ਕਿੱਕਲੀ ( Kikli )

ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਪ੍ਰਕਿਰਤੀ ਪੱਖੋਂ ਦੂਜੇ ਲੋਕ-ਨਾਚਾਂ ਵਿੱਚ ਇਸਦੀ ਵੱਖਰੀ ਪਛਾਣ ਹੈ। ਭਾਵੇਂ ਇਸ ਲੋਕ-ਨਾਚ
ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰੰਭਿਕ ਜਾਂ ਅੰਤਮ ਚਰਨ ਦੇ ਪੜਾਵਾਂ ਤੇ ਵੀ
ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਹੀ ਸੁਤੰਤਰ ਲੋਕ-ਨਾਚ ਹੈ ਅਤੇ ਇਸ ਨੂੰ ਖੇਡ ਵੀ ਨਹੀਂ ਮੰਨਣਾ ਚਾਹੀਦਾ। ‘ਕਿੱਕਲੀ’ ਜਾਂ ‘ਕਿਰਕਲੀ’ ਤੋਂ ਭਾਵ ਖੁਸ਼ੀ ਅਤੇ
ਚਾਅ ਭਰਪੂਰ ਅਵਾਜ਼ ਹੈ। ਅਸਲ ਵਿੱਚ ਇਹ ਲੋਕ-ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ
ਮਨ ਪਰਚਾਵੇ ਲਈ, ਕਿਸੇ ਖੁਸ਼ੀ ਦੇ ਮੋਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰੱਸਤੇ, ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਇਸ ਲੋਕ-ਨਾਚ ਨੂੰ ਨਿੱਕੇ ਨਿੱਕੇ
ਲੋਕ-ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ। ਪ੍ਰਚਲਿਤ ਲੋਕ-ਗੀਤ ਦੇ ਬੋਲ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

ਇਸ ਪ੍ਰਕਾਰ ਇਹ ਕੁੜੀਆਂ ਕਿਸੇ ਥਾਂ ਇੱਕਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ,
ਉਸ ਵਿੱਚੋਂ ਇਕ ਕੁੜੀ, ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸਦਾ ਖੱਬਾ ਹੱਥ
ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਤਰਾਂ ਦੂਜੀ ਕੁੜੀ ਕਰਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹੇਂ ਬਾਹਾਂ ਦੀ ਸੰਗਲੀ ਜਿਹੀ ਅੱਠ (8) ਦੇ ਹਿੰਦਸੇ
ਵਰਗੀ ਬਣ ਜਾਂਦੀ ਹੈ। ਬਾਂਹਾਂ ਨੂੰ ਇਸ ਸਥਿਤੀ ਵਿੱਚ ਕਰਨ ਉੱਪਰੰਤ ਇਹ ਕੁੜੀਆਂ ਆਪਣੇ ਪੈਰਾਂ
ਭਾਰ ਹੱਥਾਂ ਤੇ ਪਾ ਲੈਂਦੀਆਂ ਹਨ, ਅਤੇ ਬਾਕੀ ਸਰੀਰ ਦਾ ਭਾਰ ਪਿੱਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ
ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ ਤੇ ਕਿੱਕਲੀ ਸੰਬੰਧੀ ਪਰੰਪਰਾਇਕ ਲੋਕ-ਗੀਤਾਂ
ਦੇ ਬੋਲਾ ਦਾ ਉਚਾਰ ਕੀਤਾ ਜਾਂਦਾ ਹੈ। ਅਜਿਹੇ ਕੁੱਝ ਲੋਕ-ਗੀਤਾਂ ਵਿੱਚ ਏਧਰ-ਉੱਧਰ ਗੀਤ ਦੀ ਟੋਨ ਮੁਤਾਬਿਕ ਇੱਕ-ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ
ਹੈ। ਕੁੜੀਆਂ ਦੇ ਇਹ ਲੋਕ-ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ-
ਨਾਲ ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਪ੍ਰਬੰਧ ਆਦਿ ਦੇ ਚਿਤਰਪੱਟ ਦਾ ਨਿਰੂਪਣ ਕਰਨ ਵਾਲੇ ਹੁੰਦੇ ਹਨ। ਅਜਿਹੀਆਂ ਕੁੱਝ ਉਦਹਾਰਨਾਂ ਹਨ:

ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?

ਇਸ ਤਰ੍ਹਾਂ ਤੇਜ-ਤਰਾਰ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ-ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ,
ਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਅਕਾਰ ਵਿੱਚ
ਉੱਡਦੀਆਂ ਹੋਈਆਂ ਰੌਚਕ ਦਿ੍ਸ਼ ਸਾਕਾਰ ਕਰਦੀਆਂ ਹਨ। ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁਟ-ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ ਦੀ ਲੋੜ ਨਹੀਂ ਪੈਂਦੀ। ਪਹਿਰਾਵੇ ਆਦਿ ਦੀ
ਵੀ ਪੂਰਨ ਖੁੱਲ੍ਹ ਹੁੰਦੀ ਹੈ।

ਕਿੱਕਲੀ ਵੀਡਿਓੁ
http://www.youtube.com/watch?v=QajVGIhfQAg

Tags: , ,

Leave a Reply