ਪਹਿਲੇ ਸਮਿਆਂ ਵਿਚ ਇਨ੍ਹਾਂ ਦਿਨਾਂ ਵਿਚ ਰਾਤ ਸਮੇਂ ਬਾਹਰ ਵਿਹੜਿਆਂ ਵਿਚ ਸੌਣਾ ਸ਼ੁਰੂ ਹੋ ਜਾਂਦਾ ਸੀ, ਬਾਹਰ ਤਰੇਲ ਪੈਣ ਕਰਕੇ ਸਵੇਰ ਤੱਕ ਕੱਪੜੇ ਗਿੱਲੇ ਹੋ ਜਾਂਦੇ ਸਨ, ਪਰ ਸਵੇਰ ਦਾ ਮੌਸਮ ਇਕ ਵੱਖਰਾ ਹੀ ਅਹਿਸਾਸ ਜਗਾ ਦਿੰਦਾ ਸੀ | ਇਸ ਦੇ ਕਿੰਨੇ ਹੀ ਫਾਇਦੇ ਹੋ ਜਾਂਦੇ ਸਨ | ਸਾਰੀਆਂ ਸਰਗਰਮੀਆਂ ਖੇਤ-ਕੇਂਦਰਿਤ ਹੋ ਜਾਂਦੀਆਂ ਸਨ | ਨੌਜਵਾਨ ਖੇਤਾਂ ਵਿਚ ਡੰਡ-ਬੈਠਕਾਂ ਕੱਢਣ ਲਗਦੇ ਸਨ, ਕਸਰਤਾਂ ਕਰਨ ਲਗਦੇ ਸਨ ਤੇ ਖੁੱਲ੍ਹੇ ਖੇਤਾਂ ਵਿਚ ਕਬੱਡੀ ਤੇ ਕੁਸ਼ਤੀਆਂ ਦੇ ਭੇੜ ਨਜ਼ਰ ਆਉਣ ਲਗਦੇ ਸਨ | ਮਰਦਾਂ ਨੂੰ ਰੋਟੀ-ਪਾਣੀ ਪਹੁੰਚਾਉਣ ਅਤੇ ਲਵੇਰਿਆਂ ਦੀਆਂ ਧਾਰਾਂ ਕੱਢਣ ਆਉਂਦੀਆਂ ਸੁਆਣੀਆਂ ਦੀ ਵੀ ਖੇਤਾਂ ਦੀ ਹਰਿਆਵਲ ਸੰਗ ਸਾਂਝ ਪੈਂਦੀ ਸੀ | ਇਨ੍ਹਾਂ ਦਿਨਾਂ ਵਿਚ ਕਣਕ ਦੀ ਫਸਲ ਭਰ ਜੋਬਨ ‘ਤੇ ਪਹੁੰਚਣ ਲਗਦੀ ਹੈ ਤੇ ਸਭ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ | ਰੁੱਤਾਂ ਵਾਕਿਆ ਹੀ ਕੁਦਰਤ ਦਾ ਅਚੰਭਿਤ ਸੰਸਾਰ ਹਨ |