ਸੰਮੀ ( Sammi )

ਸੰਮੀ

ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਸੰਮੀ ਇੱਕ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸੱਭਿਆਚਾਰਿਕ ਇਤਿਹਾਸ ਹੈ। ਜੰਗਲਾਂ,
ਬੇਲਿਆਂ, ਰੋਹੀਆਂ ਵਿੱਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਂਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ
ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ ‘ਸੰਮੀ’ ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜ਼ਾ ਅਰਚਨਾ ਤੇ ਅਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ
(ਅਪੱਛਰਾ) ਦਾ ਇੱਕ ਪਿੰਡ ਦੇ ਸਰੋਵਰ ਵਿੱਚ ਨ੍ਹਾਉਣ ਅਤੇ ਉਸਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ , ਉਸ ਜਿਹਾ ਬਣਨ ਦੀ ਲਾਲਸਾ ਹਿੱਤ, ਉਸ ਪਿੰਡ ਦੀ ਸੰਮੀ ਨਾਮਕ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਦੇ ਬਾਰ ਬਾਰ ਨਾਚ ਨੱਚਣ ਦੇ ਸਦਕਾ ਇਸ ਨਾਚ ਦਾ ਨਾਮ ਸੰਮੀ ਨਾਚ ਪੈ
ਜਾਣਾ ਹੈ। ਤੀਜੀ ਧਾਰਨਾ ਗੜ-ਮੰਡਿਆਲੇ ਦੇ ਜਗੀਰਦਾਰ ਦੀ ਸੁੰਦਰ ਪੁੱਤਰੀ ਸੰਮੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ ਕਥਾ ਤੇ ਅਧਾਰਿਤ ਹੈ, ਜਿਸ ਵਿੱਚ ਢੋਲੇ ਦੇ ਵਿਯੋਗ ਵਿੱਚ ਸੰਮੀ ਨੱਚ ਨੱਚ ਫਾਵੀ ਹੋ ਜਾਂਦੀ ਹੈ। ਇਸ ਤਰਾਂ ਹੋਰ ਵੀ ਕਈ ਕਥਾਂ ਬਿਰਤਾਂਤ ਮਿਲਦੇ
ਹਨ ਜਿਨ੍ਹਾਂ ਦਾ ਸਾਰ ਭਾਵ ਪ੍ਰੀਤ-ਮਿਲਣੀ, ਸੰਜੋਗ-ਵਿਯੋਗ ਹੈ। ਇਸ ਸਬੰਧੀ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ-ਗੀਤ ਵੀ ਪ੍ਰਚਲਿਤ ਰਹੇ ਹਨ। ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿੱਚ ਮੁਦਰਾਵਾਂ ਸਥਾਨਕ-ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ। ਸੰਮੀ ਲੋਕ-ਨਾਚ ਨੱਚਦੀਆਂ ਨਾਚ -ਸਮੂਹ (ਘੇਰੇ) ਵਿੱਚੋਂ ਕੁਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ:

ਖਲੀ ਦੇਨੀ ਆਂ ਸੁਨੇਹੜਾ/ਖਲੀ ਦੇਨੀ ਆਂ ਸੁਨੇਹੜਾ
ਇਸ ਬਟੇਰੇ ਨੂੰ/ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ

ਇਸ ਤਰ੍ਹਾਂ ਤਿੱਤਰਾਂ, ਕਾਵਾਂ, ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਹਨਾਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ , ਜੋ ਬਾਹਾਂ ਨੂੰ ਉੱਪਰ ਕਰਕੇ ਜਾਂ ਹੇਠਾਂ ਕਰਕੇ,ਦੋਹਾਂ ਤਰ੍ਹਾਂ
ਨਾਲ ਮਾਰੀਆਂ ਜਾਂਦੀਆਂ ਹਨ, ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਤਾਲ ਨਾਲ ਸਿਰਜ ਲੈਂਦੀਆ ਹਨ, ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨੱਚ ਲੈਂਦੀਆਂ ਹਨ। ਗਿੱਧੇ ਵਾਂਗ ਇਹ ਨਾਚ ਵੀ ਵੇਖਾ-ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ ਕਿਸੇ
ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪੈਂਦੀ। ਇਸ ਨਾਚ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਬਾਹਾਂ ਦੇ ਹਿਲੋਰਿਆਂ ਉੱਤੇ ਅਧਾਰਿਤ ਹੈ। ਜਿੰਨੀ ਵਾਰ ਬਾਹਾਂ ਹਿਲੋਰੋਆਂ ਵਿੱਚ ਲਿਆਂਦੀਆਂ ਜਾਦੀਆਂ ਹਨ, ਸੰਮੀ ਨਾਚ ਦੀਆਂ ਉੱਤਨੀਆਂ ਮੁਦਰਾਂਵਾਂ ਦਾ ਨਿਰਮਾਣ ਹੋ ਜਾਂਦਾ ਹੈ।
ਮੁਦਰਾਵਾਂ ਦੇ ਸਥਾਨਿਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਸਭ ਥਾਈਂ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਹਨ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁੰਮਾਉਂਦੀਆਂ ਹਨ ਤੇ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ। ਫਿਰ ਸੱਜੀ ਬਾਂਹ ਲਹਿਰ ਵਾਂਗ ਉੱਪਰ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਬੜੀ ਮਨਮੋਹਕ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ। ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਵੱਲ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਵੱਲ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ। ਹਰ ਹੁਲਾਰੇ ਨਾਲ ਉਹ ਆਪੋ-ਆਪਣੇ ਲੱਕ
(ਕਮਰ) ਨੂੰ ਦਿਲ ਟੁੰਬਵੀਂ ਲਚਕ ਦੇ ਲੈਂਦੀਆਂ ਹਨ। ਇਸ ਉੱਪਰੰਤ ਉਹ ਅੱਗੇ ਵੱਲ ਨੂੰ ਝੁਕ ਕੇ ਤਾੜੀ ਮਾਰਦੀਆਂ ਹਨ ਅਤੇ ਨਾਲੋ ਨਾਲ ਗੋਲ ਦੁਆਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵੱਧਦੀਆਂ ਜਾਂਦੀਆਂ ਹਨ। ਨਮਸਕਾਰ ਅਥਵਾ ‘ਸਲਾਮੀ’ ਮੁਦਰਾ ਤਾਂ ਕਮਾਲ ਦੀ ਹੁੰਦੀ ਹੈ।
ਸੰਮੀ ਲੋਕ-ਨਾਚ ਦੇ ਇੱਕ ਪ੍ਰਚਲਿਤ ਗੀਤ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ ;-

ਸੰਮੀ ਮੇਰੀ ਵਣ……ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ
ਸੰਮੀ ਮੇਰੀ ਵਣ……ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ
ਸੰਮੀ ਮੇਰੀ ਵਣ……ਕੋਠੇ ਤੇ ਤੰਦੂਰ, ਵਣ ਸੰਮੀਆਂ
ਸੰਮੀ ਮੇਰੀ ਵਣ……ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ …..ਵਣ ਸੰਮੀਆਂ
ਸੰਮੀ ਮੇਰੀ ਵਣ……ਖਾਵਣ ਵਾਲੇ ਆ ਗਏ, ਵਣ ਸੰਮੀਆਂ।

ਸੰਮੀ ਵੀਡਿਓੁ

Tags: , ,

Leave a Reply