ਮਿਰਜ਼ਾ ( Mirza )

ਢਾਡੀ ਰਾਗ ਮਿਰਜ਼ਾ: ਨਿਕਾਸ, ਵਿਕਾਸ ਅਤੇ ਆਸ — ਗੁਰਦੇਵ ਸਿੰਘ ਘਣਗਸ
ਵੀਰਵਾਰ, 04 ਜੁਲਾਈ 2013

ਢੱਡ-ਸਰੰਗੀ ਪੰਜਾਬੀ ਵਿਰਸੇ ਦਾ ਇਕ ਅਨਿੱਖੜਵਾਂ ਅੰਗ ਹੈ। ਸਰੰਗੀ ਸੁਰ ਦੇਣ ਵਾਲਾ ਸਾਜ਼ ਹੈ, ਢੱਡ ਹੈ ਤਾਲ ਦੇਣ ਵਾਲਾ ਸਾਜ਼।ਪੰਜਾਬ ਦੇ ਮਾਲਵੇ ਦੇ ਇਲਾਕੇ ਵਿਚ ਪੁਰਾਣੇ ਸਮਿਆਂ ਵਿਚ (1947 ਦੀ ਆਜ਼ਾਦੀ ਅਤੇ ਵੰਡ ਦੇ ਲਾਗੇ-ਛਾਗੇ) ਵਿਆਹਾਂ ਮੌਕੇ ਕਦੇ ਕਦਾਈਂ ਗੌਣ ਵੀ ਲਗਦੇ ਸਨ, ਜਿੱਥੇ ਢੱਡ ਸਰੰਗੀ ਨਾਲ ਕਿੱਸੇ ਗਾਏ ਜਾਂਦੇ। ਬੱਚਿਆਂ ਨੂੰ ਰਾਗਾਂ ਦੀ ਸਮਝ ਤਾਂ ਉਦੋਂ ਕੀ ਲੱਗਣੀ ਸੀ ਪਰ ਸ਼ਰਾਬ ਨਾਲ ਮਸਤ ਹੁੰਦੇ ਬੁੱਢਿਆਂ ਦੀ ਨੁਹਾਰ ਬਦਲੀ ਹੋਈ ਦਿਸਦੀ ਤੇ ਉਹ ਦਾਹੜੀਆਂ ਵਿਚ ਹੱਥ ਫੇਰਦੇ ਜੇਬਾਂ, ਖੀਸੇ ਫਰੋਲਦੇ ਗਵੱਈਆਂ ਨੂੰ ਨੋਟ ਖੁਦ ਫੜਾਈ ਜਾਂਦੇ ਜਾਂ ਬੱਚਿਆਂ ਨੂੰ ਫੜਾ ਕੇ ਢਾਡੀਆਂ ਤੱਕ ਪਹੁੰਚਾਈ ਜਾਂਦੇ। ਕੁੜੀਆਂ ਲਈ ਇਹ ਅਖਾੜੇ ਵਰਜਿਤ ਸਨ ਤੇ ਸ਼ਰਾਬ ਦੀ ਵਰਤੋਂ ਹੋਣ ਕਰਕੇ ਬਹੁਤੇ ਪਰਿਵਾਰਾਂ ਦੇ ਮੁੰਡੇ ਵੀ ਪਰੇ ਹੀ ਰੱਖੇ ਜਾਂਦੇ। ਮੇਰਾ ਪਰਿਵਾਰ ਵੀ ਸਖਤ ਸੀ ਪਰ ਵਿਆਹਾਂ ਮੌਕੇ ਉਹ ਵੀ ਬਹੁਤਾ ਧਿਆਨ ਨਹੀਂ ਸੀ ਦਿੰਦੇ। ਛਪਾਰ ਵਰਗੇ ਮੇਲਿਆਂ ਤੇ ਵੀ ਢਾਡੀਆਂ ਦੇ ਅਖਾੜੇ ਲਗਦੇ ਪਰ ਮੇਲਿਆਂ ਵਿੱਚ ਬੱਚਿਆਂ ਦੇ ਦੇਖਣ ਅਤੇ ਖਾਣ-ਪੀਣ ਲਈ ਹੋਰ ਵੀ ਬਥੇਰਾ ਕੁਝ ਹੁੰਦਾ ਸੀ। ਵਿਆਹਾਂ ਵਿੱਚ ‘ਰਕਾਟਾਂ ਵਾਲੇ ਤਵਿਆਂ’ ਰਾਹੀਂ ਢੱਡ-ਸਰੰਗੀ ਦੀ ਆਵਾਜ਼ ਲਾਊਡ-ਸਪੀਕਰਾਂ ਰਾਹੀਂ ਪਿੰਡ ਦੇ ਕੋਨੇ ਕੋਨੇ ਵਿੱਚ ਗੂੰਜਦੀ ਰਹਿੰਦੀ। ਇਸ ਕਰਕੇ ਮੇਰੇ ’ਤੇ ਢੱਡ-ਸਰੰਗੀ ਦਾ ਅਸਰ ਬਚਪਨ ਤੋਂ ਹੈ, ਪਰ ਸਿੱਖਣ ਅਤੇ ਵਿਚਾਰਨ ਦਾ ਕੰਮ ਮੈਂ ਸਿਰਫ ਪਿਛਲੇ ਡੇਢ ਕੁ ਸਾਲ ਤੋਂ ਅਰੰਭਿਆ ਹੈ।
ਭਾਰਤ ਵਿਚ ਢੱਡ ਦੀ ਆਮਦ ਬਾਰੇ ਕਈ ਲੇਖਾਂ ਵਿਚ ਲਿਖਿਆ ਮਿਲਦਾ ਹੈ। ਬਿਨ ਕਾਸਮ ਨੇ 1400 ਸਾਲ ਪਹਿਲਾਂ, 17 ਸਾਲ ਦੀ ਉਮਰ ਵਿਚ, ਸਿੰਧ ਅਤੇ ਪੰਜਾਬ ਤੇ ਕਬਜ਼ਾ ਕਰਕੇ ਭਾਰਤ ਵਿਚ ਇਸਲਾਮ ਧਰਮ ਦੀ ਬੁਨਿਆਦ ਰੱਖ ਦਿੱਤੀ ਸੀ। ਪੰਜਾਬ ਵਿਚ ਢੱਡ ਦਾ ਪਰਯੋਗ ਅਕਸਰ ਮੁਹੰਮਦ ਬਿਨ ਕਾਸਮ ਦੇ ਸਮੇਂ ਤੋਂ ਹੋਇਆ ਦੱਸਿਆ ਜਾਂਦਾ ਹੈ। ਸਾਰੇ ਲੋਕ ਇਸ ਨਤੀਜੇ ਨਾਲ ਸਹਿਮਤ ਨਹੀਂ।
ਇੱਕ ਲੇਖ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਨਜੀਤ ਕੌਰ ਨੇ ਡਮਰੂ ਦੇ ਪਿਛੋਕੜ ਬਾਰੇ ਵਧੀਆ ਜਾਣਕਾਰੀ ਦਿੱਤੀ ਹੈ। ਭਾਰਤ ਵਿਚ ਡਮਰੂ ਨੂੰ ਦਰਾਵੜਾਂ ਦੇ ਦੇਵਤੇ ਸ਼ਿਵ ਦੇ ਸਮੇਂ ਨਾਲ ਜੋੜਿਆ ਜਾਂਦਾ ਹੈ। ਇਹ ਸਮਾਂ 3500-4000 ਸਾਲ ਪਹਿਲਾਂ ਦਾ ਸਮਾਂ ਹੈ ਜਦੋਂ ਡਮਰੂ ਦਰਾਵੜਾਂ ਦਾ ਮਨ-ਭਾਉਂਦਾ ਸਾਜ਼ ਹੁੰਦਾ ਸੀ। ਕਿਉਂਕਿ ਡਮਰੂ ਦੀ ਸ਼ਕਲ ਸੂਰਤ ਢੱਡ ਨਾਲ ਮੇਲ਼ ਖਾਂਦੀ ਹੈ ਇਸ ਲਈ ਮਨਜੀਤ ਕੌਰ ਢੱਡ ਦੀ ਰਚਨਾ ਪ੍ਰਾਚੀਨ ਡਮਰੂ ਤੋਂ ਹੋਣ ਕਰਕੇ ਬਿਨ ਕਾਸਮ ਨਾਲ ਜੁੜੇ ਇਤਿਹਾਸ ਨੂੰ ਕੋਈ ਮਹੱਤਤਾ ਨਹੀਂ ਦੇਂਦੀ। ਉਹ ਪੰਜਾਬ ਦੇ ਲੋਕ ਢਾਡੀਆਂ ਨੂੰ ਅੱਖੋਂ ਪਰੇ ਕਰ ਕੇ ਢੱਡ ਨੂੰ ਸਿੱਧਾ ਪੰਥਕ ਢਾਡੀਆਂ ਨਾਲ ਜੋੜ ਜਾਂਦੀ ਹੈ। ਮਨਜੀਤ ਕੌਰ ਅਨੁਸਾਰ ਡਮਰੂ ਨਿਰੋਲ ਭਾਰਤ ਦੀ ਕਾਢ ਹੈ ਜੋ ਯੂਨਾਨ, ਅਰਬ, ਯੂਰਪ, ਅਫਰੀਕਾ ਵਰਗੇ ਮੁਲਕਾਂ ਵਿਚ ਲੰਘਦੀ ਹੋਈ ਦੁਨੀਆਂ ਵਿੱਚ ਫੈਲੀ। ਕੀ 3500-4000 ਸਾਲ ਪਹਿਲਾਂ ਡਮਰੂ ਵਰਗੇ ਸਾਜ਼ ਹੋਰਾਂ ਦੇਸਾਂ ਵਿਚ ਵੀ ਈਜਾਦ ਹੋਣੇ ਸ਼ੁਰੂ ਹੋਏ? ਇਹ ਵੀ ਇਕ ਦਿਲਚਸਪ ਮਜਮੂਨ ਹੈ, ਜੋ ਇਸ ਲੇਖ ਦਾ ਵਿਸ਼ਾ ਨਹੀਂ। ਇਸ ਲਈ ਇਸ ਲੇਖ ਵਿਚ ਤਾਂ ਸਿਰਫ ‘ਰਾਗ ਮਿਰਜ਼ਾ’ ਬਾਰੇ ਮੇਰੇ ਸੰਖੇਪ ਅਨੁਭਵ ਤੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।
ਸਰੰਗੀ ਬਾਰੇ ਡਾ. ਗੁਰਨਾਮ ਸਿੰਘ ਦੀਆਂ ਪੁਸਤਕਾਂ ਤੋਂ ਇਲਾਵਾ, ਬਲਬੀਰ ਸਿੰਘ ਕੰਵਲ ਨੇ ਵੀ ਕਾਫੀ ਡੁੰਘਾਈ ਵਿੱਚ ਜਾ ਕੇ ਜਾਣਕਾਰੀ ਦਿੱਤੀ ਹੋਈ ਹੈ, ਪਰ ਮਿਰਜ਼ਾ ਧੁਨ ਦੀ ਉਤਪਤੀ ਬਾਰੇ ਕੁਝ ਨਹੀਂ ਲਿਖਿਆ ਮਿਲਦਾ। ਕੰਵਲ ਦੀ ਲਿਖਤ ਅਨੁਸਾਰ ਸਰੰਗੀ ਦਾ ਪਰਯੋਗ ਚੌਧਵੀਂ ਸਦੀ ਵਿੱਚ ਹੋ ਚੁੱਕਾ ਸੀ।
ਮਿਰਜ਼ਾ ਧੁਨ ਹੈ ਕੀ ਚੀਜ਼: ਪੰਜਾਬ ਦੇ ਢਾਡੀ ਕਈ ਤਰਜ਼ਾਂ ਵਿੱਚ ਗਾਉਂਦੇ ਹਨ, ਜਿਨ੍ਹਾਂ ਵਿਚ ਰਸਾਲੂ, ਪੂਰਨ, ਮਿਰਜ਼ਾ, ਬੈਂਤ, ਸਾਕਾ,ਕਲੀ, ਗੱਡੀ, ਦੁੱਲਾ, ਵਾਰ, ਸੋਹਣੀ, ਸੱਸੀ, ਜੋੜੇ ਦੀ ਕਲੀ ਵਰਗੀਆਂ ਤਰਜ਼ਾਂ ਪਰਮੁੱਖ ਹਨ। ਪੁਰਾਣੇ ਸਮਿਆਂ ਵਿਚ ਰਸਾਲੂ ਤੇ ਪੂਰਨ ਹਰ ਢਾਡੀ ਲਈ ਜ਼ਰੂਰੀ ਸਮਝੇ ਜਾਂਦੇ ਸਨ। ਢਾਡੀ ਤਰਜ਼ਾਂ ਬੋਲਾਂ ਤੇ ਧੁਨਾਂ ਦੇ ਸੁਮੇਲ ਨਾਲ ਬਣਦੀਆਂ ਹਨ। ਮਿਰਜ਼ਾ ਧੁਨ ਨੂੰ ਸਮਝਣ/ਸਮਝਾਉਣ ਲਈ ਮੈਂ ਪੀਲੂ ਦੇ ਮਿਰਜ਼ੇ ਦੀਆਂ ਪੰਜ ਪੰਕਤੀਆਂ (ਬੋਲਾਂ) ਨਾਲ ਸ਼ੁਰੂ ਕਰਦਾ ਹਾਂ:
ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ।
ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ।
ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਵਾਰ।
ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ।
ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ । 5।
ਜਦੋਂ ਇਸ ਨੂੰ ਮਿਰਜ਼ਾ ਧੁਨ ਵਿਚ ਗਾਇਆ ਜਾਂਦਾ ਹੈ ਤਾਂ ਇਕ ਖਾਸ ਕਿਸਮ ਦੀ ਲੈਅ ਕੰਨਾਂ ਵਿਚ ਪੈਂਦੀ ਹੈ ਜਿਸਨੂੰ ਮਿਰਜ਼ਾ ਧੁਨ ਕਹਿੰਦੇ ਹਨ। ਮਿਰਜ਼ਾ ਧੁਨ ਵੱਖ ਵੱਖ ਸਾਜਾਂ ਨਾਲ ਪੈਦਾ ਕੀਤੀ ਜਾ ਸਕਦੀ ਹੈ। ਕੁਝ ਪੰਜਾਬੀ ਢੋਲੀ ਇਸਨੂੰ ਪਹਿਲਾਂ ਪਹਿਲਾਂ ਹੇਠਲੀ ਸਾਦੀ ਲੈਅ ਵਿਚ ਡਗਾ-ਬੰਦ ਕਰਦੇ ਹਨ:
(ਧਿਨ ਤਾ ਧਿਨ ਤਾ ਧਿਨ ਤਾ ਤਾ ਤਾ ਤਾ ਤਾ ਤਾ ਤਾ)
ਮਿਰਜ਼ਾ ਧੁਨ ਨੂੰ ਕਈ ਹੇਠਲੇ ਤਰੀਕੇ ਨਾਲ ਵੀ ਕਲਮ-ਬੰਦ ਕਰਦੇ ਹਨ:
ਧਿੰ ਤਧਿੰ ਤਾ ਧਿੰਤਾ ਨੇਤਾ ਨੇਤਾ ਨੇਤਾ
(ਦੇਖੋ: ਪੰਜਾਬੀ ਲੋਕ ਸੰਗੀਤ ਵਿਰਾਸਤ, ਭਾਗ ਦਜਾ, ਸਫਾ 372)
ਫੇਰ ਇਸ ਧੁਨ ਵਿਚ ਹੋਰ ਭਿੰਨਤਾ (variation) ਵੀ ਪਾਈ ਜਾਂਦੀ ਹੈ। ਧੁਨ ਵਜਾਉਣ ਵਾਲੇ (ਵਾਦਕ) ਇਸ ਧੁਨ ਨੂੰ ਅਕਸਰ ਕਈ ਤਰ੍ਹਾਂ ਗੁਣਗੁਣਾਉਂਦੇ ਵੀ ਸੁਣੇ ਜਾਂਦੇ ਹਨ। ਪਰ ਅਸਲੀ ਧੁਨ ਦਾ ਨਿਖਾਰ ਤਾਂ ਹੱਥ ਟਿਕਾਉਣ ਅਤੇ ਅਭਿਆਸ (ਮਸ਼ਕ) ਨਾਲ ਹੀ ਆ ਸਕਦਾ ਹੈ।
ਮਿਰਜ਼ਾ-ਰਾਗ ਢੱਡ-ਸਰੰਗੀ ਨਾਲ ਖਾਸ ਤੌਰ ਤੇ ਵਧੀਆ ਵੱਜਦਾ ਹੈ। ਪੰਜਾਬ ਦੇ ਸੁਧਰੇ ਢਾਡੀ ਇਸਨੂੰ ਆਮ ਵਜਾਉਂਦੇ ਹਨ। ਢੱਡ ਤੇ ਮਿਰਜ਼ਾ ਧੁਨ ਕੱਢਣ ਦਾ ਨਿਖਾਰ ਵੀ ਅਭਿਆਸ ਨਾਲ ਹੀ ਆ ਸਕਦਾ ਹੈ।
ਮਿਰਜ਼ਾ ਧੁਨ ਦਾ ਨਿਕਾਸ, ਵਿਕਾਸ ਅਤੇ ਭਵਿੱਖ: ਸ਼ਾਇਰ ਪੀਲੂ ਨੇ ਮਿਰਜ਼ਾ-ਸਾਹਿਬਾਂ ਦਾ ਕਿੱਸਾ ਸਭ ਤੋਂ ਪਹਿਲਾਂ ਰਚਿਆ। ਪੀਲੂ(1580-1675) ਬਾਦਸ਼ਾਹ ਅਕਬਰ ਤੇ ਜਹਾਂਗੀਰ ਦੇ ਰਾਜ ਸਮੇਂ ਦਾ ਹੈ ਜਦੋਂ ਮੁਗਲ ਰਾਜ ਦੀ ਵਾਗਡੋਰ ਅਕਬਰ ਤੋਂ ਜਹਾਂਗੀਰ ਦੇ ਹੱਥ ਆਈ। ਉਸਦੀ ਰਚਨਾ ਸਰਲ, ਸੰਖੇਪ ਤੇ ਸੁਹਿਰਦ ਹੈ, ਗਿੱਠਾਂ ਨਾਲ ਤੋਲਣ ਵਾਲ਼ੀ ਨਹੀਂ। ਇਹ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸਮਾਂ ਵੀ ਹੈ। ਦਮੋਦਰ ਦੀ ਰਚਨਾ ‘ਹੀਰ’ ਤੋਂ ਬਾਅਦ ਪੀਲੂ ਦਾ ਮਿਰਜਾ ਲੋਕ ਜ਼ੁਬਾਨ ਤੇ ਚੜ੍ਹ ਗਿਆ। ਬਾਅਦ ਵਿੱਚ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਢਾਡੀ ਵਾਰਾਂ ਦੀ ਪਰੰਪਰਾ ਪੱਕੇ ਤੌਰ ਤੇ ਸ਼ੁਰੂ ਕੀਤੀ ਗਈ ਤਾਂ ਇਨ੍ਹਾਂ ਵਾਰਾਂ ਵਿਚ ਵੀ ਮਿਰਜ਼ਾ ਧੁਨ ਗਾਇਨ ਕੀਤੀ ਜਾਣ ਲੱਗ ਪਈ, ਭਾਵੇਂ ਮਿਰਜ਼ਾ-ਸਾਹਿਬਾਂ ਦੀ ਕਹਾਣੀ ਸਿੱਖ ਸੱਭਿਆਚਾਰ ਨਾਲ ਉੱਕਾ ਮੇਲ ਨਹੀਂ ਖਾਂਦੀ। ਇਹ ਤਾਂ ਠੀਕ ਹੈ ਕਿ ਪੀਲੂ ਦੀ ਰਚਨਾ ਲੋਕ ਜ਼ੁਬਾਨ ’ਤੇ ਛੇਤੀ ਇਸ ਲਈ ਚੜ੍ਹ ਗਈ ਕਿ ਪੀਲੂ ਦੀ ਰਚਨਾ ਸਰਲ ਤੇ ਠੇਠ ਪੰਜਾਬੀ ਵਿੱਚ ਘੁਲ਼ੀ ਹੋਈ ਸੀ ਤੇ ਉਹਦੇ ਬੋਲ ਲੋਕਾਂ ਦੇ ਸਮਾਜਿਕ ਸੱਭਿਆਚਾਰਕ ਜੀਵਨ ਨਾਲ ਮੇਲ ਖਾਂਦੇ ਸਨ ਪਰ ਇਸ ਧੁਨ ਦਾ ਪੰਥਕ ਢਾਡੀਆਂ ਵਿਚ ਵੀ ਉੰਨਾ ਛੇਤੀ ਸਵੀਕਾਰ ਹੋ ਜਾਣਾ ਕੁਝ ਬਹਿਸ ਦੀ ਮੰਗ ਕਰਦਾ ਹੈ। ਇਸ ਵਿਸ਼ੇ ਬਾਰੇ ਅਜੇ ਤੱਕ ਮੈਂਨੂੰ ਕੋਈ ਲਿਖਤ ਨਹੀਂ ਪਰਾਪਤ ਹੋ ਸਕੀ ਪਰ ਮੈਂ ਵੀ ਕਿਹੜਾ ਕੋਈ ਹੰਢਿਆ ਸਾਹਿਤਕਾਰ ਹਾਂ ਜਿਸਨੂੰ ਇਸ ਤਰ੍ਹਾਂ ਦੀਆਂ ਲਿਖਤਾਂ ਬਾਰੇ ਪਤਾ ਹੋਣਾ ਜਰੂਰੀ ਹੋਵੇ। ਮੇਰੇ ਮਨ ਵਿੱਚ ਇਕ ਸਵਾਲ ਉੱਠਦਾ ਹੈ ਕਿ ਮਿਰਜ਼ਾ ਧੁਨ ਪੈਦਾ ਕਦੋਂ ਹੋਈ? ਕੀ ਕੋਈ ਧੁਨ ਇੰਨੇ ਥੋੜ੍ਹੇ ਸਮੇਂ ਵਿਚ ਪੈਦਾ ਹੋ ਕੇ ਲੋਕ-ਜ਼ੁਬਾਨ ਤੇ ਚੜ੍ਹ ਸਕਦੀ ਹੈ? ਇਸਨੂੰ ਪਰਖਣ ਲਈ ਪੀਲੂ ਤੋਂ ਪੁਰਾਣੇ ਪੰਜਾਬੀ ਇਤਿਹਾਸ ਤੇ ਝਾਤੀ ਮਾਰਨ ਦੀ ਜ਼ਰੂਰਤ ਪੈਂਦੀ ਹੈ। ਬਣਤਰ ਵਿਚ ਉਤਾਂਹ ਲਿਖਿਆ ਪੀਲੂ ਦਾ ਮੁਢਲਾ ਛੰਦ ਕਈ ਥਾਂਈਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਮੇਲ ਖਾਂਦਾ ਹੈ:
ਧੰਨ ਸੁ ਕਾਗਦੁ ਕਲਮ ਧੰਨੁ ਧਨ ਭਾਂਡਾ ਧਨੁ ਮਸੁ
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1291)
ਇਸੇ ਤਰ੍ਹਾਂ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ 27
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥
ਇੱਥੇ ਹੀ ਬੱਸ ਨਹੀਂ ਇਸ ਤਰ੍ਹਾਂ ਦੀ ਲੈਅ-ਮਾਤਿਕਤਾ ਗੁਰੂ ਨਾਨਕ ਤੋਂ ਪਹਿਲਾਂ ਰਚੀ ਫਰੀਦ-ਬਾਣੀ (ਗੁਰੂ ਗਰੰਥ ਵਿਚਲੀ ਬਾਬਾ ਫਰੀਦ ਦੀ ਬਾਣੀ) ਵਿੱਚ ਭਰਪੂਰ ਹੈ:
ਫਰੀਦਾ ਖਾਕੁ ਨ ਨਿੰਦੀਏ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥॥
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਿਤ ਲਘਾਈਐ ਛਪਿਰ ਤੁਟੈ ਮੇਹੁ ॥ ॥
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਿਨ ਪਾਸ ॥
ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ॥॥
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਾ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥॥
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤੁ ਤਿਨ ਬਿਰਹਾ ਨ ਊਪਜੈ ਸੋ ਤਨੁ ਜਾਣੁ ਮਸਾਨੁ ॥॥
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਿਹਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥॥
ਇਹ ਸਿਰਫ ਮਿਰਜ਼ਾ ਧੁਨ ਵਿਚ ਹੀ ਨਹੀਂ ਸਗੋਂ ਹੋਰ ਧੁਨਾਂ ਵਿਚ ਵੀ ਗਾਈਆਂ ਜਾ ਸਕਦੀਆਂ ਹਨ। ਢਾਡੀ ਸੋਹਨ ਸਿੰਘ ‘ਸੀਤਲ’ ਤੇ ਹੋਰ ਸੁਚੱਜੇ ਢਾਡੀਆਂ ਦੀਆਂ ਲਿਖਤਾਂ ਇਸ ਗੱਲ ਦੀ ਪ੍ਰੋੜ੍ਹਤਾ ਕਰਦੀਆਂ ਹਨ। ਇਸ ਲਈ ਇਹ ਨਤੀਜਾ ਕੱਢਣ ਵਿਚ ਮੈਂਨੂੰ ਕੋਈ ਝਿਜਕ ਨਹੀਂ ਕਿ ਮਿਰਜ਼ਾ ਧੁਨ ਦਾ ਨਿਕਾਸ ਮਿਰਜ਼ਾ-ਸਾਹਿਬਾਂ ਦੇ ਜੀਵਨ ਅਤੇ ਕਿੱਸੇ ਤੋਂ ਬਹੁਤ ਪਹਿਲਾਂ ਹੀ ਆਰੰਭ ਹੋ ਚੁੱਕਾ ਸੀ, ਪਰ ਮਿਰਜ਼ੇ ਦੀ ਕਹਾਣੀ ਲੋਕਾਂ ਦੀ ਜ਼ੁਬਾਨ ਤੇ ਚੜ੍ਹਨ ਕਰਕੇ ਇਸਦਾ ਨਾਂ ਮਿਰਜ਼ਾ-ਧੁਨ ਪੈ ਗਿਆ।
ਢਾਡੀ ਰਾਗ ਮਿਰਜ਼ਾ ਬਾਕੀ ਰਾਗਾਂ ਵਿਚ ਇੰਨਾ ਮਿਸ਼ਰਤ ਹੈ ਕਿ ਪੰਥਕ ਢਾਡੀ ਤਾਂ ਕੀ ਜੇ ਗੁਰਬਾਣੀ ਦੇ ਸੁਚੱਜੇ ਰਾਗੀ ਇਸਨੂੰ ਵਰਤ ਲੈਣ ਤਾਂ ਕੋਈ ਨੱਕ-ਚੜ੍ਹਾਉਣ ਵਾਲੀ ਗੱਲ ਦੀ ਆਸ ਨਹੀਂ ਹੋਵੇਗੀ, ਇਹ ਮੇਰਾ ਅੰਦਾਜ਼ਾ ਹੈ। ਭੰਗੜੇ ਵਿਚ ਤਾਂ ਮਿਰਜ਼ਾ ਆਮ ਵਰਤਿਆ ਜਾ ਰਿਹਾ ਹੈ। ਮਿਰਜ਼ਾ ਧੁਨ ਹਾਰਮੋਨੀਅਮ, ਤੂੰਬਾ-ਤੂੰਬੀ, ਬੀਨ, ਢੋਲ ਢੋਲਕ ਤੇ ਹੋਰ ਸਾਜ਼ਾ ਨਾਲ ਪੰਜਾਬੀ ਗੀਤ ਮਿਸ਼ਰਤ ਹੋ ਕੇ ਸੰਗੀਤ ਬਣ ਜਾਂਦੀ ਹੈ। ਇਸਦਾ ਭਵਿੱਖ ਮਾਂ-ਬੋਲੀ ਦੇ ਭਵਿੱਖ ਨਾਲ ਕੱਸ ਕੇ ਨੂੜਿਆ ਹੋਇਆ ਹੈ।
ਵੇਰਵੇ:
– ਪੰਜਾਬੀ ਲੋਕ ਸੰਗੀਤ ਵਿਰਾਸਤ, ਭਾਗ ਪਹਿਲਾ ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ। (2005)
– ਪੰਜਾਬੀ ਲੋਕ ਸੰਗੀਤ ਵਿਰਾਸਤ, ਭਾਗ ਦੂਜਾ ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ। (2005)
– ਸਮਾਜਕ ਵਿਗਿਆਨ ਪੱਤਰ, ਸੰਗੀਤਕ ਸਾਜ਼ ਵਿਸ਼ੇਸ਼ ਅੰਕ 57, ਦਸੰਬਰ, ਮਨਜੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। (2009) ਸਫਾ 114
– ਸਮਾਜਕ ਵਿਗਿਆਨ ਪੱਤਰ, ਸੰਗੀਤਕ ਸਾਜ਼ ਵਿਸ਼ੇਸ਼ ਅੰਕ 57, ਦਸੰਬਰ, ਬਲਬੀਰ ਸਿੰਘ ਕੰਵਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ (2009) ਸਫਾ 43
– ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ, ਬਲਬੀਰ ਸਿੰਘ ਕੰਵਲ, ਸਿੰਘ ਬ੍ਰਦਰਜ਼-ਪ੍ਰਕਾਸ਼ਕ(2010)
– ਪੰਜਾਬੀ ਲੋਕ ਢਾਡੀ ਕਲਾ, ਹਰਦਿਆਲ ਸਿੰਘ ਥੂਹੀ, ਲੋਕ-ਗੀਤ ਪ੍ਰਕਾਸ਼ਨ (2008)
– ਸੋਹਣ ਸਿੰਘ ਸੀਤਲ, ਪਾਲ ਸਿੰਘ ਪੰਛੀ, ਦਇਆ ਸਿੰਘ ਦਿਲਬਰ, ਕੇਵਲ ਸਿੰਘ ਨਿਰਦੋਸ਼ ਤੇ ਹੋਰ ਢਾਡੀ ਲਿਖਤਾਂ।
ਮਿਰਜ਼ਾ ਵੀਡਿਓੁ

Tags: