ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਹੋਣੀ ਸੀ। ਮੋਟਰਸਾਈਕਲ ਸਵਾਰ ਨੇ ਮਰ ਜਾਣਾ ਸੀ। ਯਮਰਾਜ ਨੇ ਦੋ ਯਮਦੂਤਾਂ ਦੀ ਡਿਊਟੀ ਲਾਈ ਸੀ। ਤੁਰਨ ਤੋਂ ਪਹਿਲਾਂ ਯਮਰਾਜ ਆਪਣੇ ਦੂਤਾਂ ਨੂੰ ਹਦਾਇਤਾਂ ਦੇ ਰਿਹਾ ਸੀ, ”ਸਮਾਂ ਬਿਲਕੁਲ ਨਸ਼ਟ ਨਹੀਂ ਕਰਨਾ। ਉਸੇ ਵੇਲੇ ਆਤਮਾ ਲੈ ਕੇ ਮੁੜ ਆਉਣੈ, ਨਹੀਂ ਤਾਂ ਲੋਕ ਕਈ ਵਾਰ ਬੰਦੇ ਨੂੰ ਹਸਪਤਾਲ ਜਾਂ ਡੇਰਿਆਂ ਆਦਿ ‘ਤੇ ਲੈ ਜਾਂਦੇ ਨੇ ਤੇ ਆਤਮਾ ਲਿਆਉਣ ਵਿੱਚ ਦੇਰ ਹੋ ਜਾਂਦੀ ਏ। ਨਾਲੇ ਜਦ ਬੰਦਾ ਆਪਣੇ ਸਾਥੀਆਂ-ਬੇਲੀਆਂ ਦੇ ਸਾਹਮਣੇ ਮਰਦੈ ਤਾਂ ਬਾਕੀਆਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਕਈਆਂ ਵਿਚਾਰਿਆਂ ਨੂੰ ਤਾਂ ਕਈ-ਕਈ ਦਿਨ ਨੀਂਦ ਹੀ ਨਹੀਂ ਆਉਂਦੀ। ਮਰਦਾ ਬੰਦਾ ਉਨ੍ਹਾਂ ਦੇ ਸੁਪਨਿਆਂ ਵਿੱਚ ਆਉਂਦਾ ਹੈ।”
ਯਮਦੂਤ ਨਿਸ਼ਚਿਤ ਸਮੇਂ ਤੋਂ ਕੁਝ ਦੇਰ ਪਹਿਲਾਂ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਉਡੀਕ ਕਰਨ ਲੱਗੇ। ਦੁਰਘਟਨਾ ਹੋ ਗਈ। ਮੋਟਰਸਾਈਕਲ ਸਵਾਰ ਟਰਾਲੇ ਦੀ ਫੇਟ ਖਾ ਕੇ ਸੜਕ ਦੇ ਵਿਚਕਾਰ 20 ਕੁ ਫੁੱਟ ਦੂਰ ਜਾ ਡਿੱਗਿਆ। ਵਾਰ-ਵਾਰ ਸੜਕ ‘ਤੇ ਵੱਜਣ ਕਾਰਨ ਸਰੀਰ ਥਾਂ-ਥਾਂ ‘ਤੇ ਜ਼ਖ਼ਮੀ ਹੋ ਗਿਆ, ਲੱਤਾਂ-ਬਾਹਾਂ ਟੁੱਟ ਗਈਆਂ ਅਤੇ ਸਿਰ ਸੜਕ ‘ਤੇ ਵੱਜਣ ਕਾਰਨ ਖ਼ੂਨ ਦੀਆਂ ਘਰਾਲਾਂ ਵਗ ਰਹੀਆਂ ਸਨ। ਦੋਵਾਂ ਪਾਸਿਆਂ ਤੋਂ ਆਉਂਦਾ ਟ੍ਰੈਫ਼ਿਕ ਰੁਕ ਗਿਆ। ਇਕਦਮ ਹੀ ਬਹੁਤ ਭੀੜ ਹੋ ਗਈ। ਬਹੁਤ
ਸਾਰੇ ਲੋਕ ਟਰਾਲੇ ਵੱਲ ਭੱਜੇ।
”ਹੈਂ! ਓਏ ਮੈਨੂੰ ਲੱਗਦਾ ਸਾਨੂੰ ਗਲਤ ਦੱਸਿਆ ਗਿਆ ਸੀ। ਸ਼ਾਇਦ ਟਰਾਲੇ ਵਾਲਾ ਜ਼ਖ਼ਮੀ ਹੋਇਆ ਹੈ ਤਾਂ ਹੀ ਸਾਰੇ ਲੋਕ ਓਧਰ ਨੂੰ ਭੱਜ ਰਹੇ ਨੇ। ਹੁਣ ਉਹ ਵਿਚਾਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ।” ਨੌਜਵਾਨ ਯਮਦੂਤ ਹੈਰਾਨ ਹੋ ਗਿਆ। ਉਸ ਨੂੰ ਪਹਿਲੀ ਵਾਰ ਆਤਮਾ ਲਿਆਉਣ ਲਈ ਭੇਜਿਆ ਗਿਆ ਸੀ। ਪਹਿਲਾਂ ਉਹ ਨਰਕ ਵਿੱਚ ਹੀ ਅੰਡਰ ਟ੍ਰੇਨਿੰਗ ਸੀ।
”ਨਹੀਂ ਕਾਕਾ ਤੂੰ ਅਜੇ ਨਵਾਂ ਏਂ। ਹੌਲੀ-ਹੌਲੀ ਤੈਨੂੰ ਸਭ ਸਮਝ ਵਿੱਚ ਆ ਜਾਵੇਗਾ।” ਬਜ਼ੁਰਗ ਯਮਦੂਤ, ਜਿਹੜਾ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ, ਦੀ ਆਵਾਜ਼ ਵਿੱਚ ਠਰੰਮਾ ਸੀ।
ਲੋਕਾਂ ਨੇ ਟਰਾਲੇ ਦੀ ਬਾਰੀ ਖੋਲ੍ਹ ਲਈ ਸੀ। ਡਰਾਈਵਰ ਨੂੰ ਘਸੀਟ ਕੇ ਬਾਹਰ ਕੱਢਿਆ ਗਿਆ। ਲੋਕਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕੀਤਾ। ਕੋਈ ਥੱਪੜ, ਕੋਈ ਮੁੱਕੇ ਅਤੇ ਕੋਈ ਲੱਤਾਂ ਨਾਲ ਮਾਰ ਰਿਹਾ ਸੀ। ਉਹ ਦਰਦ ਨਾਲ ਤੜਫ਼ ਰਿਹਾ ਸੀ। ਚੀਕਾਂ ਦੀ ਆਵਾਜ਼ ਆ ਰਹੀ ਸੀ। ਇਸ ਸ਼ੋਰ ਸ਼ਰਾਬੇ ਵਿੱਚ ਦੂਰ ਡਿੱਗਿਆ ਮੋਟਰਸਾਈਕਲ ਸਵਾਰ ਵੀ ਦਰਦ ਨਾਲ ਤੜਫ਼ ਰਿਹਾ ਸੀ ਜਿਸ ਦੇ ਦੁਆਲੇ ਕੁਝ ਤਮਾਸ਼ਬੀਨ ਇਕੱਠੇ ਹੋ ਗਏ ਸਨ ਪਰ ਕੋਈ ਹੱਥ ਲਾਉਣ ਲਈ ਤਿਆਰ ਨਹੀਂ ਸੀ।
”ਇਹ ਕੀ ਹੋ ਰਿਹਾ ਹੈ? ਜਵਾਨ ਯਮਦੂਤ ਜਾਣਨ ਲਈ ਕਾਹਲਾ ਸੀ।
”ਛੱਡ ਯਾਰ ਆਪਾਂ ਜਲਦੀ ਵਾਪਸ ਚਲੀਏ।” ਬਜ਼ੁਰਗ ਯਮਦੂਤ ਡਿਊਟੀ ਦਾ ਪੱਕਾ ਸੀ। ਉਹ ਯਮਰਾਜ ਦੇ ਗੁੱਸੇ ਨੂੰ ਜਾਣਦਾ ਸੀ।
”ਕੋਈ ਨਹੀਂ ਚਾਚਾ! ਅਜੇ ਉਸ ਦੀ ਜ਼ਿੰਦਗੀ ਦੇ ਕੁਝ ਪਲ ਬਾਕੀ ਨੇ।” ਜਵਾਨ ਯਮਦੂਤ ਨੇ ਘੜੀ ਵੇਖਦਿਆਂ ਕਿਹਾ ਸੀ। ”ਲੱਗਦਾ ਹੈ ਇਹ ਸਾਰੇ ਲੋਕ ਮਰਨ ਵਾਲੇ ਨੂੰ ਬਹੁਤ ਪਿਆਰ ਕਰਦੇ ਨੇ। ਤਾਂ ਹੀ ਤਾਂ ਮਾਰ ਮਾਰ ਕੇ ਟਰਾਲੇ ਵਾਲੇ ਦਾ ਬੁਰਾ ਹਾਲ ਕਰ ਰਹੇ ਨੇ।” ਉਸ ਨੇ ਬਜ਼ੁਰਗ ਯਮਦੂਤ ਨੂੰ ਕਿਹਾ।
”ਨਹੀਂ ਕਾਕਾ! ਤੂੰ ਇਸ ਦੁਨੀਆਂ ਨੂੰ ਨਹੀਂ ਜਾਣਦਾ। ਇਹ ਸਾਰੇ ਲੋਕ ਮਤਲਬਪ੍ਰਸਤ ਨੇ। ਕਿਸੇ ਨੂੰ ਵੀ ਉਸ ਨਾਲ ਪਿਆਰ ਨਹੀਂ,” ਬਜ਼ੁਰਗ ਯਮਦੂਤ, ਨੌਜਵਾਨ ਯਮਦੂਤ ਦੀ ਜਗਿਆਸਾ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ”ਆ ਮੈਂ ਤੈਨੂੰ ਅਸਲੀਅਤ ਦਿਖਾਉਂਦਾ ਹਾਂ।”
ਉਹ ਦੋਵੇਂ ਭੀੜ ਵੱਲ ਵਧੇ। ਭੀੜ ਵਿੱਚੋਂ ਇੱਕ ਨੌਜਵਾਨ ਲੜਕੇ ਦੀਆਂ ਅੱਖਾਂ ਬਜ਼ੁਰਗ ਯਮਦੂਤ ਨਾਲ ਮਿਲੀਆਂ ਸਨ। ਯਮ ਸ਼ਕਤੀ ਕਾਰਨ ਲੜਕਾ ਬਿਨਾਂ ਕੁਝ ਕਹੇ ਦੋਵਾਂ ਯਮਦੂਤਾਂ ਵੱਲ ਆਪ ਮੁਹਾਰੇ ਹੀ ਤੁਰਿਆ ਆਇਆ ਸੀ।
”ਛੋਟੇ ਵੀਰ, ਤੂੰ ਉਸ ਆਦਮੀ ਨੂੰ ਕਿਉਂ ਮਾਰ ਰਿਹਾ ਹੈਂ? ਲੱਗਦਾ ਹੈ ਮੋਟਰਸਾਈਕਲ ਵਾਲਾ ਤੇਰਾ ਕੋਈ ਰਿਸ਼ਤੇਦਾਰ ਸੀ।” ਨੌਜਵਾਨ ਯਮਦੂਤ ਨੇ ਪੁੱਛਿਆ ਸੀ।
”ਨਹੀਂ ਜੀ! ਮੈ ਤਾਂ ਮੋਟਰਸਾਈਕਲ ਸਵਾਰ ਨੂੰ ਜਾਣਦਾ ਵੀ ਨਹੀਂ। ਮੈਂ ਤਾਂ ਇੰਟਰਵਿਊ ਦੇ ਕੇ ਆ ਰਿਹਾਂ। ਮੈਨੂੰ ਇਸ ਵਾਰ ਵੀ ਨੌਕਰੀ ਨਹੀਂ ਮਿਲੀ। ਮੇਰੀ ਥਾਂ ਇੱਕ ਅਯੋਗ ਸਿਫ਼ਾਰਸ਼ੀ ਨੂੰ ਨੌਕਰੀ ਦੇ ਦਿੱਤੀ ਗਈ। ਮੈਨੂੰ ਇਸੇ ਗੱਲ ਦਾ ਗੁੱਸਾ ਸੀ।” ਨੌਜਵਾਨ ਦੀਆਂ ਅੱਖਾਂ ਵਿੱਚ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ।
ਨੌਜਵਾਨ ਯਮਦੂਤ ਹੈਰਾਨ ਰਹਿ ਗਿਆ ਸੀ। ਉਸ ਨੂੰ ਅਜੇ ਪੂਰਾ ਯਕੀਨ ਨਹੀਂ ਸੀ ਹੋਇਆ। ਉਸ ਨੇ ਸਾਧਾਰਨ ਜਿਹੇ ਕੱਪੜਿਆਂ ਵਿੱਚ ਟਰਾਲੇ ਦੇ ਡਰਾਈਵਰ ਨੂੰ ਕੁੱਟਦੇ ਇੱਕ ਅਧਖੜ ਆਦਮੀ ਨੂੰ ਦੇਖਿਆ। ”ਇਹ ਜ਼ਰੂਰ ਹੀ ਮੋਟਰਸਾਈਕਲ ਵਾਲੇ ਦਾ ਕੋਈ ਰਿਸ਼ਤੇਦਾਰ ਹੋਵੇਗਾ।” ਉਸ ਨੇ ਸੋਚਿਆ।
ਬਜ਼ੁਰਗ ਯਮਦੂਤ ਉਸ ਦੇ ਮਨ ਦੀ ਗੱਲ ਪੜ੍ਹ ਗਿਆ ਸੀ। ਉਸ ਨੇ ਅਧਖੜ ਵਿਅਕਤੀ ਨੂੰ ਬੁਲਾਇਆ। ”ਹਾਂ ਬਈ ਦੱਸ! ਤੂੰ ਡਰਾਈਵਰ ਨੂੰ ਕਿਉਂ ਮਾਰ ਰਿਹਾ ਹੈਂ? ਕੀ ਇਹ ਤੇਰਾ ਰਿਸ਼ਤੇਦਾਰ ਹੈ?” ਉਸ ਨੇ ਡਿੱਗੇ ਮੋਟਰਸਾਈਕਲ ਵਾਲੇ ਵੱਲ ਇਸ਼ਾਰਾ ਕਰਕੇ ਪੁੱਛਿਆ।
”ਕਾਹਦਾ ਰਿਸ਼ਤੇਦਾਰ?” ਅਧਖੜ ਦੇ ਲਹਿਜ਼ੇ ਵਿੱਚ ਤਲਖ਼ੀ ਸੀ। ”ਇਹ ਅਮੀਰ ਲੋਕ ਕਿਸੇ ਦੇ ਰਿਸ਼ਤੇਦਾਰ ਨਹੀਂ ਹੁੰਦੇ। ਹੁਣ ਵੇਖੋ ਚਾਰ ਦਿਨ ਹੋ ਗਏ ਮੈਨੂੰ ਦਿਹਾੜੀ ਕਰਦੇ ਨੂੰ। ਅੱਜ ਜਦ ਪੈਸੇ ਮੰਗੇ ਤਾਂ ਮਾਲਕ ਕਹਿੰਦਾ ਮੇਰੇ ਕੋਲ ਪੈਸੇ ਖ਼ਤਮ ਹੋ ਗਏ। ਜ਼ਰਾ ਸੋਚੋ ਜੇ ਮੈਨੂੰ ਪੈਸੇ ਸਮੇਂ ‘ਤੇ ਨਹੀਂ ਮਿਲਣੇ ਤਾਂ ਫਿਰ ਕੰਮ ਕਰਨ ਦਾ ਕੀ ਫ਼ਾਇਦਾ?” ਅਧਖੜ ਦੀਆਂ ਅੱਖਾਂ ਵਿੱਚ ਘਰ ਲਈ ਲਿਜਾਣ ਵਾਲੀਆਂ ਚੀਜ਼ਾਂ ਦੀ ਸੂਚੀ ਘੁੰਮ ਰਹੀ ਸੀ ਅਤੇ ਉਹ ਬਹਾਨਾ ਸੋਚ ਰਿਹਾ ਸੀ ਕਿ ਅੱਜ ਬੱਚਿਆਂ ਨੂੰ ‘ਚੀਜੀ’ ਨਾ ਲਿਆਉਣ ਕਰਕੇ ਕੀ ਬਹਾਨਾ ਬਣਾਵੇਗਾ। ਹੁਣ ਇੱਕ ਚੰਗੇ ਸੂਟ-ਬੂਟ ਵਾਲੇ ਵਿਅਕਤੀ ਨੂੰ ਬੁਲਾਇਆ ਗਿਆ। ਉਹ ਆਪਣੀ ਕਾਰ ਵਿੱਚੋਂ ਉੱਤਰ ਕੇ ਆਇਆ ਸੀ ਅਤੇ ਬੜੇ ਜੋਸ਼ ਨਾਲ ਮਾਰ-ਕੁਟਾਈ ਵਿੱਚ ਹਿੱਸਾ ਲੈ ਰਿਹਾ ਸੀ। ”ਮੈਂ ਏਨੀ ਮਹੱਤਵਪੂਰਨ ਮੀਟਿੰਗ ‘ਤੇ ਜਾ ਰਿਹਾ ਹਾਂ, ਇਸ ਗਧੇ ਦੀ ਬੇਵਕੂਫ਼ੀ ਕਾਰਨ ਹੁਣ ਏਥੇ ਟ੍ਰੈਫ਼ਿਕ ਜਾਮ ਹੋ ਗਿਆ ਹੈ। ਲੱਗਦਾ ਹੈ ਕਲਾਈਂਟ ਹੱਥੋਂ ਨਿਕਲ ਜਾਵੇਗਾ।” ਉਹ ਜੇਬ ਵਿੱਚੋਂ ਮੋਬਾਈਲ ਕੱਢ ਕੇ ਆਪਣੇ ਕਲਾਈਂਟ ਨੂੰ ਦੇਰ ਨਾਲ ਆਉਣ ਦਾ ਕਾਰਨ ਦੱਸਣਾ ਚਾਹੁੰਦਾ ਸੀ।
ਫਿਰ ਇੱਕ ਨੀਲੀ ਗੱਡੀ ਆ ਕੇ ਰੁਕੀ। ਉਸ ਵਿੱਚੋਂ ਕੁਝ ਖਾਕੀ ਕੱਪੜਿਆਂ ਵਾਲੇ ਉਤਰੇ। ਉਨ੍ਹਾਂ ਦੇ ਹੱਥਾਂ ਵਿੱਚ ਡੰਡੇ ਅਤੇ ਹਥਿਆਰ ਸਨ। ਆਉਂਦਿਆਂ ਹੀ ਉਨ੍ਹਾਂ ਨੇ ਟਰਾਲੇ ਦੇ ਡਰਾਈਵਰ ਨੂੰ ਭੀੜ ਤੋਂ ਛੁਡਵਾਇਆ। ਇੱਕ ਖਾਕੀ ਕੱਪੜਿਆਂ ਵਾਲਾ ਵਿਅਕਤੀ ਡਿੱਗੇ ਹੋਏ ਮੋਟਰਸਾਈਕਲ ਸਵਾਰ ਵੱਲ ਵਧਿਆ ਜਿਹੜਾ ਹੁਣ ਸ਼ਾਂਤ ਹੋ ਚੁੱਕਿਆ ਸੀ। ਆਸੇ-ਪਾਸੇ ਦੇ ਲੋਕਾਂ ਤੋਂ ਪੁੱਛਣ ਲੱਗਾ ਕਿ ਇਹ ਸਭ ਕਿਵੇਂ ਹੋਇਆ ਹੈ। ਨੌਜਵਾਨ ਯਮਦੂਤ ਦੀਆਂ ਅੱਖਾਂ ਵਿੱਚ ਪ੍ਰਸ਼ੰਸਾ ਦੇ ਭਾਵ ਆਏ, ‘ਵਾਹ! ਕਿੰਨੇ ਦਿਆਲੂ ਲੋਕ ਹਨ। ਜੇ ਇਹ ਨਾ ਰੋਕਦੇ ਤਾਂ ਭੀੜ ਨੇ ਟਰਾਲੇ ਵਾਲੇ ਨੂੰ ਮਾਰ ਦੇਣਾ ਸੀ।’
ਇਹ ਕੀ? ਇੰਨੇ ਸਮੇਂ ਵਿੱਚ ਮੋਟਰਸਾਈਕਲ ਵੱਲ ਵਧਣ ਵਾਲੇ ਨੇ ਤਸਦੀਕ ਕੀਤੀ ਕਿ ਮੋਟਰਸਾਈਕਲ ਸਵਾਰ ਮਰ ਚੁੱਕਿਆ ਹੈ। ਹੁਣ ਖਾਕੀ ਕੱਪੜਿਆਂ ਵਾਲਿਆਂ ਨੇ ਟਰਾਲੇ ਦੇ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਅੱਧ-ਮਰਿਆ ਹੋ ਗਿਆ ਤਾਂ ਉਸ ਨੂੰ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਗਿਆ।
”ਕੀ ਇਹ ਮੋਟਰਸਾਈਕਲ ਵਾਲੇ ਨੂੰ ਮਾਰਨ ਦੀ ਸਜ਼ਾ ਇਸ ਨੂੰ ਦੇ ਰਹੇ ਹਨ?” ਨੌਜਵਾਨ ਨੇ ਅੱਧ-ਮਰੇ ਹੋਏ ਟਰਾਲੇ ਦੇ ਡਰਾਈਵਰ ਵੱਲ ਇਸ਼ਾਰਾ ਕਰਕੇ ਪੁੱਛਿਆ।
ਬਜ਼ੁਰਗ ਯਮਦੂਤ, ਜਿਹੜਾ ਮ੍ਰਿਤਕ ਦੀ ਆਤਮਾ ਨੂੰ ਕੱਢ ਚੁੱਕਿਆ ਸੀ, ਨੇ ਇੱਕ ਖਾਕੀ ਵਰਦੀ ਵਾਲੇ ਨੂੰ ਬੁਲਾਇਆ ਅਤੇ ਟਰਾਲੇ ਦੇ ਡਰਾਈਵਰ ਦੀ ਕੁੱਟਮਾਰ ਦਾ ਕਾਰਨ ਪੁੱਛਿਆ।
”ਕੀ ਕਰੀਏ ਜੀ! ਇਨ੍ਹਾਂ ਲੋਕਾਂ ਨੇ ਸਾਡਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਜੇ ਪਿੰਡੋਂ ‘ਰੇਡ’ ਤੋਂ ਆ ਕੇ ਬੈਠੇ ਹੀ ਸਾਂ ਕਿ ਇਨ੍ਹਾਂ ਦਾ ਫੋਨ ਆ ਗਿਆ ਕਿ ਟਰਾਲੇ ਥੱਲੇ ਦੇ ਕੇ ਬੰਦਾ ਮਾਰ ‘ਤਾ। ਅਸੀਂ ਵੀ ਆਖਰ ਇਨਸਾਨ ਹਾਂ। ਸਾਨੂੰ ਵੀ ਤਾਂ ਆਰਾਮ ਚਾਹੀਦੈ। ਅਫ਼ਸਰ ਆਪ ਤਾਂ ਦਫ਼ਤਰਾਂ ਵਿੱਚ ਬੈਠੇ ਹੁਕਮ ਚਲਾ ਦੇਂਦੇ ਨੇ ਤੇ ਅਸੀਂ ਦਿਨ-ਰਾਤ ਧੱਕੇ ਖਾਂਦੇ ਹਾਂ।” ਪੁਲਿਸ ਵਾਲੇ ਨੇ ਦਿਲ ਦੀ ਭੜਾਸ ਕੱਢੀ।
ਨੌਜਵਾਨ ਯਮਦੂਤ ਦੀ ਪੂਰੀ ਤਸੱਲੀ ਹੋ ਚੁੱਕੀ ਸੀ। ”ਅਸੀਂ ਚੰਗੇ ਹਾਂ ਚਾਚਾ,” ਉਸ ਨੇ ਬਜ਼ੁਰਗ ਯਮਦੂਤ ਨੂੰ ਕਿਹਾ, ”ਇਨ੍ਹਾਂ ਲੋਕਾਂ ਦੀ ਤਰ੍ਹਾਂ ਸਵਾਰਥੀ ਨਹੀਂ। ਘੱਟੋ-ਘੱਟ ਅਸੀਂ ਆਪਣਾ ਫ਼ਰਜ਼ ਤਾਂ ਮਨ ਲਾ ਕੇ ਪੂਰਾ ਕਰਦੇ ਹਾਂ।”
”ਪੁੱਤਰ, ਇਹ ਧਰਤੀ ਵਾਸੀ ਸਾਡੇ ਤੋਂ ਵੀ ਵੱਡੇ ਯਮਦੂਤ ਹਨ। ਅਸੀਂ ਤਾਂ ਮੁਰਦਿਆਂ ਦੀ ਆਤਮਾ ਕੱਢਦੇ ਹਾਂ ਪਰ ਇਨ੍ਹਾਂ ਨੇ ਜਿਉਂਦੇ ਜੀਅ ਆਪਣੀ ਆਤਮਾ ਵੇਚ ਦਿੱਤੀ ਹੈ। ਇਸੇ ਲਈ ਇਨ੍ਹਾਂ ਦੇ ਆਲੇ ਦੁਆਲੇ ਭਾਵੇਂ ਕੁਝ ਵੀ ਹੋਈ ਜਾਵੇ, ਇਹ ਸਿਰਫ਼ ਆਪਣਾ ਸਵਾਰਥ ਵੇਖਦੇ ਨੇ!”
ਤੇ ਫਿਰ ਉਨ੍ਹਾਂ ਨੇ ਆਤਮਾ ਨੂੰ ਸੰਭਾਲਿਆ ਅਤੇ ਆਪਣੇ ‘ਹੈਡਕੁਆਰਟਰ’ ਵੱਲ ਚਾਲੇ ਪਾ ਦਿੱਤੇ।
Tag: