ਵਿਆਹ ‘ਚ ਵਿਘਨ

ਦਲਬੀਰ ਯੂਰਪ ਚੋਂ ਨਿਕਲਿਆ ਅਤੇ ਅਮਰੀਕਾ ਚ ਆ ਵੜਿਆ। ਬੋਝ ਭਾਰ ਦਾ ਕੰਮ ਮਿਲਦਾ ਰਿਹਾ ਅਤੇ ਡੰਗ ਟਪਾਈ ਹੁੰਦੀ ਰਹੀ। ਸਰੀਰ ਸੁਡੌਲ ਸੀ ਕੰਮ ਚ ਔਖਿਆਈ ਨਾਂ ਆਈ। ਰੰਗ ਜ਼ਰਾ ਮੱਧਮ ਹੀ ਸੀ ਪਰ ਨਖ਼ਸ ਦਿਲ ਖਿੱਚਵੇਂ। ਸੁਨੱਖੇ ਮਲਵੀਆਂ ਚ ਗਿਣਿਆਂ ਜਾ ਸਕਦਾ ਸੀ। ਮੂੰਹ ਦੀ ਦੁਧੀਆ ਗੁੰਦਮੀ ਦੰਦਰਾਲ ਮੁਸਕੁਰਾਹਟ ਨੂੰ ਚਾਰ ਚੰਦ ਲਗਾ ਦਿੰਦੀ ਸੀ। ਕੰਮ ਤੋਂ ਸਿੱਧਾ ਅਪਣੇ ਇੱਕ ਬੈਡਰੂਮ ਦੇ ਅਪਾਰਟਮੈਂਟ ਆ ਜਾਂਦਾ ਸੀ। ਸ਼ਰਾਬਖਾਨੇ ਦਾ ਅਜੇ ਸ਼ੌਕੀਨ ਵੀ ਨਹੀਂ ਸੀ ਹੋਇਆ ਨਾਹੀਂ ਸ਼ਰਾਬ ਦੀ ਬਾਹਲੀ ਆਦਤ ਹੀ ਸੀ। ਫਾਸਟ ਫੂਡ, ਮੈਕਡਾਨਲਡ, ਵੈਂਡੀਜ਼ ਆਦਿ ਨੇੜੇ ਹੋਣ ਕਾਰਨ ਅੰਨ ਪਾਣੀ ਦੀ ਵੀ ਕੋਈ ਖਾਸ ਦਿੱਕਤ ਨਹੀਂ ਸੀ। ਵੈਸੇ ਗੈਰਕਾਨੂੰਨੀ ਵਸਨੀਕ ਹੋਣ ਕਾਰਨ ਉਸਨੂੰ ਫੜੇ ਜਾਣ ਦਾ ਡਰ ਜ਼ਰੂਰ ਸਤਾਈ ਜਾਂਦਾ ਸੀ। ਪਿੰਡ ਵਿੱਚ ਗਰੀਬੀ ਦੀ ਸ਼ਕਲ ਬਹੁਤ ਚੰਗੀ ਤਰ੍ਹਾਂ ਵੇਖੀ ਹੋਣ ਕਾਰਨ ਮਾਇਆ ਜੋੜਨ ਦੀ ਆਦਤ ਬਣ ਚੁਕੀ ਸੀ। ਯੂਰਪ ਚੋਂ ਕੁੱਝ ਰੋਕੜ ਹੱਥ ਲਗ ਵੀ ਗਈ ਸੀ ਪਰ ਕਮਾਈ ਘਰ ਭੇਜਣ ਕਾਰਨ ਅਜੇ ਪੱਲੇ ਖੁਸ਼ ਹੋਣ ਯੋਗ ਮਾਲ ਨਹੀਂ ਸੀ।

ਅੱਜ ਵੈਂਡੀਜ਼ ਰੈਸਟੋਰੈਂਟ ਵਿੱਚ ਬੈਠਾ ਸੈਂਡਵਿੱਚ ਖਾ ਰਿਹਾ ਸੀ ਜਦੋਂ ਭਗਵੰਤ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ

ਨਾਲ ਬੈਠਣ ਦੀ ਆਗਿਆ ਮੰਗੀ। ਦੋਵੇਂ ਇੱਕ ਦੂਜੇ ਨਾਲ ਜਾਣ ਪਹਿਚਾਣ ਕਰਕੇ ਗੱਲਾਂ ਵਿੱਚ ਰੁੱਝ ਗਏ। ਅਚਾਨਕ ਹੀ ਰੈਸਟੋਰੇਂਟ ਵਿੱਚ ਪੁਲਿਸ ਦੇ ਦੋ ਸਿਪਾਹੀਆਂ ਦਾ ਆਗਮਨ ਹੋਇਆ। ਮੋਟੇ ਮੋਟੇ ਸੈਂਡਵਿੱਚ ਲੈ ਕੇ ਦੋਵੇਂ ਇੱਕ ਦੂਜੇ ਦੇ ਸਾਹਮਣੇ ਬੈਠ ਖਾਣ ਲਗ ਪਏ। ਉਹ ਅਪਣੀ ਵਾਰਤਾਲਾਪ ਵਿੱਚ ਮਸ਼ਰੂਕ, ਕਦੇ ਖਿੜ ਖਿੜ ਹਸਦੇ ਅਤੇ ਕਦੇ ਮਸ਼ਕਰੀਆਂ ਤਿਆਗ ਗੰਭੀਰ ਗੱਲਾਂ ਕਰਦੇ ਨਜ਼ਰ ਆਉਂਦੇ। ਦਲਬੀਰ ਨੂੰ ਥੋੜ੍ਹਾ ਘਬਰਾਹਟ ਦਾ ਸ਼ਿਕਾਰ ਹੋਇਆ ਵੇਖ ਭਗਵੰਤ ਨੇ ਪੁੱਛ ਹੀ ਲਿਆ।
” ਵੀਰੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾ ਗਈ ਪੁਲਸੀਆਂ ਨੂੰ ਵੇਖ ਕੇ? ਕਿਤੇ ਵੀਜ਼ੇ ਵਾਲੀ ਗੁੰਝਲ ਚ ਤਾਂ ਨਹੀਂ ਫਸਿਆ ਹੋਇਆ ਅਜੇ? ਡਰ ਨਾਂ ਸਿਪਾਹੀ ਫੜਦੇ ਨਹੀਂ ਜਦੋਂ ਤੱਕ ਕੋਈ ਗੁਨਾਹ ਨਾਂ ਕਰੋ। ਐਥੇ ਤੇਰੇ ਵਰਗੇ ਤਾਂ ਹਜ਼ਾਰਾਂ ਹੀ ਫਿਰਦੇ ਨੇ। ਬੇਫਿਕਰ ਹੋ ਤੇ ਹਸਕੇ ਅੰਨ ਛਕ। ਮੈਂ ਵੀ ਤੇਰੇ ਵਾਂਗ ਕਾਫੀ ਦੇਰ ਘੁੰਮਦਾ ਰਿਹਾਂ। ਮੈਨੂੰ ਇੱਕ ਕੁੜੀ ਮਿਲ ਗਈ ਸੀ। ਉਸਨੇ ਪੰਜ ਹਜ਼ਾਰ ਚ ਹੀ ਮੈਨੂੰ ਪੱਕਾ ਕਰਵਾ ਦਿੱਤਾ ਸੀ। ਬੜੀ ਭਲੀ ਕੁੜੀ ਸੀ। ਮੈਨੂੰ ਬਾਅਦ ਚ ਪਤਾ ਲਗਿਆ ਕਿ ਉਸ ਕੁੜੀ ਦਾ ਤਾਂ ਇਹ ਧੰਦਾ ਹੀ ਸੀ। ਅੱਜ ਕੱਲ੍ਹ ਨਜ਼ਰ ਨਹੀਂ ਆ ਰਹੀ। ਕਿਸੇ ਹੋਰ ਸ਼ਹਿਰ ਚ ਕਰ ਰਹੀ ਹੋਣੀ ਮੁੰਡਿਆਂ ਦਾ ਭਲਾ, ਜੇ ਫੜੀ ਨਾ ਗਈ ਹੋਵੇ।”
” ਬਾਈ ਤੈਥੋਂ ਕੀ ਪਰਦਾ। ਹਾਂ ਤੇ ਮੈਂ ਕੱਚਾ ਹੀ। ਬਣ ਹੀ ਜਾਏਗਾ ਕਦੇ ਮੇਰਾ ਵੀ ਕੰਮ।” ਦਲਬੀਰ ਨੇ ਆਖਿਆ ਅਤੇ ਜਾਣ ਲਈ ਖਲੋ ਗਿਆ। ਭਗਵੰਤ ਵੀ ਖਲੋ ਗਿਆ। ਦੋਹਾਂ ਨੇ ਅਪਣੇ ਮੋਬਾਈਲ ਫੋਨ ਨੰਬਰ ਸਾਂਝੇ ਕੀਤੇ, ਹੱਥ ਮਿਲਾਏ ਤੇ ਆਪੋ ਅਪਣੇ ਪਾਸੇ ਚਲੇ ਗਏ।
ਅਕਸਰ ਮੁਲਾਕਾਤ ਹੁਣ ਖਾਣ ਪੀਣ ਸਮੇਂ ਹੋ ਹੀ ਜਾਂਦੀ। ਫਾਸਟ ਫੂਡ ਦੇ ਹੀ ਸ਼ੌਕੀਨ ਸਨ ਦੋਵੇਂ। ਪੈਸੇ ਦੀ ਤੰਗੀ ਜਾਂ ਰੈਸਟੋਰੈਂਟ ਕੰਮ ਦੇ ਨੇੜੇ ਹੋਣ ਕਾਰਨ ਇਹੋ ਵਧੀਆ ਵਸੀਲਾ ਸੀ ਦੋ ਡੰਗ ਅੰਨਪੂਰਤੀ ਦਾ। ਦਲਬੀਰ ਨੇ ਅੱਜ ਦੀ ਮੁਲਾਕਾਤ ਸਮੇਂ ਮਿੱਤਰ ਨੂੰ ਪੁੱਛ ਹੀ ਲਿਆ, ” ਭਗਵੰਤ ਤੇਰਾ ਉਸ ਕੁੜੀ ਨਾਲ਼ ਕਿਸੇ ਤਰ੍ਹਾਂ ਸੰਬੰਧ ਫੇਰ ਬਣ ਸਕਦਾ ਐ। ਪੰਜ ਹਜ਼ਾਰ ਤਾਂ ਮੈਂ ਵੀ ਜੋੜ ਲਏ ਨੇ। ਪਤਾ ਕਰ ਕਿੱਥੇ ਐ। ਜੇ ਲੱਭ ਜਾਏ ਤਾਂ ਸ਼ਾਇਦ ਮੇਰੀ ਗੱਡੀ ਵੀ ਲੀਹ ਤੇ ਆ ਜਾਏ।”
ਭਗਵੰਤ ਨੇ ਕੱਈਆਂ ਦਾ ਕੰਮ ਠੀਕ ਬਣਦਾ ਵੇਖਿਆ ਸੀ। ਉਸ ਨੂੰ ਕਾਫੀ ਗਿਆਨ ਪ੍ਰਾਪਤ ਸੀ। ਕਿਸੇ ਦਾ ਗੋਰੀ ਨੇ, ਕਿਸੇ ਦਾ ਕਾਲੀ ਨੇ, ਕਿਸੇ ਦਾ ਕਿਸੇ ਹੋਰ ਨੇ ਸਿਰੇ ਚੜ੍ਹਾਇਆ ਅਤੇ ਚੜ੍ਹਾਏ ਵੀ ਜਾ ਹੀ ਰਹੇ ਨੇ। ਭਗਵੰਤ ਰਤਾ ਰੁਕ ਕੇ ਬੋਲਿਆ,” ਬਾਈ ਇੱਕ ਕੁੜੀ ਅੱਜ ਕੱਲ੍ਹ ਨਿਗਾਹ ਵਿੱਚ ਤਾਂ ਹੈ। ਪਛੋਕੜ ਕੀ ਹੈ ਪਤਾ ਨਹੀਂ, ਕਾਲੀ ਨਹੀਂ ਤੇ ਗੋਰੀ ਵੀ ਨਹੀਂ ਕਹੀ ਜਾ ਸਕਦੀ। ਤੇਰੀ ਜਾਣ ਪਹਿਚਾਣ ਮੈਂ ਕਰਵਾ ਦਿਆਂਗਾ ਕਿਸੇ ਦਿਨ। ਜੇ ਤੈਨੂੰ ਭਾਂਪ ਕੇ ਮੰਨ ਗਈ ਤਾਂ ਸੌਦਾ ਮੈਂ ਆਪ ਪੱਕਾ ਕਰ ਦਿਆਗਾ।
” ਪੈਸੇ ਤੈਨੂੰ ਫੜਾ ਦਿਆਂਗਾ ਜਦੋਂ ਵੀ ਤੂੰ ਕਹੇਂਗਾ। ਵਿੱਚ ਕੋਈ ਤੇਰੇ ਵਰਗਾ ਵਿਚੋਲਾ ਹੋਵੇ ਤਾਂ ਫਸਣ ਦਾ ਡਰ ਨਹੀਂ ਰਹਿੰਦਾ।” ਦਲਬੀਰ ਨੇ ਇਛਾ ਜ਼ਾਹਿਰ ਕੀਤੀ।
” ਪਹਿਲਾਂ ਮੁਲਾਕਾਤ ਹੋਣ ਦਿਓ। ਜੇ ਮੰਨ ਗਈ ਫੇਰ ਹੀ ਕਰਾਂਗੇ ਪੈਸੇ ਦੀ ਗੱਲ।” ਭਗਵੰਤ ਨੇ ਪੂਰੀ ਹਾਂ ਨਾਂ ਕੀਤੀ।
ਕਈ ਹਫਤਿਆਂ ਮਗਰੋਂ ਭਗਵੰਤ ਨੇ ਖੁਸ਼ੀ ਦੀ ਖਬਰ ਸੁਣਾਈ,” ਇੱਕ ਕੁੜੀ ਮਿਲੀ ਤੇ ਹੈ। ਪੰਜ ਨਹੀਂ ਸੱਤ ਹਜ਼ਾਰ ਚ ਕੰਮ ਬਣੇਗਾ। ਪਰ ਇੱਕ ਹੋਰ ਸ਼ਰਤ ਵੀ ਹੈ। ਕਹਿੰਦੀ ਐ, ਮੁੰਡਾ ਵੀ ਪਸੰਦ ਆਉਣਾ ਚਾਹੀਦਾ ਹੈ ਨਹੀਂ ਤਾਂ ਨਾਂਹ ਹੀ ਸਮਝੋ। ਮੁੰਡਾ ਮੇਰੇ ਨਾਲ, ਮੇਰੇ ਅਪਾਰਟਮੈਂਟ ਵਿੱਚ ਹੀ, ਅਲੱਗ ਕਮਰੇ ਚ ਰਹੇਗਾ। ਅੱਜ ਕੱਲ੍ਹ ਪਕੜੇ ਜਾਣ ਦਾ ਵੀ ਬਹੁਤ ਡਰ ਹੈ। ਕਰਾਇਆ ਅੱਧੋ ਅੱਧ ਹੋਵੇਗਾ। ਦਲਬੀਰ ਜੇ ਸ਼ਰਤਾਂ ਮਨਜ਼ੂਰ ਨੇ ਤਾਂ ਮੁਲਾਕਾਤ ਕਰਵਾ ਸਕਦਾ ਹਾਂ।”
ਦਲਬੀਰ ਕਿਸੇ ਸ਼ਸ਼ੋਪੰਜ ਵਿੱਚ ਉਲਝ ਗਿਆ। ਥੋੜ੍ਹਾ ਸਮਾਂ ਪਾ ਕੇ ਬੋਲਿਆ, ” ਮੇਰੇ ਕੋਲ ਅਜੇ ਸੱਤ ਹਜ਼ਾਰ ਤਾਂ ਹੈਂ ਨਹੀਂ ਫੇਰ ਕਿਤੇ ਗੱਲ ਕਰਾਂਗੇ।”
” ਤੂੰ ਪੰਜ ਹਜ਼ਾਰ ਤਿਆਰ ਰੱਖ ਅਤੇ ਮੈਂ ਦੋ ਹਜ਼ਾਰ ਅਪਣੇ ਕੋਲ਼ੋਂ ਪਾ ਦਿਆਂਗਾ। ਜਦੋਂ ਹੋ ਸਕੇ ਮੋੜ ਦਵੀਂ। ਮੁੰਡਾ ਪਸੰਦ ਹੋਣ ਵਾਲ਼ੀ ਸ਼ਰਤ ਤਾਂ ਪੂਰੀ ਕਰ ਲੱਈਏ ਪਹਿਲਾਂ।” ਭਗਵੰਤ ਨੇ ਮਦਦ ਦੀ ਹਾਮੀਂ ਭਰੀ।
” ਹਾਂ ਠੀਕ ਹੈ ਬਾਈ। ਤੁਸੀਂ ਵਾਹਵਾ ਭਲੇ ਬੰਦੇ ਹੋ।” ਦਲਬੀਰ ਝੱਟ ਮੰਨ ਗਿਆ।
ਵੱਡੇ ਰੈਸਟੋਰੈਂਟ ਵਿੱਚ ਮੁਲਾਕਾਤ ਹੋਈ। ਕੁੜੀ ਨੂੰ ਇਤਰਾਜ਼ ਨਾਂ ਹੋਇਆ। ਦਲਬੀਰ ਉਸ ਨਾਲ ਹੀ ਰਹਿਣ ਲਗ ਪਿਆ। ਕੁੱਝ ਹਫਤਿਆਂ ਵਿੱਚ ਆਪਸੀ ਜਾਣ ਪਹਿਚਾਣ ਅਗਾਹਾਂ ਵਧੀ, ਵਧਦੀ ਗਈ। ਦਲਬੀਰ ਦੀ ਸ਼ਰਾਫਤ ਪ੍ਰਤੱਖ ਨਜ਼ਰ ਆਉਣ ਲਗ ਪਈ, ਕੁੜੀ ਦੀ ਮੁਢਲੀ ਸ਼ੰਕਾ ਹੁਣ ਫਿੱਕੀ ਪੈ ਗਈ। ਵਿਦੇਸ਼ੀ ਤੇ ਭਰੋਸਾ ਹੋਣ ਲਗ ਪਿਆ। ਕੁੜੀ, ਦਲਬੀਰ ਨਾਲ ਕੁੱਝ ਅਪਣੇ ਵਾਰੇ ਵੀ ਸਾਂਝਾ ਕਰਨ ਦੇ ਵਿਚਾਰ ਨਾਲ ਉਸਦੇ ਕਮਰੇ ਵਿੱਚ ਗਈ ਜਿੱਥੇ ਉਹ ਹੁਣ ਤੱਕ ਭੁੱਲ ਕੇ ਵੀ ਨਹੀਂ ਸੀ ਵੜੀ। ਦਲਬੀਰ ਮੰਜੇ ਤੇ ਹੀ ਬੈਠ ਗਿਆ। ਮੁੱਲ ਦੀ ਮਹਿਮਾਨ ਪਤਨੀ ਦਾ ਸਵਾਗਤ ਕੀਤਾ।
” ਆਓ ਜੀ ਕਿਵੇਂ ਆਏ?”
ਮੰਜੇ ਦੇ ਨੇੜੇ, ਕਮਰੇ ਚ ਪਈ ਕੁਰਸੀ ਤੇ ਮਹਿਮਾਨ ਕੁੜੀ ਬੈਠ ਗਈ ਅਤੇ ਬੋਲੀ, ” ਦਲਬੀਰ, ਤੂੰ ਬਹੁਤ ਸ਼ਰੀਫ ਇਨਸਾਨ ਹੈਂ। ਕਿਰਾਇਆ ਸਮੇਂ ਸਿਰ ਦੇ ਦੇਂਦਾ ਏਂ। ਸਫਾਈ ਵੀ ਤੈਨੂੰ ਮੇਰੇ ਨਾਲੋਂ ਕਿਤੇ ਵੱਧ ਪਸੰਦ ਹੈ। ਕਿਚਨ ਲਿਸ਼ਕਣ ਲਗ ਪਿਆ ਜਦੋਂ ਦਾ ਤੂੰ ਅਪਾਰਟਮੈਂਟ ਵਿੱਚ ਆਇਆ ਏਂ। ਬੁਰੀ ਮੈਂ ਵੀ ਨਹੀਂ। ਮੈਂ ਤੈਨੂੰ ਦੱਸਣਾ ਚਾਹੁੰਦੀ ਆਂ ਕਿ ਮੈਂ ਪੈਸੇ ਦੀ ਅਤੀ ਤੰਗੀ ਕਾਰਨ ਇਸ ਵਿਆਹ ਲਈ ਹਾਂ ਕੀਤੀ ਸੀ। ਮੈਂ ਬਿਮਾਰ ਹੋ ਗਈ ਸਾਂ। ਮੈਡੀਕਲ ਇੰਨਸ਼ੋਅਰੈਂਸ ਹੈ ਨਹੀਂ ਸੀ। ਡਾਕਟਰਾਂ ਦਾ ਕਰਜ਼ਾ ਲਾਹ ਰਹੀ ਆਂ। ਤੇਰਾ ਦੋਸਤ ਮੇਰੇ ਦਫਤਰ ਦੀ ਕਿਸੇ ਕੁੜੀ ਨੂੰ ਜਾਣਦਾ ਹੈ। ਉਸ ਨੇ ਹੀ ਮੈਨੂੰ ਅਜੇਹਾ ਕਰਨ ਦੀ ਸਲਾਹ ਦਿੱਤੀ ਸੀ। ਮੈਂ ਸ਼ਰੀਫ ਮਾਪਿਆਂ ਦੀ ਧੀ ਹਾਂ। ਮਾਪੇ, ਕਾਰ ਦੇ ਐਕਸੀਡੈਂਟ ਵਿੱਚ ਰੱਬ ਨੂੰ ਪਿਆਰੇ ਹੋ ਗਏ ਸਨ।”
” ਮੈਂ ਵੀ ਗਰੀਬ ਘਰ ਦਾ ਹੀ ਮੁੰਡਾ ਹਾਂ। ਚੰਗੇ ਜੀਵਨ ਦੀ ਆਸ ਰੱਖ ਅਮਰੀਕਾ ਆ ਤੇ ਗਿਆ ਹਾਂ ਪਰ ਅਜੇ ਭਵਿੱਖ ਡਾਵਾਂ ਡੋਲ ਹੀ ਹੈ।” ਦਲਬੀਰ ਨੇ ਵੀ ਹਲਕਾ ਜਿਹਾ ਅਪਣੇ ਪਛੋਕੜ ਵਾਰੇ ਇਸ਼ਾਰਾ ਕੀਤਾ ਮਤੇ ਕੁੜੀ ਅਪਣਾ ਰੇਟ ਹੀ ਨਾ ਵਧਾਉਣ ਦੀ ਸੋਚ ਰਹੀ ਹੋਵੇ।
” ਹੁਣ ਛੇਤੀ ਹੀ ਤੇਰੇ ਪੇਪਰ ਭਰਨ ਦੀ ਸੋਚ ਰਹੀ ਹਾਂ। ਤੇਰੇ ਮਿੱਤਰ ਨਾਲ਼ ਗੱਲ ਕਰਾਂਗੀ। ਤੂੰ ਪੱਕਾ ਹੋ ਜਾਏਂਗਾ ਤਾਂ ਸਹੀ ਨੌਕਰੀ ਮਿਲ ਜਾਵੇਗੀ।” ਕੁੜੀ ਬੋਲੀ। ਕੁੱਝ ਹੋਰ ਗੱਲਾਂ ਹੋਈਆਂ ਅਤੇ ਕੁੜੀ ਅਪਣੇ ਕਮਰੇ ਵਿੱਚ ਚਲੀ ਗਈ। ਦਲਬੀਰ ਬਹੁਤ ਦੇਰ ਤੱਕ ਸੋਚਦਾ ਰਿਹਾ। ਹੁਣ ਤੱਕ ਤਾਂ ਪੇਪਰ ਭਰੇ ਜਾਣੇ ਚਾਹੀਦੇ ਸਨ। ਕੀ ਵਿਘਨ ਪੈ ਗਿਆ ਸਮਝ ਨਹੀਂ ਆ ਰਹੀ? ਕਹਿੰਦੀ ਸੀ ਭਗਵੰਤ ਨਾਲ਼ ਗੱਲ ਕਰੇਗੀ। ਪਰ ਕਿਉਂ? ਸ਼ਾਇਦ ਹੋਰ ਪੈਸੇ ਮੰਗੇਗੀ। ਅੜਿੱਕੇ ਤਾਂ ਮੈਂ ਚੜ੍ਹ ਹੀ ਗਿਆ ਹਾਂ। ਦੇ ਦਿਆਂਗਾ ਹੋਰ ਥੋੜ੍ਹੇ ਪੈਸੇ ਜੇ ਪੇਪਰ ਭਰ ਦਵੇ।
ਕੁੱਝ ਮਹੀਨੇ ਹੋਰ ਨਿਕਲ ਗਏ। ਇੱਕ ਦਿਨ ਦਲਬੀਰ ਨੇ ਹਿੰਮਤ ਜੁਟਾ ਕੁੜੀ ਨੂੰ ਪੁੱਛ ਹੀ ਲਿਆ,” ਹੁਣ ਤਾਂ ਖਾਹਮਖਾਹ ਦੇਰ ਕਰੀ ਜਾ ਰਹੀ ਏਂ। ਪੇਪਰ ਭਰਨ ਦੀ ਤੂੰ ਕੋਈ ਗੱਲ ਵੀ ਨਹੀਂ ਕਰਦੀ। ਐਦਾਂ ਕਿੰਨਾਂ ਕੁ ਚਿਰ ਹੋਰ ਚਲਦਾ ਰਹੇਗਾ?” ” ਤੇਰੇ ਦੋਸਤ ਨਾਲ਼ ਗੱਲ ਕਰਾਂਗੀ। ਭਰ ਦਿਆਂਗੀ ਛੇਤੀ ਹੀ ਪੇਪਰ ਵੀ।” ਕੁੜੀ ਦੀ ਆਵਾਜ਼ ਵਿੱਚ ਰੋਸ ਦੀ ਭਾਅ ਮਾਰ ਰਹੀ ਸੀ।
ਐਦਾਂ ਕਈ ਹਫਤੇ ਸੁਆਲ ਜੁਆਬ ਹੁੰਦੇ ਰਹੇ ਪਰ ਪਿਆਰ ਨਾਲ਼ ਹੀ ਗੱਲ ਮੁੱਕਦੀ ਰਹੀ। ਅੱਜ ਦਲਬੀਰ ਨੇ ਕੁੜੀ ਨੂੰ ਕਣਤਾਓ ਭਰੀ ਆਵਾਜ਼ ਵਿੱਚ ਬੋਲਿਆ,” ਗੱਲ ਕਿਸੇ ਅਸਲ ਠਿਕਾਣੇ ਲਗਾਵੇਂਗੀ ਕਿ ਨਹੀਂ? ਹੋਰ ਪੈਸੇ ਚਾਹੀਦੇ ਨੇ ਤਾਂ ਬੋਲ।”
ਕੁੜੀ ਦੇ ਚਿਹਰੇ ਤੇ ਕ੍ਰੋਧ ਚਮਕਣ ਲਗਾ। ਉਹ ਬੋਲੀ,” ਕੀ ਮਤਲਬ? ਮੈਂ ਕੇਵਲ ਪੰਜ ਹਜ਼ਾਰ ਲੈਣੇ ਕੀਤੇ ਸਨ। ਅਜੇ ਤੱਕ ਇੱਕ ਪੈਨੀ ਵੀ ਨਹੀਂ ਮਿਲੀ। ਤੇਰਾ ਦੋਸਤ ਕਹਿੰਦਾ ਸੀ ਕਿ ਉਸ ਕੋਲ ਪੈਸੇ ਪਹੁੰਚ ਗਏ ਨੇ। ਫੇਰ ਮੈਨੂੰ ਦੇ ਕਿਉਂ ਨਹੀਂ ਰਿਹਾ? ਤੈਨੂੰ ਜ਼ਿਆਦਾ ਪਤਾ ਹੋਵੇਗਾ। ਤੇਰੇ ਪੇਪਰ ਭਰੇ ਹੀ ਨਹੀਂ ਜਾਣਗੇ। ਧੋਖਾ ਕਰਨ ਦਾ ਇਰਾਦਾ ਬਣਾਇਆ ਸੀ ਦੋਸਤ ਨਾਲ਼ ਮਿਲਕੇ?” ਦਲਬੀਰ ਦਾ ਮਨ ਉਚਾਟ ਹੋ ਗਿਆ, ਉਦਾਸ ਹੋ ਗਿਆ। ਭਗਵੰਤ ਝੂਠ ਬੋਲਦਾ ਰਿਹਾ, ਯਕੀਨ ਨਹੀਂ ਆਉਂਦਾ। ਮਾਇਆ ਮੋਹ ਮਿੱਤਰ ਪ੍ਰੇਮ ਨਾਲੋਂ ਪ੍ਰਬਲ ਸਿੱਧ ਤਾਂ ਨਹੀਂ ਹੋ ਰਿਹਾ। ਸੱਤ ਹਜ਼ਾਰ ਦਾ ਸੌਦਾ ਕਹਿੰਦਾ ਸੀ ਪਰ ਕੁੜੀ ਨਾਲ ਪੰਜ ਹਜ਼ਾਰ ਦਾ ਹੀ ਸੌਦਾ ਹੋਇਆ। ਦੋ ਹਜ਼ਾਰ ਪੱਲਿਓਂ ਤਾਂ ਕੀ ਪਾਉਣੇ ਸਨ ਕੁੜੀ ਨੂੰ ਪੰਜ ਹਜ਼ਾਰ ਵੀ ਨਹੀਂ ਦਿੱਤੇ। ਕਿਤੇ ਦਗ਼ਾ ਤਾਂ ਨਹੀਂ ਕਰ ਗਿਆ। ਹਜ਼ਮ ਤਾਂ ਨਹੀਂ ਕਰ ਗਿਆ ਮੇਰੀ ਪਸੀਨੇ ਦੀ ਕਮਾਈ। ਯਕੀਨ ਨਹੀਂ ਆਉਂਦਾ ਭਗਵੰਤ ਵਰਗਾ ਭਲਾ ਪੁਰਖ ਵੀ ਮਾਇਆ ਦੀ ਲਪੇਟ ਵਿੱਚ ਆ ਸਕਦਾ ਹੈ, ਪੁੱਛ ਤੇ ਲੈਣਾ ਹੀ ਚਾਹੀਦਾ ਹੈ। ਅਜੇਹੇ ਵਿਚਾਰ ਮਨ ਚ ਆਉਂਦੇ ਰਹੇ। ਸਾਰੇ ਫਿਕਰ ਨੀਂਦ ਦੇ ਹਵਾਲੇ ਕਰ, ਗੜੂੰਦ ਗਿਆਉਂ ਅਗਲੇ ਹੀ ਦਿਨ ਦਲਬੀਰ, ਕ੍ਰੋਧ ਦਾ ਭਰਿਆ, ਭਗਵੰਤ ਦੇ ਘਰ ਗਿਆ। ਦੋਵੇਂ ਇੱਕ ਦੂਜੇ ਨਾਲ਼ ਕੌੜੇ ਬੋਲ ਸਾਂਝੇ ਕਰਦੇ ਕਰਦੇ ਹੱਥਾ ਪਾਈ ਤੇ ਉਤਰਨ ਵਾਲੇ ਹੀ ਸਨ ਕਿ ਭਗਵੰਤ ਦੇ ਮੂੰਹੋਂ ਹੈਰਾਨ ਕਰਨ ਵਾਲੇ ਸ਼ਬਦ ਮੱਲੋ ਮੱਲੀ ਬਾਹਰ ਆਏ।
” ਬਾਈ, ਪਿੰਡ ਇੱਕ ਹਾਦਸਾ ਹੋ ਗਿਆ ਸੀ। ਬਾਪੂ ਨੇ ਪੈਸੇ ਮੰਗਵਾ ਲਏ। ਭੇਜਣੇ ਜ਼ਰੂਰੀ ਸਨ। ਤੇਰੇ ਪੈਸਿਆਂ ਵਿੱਚ ਅਪਣੀ ਬੱਚਤ ਮਿਲਾ ਕੇ ਰਕਮ ਪੂਰੀ ਕੀਤੀ। ਸੋਚਿਆ ਸੀ, ਛੇਤੀ ਹੀ ਬੱਚਤ ਕਰਕੇ ਅਤੇ ਬੈਂਕ ਤੋਂ ਲੋਨ ਲੈ ਕੇ, ਕੁੜੀ ਦੀ ਰਕਮ ਉਸ ਦੇ ਹਵਾਲੇ ਕਰ ਦਿਆਂਗਾ। ਬੈਂਕ ਤੋਂ ਜਿੰਨੀ ਲੋੜ ਸੀ ਉਨੇਂ ਪੈਸੇ ਨਹੀਂ ਮਿਲੇ। ਹਜ਼ਾਰ ਕੁ ਡਾਲਰਾਂ ਦੀ ਅਜੇ ਕਮੀ ਹੈ। ਹੁਣ ਤਾਂ ਤੇਰੀ ਉਸ ਨਾਲ ਥਕਾਫੀ ਜਾਣ ਪਹਿਚਾਣ ਹੋ ਗਈ ਹੈ। ਤੂੰ ਗੱਲ ਕਰਕੇ ਵੇਖ। ਮੈਂ ਚਾਰ ਹਜ਼ਾਰ ਤਾਂ ਹੁਣੇ ਦੇ ਸਕਦਾ ਹਾਂ ਤੇ ਬਾਕੀ ਅਗਲੇ ਮਹੀਨੇ। ਸ਼ਾਇਦ ਮੰਨ ਹੀ ਜਾਏ ਪੇਪਰ ਭਰਨ ਲਈ।”
” ਮਤਲਬ, ਕੁੜੀ ਨਾਲ਼ ਸੌਦਾ ਪੰਜ ਹਜ਼ਾਰ ਦਾ ਹੀ ਹੋਇਆ ਸੀ। ਪਰ ਤੂੰ ਤੇ ਸੱਤ ਹਜ਼ਾਰ ਦੀ ਗੱਲ ਕਰੀ ਸੀ। ਦੋ ਹਜ਼ਾਰ ਦਾ ਅਹਿਸਾਨ ਵੀ ਤੂੰ ਕਰਨਾ ਮਨਜ਼ੂਰ ਕੀਤਾ ਸੀ।” ਦਲਬੀਰ ਨੇ ਭਗਵੰਤ ਦੀ ਇਮਾਨਦਾਰੀ ਤੇ ਅਜੇ ਪੂਰਾ ਯਕੀਨ ਨਹੀਂ ਸੀ ਕੀਤਾ।
” ਤੇਰੀ ਸ਼ੰਕਾ ਸੁਭਾਵਕ ਹੈ। ਦਲਬੀਰ, ਦੋ ਹਜ਼ਾਰ ਤਾਂ ਵਿਚਲੀ ਕੁੜੀ ਨੇ ਮੰਗੇ ਸੀ ਜੋ ਮੈਂ ਉਸਨੂੰ ਦੇ ਚੁਕਿਆ ਹਾਂ। ਉਸ ਤੋਂ ਬਿਨਾ ਗੱਲ ਚਲ ਹੀ ਨਹੀਂ ਸੀ ਸਕਦੀ। ਬਾਪੂ ਕੋਲ਼ ਭੇਜਣ ਲਈ ਪੈਸੇ ਥੁੜ ਜਾਣ ਕਾਰਨ ਤੇਰੀ ਰਕਮ ਹੀ ਇੱਕ ਰਸਤਾ ਸੀ ਅਚਾਨਕ ਆ ਪਈ ਮੁਸੀਬਤ ਨਾਲ਼ ਨਜਿੱਠਣ ਦਾ।” ਭਗਵੰਤ ਅੱਖਾਂ ਭਰ ਆਇਆ।

Tag:

ਵਿਆਹ ‘ਚ ਵਿਘਨ

Tags: