ਜਦੋਂ ਗਿੱਧਾ ਜਾਂ ਭੰਗੜਾ ਮੱਧਮ ਚਾਲ ਵਿੱਚ ਹੋਵੇ ਤਾਂ ਨਾਲੋ ਨਾਲ ਉਚਾਰੇ ਜਾਂਦੇ ਟੱਪੇ ਖ਼ੂਬ ਰੰਗ ਬੰਨ੍ਹਦੇ ਹਨ। ਟੱਪੇ ਨੂੰ ਲਮਕਾ ਕੇ ਗਾਉਣ ਲਈ ਕਈ ਵਾਰ ਬੱਲੇ ਬੱਲੇ ਵੀ ਜੋੜ ਲਿਆ ਜਾਂਦਾ ਹੈ।
ਟੱਪੇ ਵਿੱਚ ਅਕਸਰ ਇੱਕ ਬਿੰਬ ਅਰਥਾਤ ਇੱਕ ਸ਼ਾਬਦਿਕ-ਚਿੱਤਰ ਹੁੰਦਾ ਹੈ ਜਿਸ ਕਾਰਨ ਟੱਪੇ ਵਿੱਚ ਕਾਵਿਕਤਾ ਝਲਕ-ਝਲਕ ਪੈਂਦੀ ਹੈ।
ਆਮ ਤੌਰ ‘ਤੇ ਟੱਪੇ ਦੇ ਪਹਿਲੇ ਅੱਧ ਤੇ ਅੰਤ ਉੱਤੇ ਦੀਰਘ ਸਵਰ ਆਉਂਦਾ ਹੈ। ਇੱਥੇ ਠਹਿਰਾਉ ਆਉਂਦਾ ਹੈ। ਇਸ ਨਾਲ ਟੱਪੇ ਨੂੰ ਦੋਵੇਂ ਪਾਸਿਆਂ ਤੋਂ ਚੁੱਕਿਆ ਜਾ ਸਕਦਾ ਹੈ ਜਿਵੇਂ:
ਪੱਕੀ ਰਹਿਗੀ ਵੇ ਤਵੇ ‘ਤੇ ਰੋਟੀ,
ਬਸਰੇ ਨੂੰ ਤੁਰ ਚੱਲਿਆ,
ਇਸ ਨੂੰ ਇਉਂ ਵੀ ਉਚਾਰਿਆ ਜਾ ਸਕਦਾ ਹੈ:
ਬਸਰੇ ਨੂੰ ਤੁਰ ਚੱਲਿਆ,
ਪੱਕੀ ਰਹਿਗੀ ਵੇ ਤਵੇ ‘ਤੇ ਰੋਟੀ
ਟੱਪੇ ਵਿੱਚ ਇਕਹਿਰਾ ਭਾਵ ਪ੍ਰਗਟ ਹੋਇਆ ਹੁੰਦਾ ਹੈ। ਰਚਨਾ ਪੱਖੋਂ ਇਸ ਵਿੱਚ ਸੰਜਮ, ਸਹਿਜ, ਸਰਲਤਾ ਤੇ ਅਜੀਬ ਤਿੱਖਾਪਣ ਹੁੰਦਾ ਹੈ।
ਵੱਖ-ਵੱਖ ਟੱਪਿਆਂ ਵਿੱਚ ਜੀਵਨ ਦੇ ਅਨੇਕ ਰੰਗਾਂ ਤੇ ਸਥਿਤੀਆਂ ਬਾਰੇ ਨਿੱਕੀਆਂ-ਨਿੱਕੀਆਂ ਟਿੱਪਣੀਆਂ ਹੁੰਦੀਆਂ ਹਨ। ਲੋਕ-ਸਿਆਣਪਾਂ, ਲੋਕ
ਨੀਤੀਆਂ, ਜੀਵਨ ਦੀ ਅਸਥਿਰਤਾ, ਵੱਖ-ਵੱਖ ਰਿਸ਼ਤਿਆਂ ਦਾ ਨਿੱਘ ਤੇ ਤਣਾਉ, ਅਸੰਗਤੀਆਂ ਅਤੇ ਜੀਵਨ ਦੀਆਂ ਖ਼ੂਬਸੂ੍ਰਤੀਆਂ ਦੀ ਨਿੱਕੀ-ਨਿੱਕੀ ਝਲਕ ਇਹਨਾਂ ਟੱਪਿਆਂ ਵਿੱਚ ਪ੍ਰਗਟ ਹੁੰਦੀ ਹੈ।
ਕਈ ਟੱਪੇ ਅਖਾਉਤਾਂ ਤੇ ਵਿਸ਼ੇਸ਼ ਕਾਵਿ-ਤੁਕਾਂ ਵਾਂਗ ਵੱਖ-ਵੱਖ ਸਥਿਤੀਆਂ ਵਿੱਚ ਜ਼ਿਕਰਯੋਗ ਵੀ ਹੁੰਦੇ ਹਨ। ਇੱਥੇ ਅਸੀਂ ਕੁਝ ਚੋਣਵੇਂ ਟੱਪੇ ਪੇਸ਼ ਕਰ ਰਹੇ ਹਾਂ।
1. ਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।
2. ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ ‘ਤੇ।
3. ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।
4. ਜਿਹੜੇ ਕਹਿੰਦੇ ਸੀ ਮਰਾਂ ਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।
5. ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ,
ਪਾਣੀ ਨਾਲੋਂ ਪੈਗੇ ਪਤਲੇ।
6. ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।
7. ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ।
8. ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।
9. ਉੱਚਾ ਹੋ ਗਿਆ ਅੰਬਰ ਦਾ ਰਾਜਾ,
ਰੋਹੀਆਂ ‘ਚ ਹਾਅੜ ਬੋਲਿਆ।
10. ਗਿੱਧਿਆਂ ‘ਚ ਨੱਚਦੀ ਦਾ,
ਤੇਰਾ ਦੇਵੇ ਰੂਪ ਦੁਹਾਈਆਂ।
11. ਨਿੰਮ ਦੇ ਸੰਦੂਖ ਵਾਲੀਏ,
ਕਿਹੜੇ ਪਿੰਡ ਮੁਕਲਾਵੇ ਜਾਣਾ।
12. ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।
13. ਚਰਖੇ ਦੀ ਘੂਕ ਸੁਣ ਕੇ,
ਜੋਗੀ ਉੱਤਰ ਪਹਾੜੋਂ ਆਇਆ।
14. ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।
15. ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।
16. ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ ਜਾਂਦੇ ਲੈਣ ਵਾਸ਼ਨਾ।
17. ਮਾਂਵਾਂ ਨੂੰ ਪੁੱਤ ਐਂ ਮਿਲਦੇ,
ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।
18. ਪੁੱਤ ਵੀਰ ਦਾ ਭਤੀਜਾ ਮੇਰਾ,
ਭੂਆ ਕਹਿ ਕੇ ਮੱਥਾ ਟੇਕਦਾ।
19. ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,
ਸਦਾ ਨਹੀਂ ਅਬਾਦ ਰਹਿਣੀਆਂ।
20. ਤਿੰਨ ਰੰਗ ਨਹੀਉਂ ਲੱਭਣੇ,
ਹੁਸਨ, ਜੁਆਨੀ, ਮਾਪੇ।
21. ਨਹੀਉਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।
22. ਕਿਤੇ ਲਿੱਪਣੇ ਨਾ ਪੈਣ ਬਨੇਰੇ,
ਪੱਕਾ-ਘਰ ਟੋਲੀਂ ਬਾਬਲਾ।
23. ਕਿਹੜੇ ਹੌਸਲੇ ਲੰਬਾ ਤੰਦ ਪਾਵਾਂ,
ਪੁੱਤ ਤੇਰਾ ਵੈਲੀ ਸੱਸੀਏ।
24. ਕੱਟ ਦੇ ਫਰੰਗੀਆਂ ਨਾਮਾ,
ਇੱਕੋ ਪੁੱਤ ਮੇਰੀ ਸੱਸ ਦਾ।
25. ਹਾੜ੍ਹੀ ਵਢੂੰਗੀ ਬਰੋਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ।
26. ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆਂ।
27. ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ,
ਤੂੰ ਤਾਂ ਮੇਰੀ ਕੂੜ ਦੀ ਮਾਂ ਏਂ।
28. ਜੱਗ ਜੀਉਣ ਵੱਡੀਆਂ ਭਰਜਾਈਆਂ,
ਪਾਣੀ ਮੰਗਾਂ ਦੁੱਧ ਦੇਂਦੀਆਂ।
29. ਮੁੰਡੇ ਮਰਗੇ ਕਮਾਈਆਂ ਕਰਦੇ,
30. ਪਾਣੀ ਡੋਲ੍ਹਗੀ ਝਾਂਜਰਾਂ ਵਾਲੀ,
ਕੈਂਠੇ ਵਾਲਾ ਤਿਲ੍ਹਕ ਗਿਆ।
ਟੱਪੇ ਵੀਡਿਓੁ