ਬੱਚਿਆਂ ਦੇ ਦੰਦਾਂ ਦੀ ਦੇਖਭਾਲ ਜ਼ਰੂਰੀ

ਬੱਚਿਆਂ ਨੂੰ ਦੰਦਾਂ ਨਾਲ ਸੰਬੰਧਿਤ ਰੋਗਾਂ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ। ਦੰਦ ਮਾਹਿਰਾਂ ਅਨੁਸਾਰ  ਜੇਕਰ ਸ਼ੁਰੂ ਤੋਂ ਹੀ ਦੰਦਾਂ ਦੀ ਦੇਖ-ਭਾਲ ਵਿਚ ਅਣਗਹਿਲੀ ਨਾ ਵਰਤੀ ਜਾਵੇ ਤਾਂ ਬੱਚਿਆਂ ਵਿਚ ਦੰਦਾਂ ਦੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਬੱਚਿਆਂ ਨੂੰ ਜਨਮ ਤੋਂ ਹੀ ਦੰਦਾਂ ਦੀਆਂ ਬਿਮਾਰੀਆਂ  ਨਹੀਂ ਹੁੰਦੀਆਂ। ਜੇਕਰ ਸ਼ੁਰੂ ਤੋਂ ਹੀ ਦੰਦਾਂ ਦੀ ਸਫਾਈ, ਸਹੀ ਭੋਜਨ, ਸਹੀ ਢੰਗ ਨਾਲ ਦੰਦਾਂ ਦੀ ਸਫਾਈ  ‘ਤੇ ਧਿਆਨ ਦਿੱਤਾ ਜਾਵੇ ਤਾਂ ਤੰਦਰੁਸਤ ਦੰਦ ਪਾਏ ਜਾ ਸਕਦੇ ਹਨ।

* ਬੱਚਿਆਂ ਦੇ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਤਦ ਤੋਂ ਹੀ ਅਮਲ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਜਦੋਂ  ਬੱਚਾ ਮਾਂ ਦੇ ਗਰਭ ਵਿਚ ਹੋਵੇ। ਗਰਭ ਧਾਰਨ ਦੇ ਤਿੰਨ ਮਹੀਨੇ ਬਾਅਦ ਹੀ ਬੱਚਾ ਮਾਂ ਦੇ ਸਰੀਰ ਦੁਆਰਾ ਕੈਲਸ਼ੀਅਮ ਅਤੇ ਫਾਸਫੇਟ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਡਾਕਟਰ ਗਰਭਵਤੀ  ਮਹਿਲਾ ਨੂੰ ਵਿਟਾਮਿਨ ਤੇ ਮਿਨਰਲ ਯੁਕਤ ਡਾਇਟ ਲੈਣ ਲਈ ਸਲਾਹ ਦਿੰਦੇ ਹਨ।

* ਬੱਚੇ ਦੇ ਜਨਮ ਦੇ ਅੱਠ-ਨੌਂ ਮਹੀਨੇ ਬਾਅਦ ਬੱਚੇ ਦੇ ‘ਪ੍ਰਾਇਮਰੀ ਟੀਥ’ ਆਉਂਦੇ ਹਨ। ਲੋਕ ਇਹ ਸੋਚਦੇ ਹਨ ਕਿ ਇਹ ‘ਪ੍ਰਾਇਮਰੀ ਟੀਥ’ ਬਹੁਤ ਮਹੱਤਵਪੂਰਨ ਹੁੰਦੇ ਹਨ। ਜੇਕਰ ਇਨ੍ਹਾਂ ਨੂੰ ਫਾਊਂਡੇਸ਼ਨ ਟੀਥ  ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਇਹ ਪ੍ਰਾਇਮਰੀ ਟੀਥ ਬੱਚੇ ਦੀ ਪਾਚਣ ਪ੍ਰਣਾਲੀ ਵਿਚ ਸਹਾਇਤਾ ਕਰਦੇ ਹਨ। ਜੇਕਰ ਇਨ੍ਹਾਂ ਵਿਚ ਹੀ ਕੈਵਿਟੀ ਹੋਵੇਗੀ ਤਾਂ ਇਹ ਅੱਗੇ ਆਉਣ ਵਾਲੇ ਦੰਦਾਂ ਨੂੰ ਇਹੀ ਸੌਗਾਤ ਦੇਣਗੇ।ਇਸ ਲਈ ਇਨ੍ਹਾਂ ਪ੍ਰਤੀ ਲਾਪਰਵਾਹੀ ਨਾ ਵਰਤੀ ਜਾਵੇ।

* ਜਦੋਂ ਤੱਕ ਬੱਚਾ ਬਰੁਸ਼ ਨਹੀਂ ਕਰਦਾ, ਤਦ ਤੱਕ ਤੁਸੀਂ ਆਪ ਬੱਚੇ ਦੇ ਦੰਦਾਂ ਦਾ ਖਿਆਲ ਰੱਖੋ।
ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਬੱਚਿਆਂ ਵੱਲੋਂ ਖਾਣਾ ਗ੍ਰਹਿਣ ਕਰਨ ਦਾ ਤਰੀਕਾ ਸਿਖਾਉ। ਉਸ
ਦੇ ਦੰਦਾਂ ਨੂੰ ਉਂਗਲੀ ਨਾਲ ਜਾਂ ਰੂੰ ਨਾਲ ਸਾਫ ਕਰੋ। ਜਦੋਂ ਬੱਚਾ ਬਰੁਸ਼ ਕਰਨਾ ਸਿੱਖ ਜਾਵੇ ਤਾਂ ਉਸ ਨੂੰ ਸਹੀ ਤਰ੍ਹਾਂ ਨਾਲ ਬਰੁਸ਼ ਕਰਨ ਦਾ ਤਰੀਕਾ ਸਿਖਾਉ। ਬਹੁਤੇ ਬੱਚਿਆਂ ਨੂੰ ਸਹੀ ਤਰ੍ਹਾਂ ਬਰੁਸ਼ ਕਰਨਾ ਹੀ ਨਹੀਂ ਆਉਂਦਾ।
* ਬੱਚਿਆਂ ਨੂੰ ਕੈਵਿਟੀ ਤੋਂ ਦੂਰ ਰੱਖਣ ਦੇ ਲਈ ਉਨ੍ਹਾਂ ਦੀ ਖੁਰਾਕ ‘ਤੇ ਵੀ ਜ਼ਰੂਰ ਧਿਆਨ ਦਿਉ। ਮਿੱਠੇ ਭੋਜਨ ਪਦਾਰਥ, ਸਾਫਟ ਡਰਿੰਕਸ ਦੇ ਸੇਵਨ ਬਾਅਦ ਇਕਦਮ ਹੀ ਐਸਿਡ ਨਿਰਮਾਣ ਸ਼ੁਰੂ ਹੋ ਜਾਂਦਾ ਹੈ, ਜੋ ਮਜ਼ਬੂਤ ਅਤੇ ਤੰਦਰੁਸਤ ਦੰਦ ਵੀ ਨਹੀਂ ਸਹਿਣ ਕਰ ਸਕਦੇ। ਇਸ ਲਈ ਜਦੋਂ ਵੀ ਤੁਹਾਡਾ ਬੱਚਾ ਮਿੱਠੇ ਪਦਾਰਥ ਖਾ ਰਿਹਾ ਹੈ ਤਾਂ ਤੁਰੰਤ ਉਨ੍ਹਾਂ ਨੂੰ ਬਰੁਸ਼ ਜ਼ਰੂਰ ਕਰਵਾਉ। ਜੇਕਰ ਬਰੁਸ਼ ਨਾ ਕਰਵਾਉ ਤਾਂ ਘੱਟੋ-ਘੱਟ ਪਾਣੀ ਨਾਲ ਮੂੰਹ ਜ਼ਰੂਰ ਸਾਫ ਕਰਵਾਉ।

 

* ਬੱਚਿਆਂ ਦੇ ਦੰਦਾਂ ਦੀ ਮਜ਼ਬੂਤੀ ਲਈ ਉਸ ਦੇ ਭੋਜਨ ਵਿਚ ਕੈਲਸ਼ੀਅਮ, ਵਿਟਾਮਿਨ ‘ਸੀ’, ‘ਡੀ’ ਅਤੇ ਹੋਰ ਪੌਸ਼ਿਕ ਤੱਤਾਂ ਦੀ ਮਾਤਰਾ ਜ਼ਰੂਰ ਲਉ। ਜੇਕਰ ਬੱਚਿਆਂ ਦੇ ਦੰਦਾਂ ਵਿਚ ਕੀੜਾ ਲੱਗ ਜਾਵੇ ਜਾਂ ਮਸੂੜਿਆਂ ਵਿਚ ਕੋਈ ਰੋਗ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਉ, ਕਿਉਂਕਿ ਲਾਡਲੇ ਦੇ ਦੰਦਾਂ ਦੀ ਸੁਰੱਖਿਆ ਵਿਚ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਤਾਂ ਹੀ ਇਹ ਸਾਫ-ਸੁਥਰੇ ਮੋਤੀਆਂ ਵਾਂਗ ਚਮਕਦੇ ਰਹਿਣਗੇ।

Tags: ,