ਸਭਿਆਚਾਰ ਦਾ ਲੁਟੇਰਾ ਦੇ ਐਵਾਰਡ ਨਾਲ ਸਨਮਾਨ

ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਅਜਿਹੇ ਗੀਤਕਾਰ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਗੀਤਕਾਰੀ ਦੇ ਖੇਤਰ ਵਿਚ ਬੇਸ਼ਰਮੀ ਦੀਆਂ ਹੱਦਾਂ ਟੱਪਣ ਤੋਂ ਬਾਅਦ ਬਦਨਾਮੀ ਦਾ ਉਹ ਮੁਕਾਮ ਹਾਸਲ ਕੀਤਾ ਹੈ, ਜੋ ਕਿਸੇ ਗੀਤਕਾਰ ਨੂੰ ਨਸੀਬ ਨਹੀਂ ਹੁੰਦਾ। ਅੱਜ ਵੀ ਜਿਨ੍ਹਾਂ ਦੇ ਗੀਤ ਸੁਣਦੇ ਸਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠਾ ਪੰਜਾਬੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ। ਸੋ ਪੇਸ਼ ਹੈ, ”ਜਿਹੜੀ ਨੱਚਦੀ ਸੀ ਗਿੱਧੇ ਵਿਚ ਭਾਬੀਏ ਨਣਾਨ ਤੇਰੀ ਅੱਗੇ ਵਰਗੀ”, ”ਤੇਰੇ ਪਿਉ ਦੀ ਧੋਣ ‘ਤੇ ਰੱਖ ਗੋਡਾ ਸਾਲੀਏ” ਵਰਗੇ ਕੀਤਾਂ ਵਿਚ ਆਪਣੀ ਬੇਸ਼ਰਮੀ ਕਾਰਨ ਬਦਨਾਮ ਹੋਏ ਗੀਤਕਾਰ ‘ਬੇਸ਼ਰਮ ਬਦਨਾਮਪੁਰੀ ਨਾਲ ਗੱਲਬਾਤ ਦੇ ਕੁਝ ਅੰਸ਼ :-

ਸਵਾਲ : ਬਦਨਾਮਪੁਰੀ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਦਿਓ?

ਜਵਾਬ : ਮੀਤ ਜੀ, ਸਾਡੇ ਵਰਗੇ ਗੀਤਕਾਰਾਂ ਦਾ ਕਿਹੜਾ ਪਰਿਵਾਰਕ ਪਿਛੋਕੜ ਹੋਣੇ। ਜੇ ਕੋਈ ਸਾਡਾ ਪਰਿਵਾਰਕ ਪਿਛੋਕੜ ਹੁੰਦਾ ਜਾਂ ਸਾਡੀ ਕੋਈ ਧੀ-ਭੈਣ ਹੁੰਦੀ ਤਾਂ ਫਿਰ ਅਸੀਂ ਅਜਿਹੇ ਗੀਤ ਥੋੜਾ ਲਿਖਣੇ ਸੀ।

ਸਵਾਲ : ਤਹਾਡਾ ਨਾ ਬੇਸ਼ਰਮ ਬਦਨਾਮਪੁਰੀ ਕਿਸ ਤਰ੍ਹਾਂ ਪਿਆ?

ਜਵਾਬ : ਦੇਖੋ ਜੀ, ਬੇਸ਼ਰਮ ਤਾਂ ਮੈਂ ਬਚਪਨ ਤੋਂ ਹੀ ਸੀ ਜਦੋਂ ਮੇਰਾ ਪਹਿਲਾ ਗੀਤ ਰਿਕਾਰਡ ਹੋਇਆ ਜਿਸ ਦੇ ਬੋਲ ਸਨ, ”ਜਿਹੜੀ ਨੱਚਦੀ

 

ਸੀ ਗਿੱਧੇ ਵਿਚ ਭਾਬੀਏ ਨਨਾਣ ਤੇਰੀ ਅੱਗੇ ਵਰਗੀ”  ਤਾਂ ਇਹ ਗੀਤ ਇੰਨਾ ਮਕਬੂਲ ਹੋਇਆ ਕਿ ਲੋਕ ਮੈਨੂੰ ਬੇਸ਼ਰਮ ਬਦਨਾਮਪੁਰੀ ਆਖਣ ਲੱਖ ਪਏ।

ਸਵਾਲ : ਤੁਹਾਡੇ ਇਸ ਗੀਤ ਅਨੁਸਾਰ  ਤੁਹਾਡੀ ਭਾਬੀ ਦੀ ਨਣਾਨ ਤਾਂ ਤੁਹਾਡੀ ਭੈਣ ਹੋਈ?

ਜਵਾਬ : ਤੁਸੀਂ ਤਾਂ ਬਹੁਤ ਡੂੰਘੇ ਚਲੇ ਗਏ, ਅੱਜਕੱਲ੍ਹ ਏਨਾ ਧਿਆਨ ਨਾਲ ਕੌਣ ਸੁਣਦੈ।

ਸਵਾਲ : ਤੁਸੀਂ ਸਭ ਤੋਂ ਪਹਿਲਾਂ ਗੀਤ ਕਦੋਂ ਲਿਖਿਆ?

ਜਵਾਬ : ਸਭ ਤੋਂ ਪਹਿਲਾਂ ਗੀਤ ਮੈਂ ਉਦੋਂ ਲਿਖਿਆ ਜਦੋਂ ਮੈ 11ਵੀਂ ਵਿਚ ਪੜ੍ਹਦਾ ਸੀ। ਉਦੋਂ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣੇ ਕਿ ਮੈਨੂੰ ਮਜਬੂਰੀ ਵਿਚ ਕਲਮ ਚੁੱਕਣੀ ਪਈ।

ਤੁਸੀਂ ਇਸ ਗੀਤ ਨੂੰ ਮੇਰੀ ਹੱਡਬੀਤੀ ਕਹਿ ਲਉ ਜਾਂ ਮੇਰੇ ਹੱਡਾ ‘ਤੇ ਬੀਤੀ ਕਹਿ ਲਉ। ਉਸ ਗੀਤ ਦੇ ਬੋਲ ਹਨ, ”ਪਹਿਲਾਂ ਸਾਨੂੰ ਸੋਹਣੀਏ ਤੂੰ ਦਿੰਦੀ ਰਹੀ ਟਰਾਈ ਨੀ। ਫਿਰ ਸਾਡੇ ਸੱਦੇ ‘ਤੇ ਪਾਰਕ ‘ਚ ਵੀ ਆਈ ਨੀ। ਦੱਸਿਆ ਨਾ ਨਾਲੇ ਆਏ ਤੇਰੇ ਭਾਈ ਨੀ। ਛੱਡ ਕੇ ਤੂੰ ਭਾਈਆਂ ਨਾਲ ਕੱਲੇ ਨੂੰ, ਤੂੰ ਆਪ ਹੋਗੀ ਤਿੱਤਰ ਨੀ। ਤੇਰੇ ਭਾਈਆਂ ਨੇ ਮੇਰੇ, ਗਿਣ-ਗਿਣ ਮਾਏ ਛਿੱਤਰ ਨੀ। ਤੇਰੇ ਭਾਈਆਂ ਨੇ..(ਰੋਂਦੇ ਹੋਏ)

ਸਵਾਲ : ਬਦਨਾਮਪੁਰੀ ਜੀ ਤੁਸੀਂ ਦੱਸੋ ਕਿ ਤੁਸੀਂ ਪੰਜਾਬੀ ਸਾਹਿਤ ਦਾ ਕਿੰਨਾ ਕੁ ਅਧਿਐਨ ਕੀਤਾ?

ਜਵਾਬ : ਮੈਂ ਜੀ ਪੰਜਾਬੀ ਸਾਹਿਤ ਦਾ ਬਹੁਤ ਅਧਿਐਨ ਕੀਤਾ। ਬਾਰਵੀਂ ਵਿਚ ਪੜ੍ਹਦਿਆਂ ਮੈਨੂੰ ਪੰਜਾਬੀ ਨਾਲ ਐਨਾ ਪਿਆਰ ਸੀ ਕਿ ਮੈਂ ਪਾਸ ਹੀ ਇਕੱਲਾ ਪੰਜਾਬੀ ਵਿਚੋਂ ਹੋਇਆ ਸੀ। ਫਿਰ ਤਿੰਨ-ਚਾਰ ਵਾਰ 12ਵੀਂ ਦੇ ਪੇਪਰ ਦੇਣ ਦੇ ਬਾਵਜੂਦ ਵੀ ਮੈਂ ਕਦੇ ਪੰਜਾਬੀ ਵਿਚੋਂ ਫੇਲ ਨਹੀਂ ਹੋਇਆ।

ਸਵਾਲ : ਹੁਣ ਤੱਕ ਤੁਸੀਂ ਕਿੰਨੇ ਕੁ ਗੀਤ ਲਿਖੇ ਤੇ ਰਿਕਾਰਡ ਕਰਵਾਏ?

ਜਵਾਬ : ਹੁਣ ਤੱਕ ਮੈਂ 5-6 ਗੀਤ ਲਿਖੇ ਅਤੇ 100 ਕੁ ਦੇ ਕਰੀਬ ਗੀਤ ਰਿਕਾਰਡ ਕਰਵਾਏ।

ਸਵਾਲ : ਇਹ ਕਿਵੇਂ ਹੋ ਸਕਦਾ ਹੈ?

ਜਵਾਬ : ਅੱਜਕੱਲ੍ਹ ਕੀ ਨਹੀਂ ਹੋ ਸਕਦਾ। ਪਹਿਲਾਂ-ਪਹਿਲਾਂ 10-15 ਹਜ਼ਾਰ ਰੁਪਏ ਦੇ ਕੇ ਆਪਣੇ ਦੋ-ਚਾਰ ਗੀਤ ਰਿਕਾਰਡ ਕਰਵਾਉਣੇ ਪੈਂਦੇ ਹਨ ਫਿਰ ਜਦੋਂ ਪੈਰ ਜੰਮ ਜਾਣ ਤਾਂ ਨਵੇਂ ਗੀਤਕਾਰਾਂ ਦੇ ਗੀਤਾਂ ਥੱਲੇ ਆਪਣਾ ਨਾਮ ਹੀ ਪਾਉਣਾ ਹੁੰਦਾ।

ਸਵਾਲ : ਹੁਣ ਤੱਕ ਤੁਹਾਡੇ ਗੀਤ ਕਿਹੜਾ-ਕਿਹੜਾ ਕਲਾਕਾਰਾਂ ਨੇ ਗਾਏ ਹਨ?

ਜਵਾਬ : ਹੁਣ ਤੱਕ ਮੇਰੇ ਗੀਤ ਲੱਗਭੱਗ ਸਾਰੇ ਹੀ ਨਾਮਵਾਰ ਕਲਾਕਾਰ ਗਾ ਚੁੱਕੇ ਹਨ ਜਿਵੇਂ ਕਿ ਬਲਦੇਵ ਕੜਾਕਾ, ਭੂੰਡ ਭੜਕੀਲਾ, ਬਲਬੀਰ ਚਿੰਗਿਆੜਾ, ਮੱਘਰ ਮੁਸ਼ਕੀਲਾ, ਮਨਜਿੰਦਰ ਟਿਟਣਾ, ਤਲਵਿੰਦਰ ਠੋਲੂੰ, ਲਖਵੀਰ ਲੱਲੂੰ, ਜਗਜੀਤ ਠਰਕੀ, ਰਾਜਿੰਦਰ ਚਿਪੜ, ਗੁਰਮੇਲ ਬੁਜੜ, ਹਰਦੀ ਘੋਗੂੰ ਆਦਿ ਕਈ ਕਲਾਕਾਰ ਮੇਰੇ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ।

ਸਵਾਲ : ਕੋਈ ਮਾਣ ਸਨਮਾਨ?

ਜਵਾਬ : ਹਾਂ ਜੀ, ਹੁਣ ਤਕ ਮੇਰਾ ਬਹੁਤ ਥਾਵਾਂ ‘ਤੇ ਮਾਨ-ਸਨਮਾਨ ਹੋਇਆ ਹੈ, ਜਿਨ੍ਹਾਂ ਵਿਚੋਂ ਕੰਜਰ ਕਾਲਾ ਮੰਚ ਵਲੋਂ ‘ਬੇਸ਼ਰਮ ਪੰਜਾਬ ਦਾ’ ਐਵਾਰਡ ਮਿਲਿਆ। ਫਿਰ ਲੱਚਰ ਸੱਭਿਆਚਾਰ ਕਲੱਬ ਵਲੋਂ ‘ਬੇਸ਼ਰਮਾਂ ਦਾ ਬੇਸ਼ਰਮ’ ਐਵਾਰਡ ਮਿਲਿਆ ਅਤੇ ਪਿਛੇ ਦੋ ਕੁ ਮਹੀਨੇ ਪਹਿਲਾਂ ‘ਲੁਟੇਰਾ ਸੱਭਿਆਚਾਰ ਦਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸਵਾਲ : ਤੁਸੀਂ ਆਪਣੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ?

ਜਵਾਬ : ਹਾਂ ਜੀ, ਮੈਂ ਆਪਣੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜੋ ਮੇਰੇ ਵਰਗੇ ਗੀਤਕਾਰਾਂ ਦੇ ਗੀਤਾਂ ਨੂੰ ਮਾਣ ਬਖਸ਼ਦੇ ਹਨ।

ਮੈਨੂੰ ਆਸ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਗੀਤਾਂ ਨੂੰ ਮਾਣ ਬਖਸ਼ਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਸਭਿਆਚਾਰ ਦੀ ਅਰਥੀ ਸਾਡੇ ਮੋਢਿਆ ‘ਤੇ ਹੋਵੇਗੀ।

Tag:
ਸਭਿਆਚਾਰ ਦਾ ਲੁਟੇਰਾ ਦੇ ਐਵਾਰਡ ਨਾਲ ਸਨਮਾਨ

Tags: