ਭੰਡਾ-ਭੰਡਾਰੀਆ

ਪੰਜਾਬ ਦੀਆਂ ਪੁਰਾਤਨ ਲੋਕ-ਖੇਡਾਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਣਮੋਲ ਦੇਣ ਹਨ। ਇਹ ਬਿਨਾਂ ਕੁਝ
ਖਰਚਿਆਂ ਕਿਸੇ ਵੀ ਸਥਾਨ ‘ਤੇ ਖੇਡੀਆਂ ਜਾ ਸਕਦੀਆਂ ਹਨ । ਇਨ੍ਹਾਂ ਨੂੰ ਕਿਸੇ ਰੈਫਰੀ ਜਾਂ  ਕੋਚ ਦੀ ਜ਼ਰੂਰਤ ਨਹੀਂ
ਹੁੰਦੀ। ਇਹੀ ਖੇਡਾਂ ਪੇਂਡੂ ਭਾਈਚਾਰੇ ਦੀਆਂ ਆਧਾਰ ਬਣਦੀਆਂ ਸੀ। ਅੱਜਕੱਲ ਦੀਆਂ ਖੇਡਾਂ ਵਾਂਗ ਭਾਵੇਂ ਇਨ੍ਹਾਂ ਲਈ
ਕੋਈ ਟਰੌਫ਼ੀ ਜਾਂ ਕੱਪ ਤਾਂ ਨਹੀਂ ਹੁੰਦਾ ਸੀ ਪਰ ਬੱਚੇ ਇਹ ਖੇਡਾਂ ਖੇਡ ਕੇ ਜੋ ਮਣਾ-ਮੂਹੀ  ਖੁਸ਼ੀ ਦਾ ਅਨੁਭਵ ਕਰਦੇ ਸੀ
ਉਸ ਨੂੰ ਸ਼ਬਦਾਂ ‘ਚ ਬੰਨਣਾ ਔਖਾ ਹੈ।
‘ਭੰਡਾ-ਭੰਡਾਰੀਆ’ ਜੋ ਅੱਜਕਲ੍ਹ ਲੱਗਭੱਗ ਅਲੋਪ ਹੀ ਹੋ ਚੁੱਕੀ ਹੈ ਕਿਸੇ ਜ਼ਮਾਨੇ ‘ਚ ਕੁੜੀਆਂ ਦੀ ਹਰਮਨ ਪਿਆਰੀ
ਖੇਡ ਸੀ। ਛੋਟੀਆਂ-ਛੋਟੀਆਂ ਕੁੜੀਆਂ ਰਲ਼ ਕੇ ਇਹ ਖੇਡ ਖੇਡਦੀਆਂ ਸਨ। ਖੇਡ ਮੈਦਾਨ ਆਮ ਤੌਰ ‘ਤੇ ਘਰਾਂ ਦੇ ਕੱਚੇ
ਵਿਹੜੇ, ਲੰਮੀਆਂ ਬੀਹੀਆਂ, ਹਵੇਲੀਆਂ, ਚੁਰੱਸਤੇ, ਬਾਹਰਵਾਰ ਥਾਂਵਾਂ ਹੁੰਦੀਆਂ । ਖੇਡ ਖੇਡਣ ਦਾ ਕੋਈ ਨਿਸਚਿਤ
ਸਮਾਂ ਵੀ ਨਹੀਂ ਹੁੰਦਾ ਸੀ। ਜਦੋਂ ਵਿਹਲ ਮਿਲਣੀ, ਕੁੜੀਆਂ ਨੇ ‘ਕੱਠੀਆਂ ਹੋ ਖੇਡਣ ਲੱਗ ਜਾਣਾ। ਫਿਰ ਚਾਹੇ ਓਹ ਵੇਲ਼ਾ
ਸਵੇਰ ਦਾ ਹੋਵੇ, ਦੁਪਹਿਰ ,ਆਥਣ ਜਾਂ ਫਿਰ ਚਾਨਣੀ ਰਾਤ ਦਾ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਪੁੱਗਿਆ ਜਾਂਦਾ। ਜਿਸ
ਸਿਰ ਦਾਈ ਆਉਂਦੀ ਓਹ ਕੁੜੀ ਪੈਰਾਂ-ਭਾਰ ਭੁੰਜੇ ਬੈਠ ਜਾਂਦੀ। ਬਾਕੀ ਕੁੜੀਆਂ ਉਸ ਦੇ ਸਿਰ ‘ਤੇ ਆਪਣੀਆਂ ਮੁੱਠੀਆਂ
ਰੱਖਦੀਆਂ। ਜਿਹੜੀ ਕੁੜੀ ਸਭ ਤੋਂ ਜ਼ਿਆਦਾ ਹੁੰਦੜਹੇਲ ਜਾਂ ਫੁਰਤੀਲੀ ਹੁੰਦੀ ਓਹ ਸਭ ਤੋਂ ਪਹਿਲੀ ਮੂੱਠੀ ਰੱਖਦੀ।
ਫਿਰ ਆਵਦੀ ਦੂਜੀ ਮੂੱਠੀ ਰੱਖਦੀ। ਫਿਰ ਬਾਕੀ ਦੀਆਂ ਕੁੜੀਆਂ ਉਸ ਦੀਆਂ ਮੂੱਠੀਆਂ ਦੇ ਉੱਪਰੋ-ਉੱਪਰੀ ਮੂੱਠੀਆਂ
ਟਿਕਾ ਦਿੰਦੀਆਂ। ਰਲ਼ ਕੇ ਸਾਰੀਆਂ ਸੁਰੀਲੀ ਅਵਾਜ਼ ‘ਚ ਕਹਿੰਦੀਆਂ…..
‘ਭੰਡਾ-ਭੰਡਾਰੀਆ ਕਿੰਨਾ ਕੁ ਭਾਰ’
ਭੁੰਜੇ ਬੈਠੀ ਕੁੜੀ ਪੂਰੇ ਜ਼ੋਰ ਨਾਲ਼ ਜਵਾਬ ਦਿੰਦੀ……
‘ਇੱਕ ਮੂੱਠੀ ਚੱਕ ਲਾ ਦੂਜੀ ਤਿਆਰ’
ਸਭ ਤੋਂ ਉੱਪਰ ਧਰੀ ਇੱਕ ਮੂੱਠੀ ਚੁੱਕ ਲਈ ਜਾਂਦੀ ਤੇ ਫਿਰ ਓਹੀ ਸਤਰ ਦੁਹਰਾਈ ਜਾਂਦੀ…..
“ਭੰਡਾ-ਭੰਡਾਰੀਆ ਕਿੰਨਾ ਕੁ ਭਾਰ
ਇੱਕ ਮੂੱਠੀ ਚੱਕ ਲਾ ਦੂਜੀ ਤਿਆਰ”
ਜਦੋਂ ਕੋਈ ਇੱਕ ਕੁੜੀ ਆਵਦੀਆਂ ਦੋਵੇਂ ਮੂੱਠੀਆਂ ਚੁੱਕ ਵਿਹਲੀ ਹੋ ਜਾਂਦੀ ਤਾਂ ਓਹ ਭੋਰਾ ਪਿਛਾਂਹ ਹੱਟ ਕੇ ਖੜੀ ਹੋ ਜਾਂਦੀ
ਤਾਂ ਜੋ ਓਹ ਵੇਲ਼ੇ ਸਿਰ ਭੱਜ ਸਕੇ। ਇਸ ਤਰਾਂ ਬਾਰ-ਬਾਰ ਦੁਹਰਾਇਆ ਜਾਂਦਾ ਜਦੋਂ ਤੱਕ ਸਾਰੀਆਂ ਮੂੱਠੀਆਂ ਚੁੱਕ ਨਾ
ਲਈਆਂ ਜਾਂਦੀਆਂ। ਆਖਰੀ ਮੂੱਠੀ ਚੁੱਕਣ ਤੋਂ ਬਾਦ ਬੈਠੀ ਕੁੜੀ ਨੇ ਭੱਜ ਕੇ ਦੂਜੀਆਂ ਕੁੜੀਆਂ ਨੂੰ ਛੂਹਣਾ ਹੁੰਦਾ ਸੀ। ਇਸੇ
ਕਰਕੇ ਹੀ ਸਭ ਤੋਂ ਅਖੀਰ ਵਿੱਚ ਮੂੱਠੀਆਂ ਚੁੱਕਣ ਵਾਲ਼ੀ ਫੁਰਤੀਲੀ ਕੁੜੀ ਨੂੰ ਚੁਣਿਆ ਜਾਂਦਾ ਤਾਂ ਜੋ ਉਹ
ਭੰਡਾ –ਭੰਡਾਰੀਆ ਦੀ ਆਖਰੀ ਸਤਰ ਕਹਿ ਕੇ ਫੁਰਤੀ ਨਾਲ਼ ਦੂਰ ਭੱਜ ਸਕੇ। ਛੁਹਾਈ ਖਾਣ ਵਾਲ਼ੀ ਕੁੜੀ ਸਿਰ ਦਾਈ
ਆ ਜਾਂਦੀ ਅਤੇ ਖੇਡ ਫਿਰ ਤੋਂ ਸ਼ੁਰੂ ਹੋ ਜਾਂਦੀ। ਆਮ ਤੌਰ ‘ਤੇ ਅਜਿਹੀਆਂ ਖੇਡਾਂ ਆਥਣੇ ਹੀ ਖੇਡੀਆਂ ਜਾਂਦੀਆਂ ਤੇ
ਫਿਰ ਗਈ ਰਾਤ ਤੱਕ ਚਾਨਣੀਆਂ ਰਾਤਾਂ ਵਿੱਚ ਓਦੋਂ ਤੱਕ ਚਾਲੂ ਰਹਿੰਦੀਆਂ ਜਦੋਂ ਤੱਕ ਮਾਵਾਂ ਆ ਕੇ ਕੰਨ ਮਰੋੜ ਘਰ
ਨੂੰ ਜਾਣ ਲਈ ਨਾ ਕਹਿੰਦੀਆਂ।

ਫੋਟੋ
http://punjabivehda.files.wordpress.com/2010/06/bhanda-bhandaria.jpg

Tag:
Bhanda Bhadariya

Tags: