ਮਹਿੰਦੀ ( Mehndi )

ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਰੁੱਖਾਂ ਤੋਂ ਬਿਨਾਂ ਮਨੁੱਖ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ। ਕੁਦਰਤੀ ਦਾਤੇ ਦਰੱਖਤਾਂ ਨੇ ਜਿੱਥੇ ਮਨੁੱਖ ਨੂੰ ਛਤਰ-ਛਾਇਆ ਬਖਸ਼ੀ, ਉਥੇ ਰਸੀਲੇ ਫਲ, ਸੁਆਦੀ ਮੇਵੇ, ਰੋਗਮਾਰੂ ਦਵਾਈਆਂ ਅਤੇ ਹੋਰ ਬਹੁਮੁੱਲੀਆਂ ਵਸਤਾਂ ਵੀ ਵੰਡੀਆਂ। ਜੀਵਨ ਦਾਤੀ ਪੌਣ ਦੀ ਸੰਜੀਵਨੀ ਬੂਟੀ ਵੀ ਇਨ੍ਹਾਂ ਰੁੱਖਾਂ ਵਿੱਚ ਹੀ ਸਮਾਈ ਹੋਈ ਹੈ। ਹੋਰ ਤਾਂ ਹੋਰ ਸਾਡੇ ਸਭਿਆਚਾਰ ਦੇ ਸ਼ਿੰਗਾਰ ਸਾਧਨ ਵੀ ਇਨ੍ਹਾਂ ਰੁੱਖਾਂ ਦੇ ਪੱਤਰੀਂ ਪਰੋਏ ਮਿਲਦੇ ਹਨ। ਪੰਜਾਬ ਦੀ ‘ਸੁਹਾਗ ਪਿਟਾਰੀ’ ਦਾ ਅੰਗ ਚੰਦਨ, ਦੰਦਾਸਾ ਅਤੇ ਮਹਿੰਦੀ ਵੀ ਰੁੱਖਾਂ ਦੀ ਦੇਣ ਹਨ। ਕਦੇ ਰੁੱਖ ਮਨੁੱਖ ਲਈ ਕੜਕਦੀ ਧੁੱਪ ਤੇ ਬਰਫੀਲੇ ਝੱਖੜ ਸਹਿੰਦੇ ਨੇ ਤਾਂ ਕਦੇ ਇਨ੍ਹਾਂ ਦੇ ਪੱਤੇ ਕੂੰਡੇ ਘੋਟਣੇ ਦੀ ਮਾਰ ਸਹਿ ਕੇ ਮੁਟਿਆਰਾਂ ਦੀਆਂ ਤਲੀਆਂ ਦਾ ਸ਼ਿੰਗਾਰ ਬਣਦੇ ਨੇ, ਜਿਸ ਦੀ ਤਾਈਦ ਇੱਕ ਲੋਕ ਬੋਲੀ ਇੰਜ ਕਰਦੀ ਹੈ:
ਮਹਿੰਦੀ! ਮਹਿੰਦੀ! ਹਰ ਕੋਈ ਕਹਿੰਦਾ,
ਮਹਿੰਦੀ ਬਾਗ ਵਿੱਚ ਰਹਿੰਦੀ।
ਹੇਠਾਂ ਕੂੰਡਾ ਉਤੇ ਘੋਟਣਾ, ਚੋਟ ਦੋਵਾਂ ਦੀ ਸਹਿੰਦੀ।
ਘੋਟ-ਘੋਟ ਮੈਂ ਹੱਥਾਂ ‘ਤੇ ਲਾਈ, ਬੱਤੀਆਂ ਬਣ-ਬਣ ਲਹਿੰਦੀ।
ਬੋਲ ਸ਼ਰੀਕਾਂ ਦੇ, ਮੈਂ ਨਾ ਬਾਬਲਾ ਸਹਿੰਦੀ।
ਰੁੱਖਾਂ ਦੇ ਅਪਜਹੇ ਤਿਆਗੀ ਸੁਭਾਅ ਨੂੰ ਵੇਖ ਕੇ ਹੀ ਤਾਂ ਬਾਬਾ ਫਰੀਦ ਜੀ ਨੇ ਮਨੁੱਖ ਨੂੰ ‘ਰੁੱਖਾਂ’ ਦੀ ਜ਼ੀਰਾਂਦ’ ਸਹਿਣਸ਼ੀਲਤਾ ਦੀ ਹੱਦ ਦਾ ਰਹੱਸ ਸਮਝਾਇਆ ਸੀ। ਮਹਿੰਦੀ ਨੂੰ ਰੁੱਖ ਜਾਂ ਦਰੱਖਤ ਨਾ ਕਹਿ ਕੇ ‘ਮਹਿੰਦੀ ਦਾ ਬੂਟਾ’ ਹੀ ਕਿਹਾ ਜਾਂਦਾ ਹੈ। ਇਸ ਦੀ ਉਚਾਈ ਮਸਾਂ 7-8 ਫੁੱਟ ਹੁੰਦੀ ਹੈ। ਇਹ ਅਨਾਰ ਦੇ ਬੂਟੇ ਵਰਗਾ ਝਾੜੀਨੁਮਾ ਬੂਟਾ ਹੁੰਦਾ ਹੈ। ਇਸ ਬੂਟੇ ਦੀ ਮਹਾਨਤਾ ਇਸ ਦੇ ਪੱਤਿਆਂ ਦੀ ਰੰਗਤ ਕਰਕੇ ਹੈ। ਇਸ ਦੇ ਹਰੇ ਪੱਤਿਆਂ ਨੂੰ ਤੋੜ ਕੇ ਪੀਸ ਕੇ ਚੂਰਨ ਬਣਾ ਲਿਆ ਜਾਂਦਾ ਹੈ। ਫਿਰ ਇਸ ਵਿੱਚ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਕੇ ਮਹਿੰਦੀ ਲਾਈ ਜਾਂਦੀ ਹੈ।
ਪੁਰਾਣੇ ਸਮਿਆਂ ਵਿੱਚ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਮਹਿੰਦੀ ਦੇ ਬੂਟੇ ਜ਼ਰੂਰ ਲੱਗੇ ਹੁੰਦੇ ਹਨ। ਘਰਾਂ ਵਿੱਚ ਸੁਆਣੀਆਂ ਪੀਸੀ ਹੋਈ ਮਹਿੰਦੀ ਦੇ ਕੁੱਜੇ ਭਰ ਕੇ ਸੰਦੂਕਾਂ ਹੇਠਾਂ ਰੱਖ ਦਿੰਦੀਆਂ ਸਨ, ਜਿਸ ਨੂੰ ਵਿਆਹਾਂ-ਸ਼ਾਦੀਆਂ, ਮੇਲਿਆਂ, ਤਿਉਹਾਰਾਂ ਮੌਕੇ ਕੱਢ ਕੇ ਪਰਾਤ ਵਰਗੇ ਖੁੱਲ੍ਹੇ ਬਰਤਨ ਵਿੱਚ ਭਿਉਂ ਦਿੱਤਾ ਜਾਂਦਾ ਸੀ। ਮਿੱਟੀ ਦੇ ਬਰਤਨ ਵਿੱਚੋਂ ਕੱਢ ਕੇ ਘੋਲੀ ਮਹਿੰਦੀ ਇੱਕ ਅਨੂਠੀ ਮਹਿੰਦੀ ਦਿੰਦੀ ਸੀ, ਜਿਸ ਨਾਲ ਸਾਰਾ ਮਾਹੌਲ ਨਸ਼ਿਆ ਜਾਂਦਾ ਸੀ। ਇਸ ਮਹਿਕ ਨਾਲ ਵਿਆਹ-ਸ਼ਾਦੀਆਂ ਦਾ ਸਰੂਰ ਦੂਣਾ ਹੋ ਜਾਂਦਾ ਸੀ।
ਅਰਬ ਦੇਸ਼ ਤੋਂ ਅਰਬੀਆਂ ਨਾਲ ਆਈ ਇਹ ਮਹਿੰਦੀ ਪੰਜਾਬੀ ਸਭਿਆਚਾਰ ਵਿੱਚ ਏਨਾ ਘੁਲ-ਮਿਲ ਗਈ ਕਿ ਇਸ ਨੂੰ ਵੱਖ ਕਰਨਾ ਸੰਭਵ ਨਹੀਂ। ਰੰਗਲੀ ਮਹਿੰਦੀ ਪੰਜਾਬੀ ਸਭਿਆਚਾਰ ਦੇ ਰਸਮਾਂ-ਰਿਵਾਜਾਂ, ਮੇਲਿਆਂ, ਤਿਉਹਾਰਾਂ, ਤੀਆਂ-ਤਿ੍ਰੰਞਣਾਂ ਅਤੇ ਵਿਆਹ-ਸ਼ਾਦੀਆਂ ਦੀ ਰੰਗਤ ਬਣ ਗਈ। ਮਹਿੰਦੀ ਦੀ ਤਾਸੀਰ ਠੰਢੀ ਮੰਨੀ ਗਈ ਹੈ। ਇਸ ਕਰ ਕੇ ਤਲੀਆਂ ਦੀ ਜਲਣ ਤੋਂ ਵੀ ਮਹਿੰਦੀ ਦਵਾ ਸਮਝ ਕੇ ਵਰਤੀ ਜਾਂਦੀ ਹੈ। ਸਿਰ ਵਿੱਚੋਂ ਚਿੱਟੀਆਂ ਤਾਰਾਂ ਚਮਕਣ ਲੱਗ ਜਾਣ ‘ਤੇ ਵੀ ਮਹਿੰਦੀ ਦਾ ਪਰਦਾ ਕਰ ਲਿਆ ਜਾਂਦਾ ਹੈ। ਸ਼ਾਇਦ ਇਨ੍ਹਾਂ ਗੁਣਾਂ ਕਰ ਕੇ ਹੀ ਕੋਈ ਨਿਆਣੀ ਧੀ ਮਾਂ ਨੂੰ ਮਹਿੰਦੀ ਲੈ ਕੇ ਦੇਣ ਦਾ ਇੰਜ ਤਰਲਾ ਕਰਦੀ ਹੈ:
ਨੀਂ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ।
ਵਿਆਹ-ਸਾਹਿਆਂ ਸਮੇਂ ਸ਼ਰੀਕੇ-ਕਬੀਲੇ ਅਤੇ ਆਂਢ-ਗੁਆਂਢ ਦੀਆਂ ਔਰਤਾਂ ਪਰਾਤ ਵਿੱਚ ਘੋਲੀ ਹੋਈ ਮਹਿੰਦੀ ਦੇ ਦੁਆਲੇ ਘੇਰਾ ਘੱਤ ਕੇ ਭੁੰਜੇ ਦਰੀ ‘ਤੇ ਬੈਠ ਜਾਂਦੀਆਂ, ਵਿਚਕਾਰ ਲੱਕੜ ਦੀ ਚੌਂਕੀ (ਫੱਟਾ) ‘ਤੇ ਵਿਆਂਹਦੜ ਕੁੜੀ ਜਾਂ ਮੁੰਡੇ ਨੂੰ ਬਿਠਾਇਆ ਜਾਂਦਾ। ਫਿਰ ਲੰਮੇ ਹੇਕਾਂ ਵਾਲੇ ਗੀਤਾਂ ਦੀਆਂ ਮਧੁਰ ਸੁਰਾਂ ਵਿੱਚ ਮਹਿੰਦੀ ਲਾਈ ਜਾਂਦੀ। ਸੱਭੇ ਸੁਆਣੀਆਂ ਤੇ ਕੁੜੀਆਂ-ਚਿੜੀਆਂ ਇੱਕ-ਦੂਜੀ ਦੇ ਮਹਿੰਦੀ ਲਾਉਂਦੀਆਂ ਤੇ ਗੀਤ ਗਾਉਂਦੀਆਂ। ਵਿਆਹ ਵਾਲੀ ਕੁੜੀ ਜਾਂ ਮੁੰਡੇ ਦੀ ਮਾਂ, ਭੈਣ, ਭਰਜਾਈ ਨੂੰ ਸੰਬੋਧਨ ਕਰਦੀਆਂ ਕੁੜੀਆਂ ਗਾਉਂਦੀਆਂ:
ਉਪਰ ਚੁਬਾਰੇ ਤੈਨੂੰ ਸੱਦ ਹੋਈ, ਸਾਲੂ ਵਾਲੀਏ ਨੀਂ,
ਆ ਕੇ ਤਾਂ ਮਹਿੰਦੀ ਨੀਂ ਲਵਾ, ਦਿਲਾਂ ਵਿੱਚ ਵਸ ਰਹੀਏ ਨੀਂ…
ਕੁੜੀ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਸੁਹਾਗ ਦੇ ਗੀਤਾਂ ਵਿੱਚ ਵਟ ਜਾਂਦਾ ਹੈ। ਜਿਵੇਂ:
ਰੰਗ ਚੜ੍ਹਿਆ ਭੈਣੋ, ਏਸ ਮਹਿੰਦੀ ਦੇ ਸਿਖਰੇ ਨੀਂ,
ਬਾਬਲ ਨਿਵਿਆਂ ਭੈਣੋ, ਧੀਆਂ ਦੇ ਫਿਕਰੇ ਨੀਂ।
ਧੀਆਂ-ਧਿਆਣੀਆਂ ਦੇ ਵਿਆਹ ਸਮੇਂ ਬਿਰਹਾ ਵਿਛੋੜੇ ਦੇ ਗੀਤ ਮਾਹੌਲ ਨੂੰ ਵੈਰਾਗੀ ਕਰ ਦਿੰਦੇ ਤਾਂ ਸਖੀਆਂ ਸਹੇਲੀਆਂ ਦੇ ਨੇਤਰ ਨਮ ਹੋ ਜਾਂਦੇ। ਉਨ੍ਹਾਂ ਨੂੰ ਜਾਪਦਾ ਕਿ ਵਿਛੜ ਰਹੀ ਸਹੇਲੀ ਦੇ ਵਿਛੋੜੇ ਵਿੱਚ ਮਹਿੰਦੀ ਦਾ ਰੰਗ ਵੀ ਉਦਾਸ ਹੋ ਗਿਆ ਹੈ। ਜਿਵੇਂ:
ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ ਨੀਂ,
ਮਹਿੰਦੀ ਦਾ ਰੰਗ ਉਦਾਸ।
ਖੂਨੀ ਨੈਣ ਜਲ ਨੀਂ ਭਰੇ…।
ਮੁੰਡੇ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਘੋੜੀਆਂ ਵਿੱਚ ਬਦਲ ਜਾਂਦਾ। ਭੈਣਾਂ ਵੀਰ ਦੇ ਮਹਿੰਦੀ ਲਾਉਂਦੀਆਂ ਗਾਉਂਦੀਆਂ:
ਲਾਓ ਨੀਂ ਏਹਨੂੰ ਸ਼ਗਨਾਂ ਦੀ ਮਹਿੰਦੀ,
ਮਹਿੰਦੀ ਦਾ ਰੰਗ ਸੂਹਾ ਲਾਲ।
ਮੇਰੇ ਵੀਰਨ ਦੇ ਮੱਥੇ ‘ਤੇ ਚਮਕਣ ਵਾਲ।
ਵਿਆਹ ਵਿੱਚ ਕੜਾਹੀ ਵਾਲੇ ਦਿਨ ‘ਲੱਡੂ ਵੱਟਣ’ ਵੇਲੇ ਵੀ ਮੇਲਣਾਂ ਦੇ ਮਹਿੰਦੀ ਰੱਤੇ ਹੱਥ ਬੜੇ ਸੋਹਣੇ ਲੱਗਦੇ। ਸਾਲ ਵਿੱਚ ਤੀਜ ਦੀਆਂ ਤੀਆਂ, ਕਰਵਾ ਚੌਥ, ਈਦ, ਦੀਵਾਲੀ, ਦੁਸਹਿਰਾ, ਸਾਂਝੀ ਮਾਈ ਵਰਗੇ ਤਿਉਹਾਰਾਂ ਨੂੰ ਮਹਿੰਦੀ ਲੱਗਦੀ ਹੈ। ਦਿਨ-ਤਿਉਹਾਰ ਭਾਵੇਂ ਬਦਲ-ਬਦਲ ਆਉਂਦੇ ਰਹਿੰਦੇ, ਪਰ ਮਹਿੰਦੀ ਦਾ ਨਮੂਨਾ ਨਾ ਬਦਲਦਾ। ਇੱਕ ਦੂਜੀ ਦੇ ਮਹਿੰਦੀ ਲਾਉਣ ਲਈ ਔਰਤਾਂ ਇਸ਼ਾਰਾ ਉਂਗਲ ਦੇ ਪੋਟੇ ਨਾਲ ਮਹਿੰਦੀ ਲਾਉਂਦੀਆਂ ਸਨ। ਉਹ ਘੋਲੀ ਹੋਈ ਮਹਿੰਦੀ ਵਿੱਚੋਂ ਉਂਗਲ ਨਾਲ ਪਹਿਲਾਂ ਹੱਥ ਦੀ ਤਲੀ ਦੇ ਵਿਚਕਾਰ ਇੱਕ ਰੁਪਏ ਦੇ ਸਿੱਕੇ ਜਿੱਡਾ ਗੋਲ ਟਿੱਕਾ ਲਾਉਂਦੀਆਂ ਤੇ ਫਿਰ ਉਸ ਦੇ ਦੁਆਲੇ ਮੱਥੇ ਦੀ ਬਿੰਦੀ ਜਿੱਡੇ ਨਿੱਕੇ-ਨਿੱਕੇ ਗੋਲ ਟਿਮਕਣੇ ਉਂਗਲ ਨਾਲ ਹੀ ਲਾਏ ਜਾਂਦੇ ਸਨ। ਫਿਰ ਪੰਜੇ ਉਂਗਲਾਂ ਦੇ ਅਗਲੇ ਪੋਟਿਆਂ ਨੂੰ ਨਹੁੰਆਂ ਸਮੇਤ ਮਹਿੰਦੀ ਨਾਲ ਪੂਰਾ ਕੱਜ ਦਿੱਤਾ ਜਾਂਦਾ ਸੀ। ਉਂਗਲਾਂ ਦੇ ਬਾਕੀ ਦੋਵਾਂ ਫੁੱਲਾਂ ‘ਤੇ ਇੱਕ-ਇੱਕ ਬਿੰਦੀ ਲਾਈ ਜਾਂਦੀ ਸੀ। ਹੱਥ ਦੇ ਪੁੱਠੇ ਪਾਸੇ ਗੰਢਾਂ ਉਪਰ ਵੀ ਮਹਿੰਦੀ ਲਾ ਦਿੱਤੀ ਜਾਂਦੀ ਸੀ। ਮਹਿੰਦੀ ਦਾ ਇਹ ਨਮੂਨਾ ਪੰਜਾਬੀ ਸਭਿਆਚਾਰ ਦਾ ਰਵਾਇਤੀ ਨਮੂਨਾ ਕਿਹਾ ਜਾ ਸਕਦਾ ਹੈ। ਇਸ ਦੇ ਲਈ ਕਿਸੇ ਖਾਸ ਸਿਖਲਾਈ ਦੀ ਲੋੜ ਨਹੀਂ ਸੀ ਹੁੰਦੀ ਹੈ। ਇਹ ਤਾਂ ਪੰਜਾਬਣਾਂ ਦੇ ਚਿੱਤ-ਚੇਤਿਆਂ ਵਿੱਚ ਹੀ ਚਿਤਰਿਆ ਹੋਇਆ ਸੀ। ਇਹ ਨਮੂਨਾ ਵੇਖਣ ਨੂੰ ਭਾਵੇਂ ਸਿੱਧਾ-ਸਾਧਾ ਲੱਗਦਾ ਸੀ, ਪਰ ਇਸ ਦੀਆਂ ਬਾਰੀਕ ਤੰਦਾਂ ਮੋਹ-ਮੁਹੱਬਤ ਨਾਲ ਜੁੜੀਆਂ ਹੋਈਆਂ ਸਨ। ਇੱਕ-ਦੂਜੀ ਦਾ ਹੱਥ ਫੜ ਕੇ ਸਭਿਆਚਾਰਕ ਗੀਤ ਗਾਉਂਦੀਆਂ ਮਹਿੰਦੀ ਲਾਉਂਦੀਆਂ ਔਰਤਾਂ ਵਿੱਚ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ।
ਅੱਜ-ਕੱਲ੍ਹ ਦੇ ਤਰ੍ਹਾਂ-ਤਰ੍ਹਾਂ ਦੇ ਬਾਜ਼ਾਰੀ ਨਮੂਨਿਆਂ, ਕੀਪਾਂ, ਠੱਪਿਆਂ ਵਿੱਚੋਂ ਅਜਿਹੀ ਮਹਿਕ ਨਹੀਂ ਆ ਸਕਦੀ। ਤਲੀਆਂ ਦੀ ਹੱਦ ਟੱਪ ਕੇ ਲੱਤਾਂ-ਬਾਹਾਂ ‘ਤੇ ਲਾਈ ਮਹਿੰਦੀ ਵੀ ਇਸ ਦੀ ਕਦੇ ਰੀਸ ਨਹੀਂ ਕਰ ਸਕਦੀ। ਪੰਜਾਬੀ ਰਸਮਾਂ-ਰਿਵਾਜਾਂ ਵਿੱਚ ਮਹਿੰਦੀ ਸ਼ਗਨ ਰੋਕ ਤੋਂ ਲੈ ਕੇ ਟੂਣੇ-ਟਾਮਣਾ ਵਿੱਚ ਸ਼ਾਮਲ ਰਹੀ ਹੈ। ਪੇਕਿਆਂ ਵੱਲੋਂ ਸਹੁਰੇ ਵਸਦੀ ਧੀ ਲਈ ਭੇਜੇ ਜਾਂਦੇ ਸੰਧਾਰੇ ਵਿੱਚ ਵੀ ਮਹਿੰਦੀ ਦਾ ਸਥਾਨ ਰਾਖਵਾਂ ਹੁੰਦਾ ਸੀ। ਪੇਕੇ ਗਈ (ਤੀਆਂ ਵੇਲੇ ਜਾਂ ਮੰਗਣੀ ਪਿੱਛੋਂ) ਧੀ-ਨੂੰਹ ਲਈ ਸਹੁਰਿਆਂ ਵੱਲੋਂ ਭੇਜੀ ਜਾਂਦੀ ਸਰਘੀ ਵਿੱਚ ਵੀ ਸੁਹਾਗ ਦੀ ਨਿਸ਼ਾਨੀ ਮਹਿੰਦੀ ਜ਼ਰੂਰ ਰੱਖੀ ਜਾਂਦੀ ਸੀ। ਮਹਿੰਦੀ ਦੀ ਇੰਨੀ ਵਿਸ਼ੇਸ਼ਤਾ ਕਰ ਕੇ ਹੀ ਮਹਿੰਦੀ ਡੇਰਿਆਂ ਖੂਹਾਂ ‘ਤੇ ਜ਼ਰੂਰ ਬੀਜੀ ਜਾਂਦੀ ਸੀ ਜਿਵੇਂ ਕੁੜੀਆਂ ਗਾਉਂਦੀਆਂ ਕਹਿੰਦੀਆਂ ਨੇ:
ਮਾਏ ਨੀਂ ਮਾਏ ਮਹਿੰਦੜ ਮੈਂ ਬੀਜਿਆ,
ਨੀਂ ਝੰਗ ਸਿਆਲਾਂ ਦੇ ਖੂਹ ‘ਤੇ।
ਮਹਿੰਦੀ ਦਾ ਦੂਜਾ ਨਾਂ ਮਹਿੰਦੜ ਵੀ ਹੈ, ਪਰ ਕਈ ਵਾਰ ਆਸਾਂ, ਉਮੀਦਾਂ ਨਾਲ ਮਹਿੰਦੀ ਦਾ ਬੂਟਾ ਲਾਉਣ ਵਾਲੀ ਮੁਟਿਆਰ ਨੂੰ ਵੈਲੀ ਐਬੀ ਪਤੀ ਮਿਲ ਜਾਂਦਾ ਤਾਂ ਉਹ ਐਸੇ ਪਤੀ ਤੋਂ ਨਿਜਾਤ ਪਾਉਣ ਲਈ ਮਹਿੰਦੀ ਦਾ ਵਾਸਤਾ ਪਾਉਂਦੀ ਕਹਿੰਦੀ ਹੈ:
ਬੀਬਾ ਵੇ ਬਾਗ ਲਗਵਾਉਨੀਆਂ ਵਿੱਚ ਮਹਿੰਦੀ।
ਢੋਲੇ ਸ਼ਰਾਬੀ ਦੇ ਮੈਂ ਨਾ ਰਹਿੰਦੀ।
ਤੀਆਂ ਗਿੱਧਿਆਂ ਦੇ ਪਿੜ੍ਹਾਂ ਵਿੱਚ ਵੀ ਪੰਜਾਬਣਾਂ ਦੇ ਮਹਿੰਦੀ ਰੱਤੇ ਹੱਥਾਂ ਦੀ ਤਾੜੀ ਤੇ ਲਾਲ ਸੂਹੀਆਂ ਅੱਡੀਆਂ ਦੀ ਧਮਕ-ਧਮਾਲਾਂ ਪਾਉਂਦੀ ਰਹੀ ਹੈ। ਤਲੀਆਂ ‘ਤੇ ਜ਼ਿਆਦਾ ਮਹਿੰਦੀ ਚੜ੍ਹਨ ਵਾਲੀ ਕੁੜੀ ਨੂੰ ਕੁੜੀਆਂ ‘ਸੱਸ ਨੂੰ ਪਿਆਰੀ’ ਹੋਣ ਦਾ ਖਿਤਾਬ ਵੀ ਦਿੰਦੀਆਂ ਰਹੀਆਂ। ਸਾਵਣ ਮਹੀਨਾ ਮਾਣਨ ਪੇਕੇ ਆਈਆਂ ਮੁਟਿਆਰਾਂ ਮਹਿੰਦੀ ਦੇ ਲਾਲ ਸੂਹੇ ਰੰਗਾਂ ਵਿੱਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿੱਚ ਚੀਚ ਵਹੁਟੀਆਂ ਬਣ-ਬਣ ਨਿੱਤਰਦੀਆਂ ਜਿਵੇਂ:
ਬਾਗੀਂ ਫੇਰਾ ਪਾ ਗਈ ਨੀਂ ਗੋਰੀ ਤਿਤਲੀ ਬਣ ਕੇ,
ਹੱਥੀਂ ਤਾਂ ਮਹਿੰਦੀ ਰੰਗਲੀ ਨੀਂ, ਬਾਹੀਂ ਚੂੜਾ ਛਣਕੇ।
ਜੇ ਕਿਸੇ ਮੁਟਿਆਰ ਦੇ ਅੜਬ ਸਹੁਰੇ ਉਸ ਨੂੰ ਤੀਆਂ ਨੂੰ ਪੇਕੇ ਨਾ ਤੋਰਦੇ ਤਾਂ ਉਸ ਨੂੰ ਘਰ ਬੈਠੀ ਨੂੰ ਹੀ ਇਹ ਤਿਉਹਾਰ ਮਨਾਉਣਾ ਪੈਂਦਾ, ਪਰ ਸਖੀਆਂ ਸਹੇਲੀਆਂ ਤੋਂ ਬਿਨਾਂ ਉਸ ਦਾ ਮਹਿੰਦੀ ਲਾਉਣ ਨੂੰ ਚਿੱਤ ਨਾ ਕਰਦਾ। ਜੇ ਉਸ ਦੀ ਨਨਾਣ ਹੱਥ ਫੜ ਕੇ ਉਸ ਦੇ ਮਹਿੰਦੀ ਲਾ ਵੀ ਦਿੰਦੀ ਤਾਂ ਉਸ ਨੂੰ ਇਹ ਮਹਿੰਦੀ ਭੋਰਾ ਵੀ ਪਸੰਦ ਨਾ ਆਉਂਦੀ ਤੇ ਉਹ ਕਹਿ ਉਠਦੀ:
ਮਹਿੰਦੀ ਵਾਲੇ ਹੱਥ ਰੁੱਸ ਗਏ, ਜਦੋਂ ਘੋਲ ਕੇ ਨਨਾਣ ਨੇ ਲਾਈ।
ਫਿੱਕਾ-ਫਿੱਕਾ ਰੰਗ ਚੜ੍ਹਿਆ, ਬੂਟੀ ਇੱਕ ਨਾ ਸਵਾਦ ਦੀ ਪਾਈ।
ਜੇ ਹਾਣ-ਪ੍ਰਵਾਨ ਦਾ ਵਰ ਕਿਸੇ ਮੁਟਿਆਰ ਨੂੰ ਨਾ ਮਿਲਦਾ ਤਾਂ ਵੀ ਉਸ ਦਾ ਮਹਿੰਦੀ ਲਾਉਣ ਦਾ ਚਾਅ ਅਧੂਰਾ ਰਹਿ ਜਾਂਦਾ। ਬੁੱਢੇ ਵਰ ਨਾਲ ਪਰਨਾਈ ਜਾਣ ਵਾਲੀ ਮੁਟਿਆਰ ਮਹਿੰਦੀ ਨਾ ਲਾਉਣ ਦਾ ਰੁਦਨ ਇਸ ਤਰ੍ਹਾਂ ਕਰਦੀ ਹੈ:
ਬੁੱਢੜੇ ਨਾਲ ਮੇਰਾ ਵਿਆਹ ਧਰ ਦਿੱਤਾ, ਮੈਂ ਰੋਟੀ ਨਾ ਖਾਵਾਂ।
ਸਖੀਆਂ ਆਖਣ ਮਹਿੰਦੀ ਲਾ ਲੈ, ਮੈਂ ਮਹਿੰਦੀ ਨਾ ਲਾਵਾਂ।
ਸੁੱਤੀ ਪਈ ਦੇ ਲਾ’ਤੀ ਮਹਿੰਦੀ, ਕੌਲਿਆਂ ਨਾਲ ਘਸਾਵਾਂ।
ਵੀਰਾਂ ਦੇ ਹਲ ਵਗਦੇ, ਰੋਂਦੀ ਕੋਲ ਦੀ ਜਾਵਾਂ।
ਮਹਿੰਦੀ ਘਰ ਦੀ ਬਗੀਚੀ ਦਾ ਸ਼ਿੰਗਾਰ ਬਣ ਕੇ ਸਾਡੇ ਰਿਸ਼ਤਿਆਂ ਵਿੱਚ ਵੀ ਮਿਠਾਸ ਘੋਲਦੀ ਰਹਿੰਦੀ ਹੈ। ਦਿਓਰ-ਭਰਜਾਈ ਦਾ ਲਾਇਆ ਮਹਿੰਦੀ ਦਾ ਬੂਟਾ ਜਦੋਂ ਜ਼ਰਾ ਕੁ ਮੁਰਝਾਉਂਦਾ ਹੈ ਤਾਂ ਦਿਓਰ-ਭਾਬੀ ਨੂੰ ਮਹਿੰਦੀ ਦੇ ਬੂਟੇ ‘ਤੇ ਪਾਣੀ ਛਿੜਕਣ ਦੀ ਹਦਾਇਤ ਕਰਦਾ ਹੈ, ਪਰ ਕਦੇ-ਕਦੇ ਭਾਬੀ-ਦਿਓਰ ਦੇ ਕਿਸੇ ਹੁਕਮ ਦੀ ਉਲੰਘਣਾ ਵੀ ਕਰ ਦਿੰਦੀ ਹੈ ਜਿੱਥੇ ਉਸ ਦੇ ਸ਼ਿੰਗਾਰ ਨੂੰ ਫਰਕ ਪੈਂਦਾ ਹੋਵੇ ਜਿਵੇਂ ਕਿ:
ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ ਵੇ।
ਤੇਰੇ ਬਾਜਰੇ ਦੀ ਰਾਖੀ, ਵੇ ਦਿਓਰਾ ਮੈਂ ਨਾ ਬਹਿੰਦੀ ਵੇ।
ਮਹਿੰਦੀ ਰੱਤੜੇ ਹੱਥਾਂ ਵਿੱਚ ਛੱਲੇ ਮੁੰਦੀਆਂ ਪਾ ਕੇ ਮੇਲੇ ਜਾਣ ਵਾਲੀਆਂ ਸ਼ੌਕੀਨਣਾਂ ਦੀਆਂ ਗੱਲਾਂ ਵੀ ਮੇਲਿਆਂ ਵਿੱਚ ਹੁੰਦੀਆਂ ਰਹਿੰਦੀਆਂ ਜੋ ਚੋਰੀ-ਚੋਰੀ ਨੰਦ ਲਾਲ ਨੂਰਪੁਰੀ ਵਰਗੇ ਕਵੀਆਂ ਨੇ ਵੀ ਸੁਣ ਲਈਆਂ:
ਮਹਿੰਦੀ ਵਾਲੇ ਹੱਥਾਂ ਵਿੱਚ ਛੱਲੇ ਮੁੰਦੀਆਂ,
ਤੇਰੀਆਂ ਨੀਂ ਗੱਲਾਂ ਮੇਲਿਆਂ ‘ਚ ਹੁੰਦੀਆਂ।
ਕੀਮਾ-ਮਲਕੀ ਲੋਕ ਗਾਥਾ ਵਿੱਚ ਵੀ ਖੂਹ ‘ਤੇ ਪਾਣੀ ਭਰ ਰਹੀ ਮਲਕੀ ਨੂੰ ਜਦੋਂ ਕੀਮਾ ਚੱਪੇ ਨਾਲ ਪਾਣੀ ਪਿਲਾਉਣ ਲਈ ਕਹਿੰਦਾ ਹੈ ਤਾਂ ਉਸ ਨੂੰ ਮਲਕੀ ਦੇ ਮਹਿੰਦੀ ਰੰਗੇ ਹੱਥ ਨਜ਼ਰੀ ਪੈਂਦੇ ਹਨ। ਉਹ ਸੋਚਦਾ ਹੈ ਕਿ ਇਨ੍ਹਾਂ ਹੱਥਾਂ ਵਿੱਚ ਪਾਣੀ ਕਿਧਰੇ ਕੁਝ ਹੋਰ ਹੀ ਨਾ ਬਣ ਜਾਵੇ, ਕਿਸੇ ਕਵੀ ਦੀ ਕਲਪਨਾ ਹੈ:
ਪਾਣੀ ਲਾਲ ਸ਼ਰਾਬ ਬਣ ਗਿਆ ਜਾਪੇ ਪਰੀਏ ਨੀਂ,
ਤੇਰੀ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰ ਕੇ।
ਸੱਸੀ-ਪੁੰਨੂ ਦੀ ਪ੍ਰੀਤ ਗਾਥਾ ਵਿੱਚ ਸੱਸੀ ਦੇ ਮਹਿੰਦੀ ਚਿੱਤਰੇ ਪੈਰ ਡਾਚੀ ਦੀ ਪੈੜ ਲੱਭਦੇ-ਲੱਭਦੇ ਥਲਾਂ ਵਿੱਚ ਭੁੱਜ ਜਾਂਦੇ ਹਨ। ਕਵੀ ਮਹਿੰਦੀ ਰੰਗਲੇ ਨਾਜ਼ੁਕ ਪੈਰਾਂ ਦੀ ਵੇਦਨਾ ਇਸ ਤਰ੍ਹਾਂ ਪ੍ਰਗਟ ਕਰਦਾ ਹੈ:
ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ,
ਬਾਲੂ ਰੇਤ ਤਪੇ ਵਿੱਚ ਥਲ ਦੇ ਜਿਉਂ ਜੌਂ ਭੁੰਨਣ ਭਟਿਆਰੇ।
ਮਹਿੰਦੀ ਪੰਜਾਬੀ ਲੋਕ ਯਾਨ ਦੇ ਕਣ-ਕਣ ਵਿੱਚ ਸਮਾਈ ਹੋਈ ਹੈ। ਮਹਿੰਦੀ ਰਸਮਾਂ-ਰਿਵਾਜਾਂ, ਲੋਕ ਵਿਸ਼ਵਾਸਾਂ, ਸਾਹਿਤਕ ਵੰਨਗੀਆਂ, ਗਾਥਾ ਕਹਾਣੀਆਂ ਮੇਲਿਆਂ-ਤਿਉਹਾਰਾਂ ‘ਤੇ ਆਪਣੀ ਰੰਗਤ ਬਿਖੇਰਦੀ ਰਹੀ ਹੈ, ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰੰਗਲੀ ਮਹਿੰਦੀ ਦੀ ਵੀ ਸੌਦੇਬਾਜ਼ੀ ਹੋ ਰਹੀ ਹੈ। ਸਾਡੇ ਸਭਿਆਚਾਰ ਦੇ ਸਭ ਰਸਮ-ਰਿਵਾਜ ਪੈਸੇ ਦੀ ਭੇਟ ਚੜ੍ਹ ਗਏ ਹਨ। ਬਿਊਟੀ ਪਾਰਲਰਾਂ ਵਿੱਚ ਮਹਿੰਦੀ ਦੀ ਵੀ ਮਾਨੋ ਬੋਲੀ ਲੱਗਦੀ ਹੈ। ਕਿੰਨਾ ਚੰਗਾ ਹੋਵੇ ਅਸੀਂ ਆਪਣੀਆਂ ਸਭਿਆਚਾਰਕ ਰਸਮਾਂ-ਰੀਤਾਂ ਨੂੰ ਉਸੇ ਰੂਪ ਵਿੱਚ ਹੀ ਮਨਾਈਏ, ਤਾਂ ਜੋ ਮਹਿੰਦੀ ਦੀ ਰੰਗਤ ਵਾਂਗ ਸਾਡੀ ਸਭਿਆਚਾਰ ਦੀ ਰੰਗਤ ਵੀ ਬਰਕਰਾਰ ਰਹਿ ਸਕੇ।

ਮਹਿੰਦੀ ਤੋਂ ਬਿਨਾਂ ਹਰ ਸ਼ਿੰਗਾਰ ਅਧੂਰਾ ਮੰਨਿਆ ਜਾਂਦਾ ਹੈ,ਇਸ ਦੀ ਚਰਚਾ ਗੀਤਾਂ,ਸਮਾਜਿਕ ਕੰਮਾਂਕਾਰਾਂ ਤੇ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ ਹੈ।ਮਹਿੰਦੀ ਖੂਬਸੂਰਤੀ ਲਈ ਹੱਥਾਂ-ਪੈਰਾਂ ‘ਤੇ ਲਗਾਈ ਜਾਂਦੀ ਹੈ,ਜ਼ਿਆਦਾਤਰ ਲੋਕ ਇਸ ਦੇ ਇਨ੍ਹਾਂ ਗੁਣਾਂ ਨੂੰ ਹੀ ਜਾਣਦੇ ਹਨ,ਪ੍ਰੰਤੂ ਇਸ ਦੀ ਇੱਕ ਦਵਾਈ ਦੇ ਤੌਰ ‘ਤੇ ਵੀ ਵਰਤੋਂ ਕੀਤੀ ਜਾਂਦੀ ਹੈ।

ਮਹਿੰਦੀ ਵੀਡਿਓੁ

Tags: ,