ਅਖੇ ਮਾਂ ਵਰਗੀ ਨਾ ਆਖੋ

ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ। ਪਤਾ ਨਹੀ ਕਿਉਂ। ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ। ਇਹਦਾ ਕੁਸ ਦੁਖਦਾ ਨਾ ਹੋਵੇ। ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ। ਵਾਹਵਾ ਸਿਆਣੀ ਹੈ। ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ। ਸਾਰੇ ਉਸ ਨੂੰ ਭੂਆ ਬਿਸਨੀ ਆਖਦੇ ਸੀ। ਉਹ ਬਾਲ ਵਿਧਵਾ ਸੀ । ਪਰ ਸੀ ਬਹੁਤ ਸਿਆਣੀ।ਹੁਣ ਤੇ ਪੇਕੇ ਵੀ ਛੁੱਟ ਗਏ ਤੇ ਭੁਆ ਬਿਸਨੀ ਵੀ। ਹੁਣ ਤੇ ਮਾਸੀ ਮੂਰਤੀ ਹੀ ਕੰਮ ਆਉਦੀ ਹੈ ਵੇਲੇ ਕੁਵੇਲੇ।  ਮਾਸੀ ਮੂਰਤੀ ਦੇ ਸੁੱਖ ਨਾਲ ਪੰਜ ਛੇ ਮੁੰਡੇ ਹਨ। ਪੂਰਾ ਭਰਿਆ ਪਰਿਵਾਰ ਹੈ। ਸਿਆਣੀ ਤਾਂ ਮਾਸੀ ਮੂਰਤੀ ਵੀ ਬਹੁਤ ਹੈ ਜਵਾਂ ਭੂਆ ਬਿਸਨੀ ਤਰ੍ਹਾਂ। ਨਿੱਕੜੀ ਦਾ ਕਰਦੀ ਵੀ ਬਹੁਤ ਹੈ। ਜਦੋ ਮਿਲੂ, ਨਿੱਕੜੀ ਨੂੰ ਗੋਦੀ ਚੁੱਕ ਲਊ। ਕਿਉਂਕਿ ਨਿੱਕੜੀ ਜਵਾਂ ਮੇਰੇ ਤੇ ਹੀ ਗਈ ਹੈ। ਉਹੀ ਪਤਲੇ ਪਤਲੇ ਬੁੱਲ ਤਿੱਖਾ ਨੱਕ ਤੇ ਸਾਗੀ ਮੇਰੇ ਵਰਗੀਆਂ ਗੋਲ ਮਟੋਲ ਅੱਖਾਂ। ਨਾਲੇ ਆਖੂ ”ਕਿਵੇਂ ਆਂ ਮਾਂ ਵਰਗੀਏ ਮੋਰਨੀਏ।” ਤੇ ਹੱਸ ਪਊ।
ਇੱਕ ਦਿਨ ਮੇਰੀ ਸੱਸ ਨੇ ਸੁਣ ਲਿਆ ਤੇ ਉਹ ਮਾਸੀ ਤੇ ਗੁੱਸੇ ਹੋਗੀ ”ਅਖੇ ਤੂੰ ਇਹਨੂੰ ਮਾਂ ਵਰਗੀ ਨਾ ਆਖਿਆ ਕਰ।” ”ਜਦੋ ਸਕਲ ਸੂਰਤ ਮਾਂ ਤੇ ਗਈ ਹੈ ਤਾਂ ਮੈਂ ਇਹਨੂੰ ਮਾਂ ਵਰਗੀ ਹੀ ਆਖੂ। ਇਹ ਕਿਹੜੀ ਕਾਲੀ ਕਲੂਟੀ ਤੇ ਮੋਟੀ ਹੈ ਜੋ

ਇਹਨੂੰ ਮੈਂ ਪਿਓ ਵਰਗੀ ਜਾ ਦਾਦੇ ਵਰਗੀ ਆਖਾਂ।” ਮੇਰੀ ਸੱਸ ਨੇ ਹੱਸ ਕੇ ਗੱਲ ਟਾਲ ਦਿੱਤੀ। ਪਰ ਕਈ ਦਿਨ ਮੇਰੀ ਸੱਸ ਖਿਝੀ ਖਿਝੀ ਜਿਹੀ ਰਹੀ ਮੇਰੇ ਤੇ ਵੀ ਤੇ ਮਾਸੀ ਮੂਰਤੀ ਤੇ ਵੀ। ਮੈਂ ਬੋਲੀ ਤੇ ਕੁਝ ਨਾ ਪਰ ਗੱਲ ਤੇ ਸਮਝਦੀ ਸੀ ਸਾਰੀ। ਜਦੋ ਆਪਣੇ ਸਿੱਕੇ ‘ਚ ਖੋਟ ਹੀ ਹੋਵੇ ਤਾਂ ਬੰਦਾ ਕਿਸੇ ਨੂੰ ਦ੍ਹੋ ਕਿਵੇਂ ਦੇਵੇ। ਇੱਥੇ ਆ ਕੇ ਮਸਲਾ ਨੂੰਹ ਅਤੇ ਧੀ ਦੇ ਫੇਰ ਚ ਅਟਕ ਜਾਂਦਾ ਹੈ। ਬੰਦਾ ਆਪਣਾ ਦਰਦ ਕਿਸ ਨੂੰ ਸੁਣਾਵੇ । ਮਾਂ ਰਹੀ ਨਹੀ। ਜਿਉਂਦੇ ਜੀ ਮਾਰਤੀ ਮੈਂ ਆਪੇ। ਤੇ ਸੱਸ ਕਦੇ ਮਾਂ ਬਣ ਨਹੀ ਸਕਦੀ। ਢਿੱਡ ਵਿੱਚ ਗਚੱਲ ਬਣੇ ਪਏ ਹਨ। ਜੇ ਕਦੇ ਅੱਖ ਚੋ ਹੰਝੂ ਕਿਰ ਪੈਣ ਤਾਂ ਮੇਰੀ ਸੱਸ ਟੁੱਟ ਕੇ ਪੈ ਜਾਂਦੀ ਹੈ ”ਅਖੇ ਸੁੱਖ ਮੰਗਿਆ ਕਰ। ਤੇਰੇ ਘਰ ਆਲਾ ਸਾਰਾ ਦਿਨ ਡਰੈਵਰੀ ਕਰਦਾ ਹੈ। ਤੂੰ ਹੰਝੂ ਨਾ ਕੇਰਿਆ ਕਰ।” ਤੇ ਸੱਸ ਬੁੜ ਬੁੜ ਕਰਦੀ। ਸਾਰਾ ਦਿਨ ਕਿਸਮਤ ਨੂੰ ਵੀ ਨਹੀ ਰੋਇਆ ਜਾਂਦਾ। ਲਿਖਿਆਂ ਨੂੰ ਕੋਣ ਮੇਟ ਸਕਦਾ ਹੈ।
ਮਾਸੀ ਮੂਰਤੀ  ਵੀ ਘਰੇ ਨਹੀ ਸੀ। ਗਈ ਹੋਊ ਕਿਸੇ ਦੇ ਖੰਡ ਪਾਠ ਤੇ। ੦ਾ ਕਿਸੇ ਦੇ ਕੀਰਤਨ ਤੇ ਗਈ ਹੋਊ। ਮਾਸੀ ਨੂੰ ਕਿਹੜਾ ਘਰੇ ਟਿਕਾ ਆਉੱਦਾ ਹੈ। ਕੰਮ ਦਾ ਫਿਕਰ ਨਹੀ। ਨੂੰਹਾਂ ਕਰਣ ਨਾ ਕਰਣ। ਸਾਰੀ ਕਮਾਂਡ ਮਾਸੀ ਹੱਥ ਹੈ। ਮਾਸੜ ਨੂੰ ਉਹ ਟਿੱਚ ਕਰਕੇ ਜਾਣਦੀ ਹੈ। ਹੋਰ ਨਹੀ ਤਾਂ ਕਿਸੇ ਮਰਗ ਆਲੇ ਘਰੇ ਗਈ ਹੋਵੇਗੀ । ਕੋਈ ਮਰ ਜੇ ਬਸ ਮਾਸੀ ਨੂੰ ਪਤਾ ਲੱਗ ਜੇ ਸਹੀ। ਸਭ ਤੋਥ ਮੂਹਰੇ ਹੋਊ ਕੰਮ ਚ ਵੀ ਤੇ ਰੋਣ ਧੋਣ ‘ਚ ਵੀ। ਜੇ ਕੋਈ ਜਨਾਨੀ ਮਰੀ ਹੋਵੇ ਤਾਂ ਅਗਲੇ ਦੀਆਂ ਨੂੰਹਾਂ ਨਹਾਉਣ ਨਾ ਨਹਾਉਣ ਬਸ ਨਹਾਊ ਮਾਸੀ ਹੀ। ਐਂ ਨਹਾਊ ਜਿਵੇਂ ਅਗਲੀ ਵੇਖਦੀ ਪਈ ਹੋਵੇ। ਆਉਂਦੀ ਮੈਂ ਮਾਸੀ ਦੀ ਨੂੰਹ ਨਾਲ ਗੱਲੀ ਲੱਗ ਪਈ। ਉਹ ਵੀ ਵਿਚਾਰੀ ਡਾਹਢੀ ਦੁੱਖੀ ਸੀ ਪੇਕਿਆ ਵਲੋਂ। ਕੋਈ ਭਰਾ ਨਹੀ ਹੈ  ਉਸ ਦੇ। ਮਾਂ ਪਿਓ ਦੀ ਝੋਰਾ ਵੱਡ ਵੱਡ ਖਾਂਦਾ ਹੈ। ਮੇਰੇ ਤਾਂ ਸਭ ਕੁਝ ਸੀ ਮੈਂ ਗੰਵਾ ਲਿਆ ਆਪਣੇ ਹੱਥੀ। ਸੋਹਣੀ ਕੋਠੀ ਸੀ ਸਾਡੀ। ਸ਼ਹਿਰ ‘ਚ ਨਾਂ ਸੀ ਮੇਰੇ ਡੈਡੀ ਜੀ ਦਾ।  ਸਾਡੇ ਚਾਚੇ ਤਾਇਆ ਦਾ ਸਾਂਝਾ ਕਾਰੋਬਾਰ ਸੀ। ਘਰੇ ਤਿੰਨ ਤਿੰਨ ਕਾਰਾਂ, ਮੋਟਰ ਸਾਇਕਲ ਵੱਖਰੇ ਵੱਖਰੇ ਸਭਦੇ। ਬਸ ਮੱਤ ਹੀ ਮਾਰੀ ਗਈ ਮੇਰੀ।
ਅਜੇ ਮੈਂ ਕਾਲਜ ‘ਚ ਦਾਖਿਲਾ ਲਿਆ ਹੀ ਸੀ। ਮੈਂ ਡੈਡੀ ਜੀ ਨੂੰ ਕਿਹਾ ਮੈਨੂੰ ਐਕਟਿਵਾ ਲੈ ਦਿਉ। ਮੈਂ ਸਾਇਕਲ ਤੇ ਕਾਲਜ ਨਹੀ ਜਾਣਾ। ਡੈਡੀ ਜੀ ਵੀ ਮੰਨ ਗਏ । ਪਰ ਮੰਮੀ ਜੀ ਕਹਿੰਦੇ ਪਹਿਲਾਂ ਤੂੰ ਪੂਰਾ ਸਾਇਕਲ ਸਿੱਖ ਲੈ। ਮਹੀਨੇ ਕੁ ਬਾਅਦ ਤੈਨੂੰ ਅੇਕਟਿਵਾ ਵੀ ਲੈ ਦਿਆਂਗੇ। ਕਿਉਕਿ ਮੇਰੀ ਮਾਸੀ ਦੀਆਂ ਦੋਨੇ ਕੁੜੀਆਂ ਕੋਲ ਐਕਟਿਵਾ ਸੀ ਤੇ ਮੰਮੀ ਦੀ ਰੀਝ ਵੀ ਸੀ। ਅਜੇ ਤੀਜਾ ਚੌਥਾ ਦਿਨ ਹੀ ਹੋਇਆ ਸੀ ਮੈਨੂੰ ਕਾਲਜ ਜਾਂਦੀ ਨੂੰ। ਫਾਟਕਾਂ ਤੇ ਮੇਰੀ ਚੁੰਨੀ ਫਸ ਗਈ। ਸਾਇਕਲ ਦੀ ਚੈਨ ਵਿੱਚ ਤੇ ਮੈਥ ਧੜੱਮ ਦਿਨੇ ਥੱਲੇ ਡਿੱਗ ਪਈ ਤੇ ਲੋਕੀ ਇੱਕਠੇ ਹੋ ਗਏ। ਬਹੁਤੇ ਮੈਨੂ ਜਾਣਦੇ ਸੀ।  ਬਈ ਇਹ ਮਿੱਤਲਾਂ ਦੀ ਕੁੜੀ ਹੈ। ਸਾਰਿਆ ਨੇ ਮੈਨੂੰ ਖੜੀ ਕੀਤਾ ਤੇ ਮੇਰਾ ਹਾਲ ਪੁਛਿਆ। ਕੋਈ ਸੱਟ ਤੇ ਨਹੀ ਲੱਗੀ। ਮੇਰੇ ਗੋਡੇ ਤੇ ਜੋਰ ਦੀ ਸੱਟ ਵੱਜੀ ਸੀ ਤੇ ਮਾਸ ਵੀ ਛਿੱਲਿਆ ਗਿਆ ਸੀ । ਪਰ ਮੈਂ ਡਰਦੀ ਨੇ ਕਿਸੇ ਨੂੰ ਨਹੀ ਦੱਸਿਆ। ਹੁਣ ਸੱਮਸਿਆ ਚੁੰਨੀ ਨੂੰ ਚੈਨ ਵਿੱਚੋਂ ਕੱਢਣ ਦੀ ਸੀ। ਇਹ ਵੀ ਭੀੜ ਵਿੱਚ ਸਾਮਿਲ ਸੀ ਤੇ ਇਹਨੇ ਇਕੱਲੇ ਨੇ ਪੋਣਾ ਘੰਟਾ ਮੱਥਾ ਮਾਰ ਕੇ ਸਾਇਕਲ ਤੁਰਣ ਜੋਗਾ ਕਰਤਾ।
ਉਸ ਦਿਨ ਤੋ ਬਾਅਦ ਤਾਂ ਇਹ ਆਪਣੇ ਆਪ ਨੂੰ ਹੀਰੋ ਹੀ ਸਮਝਣ ਲੱਗ ਗਿਆ ਆਪਣੇ ਆਪ ਨੂੰ। ਇਸ ਨੇ ਮੇਰਾ ਪਿੱਛਾ ਕਰਨਾ ਸੁਰੂ ਕਰ ਦਿੱਤਾ। ਹੌਲੀ ਹੌਲੀ ਮੈਂ ਪਿੰਘਲਦੀ ਗਈ ਤੇ ਇਹ ਆਪਣੇ ਮਿਸ਼ਨ ‘ਚ ਕਾਮਜਾਬ ਹੁੰਦਾ ਗਿਆ।  ਅਸੀਂ ਚੋਰੀ ਚੋਰੀ ਮਿਲਣ ਲੱਗ ਪਏ। ਮੈਨੂੰ ਇਸ ਦੀ ਗੋਤ ਘਰ ਬਾਰ ਦਾ ਪਤਾ ਨਹੀ ਲੱਗਿਆ। ਮੈਂਨੂੰ ਲੱਗਦਾ ਇਹ ਵੀ ਕਾਲਜ ‘ਚ ਪੜ੍ਹਦਾ ਹੋਵੇਗਾ। ਜਦੋ ਵੀ ਮੈਂ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਇਹ ਗੱਲੀ ਬਾਤੀ ਟਾਲ ਦਿੰਦਾ। ਆਪਣੇ ਘਰ ਬਾਰੇ ਵੀ ਇਹਨੇ ਮੈਨੂੰ ਭੰਬਲ ਭੂਸੇ ਵਿੱਚ ਪਾਈ ਰੱਖਿਆ। ਦਿਨ ਬੀਤਦੇ ਗਏ ਤੇ ਸਾਡਾ ਇਸ਼ਕ ਅਗਲੀਆਂ ਮੰਜ਼ਿਲਾਂ ਸਰ ਕਰਦਾ ਗਿਆ। ਮੈਂ ਘਰਦਿਆਂ ਤੋ ਪੂਰੀ ਚੋਰੀ ਰੱਖਦੀ। ਸ਼ੱਕ ਦੀ ਕੋਈ ਗੁੰਜਾਇਸ ਹੀ ਨਹੀ ਸੀ। ਮੰਮੀ ਡੈਡੀ ਨੂੰ ਮੇਰੇ ਤੇ ਪੂਰਾ ਯਕੀਨ ਸੀ। ਵੈਸੇ ਵੀ ਮੈਨੂੰ ਸਾਰੇ ਭੋਲੀ ਹੀ ਸਮਝਦੇ ਸਨ। ਪਰ ਉਹਨਾਂ ਨੂੰ ਕੀ ਪਤਾ ਉਹਨਾਂ ਦੀ ਭੋਲੀ ਤੇ ਵੀ ਇਸ਼ਕ ਦਾ ਭੂਤ ਸਵਾਰ ਹੋ ਗਿਆ ਸੀ। ਵੈਸੇ ਮਾਂ ਪਿਓੁ ਵੀ ਅੋਲਾਦ ਦੇ ਮੋਹ ਚ ਅੰਨੇ ਹੁੰਦੇ ਹਨ। ਚਾਹੇ ਸਾਰੀ ਦੁਨੀਆ ਆਖੀ ਜਾਵੇ ਇਹਨਾਂ ਨੂੰ ਆਪਣੀ ਅੋਲਾਦ ਹੀ ਸੱਚੀ ਲੱਗਦੀ ਹੈ। ਤੇ ਇਹ ਅੰਧ ਵਿਸ਼ਵਾਸ ਹੀ ਮੇਰੇ ਇਸ਼ਕ ਦੀ ਪੌੜੀ ਬਣਿਆ। ਸਾਡੇ ਪਿਆਰ ਦਾ ਸਿਲਸਲਾ ਕਈ ਹੱਦਾਂ ਪਾਰ ਕਰ ਗਿਆ । ਪਾਰ ਹੀ ਨਹੀਂ ਸਗੋਂ ਇਉਂ ਕਹਿ ਲਵੋ ਕੋਈ ਹੱਦ ਬਾਕੀ ਨਹੀਂ ਸੀ ਰਹੀ। ਇਸ ਨੇ ਹੌਲੀ ਹੌਲੀ ਆਪਣੀ ਭੈਣ ਨੂੰ ਤੇ ਫਿਰ ਮਾਂ ਨੂੰ ਸਭ ਕੁਝ ਦੱਸ ਦਿੱਤਾ।   ਉਹ ਪਹਿਲਾਂ ਤਾਂ ਮੈਨੁੰ ਆਨੀ ਬਹਾਨੀ ਮਿਲੀਆਂ ਤੇ ਫਿਰ ਤਾਂ ਪੱਕਾ ਹੀ ਘਰ ਦੀ ਬਹੂ ਸਮਝ ਕੇ ਬੇਝਿਜਕ ਮਿਲਦੀਆਂ। ਸਾਡੀ ਜਾਣ ਪਹਿਚਾਣ ਦੇ ਇੱਕ ਦੋ ਲੋਕਾਂ ਨੇ ਸਾਨੂੰ ਦੇਖ ਲਿਆ। ਪਰ ਕਿਸੇ ਨੇ ਸਾਡੇ ਘਰੇ ਦੱਸਣ ਦੀ ਜੁਰਅਤ ਨਾ ਕੀਤੀ ਕਿਉਂਕਿ ਮੇਰੇ ਮੰਮੀ ਡੈਡੀ ਮੰਨਦੇ ਹੀ ਨਹੀਂ ਸਨ। ਤੇ ਜੇ ਕਿਸੇ ਭਲੇਮਾਨਸ ਨੇ ਦੱਸਿਆ ਤਾਂ ਡੈਡੀ ਉਸ ਦੇ ਗੱਲ ਪੈ ਗਏ। ਮੈਨੂੰ ਪਤਾ ਸੀ ਕਿ ਸਾਡਾ ਵਿਆਹ ਨਹੀ ਹੋ ਸਕਦਾ। ਇਸ ਗੱਲ ਦਾ ਇਹਨਾਂ ਨੂੰ ਵੀ ਪਤਾ ਸੀ। ਸੋ ਹੋਲੀ ਹੋਲੀ ਇਹ ਮੈਨੂੰ ਕੋਰਟ ਮੈਰਿਜ ਦਾ ਪਾਠ ਪੜਾਉਣ ਲੱਗ ਪਏ।
ਇੱਕ ਦਿਨ ਇਹਨਾਂ ਨੇ ਬਹਾਨੇ ਨਾਲ ਮੇਰਾ ਦੱਸਵੀਂ ਦਾ ਸਰਟੀਫੀਕੇਟ ਮੰਗਵਾ ਲਿਆ। ਹੁਣ ਇਹਨਾਂ ਦਾ ਪਿਓ ਵੀ ਇਹਨਾਂ ‘ਚ ਸ਼ਾਮਿਲ ਹੋ ਗਿਆ ਸੀ। ਮੈਨੂੰ ਬਾਦ ‘ਚ ਪਤਾ ਲੱਗਿਆ ਕਿ ਇਹ ਸਾਰਾ ਮਸਲਾ ਡੈਡੀ ਤੋਂ ਮੋਟਾ ਪੈਸਾ ਵਸੂਲਣ ਦਾ ਸੀ। ਮੈਂ ਬਾਲਗ ਸੀ ਤੇ ਇਸਕ ‘ਚ ਅੰਨੀ। ਮੈਂ ਘਰੋਂ ਇਹਨਾਂ ਦੇ ਕਹੇ ਅਨੁਸਾਰ ਪੈਸਾ ਤੇ ਜੇਵਰ ਲੈ ਕੇ ਚੰਡੀਗ੍ਹੜ ਪਹੁੰਚ ਗਈ ਤੇ ਅਸੀਂ ਕੋਰਟ ਮੈਰਿਜ ਕਰਵਾ ਲਈ। ਅਜੇ ਵੀ ਮੈਂ ਘਰਦਿਆਂ ਭਾਂਣੇ ਪੇਪਰ ਦੇਣ ਗਈ ਸੀ। ਜਦੋਂ ਮੈਂ ਘਰੇ ਆ ਕੇ ਸਾਰੀ ਗੱਲ ਦਾ ਖੁਲਾਸਾ ਕੀਤਾ ਤਾਂ ਘਰੇ ਕੋਹਰਾਮ ਮੱਚ ਗਿਆ। ਘਰ ਵਾਲੇ ਮੈਨੂੰ ਕੁਝ ਵੀ ਨਹੀਂ ਸਨ ਆਖ ਸਕਦੇ ਕਿਉਕਿ ਪੁਲਿਸ ਵਲੋਂ ਮੈਨੂੰ ਸੁਰੱਖਿਆ ਮਿਲੀ ਹੋਈ ਸੀ। ਮੇਰੀ ਮੰਮੀ ਨੇ ਮੇਰੀਆਂ ਖੂਬ ਮਿੰਨਤਾਂ ਕੀਤੀਆਂ ਅਖੇ ਤੂੰ ਮੁਕਰ ਜਾ। ਪਰ ਮੇਰੀਆਂ ਅੱਖਾਂ ਤੇ ਤਾਂ ਇ੍ਹਕ ਦੀ ਪੱਟੀ ਸੀ।
ਮੈਂ ਆਪਣੇ ਮਾਪਿਆਂ ਦਾ ਰਾਜਭਾਗ ਛੱਡ ਕੇ ਇਹਨਾਂ ਦੀ ਖੋਲ੍ਹੀ ‘ਚ ਆ ਗਈ। ਇਹ ਘਰ ਨਹੀ ਸੀ ਨਰਕ ਦਾ ਦੁਆਰ ਸੀ। ਚੁਲ੍ਹੇ ਤੇ ਫੂਕਾਂ ਮਾਰ ਮਾਰ ਕੇ ਮੈਂ ਖਾਣਾ ਬਣਾਉਂਦੀ ਤੇ ਆਪ ਭੁੱਖੀ ਸੋਂਦੀ। ਇਹਨਾਂ ਨੇ ਵੀ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਮਾਪਿਆਂ ਨੇ ਵੀ ਮੇਰਾ ਵਰਕਾ ਫਾੜ ਦਿੱਤਾ ਅਖੇ ਅਸੀ ਸਮਝ ਲਾਂਗੇ ਕਿ ਸਾਡੀ ਤੇ ਜੰਮਦੀ ਮਰ ਗਈ ਸੀ। ਮੈਂ ਤੇ ਇਸ ਨੂੰ ਪਤੀ ਪ੍ਰਮੇਸ਼ਵਰ ਮੰਨ ਲਿਆ ਸੀ ਪਰ ਇਹ ਤਾਂ ਡੈਡੀ ਦੇ ਪੈਸਿਆਂ ਨਾਲ ਆਪਣੀ ਟੈਕਸੀ ਪਾਉਣ ਦੀ ਸੋਚੀ ਬੈਠਾ ਸੀ। ਰਹਿੰਦੀ ਖੂੰਹਦੀ ਕਸਰ ਨਿੱਕੜੀ ਦੇ ਪੈਦਾ ਹੋਣ ਨਾਲ ਨਿਕਲ ਗਈ। ਅੱਜ ਦੇ ਜ਼ਮਾਨੇ ‘ਚ ਧੀ ਦੇ ਪੈਦਾ ਹੋਣ ਤੇ ਹੀ ਘਰੇ ਸੋਗ ਮਨਾਉਣ ਲੱਗ ਜਾਂਦੇ ਹਨ। ਹੋਰ ਕੋਈ ਧੀਆਂ ਰਾਤ ਨੂੰ ਉਠੱਕੇ  ਤਾਂ ਨਹੀਂ ਖਾਂਦੀਆਂ । ਮਾਂ ਪਿਉ ਦੇ ਹੱਥ ਨਾਲ ਦਿੱਤੇ ਤੇ ਸਬਰ ਕਰ ਲੈਂਦੀਆਂ ਹਨ। ਪਰ ਜੇ ਧੀਆਂ ਦੇ ਲੇਖ ਚੰਗੇ ਹੋਣ ਤਾਂ। ਮੇਰੇ ਵਰਗੀਆਂ ਧੀਆਂ ਨੂੰ ਤਾਂ ਕੁੱਖ ‘ਚ ਮਾਰਣ ‘ਚ ਹੀ ਭਲਾ ਹੈ। ਮੇਰੀ ਸੱਸ ਨੂੰ ਕਿੰਨਾ ਦੁੱਖ ਹੁੰਦਾ ਹੈ ਜਦੋ ਕੋਈ ਮੇਰੀ ਧੀ ਨੂੰ ਮਾਂ ਵਰਗੀ ਆਖੇ ਤਾਂ। ਜੇ ਭਲਾ ਦੀ ਉਸ ਦੀ ਪੋਤੀ ਵੀ ਮਾਂ ਵਰਗੀ ਨਿਕਲ ਗਈ ਤਾਂ ਉਹ ਕਿਵੇਂ ਬਰਦਾਸਤ ਕਰਣਗੇ। ਤਾਂਹੀਓ ਤਾਂ ਮੇਰੀ ਸੱਸ ਆਖਦੀ ਹੈ ਅਖੇ ਇਹਨੂੰ ਮਾਂ ਵਰਗੀ ਨਾ ਆਖੋ।

Tags:

Leave a Reply