ਇਹ ਚਿੜੀਆਂ

ਗਰਮੀਆਂ ਦੇ ਦਿਨਾਂ ਵਿਚ ਜਦੋਂ ਹਰਨਾਮ ਸਿੰਘ ਖੇਤਾਂ ਨੂੰ ਪਾਣੀ ਲਾ ਕੇ ਆਉਂਦਾ ਤਾਂ ਵਿਹੜੇ ਵਿਚ ਸੁੱਤੀਆਂ ਇਕੋ ਜਿੱਡੀਆਂ ਦੋ ਧੀਆਂ ਨੂੰ ਵੇਖ ਕੇ ਸਹਿਮ ਜਾਂਦਾ। ਨਲਕੇ ਤੋਂ ਹੱਥ-ਮੂੰਹ ਧੋ ਚੁੱਪ-ਚਾਪ ਉਹ ਅਡੋਲ ਕੋਠੇ ਦੀਆਂ ਪੌੜੀਆਂ ਚੜ੍ਹ ਜਾਂਦਾ। ਸੋਹਣੀ ਤੇ ਤਾਰਿਆਂ ਨਾਲ ਖਿੜੀ ਹੋਈ ਰਾਤ ਵਿਚ ਹਰਨਾਮ ਸਿੰਘ ਮੰਜੀ ‘ਤੇ ਪਿਆ ਉਸਲਵੱਟੇ ਲੈਂਦਾ ਰਹਿੰਦਾ। ਇਕ ਪਾਸੇ ਘਰ ਦੀ ਗਰੀਬੀ ਤੇ ਦੂਜੇ ਪਾਸੇ ਦੋ ਜਵਾਨ ਧੀਆਂ ਬਾਰੇ ਸੋਚ-ਸੋਚ ਕੇ ਉਸ ਨੂੰ ਚੈਨ ਨਾ ਆਉਂਦਾ। ਉਹ ਕਈ ਵਾਰ ਤ੍ਰਬਕ ਕੇ ਉਠਦਾ ਤੇ ਫਿਰ ਕੋਲ ਪਏ ਜਗ ਵਿਚੋਂ ਦੋ ਘੁੱਟ ਪਾਣੀ ਦੇ ਪੀ ਸੋਚਾਂ ਦੇ ਸਮੁੰਦਰ ਵਿਚ ਡੁੱਬ ਜਾਂਦਾ। ਜਿਨ੍ਹਾਂ ਨੂੰ ਅਜੇ ਕੱਲ੍ਹ ਹੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ, ਜਿਨ੍ਹਾਂ ਦੀਆਂ ਤੋਤਲੀਆਂ ਗੱਲਾਂ ਅਜੇ ਵੀ ਕੰਨਾਂ ਵਿਚ ਗੂੰਜਦੀਆਂ ਸਨ ਤੇ ਅੱਜ ਉਹ ਕਦੋਂ ਜਵਾਨ ਹੋ ਗਈਆਂ ਕੁਝ ਪਤਾ ਨਾ ਲੱਗਾ। ਧੀਆਂ ਦੇ ਜਵਾਨ ਹੁੰਦਿਆਂ ਹੀ ਉਸ ਦੀਆਂ ਅੱਖਾਂ ਵਿਚ ਨੀਂਦ ਤਾਂ ਜਿਵੇਂ ਖੰਭ ਲਾ ਕੇ ਕਿਤੇ ਦੂਰ ਉਡ ਗਈ ਹੋਵੇ। ਉਹ ਕਈ-ਕਈ ਚਿਰ ਸੋਚਦਾ ਰਹਿੰਦਾ। ਉਧਰ ਥੱਲੇ ਵਿਹੜੇ ਵਿਚ ਪਈ ਤੇਜ ਕੌਰ ਵੀ ਬੇਚੈਨ ਤੇ ਉਦਾਸ ਹੋ ਰਾਤ ਦੀ ਕੈਦ ਵਿਚ ਤੜਫਦੀ ਰਹਿੰਦੀ। ਰਾਤ ਦਾ ਪਹਿਲਾ ਪਹਿਰ ਬੀਤ ਜਾਂਦਾ ਪਰ ਦੋਵਾਂ ਜੀਆਂ ਦੀਆਂ ਅੱਖਾਂ ਵਿਚੋਂ ਨੀਂਦਰ ਕੋਹਾਂ ਦੂਰ ਹੁੰਦੀ। ਹੌਂਸਲਾ ਜਿਹਾ ਕਰ ਤੇਜ਼ ਕੌਰ ਵੀ ਉਠ ਕੇ ਕੋਠੇ ‘ਤੇ ਚਲੀ ਜਾਂਦੀ। ‘ਕੀ ਗੱਲ ਤੇਜੋ, ਸੁੱਤੀ ਨਹੀਂ ਅਜੇ?’ ਤੇਜ ਕੌਰ ਨੂੰ ਵੇਖ ਕੇ ਹਰਨਾਮ ਸਿੰਘ ਵੀ ਉਠ ਕੇ ਬੈਠ ਜਾਂਦਾ। ‘ਨੀਂਦ, ਕਿੱਥੇ ਆਉਂਦੀ ਆ, ਔਤਰੀ ਪਹਾੜ ਵਰਗੀ ਰਾਤ ਲੰਘਦੀ ਨਹੀਂ ਛੇਤੀ’ ਕੁਝ ਰੁਕ ਉਹ ਫਿਰ ਬੋਲਦੀ ‘ਪਤਾ ਨਹੀਂ ਰੱਬ ਧੀਆਂ ਗਰੀਬਾਂ ਦੀ ਝੋਲੀ ਕਿਉਂ ਪਾਉਂਦਾ ਏ, ਖੌਰੇ ਕੀ ਲੇਖ ਲਿਖਵਾ ਕੇ ਲਿਆਈਆਂ ਨੇ।’ ਐਨਾ ਕਹਿ ਉਹ ਮਨ ਭਰ ਲੈਂਦੀ। ‘ਨਾ ਤੇਜੋ, ਬਹੁਤਾ ਨਾ ਸੋਚਿਆ ਕਰ ਜੇ ਦਾਤੇ ਨੇ ਦਾਤ ਬਖ਼ਸ਼ੀ ਆ ਤੇ ਆਪੇ ਕਾਰਜ ਪੂਰੇ ਕਰੂ, ਫਿਕਰ ਕਰਿਆਂ ਕੀ ਬਣਨਾ।’ ਹਰਨਾਮ ਸਿੰਘ ਤੇਜੋ ਨੂੰ ਤੇ ਹੌਂਸਲਾ ਦਿੰਦਾ ਪਰ ਆਪ ਅੰਦਰੇ-ਅੰਦਰ ਘੁਟਦਾ ਰਹਿੰਦਾ। ਡੇਢ ਕੁ ਕਿੱਲੇ ਦੀ ਵਾਹੀ ਨਾਲ ਕੁਝ ਹੱਥ ਨਾ ਆਉਂਦਾ ਤੇ ਉਤੋਂ ਜਵਾਨ ਧੀਆਂ ਦੇ ਅਧੂਰੇ ਕਾਰਜ ਹੋਰ ਬੇਚੈਨ ਕਰ ਜਾਂਦੇ। ਦੋਵੇਂ ਜੀ ਜਦੋਂ ਦੁੱਖ-ਸੁੱਖ ਫੋਲਦੇ ਤਾਂ ਸਿਰ ‘ਤੇ ਪਈ ਦੁੱਖਾਂ ਦੀ ਪੰਡ ਭਾਰੀ ਜਾਪਦੀ। ਕਲੇਜਾ ਮੂੰਹ ਨੂੰ ਆ ਜਾਂਦਾ ਤੇ ਦੋਵੇਂ ਜੀਅ ਗੁੰਮ-ਸੁੰਮ ਹੋ ਬਹਿ ਜਾਂਦੇ। ਫਿਰ ਰਾਤ ਕਦੋਂ ਬੀਤ ਜਾਂਦੀ ਪਤਾ ਹੀ ਨਾ ਲੱਗਦਾ। ਪਰੀਆਂ ਤੋਂ ਸੋਹਣੀਆਂ ਦੋਵੇਂ ਧੀਆਂ ਵਿਹੜੇ ਦੀ ਰੌਣਕ ਤਾਂ ਲਗਦੀਆਂ ਪਰ ਜਦੋਂ ਦਾਜ ਦੇ ਲੋਭੀ ਉਨ੍ਹਾਂ ਨੂੰ ਠੁਕਰਾ ਜਾਂਦੇ ਤਾਂ ਫਿਰ ਦੋਵਾਂ ਜੀਆਂ ਦਾ ਦਿਲ ਹਿੱਲ ਜਾਂਦਾ। ‘ਪਤਾ ਨਹੀਂ ਕਦੋਂ ਲੋਕ ਜਾਗਣਗੇ, ਕਦੋਂ ਧੀਆਂ ਦੀ ਕਦਰ ਹੋਊ, ਦਾਜ ਦੀ ਨਹੀਂ।’ ਹਰਨਾਮ ਸਿੰਘ ਐਨਾ ਕਹਿ ਖੇਤਾਂ ਵੱਲ ਨਿਕਲ ਜਾਂਦਾ ਤੇ ਤੇਜ ਕੌਰ ਅੰਦਰੇ-ਅੰਦਰ ਕਈ ਵਾਰ ਟੁਟਦੀ ਤੇ ਜੁੜਦੀ ਰਹਿੰਦੀ। ਉਸ ਦੇ ਮਨ ਨੂੰ ਧੀਆਂ ਦੇ ਸ਼ਗਨ ਕਰਨ ਦੀ ਤਾਟ ਲੱਗੀ ਰਹਿੰਦੀ। ਉਹ ਆਪਣੀਆਂ ਲਾਡਲੀਆਂ ਦੇ ਘਰ ਵਸਦੇ ਵੇਖਣਾ ਚਾਹੁੰਦੀ ਸੀ। ਘਰ ਵਿਚ ਆਉਣ-ਜਾਣ ਵਾਲੇ ਨੂੰ ਉਹ ਅਕਸਰ ਚੰਗੇ ਰਿਸ਼ਤੇ ਦੀ ਦੱਸ ਪਾਉਣ ਲਈ ਕਹਿੰਦੀ। ਉਧਰ ਹਰਨਾਮ ਸਿੰਘ ਵੀ ਹਰ ਮਿਲਣ-ਗਿਲਣ ਵਾਲੇ ਅੱਗੇ ਧੀਆਂ ਦੀ ਬੁਝਾਰਤ ਪਾਉਂਦਾ। ਕਿਤੇ ਵੀ ਕੋਈ ਚੰਗੀ ਆਸ ਲਗਦੀ ਤਾਂ ਦੋਵੇਂ ਜੀਅ ਜ਼ਰਾ ਦੇਰ ਨਾ ਲਾਉਂਦੇ। ਫਿਰ ਇਕ ਦਿਨ ਐਸੀ ਆਸ ਜੁੜੀ ਕਿ ਵੱਡੀ ਧੀ ਗੁੱਡੂ ਦੇ ਭਾਗ ਖੁੱਲ੍ਹ ਗਏ। ਘਰ ਵਿਚ ਖੁਸ਼ੀ ਨੇ ਬੂਹਾ ਖੜਕਾ ਦਿੱਤਾ। ਰਿਸ਼ਤਾ ਨਾਲ ਦੇ ਪਿੰਡ ਵਿਚ ਪੱਕਾ ਹੋ ਗਿਆ। ਭੱਜ-ਨੱਸ ਕੇ ਹਰਨਾਮ ਸਿੰਘ ਨੇ ਪੈਸੇ ਇਕੱਠੇ ਕਰ ਲਏ, ਧੀ ਨੂੰ ਮਹਿੰਦੀ ਲੱਗੀ, ਲਾਲ ਸ਼ਗਨਾਂ ਦਾ ਚੂੜਾ ਪਾਇਆ, ਸੁਹਾਗ ਦੇ ਗੀਤਾਂ ਦੀ ਗੂੰਜ ਨਾਲ ਸੁੰਨਾ ਵਿਹੜਾ ਗੂੰਜ ਉਠਿਆ। ਹਰ ਪਾਸੇ ਖੁਸ਼ੀਆਂ ਨੱਚਣ ਲੱਗੀਆਂ। ਫਿਰ ਸ਼ਾਮ ਦੀ ਸੰਧੂਰੀ ਲੋਅ ਵਿਚ ਗੁੱਡੂ ਭਾਰੇ ਲਾਲ ਜੋੜੇ ਵਿਚ ਲਪੇਟੀ ਮਾਂ-ਬਾਪ ਦੀਆਂ ਅਸੀਸਾਂ ਲੈ ਘਰ ਦੀਆਂ ਜੂਹਾਂ ਟੱਪ ਸਹੁਰਿਆਂ ਦੇ ਪਿੰਡ ਜਾ ਵੜੀ। ਸਭ ਕੁਝ ਚਾਈਂ-ਚਾਈਂ ਹੋ ਗਿਆ। ਮਨ ਨੇ ਪਹਿਲੀ ਖੁਸ਼ੀ ਵੇਖੀ। ਜੀਣ ਦੀ ਆਸ ਜਾਗੀ ਪਰ ਮਾਂ ਦਾ ਦਿਲ ਫਿਰ ਵੀ ਧੀ ਦੇ ਦਿਲ ਨਾਲ ਧੜਕਦਾ ਰਿਹਾ। ਉਹ ਜਦੋਂ ਵੀ ਹਰਨਾਮ ਸਿੰਘ ਕੋਲ ਬੈਠਦੀ ਤਾਂ ਮਨ ਭਰ ਕੇ ਬੋਲਦੀ। ‘ਮੈਂ ਤਾਂ ਜੋ ਜੋੜਿਆ ਸੀ, ਉਹਦੇ ਨਾਲ ਤਾਂ ਇਕ ਦੇ ਕਾਰਜ ਹੀ ਪੂਰੇ ਹੋਏ ਆ, ਹੁਣ ਰਾਜੀ ਬਾਰੇ ਵੀ ਸੋਚੋ।’ ਉਹ ਵੀ ਜਵਾਨ ਏ। ‘ਤੂੰ ਫਿਕਰ ਨਾ ਕਰ, ਪ੍ਰਮਾਤਮਾ ਨੇ ਜਦੋਂ ਸਮਾਂ ਲਿਆਉਣਾ, ਪਤਾ ਵੀ ਨਹੀਂ ਲੱਗਣਾ’ ਸਭ ਕੁਝ ਆਪੇ ਹੋ ਜਾਣਾ ਏ, ਕੁਝ ਰੁਕ ਉਹ ਫਿਰ ਬੋਲਦਾ। ਬੱਸ ਦਾਤਾ ਭਲੀ ਕਰੇ। ਉਸ ਦੀਆਂ ਗੱਲਾਂ ਸੁਣ ਤੇਜ ਕੌਰ ਨੂੰ ਥੋੜ੍ਹਾ ਹੌਸਲਾ ਹੁੰਦਾ। ਸੋਚਦੀ ਕਿ ਰੱਬ ਕਰੇ ਜਿੱਦਾਂ ਦੇ ਜੀਅ ਮੇਰੀ ਗੁੱਡੂ ਨੂੰ ਮਿਲੇ ਆ, ਬੱਸ ਓਦਾਂ ਦੇ ਹੀ ਰਾਜੀ ਨੂੰ ਮਿਲ ਜਾਣ। ਉਸ ਨੇ ਫਿਰ ਤੋਂ ਲੀੜਾ-ਲੱਤਾ ਜੋੜਨਾ ਸ਼ੁਰੂ ਕਰ ਦਿੱਤਾ। ਇਕ ਫਿਕਰ ਤੋਂ ਵਿਹਲੀ ਹੋ ਮਾਂ ਨੂੰ ਦੂਜਾ ਫਿਕਰ ਘੇਰੀ ਰੱਖਦਾ। ਪਰ ਉਧਰ ਹਰਨਾਮ ਸਿੰਘ ਨੇ ਸਭ ਕੁਝ ਹੁਣ ਪ੍ਰਮਾਤਮਾ ਦੇ ਆਸਰੇ ਛੱਡ ਦਿੱਤਾ। ਉਹ ਅਕਸਰ ਤੇਜ ਕੌਰ ਨੂੰ ਸਮਝਾਉਂਦਾ ਕਿ ਸਮਾਂ ਆਉਣ ‘ਤੇ ਸਭ ਹੋ ਜਾਊਗਾ। ਫਿਰ ਹੌਲੀ-ਹੌਲੀ ਸਮਾਂ ਬੀਤਣ ਦੇ ਨਾਲ ਆਖਿਰ ਇਕ ਹੋਰ ਆਸ ਬਣੀ। ਸਭ ਕੁਝ ਪੁੱਛ ਦੱਸ ਕੇ ਦੂਜੀ ਧੀ ਦਾ ਰਿਸ਼ਤਾ ਵੀ ਪੱਕਾ ਹੋ ਗਿਆ। ਘਰ ਵਿਚ ਫਿਰ ਖੁਸ਼ੀਆਂ ਬੂਹਾ ਖੜਕਾਇਆ। ਸਾਰੇ ਸ਼ਗਨ ਛੋਟੀ ਧੀ ਦੇ ਚਾਈਂ-ਚਾਈਂ ਪੂਰੇ ਕੀਤੇ। ਗੀਤਾਂ ਦੀ ਗੂੰਜਤੇ ਵੱਜਦੀ ਢੋਲਕੀ ਦੀ ਧਮਕ ਨੇ ਵਿਹੜਾ ਪੁੱੱਟ ਦਿੱਤਾ। ਦੋਵਾਂ ਜੀਆਂ ਨੇ ਘਰ ਵਿਚ ਖੁਸ਼ੀਆਂ ਦੇ ਦੀਵੇ ਜਗਾਏ। ਸਾਰੇ ਕਾਰਜ ਪੂਰੇ ਹੋ ਗਏ। ਦੋਵੇਂ ਧੀਆਂ ਆਪੋ-ਆਪਣੇ ਘਰ ਵਾਲੀਆਂ ਹੋ ਗਈਆਂ। ਖਾਲੀ ਵਿਹੜੇ ਵਿਚ ਹੁਣ ਦੋਵੇਂ ਜੀਅ ਇਕੱਲੇ ਰਹਿ ਗਏ। ‘ਤੇਜੋ ਇਹ ਕਿੱਦਾਂ ਦਾ ਮਨ ਹੁੰਦਾ ਏ, ਕੱਲ੍ਹ ਧੀਆਂ ਬੋਝ ਲੱਗਦੀਆਂ ਸੀ ਤੇ ਅੱਜ ਖਾਲੀ ਵਿਹੜਾ ਹੀ ਬੋਝ ਲੱਗਦਾ ਏ।’ ਹਰਨਾਮ ਸਿੰਘ ਮੰਜੀ ‘ਤੇ ਪਿਆ ਸਿਰ ‘ਤੇ ਬਾਂਹ ਰੱਖਦਾ ਬੋਲਿਆ। ‘ਵੇਖ ਲਵੋ, ਸਭ ਕੁਝ ਨਿੱਬੜ ਗਿਆ, ਚਲੋ, ਪ੍ਰਮਾਤਮਾ ਉਨ੍ਹਾਂ ਨੂੰ ਭਾਗ ਲਾਵੇ, ਮੇਰੀਆਂ ਧੀਆਂ ਸੁਖੀ ਰਹਿਣ। ਸਾਡਾ ਕੀ ਆ….’ ਐਨਾ ਕਹਿ ਤੇਜ ਕੌਰ ਅੱਖਾਂ ਭਰ ਲੈਂਦੀ। ਸਭ ਕੁਝ ਬਦਲਦਾ ਤੇ ਬਦਲਦਾ ਹੀ ਗਿਆ। ਧੀਆਂ ਆਪਣੇ ਘਰ ਤਾਂ ਚਲੇ ਗਈਆਂ ਪਰ ਵਿਆਹ ਤੋਂ ਛੇ ਸਾਲ ਬਾਅਦ ਵੀ ਵੱਡੀ ਗੁੱਡੂ ਮਾਂ ਨਾ ਬਣ ਸਕੀ। ਉਸ ਦੇ ਨਾਂਅ ਦੇ ਨਾਲ ਬਾਂਝ ਸ਼ਬਦ ਜੁੜ ਗਿਆ ਤੇ ਉਧਰ ਛੋਟੀ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਕਰਨ ਲੱਗੇ। ਮਾਂ-ਬਾਪ ਦੇ ਸੁਪਨੇ ਫਿਰ ਤੋਂ ਡਗਮਗਾ ਗਏ। ਵਿਹੜੇ ਵਿਚ ਦੋਵੇਂ ਜੀਅ ਫਿਰ ਉਦਾਸ ਤੇ ਗੁੰਮ-ਸੁੰਮ ਰਹਿਣ ਲੱਗ ਪਏ। ਖੁਸ਼ੀਆਂ ਆਪਣੇ ਨਾਲ ਅਜਿਹੇ ਦੁੱਖ ਲੈ ਆਈਆਂ ਕਿ ਸਭ ਕੁਝ ਬਦਲ ਗਿਆ।

ਵੱਡੀ ਗੁੱਡੂ ਨੂੰ ਤਲਾਕ ਹੋ ਗਿਆ ਤੇ ਛੋਟੀ ਆਪਣੇ ਜਿਗਰ ਦੇ ਟੁਕੜੇ ਤੋਂ ਵਿਛੜ ਗਈ। ਸਹੁਰਿਆਂ ਨੇ ਉਸ ਤੋਂ ਬੱਚਾ ਖੋਹ ਲਿਆ ਤੇ ਉਸ ਨੂੰ ਮਾਰ-ਕੁੱਟ ਕੇ ਘਰੋਂ ਕੱਢ ਦਿੱਤਾ। ਫਿਰ ਆਣ ਡਿੱਗੀਆਂ ਚਿੜੀਆਂ ਬਾਬਲ ਦੇ ਵਿਹੜੇ ਵਿਚ। ਹੁਣ ਨਵੇਂ ਦੁੱਖ ਵਕਤ ਨੇ ਝੋਲੀ ਵਿਚ ਪਾ ਦਿੱਤੇ। ਵੇਖੀ ਹੋਈ ਖੁਸ਼ੀ ਹਵਾ ਦੇ ਬੁੱਲੇ ਵਾਂਗ ਉੱਡ ਗਈ। ਬੜੇ ਹੱਥ ਜੋੜੇ ਹਰਨਾਮ ਸਿੰਘ ਨੇ, ਬੜੇ ਵਾਸਤੇ ਪਾਏ ਧੀਆਂ ਦੇ ਸਹੁਰਿਆਂ ਅੱਗੇ। ਪਰ ਕਿਸੇ ਨੇ ਵੀ ਪੱਲਾ ਫੜਾਇਆ ਨਾ। ਹੁਣ ਜਦੋਂ ਉਹ ਵਿਹੜੇ ਵਿਚ ਨੁੱਕਰੇ ਬੈਠੀਆਂ ਦੁਖੀ ਧੀਆਂ ਨੂੰ ਵੇਖਦਾ ਤਾਂ ਮਨ ਭਰ ਜਾਂਦਾ। ਦੋਵਾਂ ਜੀਆਂ ਨੂੰ ਫਿਰ ਬੇਚੈਨੀ ਜਿਹੀ ਹੋ ਉਠਦੀ। ਧੀਆਂ ਨੂੰ ਸੁਪਨੇ ਵਿਚ ਵੱਸਦੇ ਵੇਖਿਆ ਤੇ ਅੱਖ ਖੁੱਲ੍ਹੀ ਤਾਂ ਉਹ ਉਜੜੀਆਂ ਹੋਈਆਂ ਵਿਹੜੇਵਿਚ ਦਿਸੀਆਂ। ‘ਪਤਾ ਨਹੀਂ ਧੀਆਂ ਦੇ ਦੁੱਖ ਕਦੋਂ ਮੁੱਕਣਗੇ।’ ਉਹ ਭਰੇ ਮਨ ਨਾਲ ਤੇਜ ਕੌਰ ਨੂੰ ਕਹਿੰਦਾ। ਘਰ ਵਾਲੇ ਦੀ ਗੱਲ ਸੁਣ ਉਹ ਇਕ ਹਓਕਾ ਜਿਹਾ ਲੈਂਦੀ ਤੇ ਫਿਰ ਚੁੰਨੀ ਦੇ ਪੱਲੇ ਨਾਲ ਅੱਖਾਂ ਮਲਦੀ ਕਹਿੰਦੀ, ‘ਜੇ ਇਹ ਮੁੱਕ ਜਾਣ ਤਾਂ, ਮਾਪੇ ਕਾਹਨੂੰ ਬੋਝ ਸਮਝਣ ਇਨ੍ਹਾਂ ਨੂੰ। ਪਤਾ ਨਹੀਂ ਰੱਬ ਕੀ ਸੋਚ ਕੇ ਧੀਆਂ ਦੇ ਮਾੜੇ ਲੇਖ ਲਿਖਦਾ ਏ, ਬੰਦਾ ਕੀ ਸੋਚਦਾ ਏ ਤੇ ਕੀ ਹੋ ਜਾਂਦਾ ਏ।’ ਉਹ ਬੋਲੀ ਜਾਂਦੀ ਪਰ ਹਰਨਾਮ ਸਿੰਘ ਚੁੱਪ ਵੱਟੀ ਗੋਡਿਆਂ ਵਿਚ ਸਿਰ ਸੁੱਟੀ ਬੈਠਾ ਰਹਿੰਦਾ। ਲਗਦਾ ਜਿਵੇਂ ਹੌਂਸਲਾ ਦੇਣਾ ਉਸ ਨੂੰ ਭੁੱਲ ਗਿਆ ਹੋਵੇ। ਰੱਬ ‘ਤੇ ਬਣਿਆ ਉਸ ਦਾ ਅਥਾਹ ਵਿਸ਼ਵਾਸ ਡਗਮਗਾਉਣ ਲੱਗਾ। ਉਹ ਅੰਦਰੇ-ਅੰਦਰ ਘੁੱਟਦਾ ਰਹਿੰਦਾ। ਉਹ ਕਈ ਵਾਰ ਸੋਚਦਾ ਕਿ ਰੱਬਾ ਤੂੰ ਕੀ ਸੋਚ ਕੇ ਧੀਆਂ ਦੀ ਕਿਸਮਤ ਲਿਖਦਾ ਏਂ। ਉਹ ਆਪ ਜਵਾਬ ਲੱਭਦਾ-ਲੱਭਦਾ ਗੁਆਚ ਜਾਂਦਾ। ਦਿਨੋ-ਦਿਨ ਰਹਿੰਦਾ ਗਿਆ ਦੁੱਖਾਂ ਨਾਲ ਹਰਨਾਮ ਸਿੰਘ। ਰੋਟੀ ਟੁੱਕ ਖਾਂਦਾ ਉਹ ਢਿੱਡ ਦੀ ਖੋਹ ਲਈ ਪਰ ਉਸ ਦੀ ਆਤਮਾ ਦੀ ਭੁੱਖ ਨਾ ਮਿਟਦੀ। ਉਸ ਦੀਆਂ ਸੁੰਨੀਆਂ ਅੱਖਾਂ ਸਵੇਰ ਤੋਂ ਬੂਹੇ ਵੱਲ ਲੱਗ ਜਾਂਦੀਆਂ। ਮਨ ਵਿਚ ਇਕ ਮੋਈ ਆਸ ਜਾਗਦੀ ਕਿ ਸ਼ਾਇਦ ਕੋਈ ਆ ਜਾਏਗਾ ਦੁੱਖ ਵੰਡਾਉਣ। ਉਸ ਨੂੰ ਲਗਦਾ ਕਿ ਫਿਰ ਤੋਂ ਵਸ ਜਾਣਗੀਆਂ ਉਸ ਦੀਆਂ ਲਾਡਲੀਆਂ। ਪਰ ਸ਼ਾਮ ਦੇ ਛਿਪਦੇ ਸੂਰਜ ਦੇ ਨਾਲ ਹੀ ਉਸ ਦੀ ਆਸ ਵੀ ਸੁੱਕੇ ਪੱਤੇ ਵਾਂਗ ਝੜ੍ਹ ਕੇ ਉਡ ਜਾਂਦੀ। ਉਸ ਦੀਆਂ ਕੱਚੀਆਂ ਸੋਚਾਂ ਦੇ ਮੋਤੀ ਖਿੱਲਰ ਜਾਂਦੇ ਤੇ ਉਹ ਬਿਨਾਂ ਕੁਝ ਬੋਲੇ ਚਾਦਰ ਦੀ ਬੁੱਕਲ ਵਿਚ ਮੂੰਹ ਦੇ ਕੇ ਲੇਟ ਜਾਂਦਾ। ਅੱਜ ਕਿਥੇ ਦਿਨ ਚੜ੍ਹ ਆਇਆ ਸੀ ਪਰ ਹਰਨਾਮ ਸਿੰਘ ਚਾਦਰ ਵਿਚੋਂ ਨਾ ਹਿੱਲਿਆ। ਉਡੀਕ-ਉਡੀਕ ਕੇ ਬੇਵੱਸ ਹੋਈ ਤੇਜ ਕੌਰ ਨੇ ਆਣ ਕੇ ਉਸ ਨੂੰ ਹਿਲਾਇਆ। ਪਰ ਚਾਦਰ ਵਿਚ ਆਕੜਿਆ ਹੋਇਆ ਹਰਨਾਮ ਸਿੰਘ ਦਾ ਸਰੀਰ ਉਸ ਨੂੰ ਹੀ ਹਿਲਾ ਗਿਆ। ਮਰ ਗਿਆ ਇਕ ਬਾਪ ਧੀਆਂ ਦੇ ਦੁੱਖ ਨਾਲ ਵਿਲਕਦਾ। ਕੱਲ੍ਹ ਜਿਹੜਾ ਬਾਪ ਦੁੱਖਾਂ ਦੀ ਪੰਡ ਚੁੱਕੀ ਫਿਰਦਾ ਸੀ ਪਰ ਕੋਈ ਵੀ ਉਸ ਨਾਲ ਅੱਖਾਂ ਨਹੀਂ ਮਿਲਾਉਂਦਾ ਸੀ ਤੇ ਅੱਜ ਉਸ ਮਰੇ ਹੋਏ ਬਾਪ ਨੂੰ ਹਰ ਕੋਈ ਭਿੱਜੀਆਂ ਅੱਖਾਂ ਨਾਲ ਤੱਕ ਰਿਹਾ ਸੀ। ਏਸੇ ਬਾਪ ਦੇ ਜਿੰਦਾ ਸਰੀਰ ਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਤੇ ਮਰੇ ਹੋਏ ਬਾਪ ਨੂੰ ਕਫ਼ਨ ਵਿਚ ਲਪੇਟਿਆਂ ਵੇਖ ਹਰ ਕੋਈ ਮੋਢਾ ਦੇਣ ਲਈ ਤਿਆਰ ਸੀ। ਪਰ ਮਰਿਆ ਤਾਂ ਸਿਰਫ਼ ਹਰਨਾਮ ਸਿੰਘ, ਉਹ ਆਪਣੇ ਪਿੱਛੇ ਰੋਂਦੀਆਂ-ਕੁਰਲਾਉਂਦੀਆਂ ਤਿੰਨ ਜਿੰਦਾਂ ਰੂਹਾਂ ਛੱਡ ਗਿਆ ਸੀ। ਬਾਪ ਦੀ ਲਾਸ਼ ‘ਤੇ ਡਿਗਦੀਆਂ, ਵੈਣ ਪਾਉਂਦੀਆਂ ਧੀਆਂ ਨਾ ਮਰੀਆਂ ਸਨ ਤੇ ਨਾ ਜਿਊਂਦੀਆਂ।

Tag:
ਇਹ ਚਿੜੀਆਂ

Tags: