ਸਿੱਠਣੀ ਲੋਕ-ਕਾਵਿ ਰੂਪ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਹੈ। ਇਹ ਔਰਤਾਂ ਦੇ ਲੋਕ-ਗੀਤ ਹਨ। ਕੁੜੀ ਦੇ ਵਿਆਹ ਵੇਲੇ ਮੇਲਣਾਂ
ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ
ਇੱਕ ਤਰ੍ਹਾਂ ਮਿੱਠੀਆਂ ਗਾਲਾਂ ਹਨ। ਸਿੱਠਣੀਆਂ ਵੰਨਗੀ ਦੇ ਲੋਕ-ਗੀਤ ਸਦਾ ਨਿਵਦੀ ਰਹੀ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ
ਵਸੀਲਾ ਬਣਦੀਆਂ ਹਨ। ਉਂਞ ਵੀ ਸਿੱਠਣੀਆਂ ਹਾਸ-ਰਸ ਨਾਲ ਭਰਪੂਰ ਹੋਣ ਕਾਰਨ ਮਾਹੌਲ ਨੂੰ ਸਾਂਵਾਂ ਅਤੇ ਸੁਖਾਵਾਂ ਬਣਾ ਦਿੰਦੀਆਂ ਹਨ।
ਇਹਨਾਂ ਵਿੱਚ ਲੁਕੇ ਵਿਅੰਗ, ਕਟਾਖਸ਼ ਤੇ ਮਸ਼ਕਰੀਆਂ ਵਿਆਹ ਦੀ ਖ਼ੁਸ਼ੀ ਦੇ ਵਾਤਾਵਰਨ ਨੂੰ ਵਿਸ਼ੇਸ਼ ਰੰਗ ਦਿੰਦੀਆਂ ਹਨ। ਵਿਆਹ ਦਾ ਮੌਕਾ,
ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਵੀ ਦੇ ਦਿੰਦਾ ਹੈ।
ਸਿੱਠਣੀਆਂ ਵਿੱਚ ਆਮ ਤੌਰ ‘ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪਾਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ-ਵੰਨ ਉੱਤੇ ਟਕੋਰਾਂ ਕਸੀਆਂ
ਜਾਂਦੀਆਂ ਹਨ। ਇਹਨਾਂ ਵਿੱਚ ਮੁੰਡੇ ਅਤੇ ਉਸਦੇ ਪਿਉ ਨੂੰ ਤਾਂ ਸਿੱਧੇ ਤੌਰ ‘ਤੇ ਮਖੌਲ ਕੀਤਾ ਹੀ ਜਾਂਦਾ ਹੈ। ਉਸ ਦੇ ਘਰ ਬੈਠੀਆਂ ਭੈਣਾਂ, ਮਾਂ ਅਤੇ
ਹੋਰ ਨੇੜਲੇ ਰਿਸ਼ਤੇ ਦੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਇਹ ਸਾਰਾ ਕੁਝ ਕਲਪਿਤ ਅਤੇ ਫਰਜ਼ੀ ਹੁੰਦਾ ਹੈ,
ਇਸ ਲਈ ਸਿੱਠਣੀਆਂ ਰਾਹੀਂ ਕੀਤੇ ਵਿਅੰਗ ਦੀ ਕੋਈ ਸੀਮਾ ਨਹੀਂ ਹੁੰਦੀ। ਮੁੰਡੇ ਦੇ ਮਾਂ-ਪਿਉ ਦੀ ਸਰੀਰਿਕ ਬਣਤਰ, ਉਸ ਦੇ ਪਿਛੋਕੜ ਬਾਰੇ
ਅਤੇ ਉਸ ਦੇ ਘਰ ਦੀ ਕੰਜੂਸੀ, ਆਲਸ, ਮੂਰਖਤਾ ਆਦਿ ਬਾਰੇ ਚੋਭਾਂ ਮਾਰੀਆਂ ਜਾਂਦੀਆਂ ਹਨ। ਵਿਆਹ ਸੰਬੰਧਾਂ ਰਾਹੀਂ ਬਣੇ ਉਚੇਚੇ
ਰਿਸ਼ਤੇਦਾਰਾਂ, ਜਿਨ੍ਹਾਂ ਦੀਆਂ ਉਂਞ ਸੌ-ਸੌ ਖਾਤਰਾਂ ਕੀਤੀਆਂ ਜਾਂਦੀਆਂ ਹਨ, ਨੂੰ ਸਿੱਠਣੀਆਂ ਦੇ ਕੇ ਉਹਨਾਂ ਪ੍ਰਤੀ ਸੰਕੋਚ ਤੇ ਝਿਜਕ ਨੂੰ ਘਟਾਇਆ ਜਾਂਦਾ ਹੈ।
ਸਿੱਠਣੀਆਂ ਔਰਤਾਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਹਨ, ਇਸ ਲਈ ਗਾਉਣ ਦੀ ਲੋੜ ਮੁਤਾਬਿਕ ਇਹਨਾਂ ਵਿੱਚ ਮੌਕੇ ਅਨੁਸਾਰ ਵਾਧਾ ਘਾਟਾ
ਕਰ ਲਿਆ ਜਾਂਦਾ ਹੈ। ਇਸ ਵੰਨਗੀ ਦੇ ਲੋਕ-ਗੀਤ ਦੀ ਮਹੱਤਤਾ ਇਸ ਕਾਰਨ ਵੀ ਹੈ ਕਿ ਇਹ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਤੇ ਹਾਸ-ਰਸ ਨਾਲ
ਭਰਪੂਰ ਸੁਭਾ ਦੇ ਅਨੁਕੂਲ ਹੋਣ ਦੇ ਨਾਲ ਨਾਲ ਲੋਕ-ਮਨ ਦੀਆਂ ਕਈ ਅਣਫੋਲੀਆਂ ਡੂੰਘੀਆਂ ਪਰਤਾਂ ਨੂੰ ਉਜਾਗਰ ਕਰਦੇ ਹਨ।
ਕੁਝ ਸਿੱਠਣੀਆਂ ਪੇਸ਼ ਕਰ ਰਹੇ ਹਾਂ:
1. ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।
2. ਬਾਰਾਂ ਮਹੀਨੇ ਅਸਾਂ ਤੱਕਣ ਤੱਕਿਆ,
ਫੇਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ,
ਸਾਬਣ ਲਾਣਾ ਸੀ।
ਸਾਬਣ ਲਾਣਾ ਸੀ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਕੋਰੀ ਤੇ ਤੌੜੀ ਅਸਾਂ ਰਿੰਨ੍ਹੀਆਂ ਗੁੱਲੀਆਂ,
ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲ੍ਹੀਆਂ।
ਰੋਟੀ ਖਵਾਉਣੀ ਪਈ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਇਹਨੀਂ ਕਰਤੂਤੀਂ ਤੁਸੀਂ ਰਹੇ ਕੁਆਰੇ,
ਕਰਤੂਤ ਤੇ ਛਿਪਦੀ ਨਹੀਂ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਪੈਸਾ-ਪੈਸਾ ਸਾਡੇ ਪਿੰਡ ਦਿਓ ਪਾਓ,
ਲਾੜੇ ਜੋਗਾ ਤੁਸੀਂ ਵਾਜਾ ਮੰਗਾਓ।
ਜੰਞ ਤੇ ਸੱਜਦੀ ਨਹੀਂ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
3. ਕੀ ਗੱਲ ਪੁੱਛਾਂ ਲਾੜਿਆਂ ਵੇ, ਕੀ ਗੱਲ ਪੁੱਛਾਂ ਵੇ,
ਨਾ ਤੇਰੇ ਦਾੜ੍ਹੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ।
ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੰਛਾਂ ਵੇ।
4. ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ,
ਲਾੜੇ ਦੀ ਬੋਬੋ ਐਂ ਬੈਠੀ ਜਿਉਂ ਕੀਲੇ ਬੰਨ੍ਹਿਆ ਰਿੱਛ।
5. ਲਾੜੇ ਦੇ ਪਿਉ ਦੀ ਦਾੜ੍ਹੀ ਦੇ ਦੋ ਕੁ ਵਾਲ, ਦੋ ਕੁ ਵਾਲ,
ਦਾੜ੍ਹੀ ਮੁੱਲ ਲੈ ਲੈ ਵੇ, ਮੁੱਛਾਂ ਵਿਕਣ ਬਾਜ਼ਾਰ।
6. ਮੁੱਛਾਂ ਤਾਂ ਤੇਰੀਆਂ ਵੇ ਮਨਸਿਆ, ਜਿਉ ਬਿੱਲੀ ਦੀ ਵੇ ਪੂਛ,
ਕੈਂਚੀ ਲੈ ਕੇ ਮੁੰਨ ਦਿਆਂ, ਵੇ ਤੂਨੂੰ ਦੂਣਾ ਚੜ ਜੂ, ਮੈਂ ਸੱਚ ਆਖਦੀ, ਵੇ ਰੂਪ।
7. ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ।
ਲਾੜਾ ਬੈਠਾ ਐਂ ਜਾਪੇ,
ਜਿਉਂ ਛੱਪੜ ਕੰਢੇ ਡੱਡੂ।
ਅਸਾਂ ਨਾ ਲੈਣੇ ਪੱਤਾਂ ਬਾਝ ਕਰੇਲੇ,
ਲਾੜੇ ਦਾ ਚਾਚਾ ਐਂ ਝਾਕੇ ਜਿਵੇਂ ਚਾਮਚੜਿਕ ਦੇ ਡੇਲੇ।
8. ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
9. ਜਾਂਞੀਆਂ ਨੂੰ ਖਲ ਕੁੱਟ ਦਿਓ, ਜਿਨ੍ਹਾਂ ਧੌਣ ਪੱਚੀ ਸੇਰ ਖਾਣਾ,
ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ।
10. ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ।
ਬੀਬੀ ਦਾ ਬਾਪੂ ਐਂ ਬੈਠਾ, ਜਿਉਂ ਰਾਜਿਆਂ ਵਿੱਚ ਵਜ਼ੀਰ।
11. ਸਭ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।
ਸਭ ਮਿਰਚਾਂ ਘੋਟੋ ਜੀ,
ਸਾਡਾ ਕੁੜਮ ਘੋਟਣੇ ਵਰਗਾ।
ਮਣ ਮੱਕੀ ਪਿਹਾ ਲਉ ਜੀ,
ਸਾਡਾ ਕੁੜਮ ਵਹਿੜਕੇ ਵਰਗਾ।
ਸਿੱਠਣੀਆਂ ਵੀਡਿਓੁ