਸਾਰਾ ਦਿਨ ਬੈਠਾ ਉਸ ਬਾਰੇ ਹੀ ਸੋਚਦਾ ਰਿਹਾ ਕਿ ਉਸ ਨੂੰ ਕਿਵੇਂ ਬੁਲਾਵਾਂ। ਮੇਰੇ ਦਿਮਾਗ਼ ਵਿਚ ਇਕ ਸੁਝਾਅ ਆਇਆ ਕਿ ਮੈਂ ਉਸ ਨਾਲ ਫ਼ੋਨ ਤੇ ਹੀ ਗੱਲ ਕਰ ਲਵਾਂ। ਮੈਂ ਬੜੀ ਮੁਸ਼ਕਲ ਨਾਲ ਉਨਾਂ ਦਾ ਫ਼ੋਨ ਨੰਬਰ ਪਤਾ ਕੀਤਾ। ਮੈਂ ਸ਼ਾਮ ਨੂੰ 2 ਵਜੇ ਤੋਂ ਬਾਅਦ ਉਨਾਂ ਦੇ ਘਰ ਫ਼ੋਨ ਕੀਤਾ, ਫ਼ੋਨ ਉਸ ਦੀ ਮੰਮੀ ਨੇ ਚੁੱਕ ਲਿਆ। ਮੈਂ ਰੌਂਗ ਨੰਬਰ ਕਹਿ ਕੇ ਰੱਕ ਦਿੱਤਾ। ਮੈਂ ਸ਼ਾਮ ਨੂੰ ਫੇਰ ਫ਼ੋਨ ਕੀਤਾ। ਉਦੋਂ ਉਸ ਦੇ ਪਿਤਾ ਜੀ ਵਾਪਿਸ ਆ ਚੁੱਕੇ ਸਨ। ਸ਼ਾਇਦ ਉਨਾਂ ਨੇ ਫ਼ੋਨ ਚੁੱਕ ਲਿਆ। ਉਨਾਂ ਨੇ ਇੰਨੇ ਰੋਅਬ ਨਾਲ ਹੈਲੋ ਕਿਹਾ ਕਿ ਮੇਰੇ ਹੱਥੋਂ ਰਸੀਵਰ ਛੁੱਟ ਕੇ ਡਿੱਗ ਪਿਆ। ਮੈਂ ਫ਼ੋਨ ਵਾਲਾ ਤਰੀਕਾ ਵੀ ਕੈਂਸਲ ਕਰ ਦਿੱਤਾ।
ਪੰਜਵੇਂ ਦਿਨ ਮੈਂ ਉਸ ਨੂੰ ਬੁਲਾਉਣ ਲਈ ਬਹਾਨਾ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਘੰਟੀ ਵਜਾਈ। ਮੈਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਹੀ ਕੁੜੀ ਖੜੀ ਸੀ। ਉਸਨੇ ਇਕ ਚਿੱਠੀ ਮੈਨੂੰ ਫੜਾਉਂਦੇ ਹੋਏ ਕਿਹਾ, ”ਮੈਂ ਸ਼ਾਮ ਨੂੰ ਆ ਕੇ ਤੁਹਾਨੂੰ ਮਿਲਾਂਗੀ।” ਉਹ ਇਨਾਂ ਕਹਿ ਕੇ ਚਲੀ ਗਈ। ਮੈਂ ਖੁਸ਼ੀ ਵਿਚ ਉਛਲਦਾ ਅੰਦਰ ਆਇਆ। ਖੁਸ਼ੀ ਵਿਚ ਮੈਂ ਦੋ-ਚਾਰ ਕੱਚ ਦੇ ਗਿਲਾਸ ਭੰਨ ਦਿੱਤੇ। ਪਰ ਜਦ ਚਿੱਠੀ ਖੋਲ ਕੇ ਪੜੀ ਤਾਂ ਮੇਰੇ ਉਪਰਲੇ ਸਾਹ ਉ॥ਪਰ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਉਸ ਚਿੱਠੀ ਨੇ ਮੇਰੇ ਇਸ਼ਕ ਦੇ ਬੁਖਾਰ ਨੂੰ ”ਪੈਰਾਮਲ ਸੀ” ਖੁਆ ਦਿੱਤੀ। ਉਸ ਚਿੱਠੀ ਵਿਚ ਲਿਖਿਆ ਸੀ,
”ਪਿਆਰ ਭਰੀ ਸਤਿ ਸ੍ਰੀ ਅਕਾਲ”
ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਤੁਸੀਂ ਮੈਨੂੰ ਬਹੁਤ ਚੰਗੇ ਲੱਗੇ। ਮੈਂ ਜਿਸ ਦਿਨ ਤੋਂ ਤੁਹਾਨੂੰ ਦੇਖਿਆ ਹੈ ਉਸ ਦਿਨ ਤੋਂ ਤੁਹਾਡੇ ਬਾਰੇ ਹੀ ਸੋ ਰਹੀ ਹਾਂ। ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤੁਹਾਡੇ ਵਰਗਾ ਭਰਾ ਮਿਲ ਜਾਵੇਗਾ। ਵੀਰ ਜੀ ਮੈਨੂੰ ਜ਼ਰੂਰ-ਜ਼ਰੂਰ ਮਿਲਣਾ।