ਜ਼ਿੰਦਗੀ ਦੇ ਦੌਰ ਵਿੱਚੋਂ ਲੰਘਦਿਆਂ ਕਦੇ ਲੱਗਦਾ ਹੈ ਕਿ ਕਿਸਮਤ ਜ਼ਿਆਦਾ ਕੰਮ ਕਰਦੀ ਹੈ ਅਤੇ ਕਦੇ ਲੱਗਦਾ ਹੈ ਕਿ ਸੁਹੱਪਣ ਵੀ ਬਹੁਤ ਮਾਅਨੇ ਰੱਖਦਾ ਹੈ।
ਇਹ ਤਾਂ ਸੱਚ ਹੈ ਕਿ ਅੱਜ ਦੇ ਆਧੁਨਿਕ ਜ਼ਮਾਨੇ ਵਿੱਚ ਸੁੰਦਰਤਾ ਬਹੁਤ ਜ਼ਰੂਰੀ ਹੈ। ਜਿਸ ਨੂੰ ਪਰਮਾਤਮਾ ਨੇ ਕੁਦਰਤੀ ਸੁੰਦਰਤਾ ਨਾਲ ਨਿਵਾਜ਼ਿਆ ਹੁੰਦਾ ਹੈ ਉਸਨੂੰ ਤਾਂ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ ਪਰ ਜਿੰਨਾ ਕੋਲ ਕੁਦਰਤੀ ਸੁੰਦਰਤਾ ਦੀ ਕਮੀ ਹੁੰਦੀ ਹੈ ਉਹ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਯਤਨਾਂ ਵਿੱਚ ਲੱਗਿਆ ਰਹਿੰਦਾ ਹੈ। ਇਸੇ ਤਰਾਂ ਕਿਸਮਤ ਹੈ, ਯਤਨ ਕਰਨ ਨਾਲ ਹੀ ਸਾਡੀ ਕਿਸਮਤ ਚਮਕਦੀ ਹੈ। ਕਿਸਮਤ ਚਮਕਾਉਣ ਲਈ ਕੋਸ਼ਿਸ਼ ਜ਼ਰੂਰੀ ਹੈ।
ਮੇਰੀ ਸੋਚ ਅਤੇ ਤਜ਼ੁਰਬੇ ਅਨੁਸਾਰ ਕਿਸਮਤ ਜ਼ਿਆਦਾ ਜ਼ਰੂਰੀ ਹੈ। ਜੋ ਬਣਦੀ ਹੈ ਸਖਤ ਮਿਹਨਤ ਅਤੇ ਚੰਗੇ ਕਰਮਾਂ ਨਾਲ।
ਇਸ ਨਾਲ ਜੁੜਿਆ ਆਪਣਾ ਇੱਕ ਤਜ਼ੁਰਬਾ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ। ਮਾਰਚ ਦੇ ਮਹੀਨੇ ਵਿੱਚ ਲੋਕ ਮੰਗਲਵਾਰ ਦੇ ਦਿਨ ਬਾਸੜੀਏ ਦਾ ਮੱਥਾ ਟੇਕਦੇ ਹਨ। ਸੋਮਵਾਰ ਰਾਤ ਨੂੰ ਗੁਲਗੁਲੇ ਅਤੇ ਮਿੱਠੇ ਚੌਲ ਬਣਾ ਕੇ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹੈ। ਅਸੀਂ ਵੀ ਇਸੇ ਤਰਾਂ ਮੱਥਾ ਟੇਕਣ ਜਾਂਦੇ ਹਾਂ। ਮੱਥਾ ਟੇਕਣ ਵਾਲੀ ਥਾਂ ਤੇ ਕਈ ਗਰੀਬ ਲੋਕ ਆਪਣੀਆਂ ਧੀਆਂ ਨੂੰ ਲੈ ਕੇ ਬੈਠੇ ਹੁੰਦੇ ਹਨ, ਖਾਣ-ਪੀਣ ਦੀਆਂ ਚੀਜਾਂ ਅਤੇ ਪੈਸੇ ਮਿਲਣ ਦੀ ਆਸ ਵਿੱਚ। ਤਕਰੀਬਨ ਅਸੀਂ ਇਸ ਤਰਾਂ ਦੀਆਂ ਕਤਾਰਾਂ ਵਿੱਚ ਮੈਲੇ ਕੁਚੈਲੇ ਕੱਪੜਿਆਂ ਵਿੱਚ ਲੋਕਾਂ ਨੂੰ ਬੈਠੇ ਦੇਖਦੇ ਹਾਂ। ਜੋ ਸ਼ਾਇਦ ਕਈ ਦਿਨਾਂ ਤੋਂ ਨਹਾਏ ਵੀ ਨਹੀਂ ਹੁੰਦੇ।
ਮੱਥਾ ਟੇਕਣ ਤੋਂ ਬਾਅਦ ਮੈਂ ਇੱਕ ਪਾਸੇ ਖਲੋ ਗਈ। ਮੈਂ ਕਤਾਰਾਂ ਵਿੱਚ ਬੈਠੇ ਲੋਕਾਂ ਨੂੰ ਧਿਆਨ ਨਾਲ ਦੇਖ ਰਹੀ ਸੀ। ਅਕਸਰ ਮੇਰਾ ਮਨ ਇਸ ਤਰਾਂ ਬੈਠੇ ਲੋਕਾਂ ਨੂੰ ਦੇਖ ਕੇ ਰੋ ਪੈਂਦਾ ਹੈ।ਸੋਚਣ ਲੱਗਦੀ ਹਾਂ ਕਿ ਇੰਨਾਂ ਲਈ ਕੀ ਕਰਾਂ ? ਕਿਵੇਂ ਇੰਨਾਂ ਦੀਆਂ ਤਕਲੀਫ਼ਾਂ ਨੂੰ ਦਰ ਕਰਾਂ? ਉਹਨਾਂ ਲੋਕਾਂ ਨੂੰ ਦੇਖਦੇ ਦੇਖਦੇ ਮੇਰੀ ਨਿਗਾਹ ਉਸ ਕਤਾਰ ਵਿੱਚ ਬੈਠੀ ਇੱਕ ਔਰਤ ਤੇ ਪਈ, ਜੋ ਬੇਹੱਦ ਖੂਬਸੂਰਤ ਸੀ। ਮੈਂ ਇੱਕੋ ਟੱਕ ਉਸ ਵੱਲ ਵੇਖਦੀ ਰਹਿ ਗਈ। ਮੈਨੂੰ ਨਹੀਂ ਲੱਗਦਾ ਕਿ ਸੁਹੱਪਣ ਪੱਖੋਂ ਉਸ ਵਿੱਚ ਕੋਈ ਕਮੀ ਸੀ। ਮੈਨੂੰ ਹੈਰਾਨਗੀ ਹੋ ਰਹੀ ਸੀ ਇੰਨੀ ਸੋਹਣੀ ਔਰਤ ਨੂੰ ਮੰਗਣ ਵਾਲਿਆਂ ਦੀ ਕਤਾਰ ਵਿੱਚ ਦੇਖ ਕੇ। ਉਸ ਨਾਲ ਇੱਕ ਬੱਚੀ ਵੀ ਬੈਠੀ ਸੀ। ਸ਼ਾਇਦ ਉਹ ਉਸਦੀ ਬੇਟੀ ਹੋਵੇ। ਉਹ ਦਾਨ ਕਰਨ ਵਾਲੇ ਲੋਕਾਂ ਨੂੰ ਆਪਣੀ ਬੱਚੀ ਵੱਲ ਇਸ਼ਾਰਾ ਕਰ ਕੇ ਕੁੱਝ ਦੇਣ ਲਈ ਕਹਿ ਰਹੀ ਸੀ।
ਜਦੋਂ ਮੇਰਾ ਧਿਆਨ ਉਸਦੀ ਖੂਬਸੂਰਤੀ ਵੱਲੋਂ ਹਟਿਆ ਤਾਂ ਮੈਂ ਉਸਦੀ ਕਿਸਮਤ ਬਾਰੇ ਸੋਚਣ ਲੱਗੀ। ਅੱਜ ਦੇ ਜ਼ਮਾਨੇ ਵਿੱਚ ਤਾਂ ਸੁੰਦਰਤਾ ਦੀ ਬਹੁਤ ਕਦਰ ਹੈ , ਫਿਰ ਇਹ ਅੌਰਤ ਇੱਥੇ ਕੀ ਕਰ ਰਹੀ ਹੈ?
ਫਿਰ ਇਹੀ ਲੱਗਿਆ ਕਿ ਚੰਗੀ ਕਿਸਮਤ ਬਹੁਤ ਜ਼ਰੂਰੀ ਹੈ, ਇਨਸਾਨ ਲਈ ਇਕੱਲੀ ਸੁੰਦਰਤਾ ਵੀ ਕੰਮ ਨਹੀਂ ਕਰਦੀ। ਕਿਸਮਤ ਤਾਂ ਪਰਮਾਤਮਾ ਵੱਲੋਂ ਸਭ ਨੂੰ ਮਿਲੀ ਹੁੰਦੀ ਹੈ ਪਰ ਉਸਨੂੰ ਚੰਗਾ ਅਤੇ ਵਧੀਆ ਬਣਾਉਣਾ ਪੈਂਦਾ ਹੈ: ਮਿਹਨਤ ਕਰ ਕੇ ਅਤੇ ਕੋਸ਼ਿਸ਼ ਕਰਕੇ।
ਅਖੀਰ ਮੈਨੂੰ ਇਹੀ ਸਮਝ ਆਇਆ ਕਿ ਉਹ ਮਿਹਨਤ ਨਾ ਕਰਨ ਕਰਕੇ ਹੀ ਉਸ ਕਤਾਰ ਵਿੱਚ ਬੈਠੀ ਸੀ। ਸ਼ਾਇਦ ਉਹ ਆਪਣੀ ਕਿਸਮਤ ਨੂੰ ਸੰਵਾਰਨਾ ਹੀ ਨਾ ਚਾਹੁੰਦੀ ਹੋੇਵੇ।

Author: Neetu
One thought on “ਸੁੰਦਰਤਾ ਜਾਂ ਕਿਸਮਤ”
Leave a Reply
You must be logged in to post a comment.
Well said