ਅੱਜ ਦੇ ਜ਼ਮਾਨੇ ਵਿੱਚ ਇਨਸਾਨ ਦੀ ਪਹਿਚਾਣ ਕਰਨ ਵਿੱਚ ਪਹਿਰਾਵੇ ਦਾ ਬਹੁਤ ਮਹੱਤਵਪੂਰਨ ਰੋਲ ਹੈ।ਜ਼ਿਆਦਾਤਰ ਲੋਕ ਇਨਸਾਨ ਨੂੰ ਉਸਦੇ ਪਾਏ ਹੋਏ ਪਹਿਰਾਵੇ ਤੋਂ ਹੀ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਅੰਦਾਜ਼ੇ ਨੂੰ ਸਹੀ ਵੀ ਸਮਝਦੇ ਹਨ।
ਪਹਿਲੇ ਜ਼ਮਾਨੇ ਵਿੱਚ ਇਨਸਾਨ ਦੀ ਪਹਿਚਾਣ ਉਸਦੇ ਗੁਣਾਂ ਅਤੇ ਕਰਮਾਂ ਤੋਂ ਹੁੰਦੀ ਸੀ। ਪਰ ਹੁਣ ਇਨਸਾਨ ਦੇ ਗੁਣ ਅਤੇ ਕਰਮ ਉਸਦੇ ਪਹਿਰਾਵੇ ਪਿੱਛੇ ਲੁਕ ਕੇ ਰਹਿ ਜਾਂਦੇ ਹਨ।ਕਿਤੇ ਵੀ ਜਾਣਾ ਹੋਵੇ ਤੁਹਾਡਾ ਵਧੀਆ ਪਹਿਰਾਵਾ ਹੀ ਤੁਹਾਨੂੰ ਇੱਜ਼ਤ ਦੁਆ ਸਕਦਾ ਹੈ। ਸਾਧਾਰਨ ਪਹਿਰਾਵੇ ਵਾਲੇ ਨੂੰ ਤਾਂ ਕੋਈ ਸਿੱਧੇ ਮੂੰਹ ਪੁੱਛਦਾ ਹੀ ਨਹੀਂ।
ਸਭ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਇਸ ਤਰਾਂ ਦਾ ਵਾਕਿਆ ਜ਼ਰੂਰ ਹੋਇਆ ਹੋਏਗਾ। ਗੱਲ ਉਦੋਂ ਦੀ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਆਧਾਰ ਕਾਰਡ ਬਣਾਏ ਜਾ ਰਹੇ ਸਨ। ਲੰਬੀਆਂ ਕਤਾਰਾਂ ਵਿੱਚ ਲੋਕਾਂ ਵੱਲੋਂ ਸ਼ਾਮ ਤੱਕ ਖੜ੍ਹੇ ਰਹਿਣ ਤੋਂ ਬਾਅਦ ਵੀ ਮੁਸ਼ਕਿਲ ਨਾਲ ਵਾਰੀ ਆਉਂਦੀ ਸੀ।ਇੱਥੇ ਵੀ ਪਹਿਰਾਵੇ ਦਾ ਖੂਬ ਪ੍ਰਭਾਵ ਦੇਖਣ ਨੂੰ ਮਿਲਿਆ।ਮੇਰੇ ਨਾਲ ਕਤਾਰ ਵਿੱਚ ਸਾਧਾਰਨ ਪਹਿਰਾਵੇ ਵਿੱਚ ਦੋ ਅੌਰਤਾਂ ਵੀ ਸਨ। ਸਾਡੇ ਪਹਿਰਾਵੇ ਦੇ ਅੰਤਰ ਨੇ ਕਾਰਡ ਬਣਾਉਣ ਵਾਲੇ ਬੰਦੇ ਦੇ ਵਤੀਰੇ ਵਿੱਚ ਵੀ ਅੰਤਰ ਲੈ ਆਂਦਾ ਸੀ। ਵਧੀਆ ਪਹਿਰਾਵੇ ਵਾਲਿਆਂ ਨੂੰ ਸਰ ਤੇ ਮੈਡਮ ਅਤੇ ਸਾਧਾਰਨ ਵਾਲਿਆਂ ਨੂੰ ਉਏ ਤੇ ਤੂੂੰ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਸੀ। ਇਸ ਫ਼ਰਕ ਨੇ ਮੈਨੂੰ ਬਹਤ ਪਰੇਸ਼ਾਨ ਕੀਤਾ, ਪਰ ਨਾ ਹੀ ਮੈਂ ਕੁੱਝ ਕਹਿ ਸਕੀ ਤੇ ਨਾ ਹੀ ਕੁੱਝ ਕਰ ਸਕੀ।
ਘਰ ਆਉਣ ਤੋਂ ਬਾਅਦ ਵੀ ਕਾਫ਼ੀ ਸੋਚਦੀ ਰਹੀ ਇਸਦੇ ਹੱਲ ਬਾਰੇ ਪਰ ਕੋਈ ਹੱਲ ਨਾ ਸੁੱਝਿਆ।ਕਿਉਂਕਿ ਪਹਿਰਾਵੇ ਤਾਂ ਜਲਦੀ ਬਦਲੇ ਜਾ ਸਕਦੇ ਹਨ ਪਰ ਸੋਚ ਬਦਲਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਨਸਾਨ ਕੋਲ ਸਬ ਤੋਂ ਵੱਧ ਕਮੀ ਸਮੇਂ ਦੀ ਹੀ ਹੈ।