ਝੂਮਰ ( Jhumar )

ਝੂਮਰ

ਪ੍ਰਸਿੱਧ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਜੇ ਨੱਚਣ ਸਦਕਾ ਇਸ ਦਾ ਨਾਮ ਝੂੰਮਰ ਪੈ ਗਿਆ। ਰਾਜਸਥਾਨ ਦੇ ਘੂਮਰ ਵਿਚਲੀਆਂ ਕੁੱਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਬਾਰ ਦੇ ਲੋਕਾਂ ਦੇ ਲੋਕਾਂ ਦੇ ਏਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਜੰਗਲਾਂ ਵਿੱਚ ਵਸੇਬੇ ਹੋਣ ਸਦਕਾ ਇਹਨਾਂ ਲੋਕਾਂ ਦਾ ਨਾਮ ਹੀ ਜਾਂਗਲੀ ਪੈ ਗਿਆ ਸੀ। ਇਸ ਨਾਚ ਨੂੰ ਨੱਚਣ ਸਮੇਂ ਇਹ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁਲ੍ਹੀ ਥਾਂ , ਘੇਰੇ ਦੇ ਅਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ-ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ਤੇ ਹੀ ਨਾਚ ਨੱਚਦੇ ਰਹੇ ਹਨ। ਇਹ ਨਾਚ ਤਿੰਨ ਪੜਾਂਵਾਂ ਤਹਿਤ ਨੱਚਿਆ ਜਾਂਦਾ ਹੈ, ਜਿਸ ਨੂਂ ਤਿੰਨ ਤਾਲਾਂ -(ੳ) ਮੱਠੀ ਤਾਲ (ਅ) ਤੇਜ਼ ਤਾਲ (ੲ)ਬਹੁਤ ਹੀ ਤੇਜ਼ ਤਾਲ ਦਾ ਨਾਮ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਹਨਾਂ ਤਾਲਾਂ ਨੂੰ ਕ੍ਰਮਵਾਰ ‘ਝੂੰਮਰ ਦੀ ਤਾਲ’, ‘ਚੀਣਾ ਛੜਨਾ’ ਅਤੇ ‘ਧਮਾਲ’ ਵੀ ਆਖਿਆ ਹੈ। ਅਸਲ ਵਿੱਚ ਇਸ ਨਾਚ ਦਾ ਆਰੰਭ ਧੀਮੀ ਗਤੀ ਨਾਲ ਸ਼ੁਰੂ ਹੋ ਕੇ ਤੀਜ਼ੇ ਪੜਾਅ ਤੱਕ ਅਤਿ ਤੇਜ਼ ਅਤੇ ਜੋਸ਼ੀਲਾ ਹੋ ਜਾਂਦਾ ਹੈ। ਅੰਤਮ ਪੜਾਅ ਤੱਕ ਸਮੂਹ ਵਿੱਚੋਂ ਕੇਵਲ ਕੁੱਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਬਾਕੀ ਹਾਰ-ਹਫ੍ਹ ਕੇ ਖਲੋ ਜਾਂਦੇ ਹਨ।

ਲੰਮੇ ਗੀਤ, ਜਿੰਨਾ ਵਿੱਚ ਮੱਝਾਂ-ਗਾਈਆਂ, ਬੱਕਰੀਆਂ, ਡਾਚੀਆਂ, ਘੋੜਿਆਂ, ਤਿੱਤਰਾਂ, ਬਟੇਰਿਆਂ, ਕਿੱਕਰਾਂ, ਫਲਾਹੀਆਂ ਦੇ ਜਿਕਰ ਤੋਂ ਛੁੱਟ ਪ੍ਰਮੀ ਜਨਾਂ ਦੇ ਮਿਲਣ ਦੀ ਸਿੱਕ ਤੇ ਅਨਾਜ (ਖਾਸ ਕਰਕੇ ਝੋਨਾ) ਝਾੜਣ ਅਤੇ ਉੱਖਲੀ ਰਾਹੀਂ ਛੜਨ ਆਦਿ ਦਾ ਜ਼ਿਕਰ ਅਤੇ ਸੰਬੰਧਿਤ ਮੁਦਰਾਵਾਂ ਹੁੰਦੀਆਂ ਹਨ। ਝੂੰਮਰ ਦੇ ਚੋਣਵੇ ਗੀਤਾਂ ਦੀਆਂ ਕੁੱਝ ਉਦਹਾਰਨਾਂ ਪੇਸ਼ ਹਨ:

(ੳ) ਚੀਣਾ ਇੰਜ ਛਣੀਂਦਾ ਲਾਲ, ਚੀਣਾ ਇੰਜ ਛਣੀਂਦਾ ਹੋ……
ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਲਾਲ……
ਚੀਣਾ ਇੰਜ ਛਣੀਂਦਾ ਹੋ……
(ਅ) ਲੰਘ ਆ ਜਾ ਪੱਤਣ ਝਨ੍ਹਾ ਦਾ, ਯਾਰ ਲੰਘ ਆ ਜਾ ਪੱਤਣ ਝਨ੍ਹਾਂ ਦਾ।
ਸਿਰ ਸਦਕਾ ਮੈਂ ਤੇਰੇ ਨਾਂ ਦਾ, ਯਾਰ, ਸਿਰ ਸਦਕਾ ਮੈਂ ਤੇਰੇ ਨਾਂ ਦਾ।
ਮੇਰੇ ਕਾਗ ਬਨੇਰੇ ਉੱਤੇ ਬੋਲਿਆ, ਮੇਰਾ ਤੱਤੜੀ ਦਾ ਜਿਉੜਾ ਡੋਲਿਆ।
ਲੰਘ ਆ ਜਾ ……

ਅਜੋਕੇ ਸਮੇਂ ਵਿੱਚ ਇਸ ਲੋਕ-ਨਾਚ ਦੀਆਂ ਕੁੱਝ ਮੁਗਰਾਵਾਂ ਭੰਗੜੇ ਵਿੱਚ ਹੀ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਨ।

ਝੂਮਰ ਵੀਡਿਓੁ

Tags: , ,