ਚੇਤਰ ਦੇ ਮਹੀਨੇ ਤੱਕ ਫੁੱਲਾਂ ਨੇ ਬਗੀਚਿਆਂ ਵਿਚ ਖੂਬ ਰੌਣਕਾਂ ਲਾਈਆਂ ਹੁੰਦੀਆਂ ਹਨ | ਪੰਜਾਬ ਵਿਚ ਨਿੱਕੇ-ਨਿੱਕੇ ਫੁੱਲਾਂ ਦਾ ਨਜ਼ਾਰਾਂ ਵੇਖਣਯੋਗ ਹੁੰਦਾ ਹੈ | ਹਜ਼ਾਰਾਂ ਨਹੀਂ, ਲੱਖਾਂ ਹੀ ਫੁੱਲਾਂ ਨਾਲ ਲੱਦੀਆਂ ਧਰੇਕਾਂ ਧਿਆਨ ਖਿੱਚਦੀਆਂ ਹਨ | ਫੁੱਲਾਂ ਅਤੇ ਹਰਿਆਵਲ ਦੀ ਬਹਾਰ ਨਾਲ ਹੀ ਜੀਵ-ਜੰਤੂ ਵੀ ਜ਼ਿੰਦਗੀ ਵਿਚ ਖੀਵੇ ਹੋ ਉਠਦੇ ਹਨ | ਪੰਛੀ ਆਕਾਸ਼ ਵਿਚ ਚੁੰਗੀਆਂ ਭਰਨ ਲਗਦੇ ਹਨ | ਸ਼ਾਮ ਸਮੇਂ ਡਾਰਾਂ ਦੀਆਂ ਡਾਰਾਂ ਆਕਾਸ਼ ਵਿਚ ਸਮੂਹਿਕ ਮਸਤੀਆਂ ਕਰਦੀਆਂ ਸਾਨੂੰ ਕੁਦਰਤ ਦੇ ਨਜ਼ਦੀਕ ਲੈ ਆਉਂਦੀਆਂ ਹਨ | ਸਵੇਰ ਵੇਲੇ ਪੰਛੀ ਡਾਰਾਂ ਵਿਚ ਘੱਟ ਅਤੇ ਜੋੜਿਆਂ ਦੇ ਰੂਪ ਵਿਚ ਜ਼ਿਆਦਾ ਨਜ਼ਰ ਆਉਂਦੇ ਹਨ | ਪੰਛੀਆਂ ਤੋਂ ਬਿਨਾਂ ਨਿੱਕੇ-ਨਿੱਕੇ ਭੰਵਰੇ ਫੁੱਲਾਂ ਦੀ ਸੰਗਤ ਕਰਦੇ ਨਜ਼ਰ ਆਉਂਦੇ ਹਨ |
ਚੇਤਰ ਦਾ ਮਹੀਨਾ ਜਿਥੇ ਵੇਖਣ ਅਤੇ ਸੁੰਘਣ ਦੀਆਂ ਸ਼ਕਤੀਆਂ ਨੂੰ ਭਰਪੂਰ ਲੁਤਫ਼ ਦਿੰਦਾ ਹੈ, ਉਥੇ ਸੁਣਨ ਨੂੰ ਮਧੁਰ ਸੰਗੀਤ ਵੀ ਮਿਲਣ ਲਗਦਾ ਹੈ | ਭੌਰੇ ਘੰੂ-ਘੰੂ ਕਰਨ ਲਗਦੇ ਹਨ, ਘੁੱਗੀਆਂ ਆਪਣਾ ਨਿੱਕਾ-ਨਿੱਕਾ ਰਾਗ ਅਲਾਪਣ ਲਗਦੀਆਂ ਹਨ | ਅੰਬਾਂ ਨੂੰ ਬੂਰ ਪੈਂਦਾ ਹੈ ਅਤੇ ਅੰਬਾਂ ਦੀਆਂ ਟਾਹਣੀਆਂ ਵਿਚੋਂ ਕੋਇਲ ਆਪਣੀ ਮਿੱਠੀ ਪਿਆਰੀ ਆਵਾਜ਼ ਵਿਚ ਲੰਮੀਆਂ ਹੇਕਾਂ ਆਉਣ ਲਗਦੀਆਂ ਹਨ | ਕੋਇਲ ਅਸਲ ਵਿਚ ਏਨੀ ਭਰਵੀਂ ਹਾਜ਼ਰੀ ਲਗਾਉਂਦੀ ਹੈ ਕਿ ਆਲਾ-ਦੁਆਲਾ ਇਸ ਤੋਂ ਬੇ-ਨਿਆਜ਼ ਨਹੀਂ ਰਹਿ ਸਕਦਾ |