ਅੱਜ ਪੰਜਾਬ ’ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੂਰੇ ਧੂਮ ਧਾਮ ਨਾਲ ਪੰਜਾਬ ਦਾ ਤਿੳੁਹਾਰ ਹੋਲਾ ਮਹੱਲਾ ਸ਼ੁਰੂ ਹੋ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਅਾਰੰਭ ਹੋ ਗਏ ਅਤੇ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। 4 ਤੋਂ 6 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲਣ ਵਾਲਾ ਹੋਲਾ ਮਹੱਲਾ, ਅੱਜ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਗਿਆ। ਹੋਲੇ ਮਹੱਲੇ ਦੇ ਪਹਿਲੇ ਦਿਨ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਸਵੇਰੇ ਤੜਕਸਾਰ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਜਦਕਿ ਸਵੇਰੇ 10 ਵਜੇ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਅਾਰੰਭ ਹੋ ਗਏ। ਅੱਜ ਤੋਂ ਹੋਲਾ ਮਹੱਲਾ ਸ਼ੁਰੂ ਹੋਣ ਤੋਂ ਬਾਅਦ, 6 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏਆ ਜਾਵੇਗਾ।
ਦੇਸ਼ ਵਿਦੇਸ਼ ਤੋਂ ਪਹੰਚਣ ਵਾਲੀ ਸੰਗਤ ਲਈ ਰਿਹਾਇਸ਼, ਗੱਠੜੀ ਘਰ ਅਤੇ ਜੋੜਾ ਘਰਾਂ ਸਮੇਤ 24 ਘੰਟੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 400 ਤੋਂ ਵੱਧ ਸਭਾ ਸੁਸਾਇਟੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ ਹਨ। ਇਲਾਕੇ ਦੇ ਸਾਰੇ ਗੁਰਦੁਆਰਿਆਂ ’ਚ ਗੁਰਬਾਣੀ ਦਾ ਪਰਵਾਹ ਚੱਲ ਰਿਹਾ ਹੈ ਅਤੇ ਗੁਰਦੁਆਰਿਆਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ ਗਿਆ ਹੈ।