ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ-ਟੁੱਟ ਕੇ ਜਿੱਥੇ ਵੀ ਜਗ੍ਹਾ ਮਿਲੀ ਸੌਂ ਗਏ ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਂਕਿ ਅੱਜ ਉਸ ਦੀ ਧੀ ਸਾਰੇ ਭੈਣ-ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਵੱਸ ਚਿਹਰਾ ਉਸ ਦੀਆਂ ਅੱਖਾਂ ਅੱਗੇ ਵਾਰ-ਵਾਰ ਆ ਜਾਂਦਾ। ਸਾਰੀਆਂ ਪੁਰਾਣੀਆਂ ਗੱਲਾਂ ਫ਼ਿਲਮ ਵਾਂਗ ਬੀਜੀ ਦੀਆਂ ਅੱਖਾਂ ਮੂਹਰੇ ਘੁੰਮਣ ਲੱਗੀਆਂ। ਇਹ ਚਾਰੇ ਭਰਾ ਸ਼ੁਰੂ ਤੋ ਹੀ ਸੰਤੋਸ਼ ਨਾਲ ਮਨ ਨਹੀਂ ਸੀ ਮਿਲਾਉਂਦੇ। ਸ਼ਗਨ ਲਾਲ ਤੇ ਬਿੰਦੇ ਦੀ ਆਪਸ ‘ਚ ਰਮਜ਼ ਮਿਲਦੀ ਸੀ। ਸ਼ਗਨ ਲਾਲ ਹਮੇਸ਼ਾਂ ਬਿੰਦੇ ਨੂੰ ਆਪਣੇ ਨਾਲ ਰਲਾਈ ਰੱਖਦਾ ਸੀ। ਕੁਝ ਸਾਲ ਤਾਂ ਇਨ੍ਹਾਂ ਨੇ ਦੇਸੇ ਨੂੰ ਵੀ ਅਲੱਗ ਹੀ ਰੱਖਿਆ। ਇਹ ਉਸ ਨਾਲ ਘਰੇ ਆਏ ਨਾਲ ਵੀ ਨਾ ਬੋਲਦਾ। ਚਾਹ-ਪਾਣੀ ਪੁੱਛਣਾ ਤਾਂ ਇੱਕ ਪਾਸੇ ਰਿਹਾ। ਉਹ ਵਿਚਾਰਾ ਆਪਣੀ ਮਾਂ ਤੇ ਪਿਤਾ ਜੀ ਖਾਤਰ ਆਉਂਦਾ ਤੇ ਹਾਲ-ਚਾਲ ਪੁੱਛ ਕੇ ਮੁੜ ਜਾਂਦਾ। ਇਨ੍ਹਾਂ ਦੇ ਪਿਤਾ ਜੀ ਵੀ ਅਕਸਰ ਇਸ ਗੱਲ ਨੂੰ ਲੈ ਕੇ ਝੂਰਦੇ ਰਹਿੰਦੇ ਸਨ ਪਰ ਉਹ ਕਿਸੇ ਨੂੰ ਕੁਝ ਨਹੀਂ ਸਨ ਕਹਿੰਦੇ। ਇਹ ਉਨ੍ਹਾਂ ਦੀ ਸ਼ਰਾਫ਼ਤ ਸੀ ਜਾਂ ਉਹ ਆਪਣੇ ਸੁਭਾਅ ਤੋਂ
ਮਜਬੂਰ ਸਨ। ਸਭ ਨੂੰ ਪੂਰੀ ਆਜ਼ਾਦੀ ਦੇ ਰੱਖੀ ਸੀ।
ਕੋਈ ਪੰਜ ਕੁ ਸਾਲ ਪਹਿਲਾਂ ਜਦੋਂ ਦੇ ਇਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਤਾਂ ਇਨ੍ਹਾਂ ਚਾਰਾਂ ਭਰਾਵਾਂ ਨੇ ਸੰਤੋਸ਼ ਨੂੰ ਤਾਂ ਬਿਲਕੁਲ ਹੀ ਇੱਕ ਪਾਸੇ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਸੰਤੋਸ਼ ਬੀਜੀ ਨੂੰ ਵਾਰੀ-ਵਾਰੀ ਮਿਲਣ ਆਉਂਦੀ ਤੇ ਉਸ ਦੀ ਸਾਂਭ-ਸੰਭਾਲ ਬਾਰੇ ਭਰਾਵਾਂ ਨਾਲ ਸਵਾਲ-ਜਵਾਬ ਕਰਦੀ ਤੇ ਇਹ ਉਸ ਉੱਤੇ ਚਿੜ੍ਹ ਜਾਂਦੇ। ਪਿਤਾ ਜੀ ਦੇ ਹੁੰਦਿਆਂ ਤਾਂ ਬੀਜੀ ਉਨ੍ਹਾਂ ਨਾਲ ਰਾਇ ਕਰ ਕੇ ਘਰ ਆਈ ਧੀ ਦਾ ਮਾਣ-ਸਤਿਕਾਰ ਕਰਦੀ। ਇਨ੍ਹਾਂ ਦੇ ਪਿਤਾ ਜੀ ਵੀ ਝੱਟ ਸਾਈਕਲ ‘ਤੇ ਜਾ ਕੇ ਕੁਝ ਨਾ ਕੁਝ ਖਾਣ ਨੂੰ ਤੇ ਧੀ ਦੇ ਪੱਲੇ ਬੰਨ੍ਹਣ ਲਈ ਲੈ ਆਉਂਦੇ। ਉਹ ਬਿਨਾਂ ਕਹੇ ਹੀ ਭੱਠ ਆਲੇ ਬਿਸਕੁਟਾਂ ਦੇ ਪੈਕਟ ਲੈ ਆਉਂਦੇ ਤੇ ਕਦੇ ਉਸ ਨੂੰ ਪੁੱਤਾਂ ਵੱਲ ਝਾਕਣ ਦੀ ਜ਼ਰੂਰਤ ਨਾ ਪੈਂਦੀ ਪਰ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਸਨ ਰਹੀਆਂ। ਹੁਣ ਛੋਟੀ-ਛੋਟੀ ਗੱਲ ਵੀ ਉਹ ਪੁੱਤਾਂ ਨੂੰ ਪੁੱਛ ਕੇ ਕਰਦੀ। ਘਰ ਆਈ ਧੀ ਨੂੰ ਚਾਹ-ਪਾਣੀ ਪਿਲਾਉਣ ਲਈ ਵੀ ਉਹ ਪੁੱਤਾਂ-ਨੂੰਹਾਂ ਦੇ ਮੂੰਹ ਵੱਲ ਝਾਕਦੀ। ਪੁੱਤ ਵੀ ਸੰਤੋਸ਼ ਦੇ ਵਾਰ-ਵਾਰ ਇੱਥੇ ਆਉਣ ਅਤੇ ਉਸ ਦੇ ਵਾਰ-ਵਾਰ ਆਉਂਦੇ ਫੋਨਾਂ ਨੂੰ ਲੈ ਕੇ ਔਖੇ-ਸੌਖੇ ਹੁੰਦੇ ਰਹਿੰਦੇ। ”ਅਖੇ ਮਾਂ ਤੂੰ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਧੀ ਨੂੰ ਦੱਸਦੀ ਹੈਂ।” ਤੇ ਭਰਾਵਾਂ ਦੇ ਭੈਣ-ਭਣੋਈਏ ਨਾਲ ਤਾਅਲੁਕਾਤ ਦਿਨ-ਬ-ਦਿਨ ਵਿਗੜਦੇ ਗਏ। ਜਦੋਂ ਵੀ ਉਹ ਦੋਵੇਂ ਜੀਅ ਆਉਂਦੇ ਤਾਂ ਇਨ੍ਹਾਂ ‘ਚੋਂ ਕੋਈ ਵੀ ਚੱਜ ਨਾਲ ਉਨ੍ਹਾਂ ਨਾਲ ਗੱਲਬਾਤ ਨਾ ਕਰਦਾ। ਇੱਥੋਂ ਤਕ ਕਿ ਕਿਸੇ ਵੀ ਵਿਆਹ ਜਾਂ ਮਰਨੇ ‘ਤੇ ਇਕੱਠੇ ਹੋਏ ਵੀ ਇਹ ਉਨ੍ਹਾਂ ਨੂੰ ਨਾ ਬਲਾਉਂਦੇ। ਦੂਰ-ਦੂਰ ਰਹਿੰਦੇ। ਰੋਟੀ-ਪਾਣੀ ਦੀ ਸੁਲ੍ਹਾ ਵੀ ਨਾ ਮਾਰਦੇ। ਉਨ੍ਹਾਂ ਸਾਹਮਣੇ ਉਹ ਧੀ ਨੂੰ ਸ਼ਗਨ ਵੀ ਨਾ ਦੇ ਸਕਦੀ ਤੇ ਚੋਰੀ-ਚੋਰੀ ਧੀ ਦੀ ਮੁੱਠੀ ‘ਚ ਨੋਟ ਫੜਾ ਦਿੰਦੀ ਪਰ ਬੀਜੀ ਚੁੱਪ ਰਹਿੰਦੀ। ਕਿਸੇ ਨੂੰ ਕੁਝ ਨਾ ਆਖਦੀ ਪਰ ਉਸ ਨੂੰ ਕੱਲ੍ਹ ਦੀ ਸ਼ਗਨ ਲਾਲ ਦੀ ਆਖੀ ਗੱਲ ਬਹੁਤ ਚੁਭ ਰਹੀ ਸੀ ਕਿ ਜੇ ਅੱਜ ਇਨ੍ਹਾਂ ਨੂੰ ਮਿੰਨਤਾਂ ਕਰ ਕੇ ਵਿਆਹ ‘ਚ ਬੁਲਾ ਵੀ ਲਿਆ ਤਾਂ ਇਹ ਸਾਨੂੰ ਹਰ ਵਿਆਹ ‘ਤੇ ਤੰਗ ਕਰਨਗੇ। ਕੀ ਕੋਈ ਆਪਣੀ ਧੀ-ਭੈਣ ਨੂੰ ਇਸ ਤਰ੍ਹਾਂ ਛੱਡ ਸਕਦਾ ਹੈ? ਜੇ ਇਨ੍ਹਾਂ ਦੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਕੀ ਉਹ ਧੀ ਨੂੰ ਇਸ ਤਰ੍ਹਾਂ ਛੱਡ ਦਿੰਦੇ? ਅਜੇ ਕੱਲ੍ਹ ਹੀ ਤਾਂ ਇਹ ਗੱਲ ਹੋਈ ਹੈ। ਜਦੋਂ ਉਸ ਨੇ ਸੰਤੋਸ਼ ਬਾਰੇ ਆਪਣੀ ਵੱਡੀ ਨਨਾਣ ਨਾਲ ਮਾੜੀ ਜਿਹੀ ਗੱਲ ਕੀਤੀ ਸੀ ਜੋ ਉਨ੍ਹਾਂ ਦੇ ਨਾਲ ਹੀ ਉਸ ਦੇ ਵੱਡੇ ਪੋਤੇ ਦੇ ਵਿਆਹ ‘ਤੇ ਆਈ ਸੀ।
”ਹਾਂ ਬੀਜੀ, ਹੁਣ ਦੱਸੋ ਭੁਆ ਜੀ ਕਹਿੰਦੇ ਸੀ ਕਿ ਤੇਰੀ ਬੀਜੀ ਭਾਈ ਕੁਰਣ-ਕੁਰਣ ਕਰਦੀ ਐ ਸੰਤੋਸ਼ ਨੂੰ ਲੈ ਕੇ।” ਸ਼ਗਨ ਲਾਲ ਨੇ ਥੋੜ੍ਹਾ ਔਖਾ ਜਿਹਾ ਹੋ ਕੇ ਪੁੱਛਿਆ। ”ਮੈ ਤਾਂ ਕੀ ਆਖਣਾ ਹੈ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਰੱਬ ਨੇ ਇੱਕ ਧੀ ਦਿੱਤੀ ਉਹ ਵੀ ਸੌਖੀ ਨਹੀਂ। ਹੁਣ ਸਕੇ ਭਤੀਜੇ ਦਾ ਵਿਆਹ ਹੈ। ਆਪਾਂ ਸਾਰੇ ਆਏ ਹੋਏ ਹਾਂ। ਉਹ ਨਹੀਂ ਆਈ। ਤੇਰੀ ਧੀ ਵੀ ਏਨੀ ਦੂਰੋਂ ਆਈ ਹੈ ਤੇ ਉਹ ਨੇੜੇ ਬੈਠੀ ਵੀ ਵਿਆਹ ਤੋਂ ਖੁੰਝ ਗਈ ਕੜ੍ਹਮੀ।” ਬੀਜੀ ਨੇ ਦਿਲ ਦੀ ਗੱਲ ਆਖੀ। ”ਬੀਜੀ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਤਾਂ ਬਹੁਤ ਵਾਰੀ ਬੇਇੱਜ਼ਤੀ ਕਰਵਾ ਆਏ ਹਾਂ। ਮੰਗਣੀ ਵੇਲੇ ਵੀ ਤੂੰ ਆਖਿਆ ਬਈ ਉਹ ਗੁੱਸੇ ਹਨ, ਮੰਗਣੀ ‘ਤੇ ਨਹੀਂ ਆਉਣਗੇ। ਤੇਰੇ ਕਹਿਣ ‘ਤੇ ਅਸੀਂ ਦੋਵੇ ਭਰਾ ਤੇਰੇ ਨਾਲ ਗਏ ਪਰ ਭੈਣ ਤੇ ਜੀਜਾ ਜੀ ਨੇ ਜੋ ਬੇਇੱਜ਼ਤੀ ਕੀਤੀ ਤੈਥੋਂ ਭੁੱਲੀ ਹੈ? ਤੇ ਫਿਰ ਉਹ ਆ ਵੀ ਗਏ ਉੱਥੇ ਆਪੇ। ਕਿੰਨੀ ਬੇਇੱਜ਼ਤੀ ਹੋਈ ਆਪਣੀ ਕੁੜਮਾਂ ਅੱਗੇ। ਨਾ ਕਿਸੇ ਨਾਲ ਬੋਲੇ, ਨਾ ਕਿਸੇ ਨਾਲ ਦੁਆ ਸਲਾਮ ਕੀਤੀ। ਸਾਰੇ ਉਨ੍ਹਾਂ ਦੇ ਮੂੰਹ ਵੱਲ ਝਾਕਦੇ ਸੀ। ਫਿਰ ਕੀ ਫਾਇਦਾ ਹੋਇਆ ਉਨ੍ਹਾਂ ਦੇ ਆਉਣ ਦਾ। ਇਸ ਤੋਂ ਤਾਂ ਨਾ ਹੀ ਆਉਂਦੇ।” ਸ਼ਗਨ ਲਾਲ ਨੇ ਮਨ ਦੀ ਭੜਾਸ ਕੱਢੀ।
”ਬੀਜੀ ਛੱਡੋ ਹੁਣ ਭੂਆ ਦੀਆਂ ਗੱਲਾਂ ਜੇ ਨਹੀਂ ਆਏ ਤਾਂ ਨਾ ਸਹੀ। ਸਾਡੇ ਤੋਂ ਨਹੀਂ ਕਿਸੇ ਦੀਆਂ ਮਿੰਨਤਾਂ ਹੁੰਦੀਆਂ। ਪਾਠ ਦਾ ਭੋਗ ਪੈਣ ਲੱਗਿਆ ਹੈ। ਤੁਸੀਂ ਸਾਰੇ ਵੱਡੇ ਹਾਲ ਵਿੱਚ ਆ ਜਾਓ।” ਕੰਮ ‘ਚ ਉਲਝੀ ਛੋਟੀ ਪੋਤੀ ਪੂਜਾ ਨੇ ਆ ਕੇ ਸਾਰਿਆਂ ਨੂੰ ਟੋਕਿਆ।
”ਬੀਜੀ ਤੁਸੀਂ ਦੱਸੋ ਅਸੀਂ ਕਰ ਕੀ ਸਕਦੇ ਹਾਂ ਜੇ ਉਹ ਨਹੀਂ ਆਏ ਤਾਂ? ਉਨ੍ਹਾਂ ਨਹੀਂ ਆਪਣੇ ਮੁੰਡੇ ਨਹੀਂ ਵਿਆਹੁਣੇ? ਜੇ ਉਹ ਇਉਂ ਅੜੀਆਂ ਕਰਨਗੇ ਤਾਂ ਉਨ੍ਹਾਂ ਦੇ ਕੌਣ ਜਾਵੇਗਾ ਵਿਆਹ ‘ਤੇ?” ਸ਼ਗਨ ਲਾਲ ਨੇ ਮਿੱਠੀ ਜਿਹੀ ਧਮਕੀ ਭਰੇ ਲਹਿਜ਼ੇ ਨਾਲ ਆਖਿਆ।
”ਨਹੀਂ ਬੇਟਾ, ਧੀ ਪਰਾਏ ਵੱਸ ਹੁੰਦੀ ਹੈ। ਮੈਂ ਕਿਵੇਂ ਬਰਦਾਸ਼ਤ ਕਰਾਂ ਕਿ ਉਹ ਵਿਆਹ ‘ਚ ਨਾ ਆਵੇ। ਉਹ ਵੀ ਮੇਰੇ ਢਿੱਡ ਦੀ ਜੰਮੀ ਹੈ। ਉਸ ਤੋਂ ਬਿਨਾਂ ਮੈਥੋਂ ਤੁਹਾਡੀਆਂ ਖ਼ੁਸ਼ੀਆਂ ਜਰ ਨਹੀਂ ਹੁੰਦੀਆਂ।” ਬੀਜੀ ਨੇ ਬੇਵਸੀ ਵਿੱਚ ਠੰਢਾ ਹਾਉਕਾ ਜਿਹਾ ਲਿਆ। ”ਗੱਲ ਸੁਣੋ ਬੀਜੀ, ਹਰੇਕ ਨੂੰ ਇੱਜ਼ਤ ਪਿਆਰੀ ਹੁੰਦੀ ਹੈ। ਸਾਡੀ ਵੀ ਕੋਈ ਇੱਜ਼ਤ ਹੈ। ਉਹ ਘਰੇ ਗਿਆਂ ਤੋਂ ਅਵਾ-ਤਵਾ ਬੋਲਦੇ ਨੇ। ਉਨ੍ਹਾਂ ਦੇ ਰੋਸੇ ਪੂਰੇ ਨਹੀਂ ਹੁੰਦੇ। ਉਹ ਤਾਂ ਸਾਡੇ ਸਾਰਿਆਂ ‘ਤੇ ਹੀ ਗਿਲੇ-ਸ਼ਿਕਵੇ ਕਰੀ ਜਾਂਦੇ ਹਨ। ਕਿਸੇ ਨੂੰ ਵੀ ਚੰਗਾ ਨਹੀਂ ਆਖਦੇ। ਪਤਾ ਨਹੀਂ ਕਿਉਂ? ਮੈਥੋਂ ਨਹੀਂ ਉਨ੍ਹਾਂ ਦੀਆਂ ਮਿੰਨਤਾਂ ਹੁੰਦੀਆਂ। ਨਾ ਹੀ ਮੈਂ ਉਨ੍ਹਾਂ ਨੂੰ ਮਨਾਉਣ ਜਾਣਾ ਹੈ।” ਹੁਣ ਛੋਟਾ ਬਿੰਦਾ ਵਿੱਚ ਬੋਲ ਪਿਆ। ਬਿੰਦੇ ਨੂੰ ਜ਼ਿਆਦਾ ਗੁੱਸਾ ਆਉਂਦਾ ਸੀ ਕਿਉਂਕਿ ਉਸ ਨੂੰ ਵੱਡੇ ਸ਼ਗਨ ਲਾਲ ਦੀ ਸ਼ਹਿ ਸੀ। ”ਲੋਕ ਕੀ ਆਖਣਗੇ! ਸ਼ਰੀਕਾ ਕੀ ਆਖੂ ਬਈ ਇਨ੍ਹਾਂ ਦੀ ਧੀ ਹੀ ਨਹੀਂ ਆਈ ਵਿਆਹ ‘ਤੇ। ਆਪਣੀ ਬਦਨਾਮੀ ਹੋਵੇਗੀ।” ਬੀਜੀ ਨੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਆਪਣੀ ਗੱਲ ਆਖਣ ਦੀ ਕੋਸ਼ਿਸ਼ ਕੀਤੀ। ”ਤੇ ਫਿਰ ਅਸੀਂ ਕੀ ਕਰੀਏ? ਜੇ ਆਪਣੀ ਬਦਨਾਮੀ ਹੈ ਤਾਂ ਉਨ੍ਹਾਂ ਦੀ ਵੀ ਬਦਨਾਮੀ ਹੈ। ਉਹ ਸਾਨੂੰ ਚਾਰੇ ਭਰਾਵਾਂ ਨੂੰ ਮਾੜਾ ਆਖਦੇ ਹਨ। ਕਿਸੇ ਨੂੰ ਤਾਂ ਉਹ ਚੰਗਾ ਆਖਣ। ਬਾਕੀ ਮੈਂ ਤਾਂ ਹੋਰ ਕੁਝ ਨਹੀਂ ਕਹਿਣਾ। ਮੇਰੀ ਤੇ ਸ਼ਗਨ ਲਾਲ ਦੀ ਮਸਾਂ ਬੋਲਚਾਲ ਹੋਈ ਹੈ। ਮੈਂ ਨਹੀਂ ਹੁਣ ਵੱਡੇ ਭਰਾ ਨਾਲ ਵਿਗਾੜਨੀ ਚਾਹੁੰਦਾ।” ਗੱਲਾਂ-ਗੱਲਾਂ ਵਿੱਚ ਦੇਸਾ ਵੀ ਆਪਣੀ ਗੱਲ ਕਹਿ ਗਿਆ। ਉਹ ਆਪਣੀ ਅਫ਼ਸਰੀ ਤੇ ਸਟੇਟਸ ਦੇ ਨਸ਼ੇ ਵਿੱਚ ਸੀ। ਬਾਕੀ ਸ਼ਗਨ ਲਾਲ ਤੇ ਬਿੰਦਾ ਇੱਕੋ ਘਰੇ ਵਿਆਹੇ ਸਨ। ਸ਼ਗਨ ਲਾਲ ਸਭ ਤੋਂ ਵੱਡਾ ਸੀ ਤੇ ਵਹਿਬਤੀ ਵੀ ਸੀ। ਹਰ ਸ਼ਰਾਰਤ ਪਿੱਛੇ ਉਸੇ ਦਾ ਦਿਮਾਗ਼ ਕੰਮ ਕਰਦਾ ਸੀ। ਉਹ ਹਰੇਕ ਨੂੰ ਆਪਣੇ ਪਿੱਛੇ ਲਾਉਂਦਾ ਸੀ। ਉਹ ਖ਼ੁਦ ਕਦੇ ਬੁਰਾ ਨਹੀਂ ਸੀ ਬਣਦਾ ਪਰ ਬਾਕੀਆਂ ਨੂੰ ਪਿੱਛੇ ਲਾਉਣ ਦੀ ਆਦਤ ਤੋਂ ਮਜਬੂਰ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਸ ਤੋਂ ਬਿਨਾਂ ਪੁੱਛੇ ਸੰਤੋਸ਼ ਨੂੰ ਫੋਨ ਵੀ ਕਰੇ। ਜੇ ਕੋਈ ਭਰਾ ਕਦੇ ਅਜਿਹੀ ਗਲਤੀ ਕਰ ਲੈਂਦਾ ਤਾਂ ਉਹ ਤਿਲਮਿਲਾ ਜਾਂਦਾ। ਇੱਥੋਂ ਤਕ ਕਿ ਸ਼ਗਨੇ ਤੇ ਬਿੰਦੇ ਨੇ ਰਲ ਕੇ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ‘ਤੇ ਵੀ ਸੰਤੋਸ਼ ਨੂੰ ਨਹੀਂ ਬੁਲਾਇਆ। ਲਿਖਿਆ-ਲਿਖਾਇਆ ਕਾਰਡ ਕੈਂਸਲ ਕਰਵਾ ਦਿੱਤਾ। ਜਦੋਂ ਸੰਤੋਸ਼ ਨੇ ਆਪਣੇ ਘਰੇ ਖ਼ੁਸ਼ੀ ਦਾ ਪ੍ਰੋਗਰਾਮ ਰੱਖਿਆ ਤਾਂ ਇਹ ਚਾਰੇ ਇੱਕ ਹੋ ਗਏ ਤੇ ਜਾਣ ਦੀ ਘੇਸਲ ਵੱਟ ਗਏ।
”ਭਾਈ ਤੁਸੀਂ ਤਿੰਨੇ ਚਮਨ ਲਾਲ ਨਾਲ ਵੀ ਗੱਲ ਕਰ ਲਉ। ਉਹ ਇਹ ਨਾ ਆਖੇ ਬਈ ਇਨ੍ਹਾਂ ਨੇ ਮੇਰੇ ਮੁੰਡੇ ਦਾ ਵਿਆਹ ਖਰਾਬ ਕਰ ‘ਤਾ। ਇੱਕ ਤਾਂ ਉਹ ਸ਼ੁਰੂ ਤੋਂ ਇਕੱਲਾ ਹੈ ਤੇ ਤੁਸੀਂ ਤਿੰਨੇ ਇਕੱਠੇ ਹੋ। ਦੂਜਾ ਇਹ ਘਰ ‘ਚ ਪਹਿਲਾ ਵਿਆਹ ਹੈ ਤੇ ਇਸ ਦੇ ਰਿਸ਼ਤੇ ਲਈ ਵੀ ਭੂਆ-ਫੁੱਫੜ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ। ਤੇਰੇ ਪਿਤਾ ਜੀ ਨੂੰ ਵੀ ਉਹ ਨਾਲ ਲੈ ਕੇ ਗਏ ਸਨ ਤਾਂ ਕਿ ਰਿਸ਼ਤਾ ਹੋ ਜਾਵੇ ਪਰ ਉਦੋਂ ਵੀ ਉਨ੍ਹਾਂ ਨਾਲ ਬਥੇਰੀ ਕੁੱਤੇਖਾਣੀ ਹੋਈ ਸੀ ਪਰ ਰਿਸ਼ਤਾ ਕਰਾਉਣ ਲਈ ਬਹੁਤ ਜ਼ੋਰ ਲਾਇਆ ਸੀ। ਬਾਕੀ ਸੰਯੋਗ ਹੀ ਨਹੀਂ ਸਨ।” ਬੀਜੀ ਨੇ ਆਪਣੀ ਰਾਇ ਦਿੱਤੀ।
”ਕਾਕਾ ਤੁਸੀਂ ਸਾਰੇ ਸਿਆਣੇ ਹੋ। ਧੀ-ਜਵਾਈ ਗੁੱਸੇ ਹਨ। ਉਨ੍ਹਾਂ ਨੂੰ ਮਨਾ ਕੇ ਲਿਆਉਣਾ ਤਾਂ ਤੁਹਾਡਾ ਫ਼ਰਜ਼ ਬਣਦਾ ਹੈ। ਬਾਕੀ ਜੇ ਤੁਹਾਡਾ ਪਿਉ ਜਿਉਂਦਾ ਹੁੰਦਾ ਤਾਂ ਉਹ ਵੀ ਉਨ੍ਹਾਂ ਨੂੰ ਮਨਾ ਕੇ ਲਿਆਉਂਦਾ, ਬਾਕੀ ਥੋਡੀ ਮਰਜ਼ੀ।” ਕੋਲ ਬੈਠੀ ਭੂਆ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ। ”ਭੂਆ ਜੀ ਤੁਸੀਂ ਚੁੱਪ ਰਹੋ। ਤੁਸੀਂ ਨਾ ਬੋਲੋ ਇਹ ਸਾਡਾ ਘਰੇਲੂ ਮਸਲਾ ਹੈ।” ਬਿੰਦੇ ਦੀ ਘੁਰਕੀ ਨਾਲ ਭੂਆ ਚੁੱਪ ਕਰ ਗਈ ਤੇ ਖਾਲੀ ਪਏ ਚਾਹ ਵਾਲੇ ਗਿਲਾਸ ਜਿਹੇ ਚੁੱਕ ਕੇ ਬਾਹਰ ਨੂੰ ਚਲੀ ਗਈ। ਬੇਇੱਜ਼ਤੀ ਕਰਾਉਣ ਨਾਲੋਂ ਤਾਂ ਪਾਸਾ ਵੱਟਿਆ ਚੰਗਾ।
”ਮੈਂ ਤਾਂ ਮਹੀਨਾ ਪਹਿਲਾਂ ਹੀ ਕਾਰਡ ਦੇ ਆਇਆ ਸੀ। ਸੰਤੋਸ਼ ਸੀ ਘਰੇ ‘ਕੱਲੀ। ਵਿਆਹ ਦਾ ਆਖ ਆਇਆ ਸੀ ਬਈ ਸਾਰੇ ਆਇਓ। ਭਾਈਆ ਘਰ ਨਹੀਂ ਸੀ। ਹੁਣ ਸਾਰੇ ਟੱਬਰ ਨੂੰ ਕੱਲੇ-ਕੱਲੇ ਨੂੰ ਤਾਂ ਆਖਿਆ ਨਹੀਂ ਜਾ ਸਕਦਾ। ਨਹੀਂ ਆਉਂਦੇ ਤਾਂ ਨਾਂ ਸਹੀ। ਉਨ੍ਹਾਂ ਦੇ ਨਾ ਆਉਣ ਨਾਲ ਮੇਰੇ ਮੁੰਡੇ ਦਾ ਵਿਆਹ ਨਹੀਂ ਅਟਕਦਾ। ਨਾਲੇ ਮੇਰੀ ਵਿਆਹੀ ਵਰ੍ਹੀ ਧੀ ਵੀ ਗੁੱਸੇ ਹੈ ਉਨ੍ਹਾਂ ਨਾਲ। ਐਂ ਧੀ-ਜਵਾਈ ਨੂੰ ਗੁੱਸੇ ਕਰ ਕੇ ਭੈਣ-ਭਣੋਈਏ ਦੀਆਂ ਮਿੰਨਤਾਂ ਕਿਵੇਂ ਕੱਢਾਂ। ਜੇ ਆ ਜਾਂਦੇ ਤਾਂ ਵਧੀਆ ਸੀ। ਨਹੀਂ ਤਾਂ ਉਸ ਤੋਂ ਵੀ ਵਧੀਆ ਹੈ। ਉਨ੍ਹਾਂ ਨੇ ਤਾਂ ਅਪਰੇਸ਼ਨ ਦਾ ਬਹਾਨਾ ਲਾ ਦਿਤਾ। ਚੱਲੋ ਬਾਹਰ ਭਾਈ ਜੀ ਵਾਰੀ ਵਾਰੀ ਬੁਲਾ ਰਿਹਾ ਹੈ। ਅਰਦਾਸ ਤੋਂ ਲੇਟ ਹੋ ਗਏ ਹਾਂ। ਸਮੇਂ ਸਿਰ ਭੋਗ ਵੀ ਪਾਉਣਾ ਹੈ। ਬਾਹਰ ਲੋਕ ਇੰਤਜ਼ਾਰ ਕਰੀ ਜਾਂਦੇ ਹਨ।” ਇਹ ਕਹਿ ਕੇ ਚਮਨ ਲਾਲ ਵੀ ਪਿੱਛਾ ਛੁਡਾ ਕੇ ਬਾਹਰ ਨੂੰ ਚਲਾ ਗਿਆ।
ਅਰਦਾਸ ਹੋ ਗਈ। ਭੋਗ ਵੀ ਪੈ ਗਿਆ ਤੇ ਸ਼ਗਨ ਦੀ ਰਸਮ ਵੀ ਹੋ ਗਈ। ਕਿਸੇ ਨੇ ਵੀ ਸੰਤੋਸ਼ ਤੇ ਪ੍ਰਾਹੁਣੇ ਨੂੰ ਯਾਦ ਨਾ ਕੀਤਾ। ਬੀਜੀ ਦੇ ਪੋਤੇ-ਪੋਤਰੀਆਂ ਖ਼ੂਬ ਖਰਮਸਤੀਆਂ ਕਰ ਰਹੇ ਸਨ ਪਰ ਦੋਹਤਿਆਂ ਨੂੰ ਨਾ ਦੇਖ ਕੇ ਬੀਜੀ ਦੇ ਮਨ ਨੂੰ ਹੌਲ ਜਿਹਾ ਪੈਂਦਾ ਸੀ। ਸ਼ਗਨ ਤੋਂ ਬਾਅਦ ਨਿੱਕੀ ਪੂਜਾ ਨੇ ਸਾਰਿਆਂ ਨੂੰ ਵਿਹੜੇ ‘ਚ ਇਕੱਠਾ ਕਰ ਲਿਆ ਤੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਬੀਜੀ ਦੀਆਂ ਤਿੰਨੇ ਨੂੰਹਾਂ ਨੇ ਖ਼ੂਬ ਧਮਾਲ ਪਾਈ ਤੇ ਦਾਦਕੀਆਂ ਨੇ ਨਾਨਕੀਆਂ ਦੀ ਬੋਲਤੀ ਬੰਦ ਕਰਾ ਦਿੱਤੀ। ਨਾਨਕੇ ਵੀ ਕਿਹੜੇ ਸਨ? ਜੇ ਨਾਨਕੇ ਹੀ ਹੁੰਦੇ ਤਾਂ ਚਮਨ ਲਾਲ ਨੂੰ ਘਰ ਜਵਾਈ ਕਿਉਂ ਬਣਨਾ ਪੈਂਦਾ। ਆਰਤੀ, ਬੇਨਤੀ, ਮਮਤਾ ਤੇ ਪੂਜਾ ਸਾਰੀਆਂ ਭੈਣਾਂ ਨੇ ਗਿੱਧੇ ਵਿੱਚ ਖ਼ੂਬ ਰੰਗ ਬੰਨ੍ਹਿਆ। ਬੀਜੀ ਦੋਵਾਂ ਹੱਥਾਂ ਨਾਲ ਤਾੜੀ ਤਾਂ ਮਾਰਦੇ ਪਰ ਨਿਗ੍ਹਾ ਗੇਟ ਵੱਲ ਵੀ ਮਾਰਦੇ ਸਨ ਖੌਰੇ ਸੰਤੋਸ਼ ਆ ਹੀ ਜਾਵੇ।
ਗਿੱਧੇ ਤੋਂ ਬਾਅਦ ਰੋਟੀ ਤੇ ਸ਼ਾਮ ਨੂੰ ਘੋੜੀ ਵੀ ਕੱਢੀ ਗਈ। ਚਾਰੇ ਭਰਾ ਖ਼ੁਸ਼ ਸਨ। ਆਪਣੇ-ਆਪਣੇ ਮੁੰਡਿਆਂ ਨੂੰ ਘੋੜੀ ਮੂਹਰੇ ਭੰਗੜਾ ਪਾਉਂਦੇ ਵੇਖਕੇ। ਰਸਮਾਂ ਤੋਂ ਬਾਅਦ ਮੁੰਡੇ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਸੁਲਾਇਆ ਗਿਆ। ਕਿਸੇ ਨੇ ਵੀ ਪ੍ਰਾਹੁਣੇ ਤੇ ਸੰਤੋਸ਼ ਦਾ ਜ਼ਿਕਰ ਨਾ ਕੀਤਾ। ਸਭ ਮਸਤ ਸਨ।
”ਬੀਜੀ ਉੱਠ ਜਾਉ ਤੇ ਤਿਆਰ ਹੋ ਜਾਓ ਹੁਣ ਫਟਾਫਟ। ਜਲਦੀ ਨਹਾ ਲਵੋ। ਸੱਤ ਵਜੇ ਤਾਂ ਬਾਰਾਤ ਤੁਰ ਪੈਣੀ ਹੈ।” ਛੋਟੀ ਪੂਜਾ ਨੇ ਆ ਕੇ ਫਿਰ ਕਿਹਾ ਪਰ ਉਹ ਸੁੱਤੀ ਹੀ ਕਦੋਂ ਸੀ? ਉਸ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਰਾਤ ਕਦੋਂ ਬੀਤ ਗਈ। ਪੁੱਤਾਂ ਤੇ ਪੋਤਰਿਆਂ ਦੇ ਉੱਚੇ ਬੋਲਾਂ ਤੋਂ ਡਰਦੀ ਉਹ ਪਤਾ ਨਹੀਂ ਕਦੋਂ ਤਿਆਰ ਹੋ ਗਈ ਤੇ ਜਿਵੇਂ ਕਿਸੇ ਨੇ ਕਿਹਾ ਤੇ ਗੱਡੀ ਦੀ ਪਿਛਲੀ ਸੀਟ ‘ਤੇ ਬੈਠ ਗਈ। ਉਸ ਦੀਆਂ ਨਜ਼ਰਾਂ ਵਾਰ-ਵਾਰ ਪਿੱਛੇ ਨੂੰ ਮੁੜਦੀਆਂ। ਉਨ੍ਹਾਂ ਨੂੰ ਇੰਤਜ਼ਾਰ ਸੀ ਕਿਸੇ ਕਾਲੇ ਰੰਗ ਦੀ ਕਾਰ ਦਾ। ਖੌਰੇ ਸੰਤੋਸ਼ ਆ ਹੀ ਜਾਵੇ। ਇੱਕ ਪਾਸੇ ਪੋਤੇ ਦੇ ਵਿਆਹ ਦੀ ਖ਼ੁਸ਼ੀ ਦੇ ਹੰਝੂ ਸਨ ਪਰ ਦੂਜੇ ਪਾਸੇ ਧੀ ਦੇ ਟੁੱਟਣ ਦੀ ਬੇਬਸੀ ਦੇ ਹੰਝੂ। ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸ ਨੂੰ ਟੋਕ ਹੀ ਨਾ ਦੇਵੇ ਕਿ ਬੀਜੀ ਤੁਸੀਂ ਖ਼ੁਸ਼ੀ ਦੇ ਮੌਕੇ ਹੰਝੂ ਕੇਰ ਕੇ ਬਦਸ਼ਗਨੀ ਕਿਉਂ ਕਰਦੇ ਹੋ। ਉਸ ਨੂੰ ਝਾਉਲਾ ਜਿਹਾ ਪੈਂਦਾ ਜਿਵੇਂ ਕੋਈ ਪਿੱਛੇ ਰਹਿ ਗਿਆ ਹੋਵੇ। ਤੇ ਇਨ੍ਹਾਂ ਦੇ ਪਿਤਾ ਜੀ ਦਾ ਭੁਲੇਖਾ ਪੈਂਦਾ ਲੱਗਿਆ ਜਿਵੇਂ ਇਨ੍ਹਾਂ ਦੇ ਪਿਤਾ ਜੀ ਸੜਕ ‘ਤੇ ਖੜ੍ਹੇ ਹੋਣ ਤੇ ਆਵਾਜਾਂ ਮਾਰਦੇ ਹੋਣ, ”ਓੁਏ ਤੁਸੀਂ ਮੈਨੂੰ ਛੱਡ ਚਲੇ ਹੋ। ਮੇਰੀ ਧੀ ਨੂੰ ਭੁੱਲ ਗਏ ਹੋ।”ਏਨੇ ਨੂੰ ਹਵਾ ਦਾ ਵਰੋਲਾ ਜਿਹਾ ਆਇਆ ਤੇ ਉਹ ਮਿੱਟੀ ਉਡਾ ਗਿਆ। ਬੀਜੀ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਤੇ ਇਉਂ ਲੱਗਿਆ ਕਿ ਇਹ ਹਵਾ ਦਾ ਵਰੋਲਾ ਉਸ ਦੇ ਕਈ ਰਿਸ਼ਤਿਆਂ ਨੂੰ ਉਡਾ ਕੇ ਲੈ ਗਿਆ ਹੈ।
Tag: