ਕਸੌਟੀ

ਮੰਨੇ -ਪ੍ਰਮੰਨੇ ਅਧਿਆਪਕ ਜਗਮੋਹਨ ਜੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਪਿੰਡ ਅਮਰਪੁਰਾ ‘ਚ ਹੀ ਰਹਿ ਰਹੇ ਸਨ। ਉਹ ਚਾਹੁੰਦੇ ਤਾਂ ਸ਼ਹਿਰ ‘ਚ ਹੀ ਰਹਿ ਸਕਦੇ ਸਨ, ਜਿਥੇ ਉਨ੍ਹਾਂ ਦੇ 2 ਬੇਟੇ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਸਨ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਜੀ ਨੂੰ ਇਸੇ ਗੱਲ ਦਾ ਦੁਖ ਸੀ ਕਿ ਉਨ੍ਹਾਂ ਦੇ ਦੋਵੇਂ ਬੇਟੇ ਪੜ੍ਹ-ਲਿਖ ਲੈਣ ਅਤੇ ਚੰਗੇ ਅਹੁਦਿਆਂ ‘ਤੇ ਲੱਗਣ ਪਿੱਛੋਂ ਉਨ੍ਹਾਂ ਨੂੰ ਪੁੱਛਦੇ ਤਕ ਨਹੀਂ ਸਨ। ਵੱਡਾ ਬੇਟਾ ਸ਼ਹਿਰ ਦਾ ਨਾਮੀ ਡਾਕਟਰ ਸੀ, ਉਸ ਦੀ ਪਤਨੀ ਰੇਵਾ ਵੀ ਡਾਕਟਰ ਸੀ। ਦੂਜਾ ਬੇਟਾ ਅਮੋਲਕ ਇਕ ਸਰਕਾਰੀ ਕਾਲਜ ‘ਚ ਪ੍ਰੋਫੈਸਰਸੀ। ਆਪਣੇ ਪਿਤਾ ਦੀ ਸ਼ਖਸੀਅਤ ਅਤੇ ਸੋਚ ਦੇ ਉਲਟ ਉਸ ਦਾ ਮਕਸਦ ਟਿਊਸ਼ਨ ਰਾਹੀਂ ਪੈਸਾ ਕਮਾਉਣਾ ਸੀ। ਉਸ ਦੀ ਪਤਨੀ ਬਿਊਟੀ ਪਾਰਲਰ ਚਲਾਉਂਦੀ ਸੀ। ਘਰ 2 ਨੌਕਰਾਣੀਆਂ ਦੇ ਭਰੋਸੇ ਸੀ। ਅੰਮ੍ਰਿਤਾ ਜੀ ਅਤੇ ਜਗਮੋਹਨ ਜੀ ਦੀ ਇਕ ਬੇਟੀ ਵੀ ਸੀ ਆਰਤੀ। ਉਸ ਦੇ ਪਤੀ ਸੁਭਾਸ਼ ਦੀ ਕੱਪੜਿਆਂ ਦੀ ਦੁਕਾਨ ਸੀ। ਕਦੇ ਜਗਮੋਹਨ ਜੀ ਜਾਂ ਅੰਮ੍ਰਿਤਾ ਜੀ ‘ਚੋਂ ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ ਜਾਂ ਕੋਈ ਹੋਰ ਪ੍ਰੇਸ਼ਾਨੀ ਆ ਜਾਂਦੀ ਤਾਂ ਖ਼ਬਰ ਮਿਲਣ ਸਾਰ ਹੀ ਆਰਤੀ ਅਤੇ ਉਸ ਦਾ ਪਤੀ ਸੁਭਾਸ਼ ਦੌੜੇ ਆਉਂਦੇ। ਜਗਮੋਹਨ ਜੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣਾ ਜੱਦੀ ਮਕਾਨ ਅਤੇ ਪਿੰਡ ਦੀ 25 ਬਿੱਘਾ ਜ਼ਮੀਨ ਆਰਤੀ ਦੇ ਨਾਂ ਹੀ ਕਰ ਦੇਣਗੇ। ਆਪਣੇ
ਬੇਟਿਆਂ ਵਲੋਂ ਤਾਂ ਉਨ੍ਹਾਂ ਦਾ ਮਨ ਬਿਲਕੁਲ ਉਚਾਟ ਗਿਆ ਸੀ। ਉਨ੍ਹਾਂ ਨੂੰ ਉਹ ਦਿਨ ਤਾਂ ਭੁਲਾਇਆਂ ਨਹੀਂ ਭੁੱਲਦਾ ਸੀ ਜਦੋਂ ਅਮੋਲਕ ਦੀ ਪਤਨੀ ਸ਼ਿਵਿਰਾ ਪਹਿਲੀ ਵਾਰ ਡਲਿਵਰੀ ਦੀ ਹਾਲਤ ‘ਚ ਪਹੁੰਚੀ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਉਹ ਅਤੇ ਅੰਮ੍ਰਿਤਾ ਜੀ ਅਮੋਲਕ ਦੇ ਘਰ ਪਹੁੰਚ ਗਏ।ਪੈਰੀਂ ਪੈਣ ਦੀ ਰਸਮ ਨਿਭਾਉਣ ਤੋਂ ਬਾਅਦ ਅਮੋਲਕ ਨੇ ਪੁੱਛਿਆ, ”ਅੰਮਾ-ਬਾਬੂ ਜੀ ਅਚਾਨਕ ਕਿਵੇਂ ਆਉਣਾ ਹੋਇਆ?”ਜਦੋਂ ਉਨ੍ਹਾਂ ਨੇ ਅਮੋਲਕ ਨੂੰ ਆਪਣੇ ਆਉਣ ਦਾ ਉਦੇਸ਼ ਦੱਸਿਆ, ਤਾਂ ਉਹ ਬੋਲਿਆ, ”ਬਈ ਅੰਮਾ, ਤੁਹਾਨੂੰ ਇਹ ਸਭ ਤਕਲੀਫ ਕਰਨ ਦੀ ਕੀ ਲੋੜ ਹੈ? ਸ਼ਿਵਿਰਾ ਦੀ ਦੇਖਭਾਲ ਲਈ ਮੇਰੀ ਛੋਟੀ ਸਾਲੀ ਸ਼ਿਵਾ ਤੇ ਮਦਰ-ਇਨ-ਲਾਅ ਆਉਣ ਵਾਲੀਆਂ ਹਨ।””ਪਰ ਬੇਟਾ ਮੈਂ….” ਅੰਮਾ ਨੇ ਕਹਿਣਾ ਚਾਹਿਆ।”ਨਹੀਂ ਮਾਂ, ਉਸ ਦੀ ਕੋਈ ਲੋੜ ਨਹੀਂ ਹੈ। ਸਭ ਕੁਝ ਠੀਕ ਹੋ ਜਾਵੇਗਾ।”ਅਮੋਲਕ ਦੇ ਨਾਲ-ਨਾਲ ਸ਼ਿਵਿਰਾ ਨੇ ਵੀ ਦੋ ਟੁਕ ਸ਼ਬਦਾਂ ‘ਚ ਕਹਿ ਦਿੱਤਾ, ”ਮਾਂ ਜੀ, ਤੁਸੀਂ ਬੇਵਜ੍ਹਾ ਚਿੰਤਾ ਕਿਉਂ ਕਰਦੇ ਹੋ। ਮੇਰੀ ਮੌਮ ਅਤੇ ਸਿਸਟਰ ਹਨ, ਉਹ ਬਹੁਤ ਪੜ੍ਹੇ-ਲਿਖੇ ਲੋਕ ਹਨ।”ਨੂੰਹ ਦੀ ਗੱਲ ਸੁਣ ਕੇ ਉਹ ਦੋਵੇਂ ਹੈਰਾਨ ਰਹਿ ਗਏ।ਜਗਮੋਹਨ ਜੀ ਨੇ ਕਿਹਾ, ”ਅਸੀਂ ਚੱਲਦੇ ਹਾਂ। ਅਤੇ ਹਾਂ, ਬੇਟਾ ਹੋਵੇ ਜਾਂ ਬੇਟੀ, ਸਾਨੂੰ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਦੀ ਲੋੜ ਨਹੀਂ ਹੈ, ਅਸੀਂ ਉਥੋਂ ਹੀ ਚਿੱਠੀ ਲਿਖ ਕੇ ਆਸ਼ੀਰਵਾਦ ਭੇਜ ਦਿਆਂਗੇ।” ਇਹ ਕਹਿ ਕੇ ਉਹ ਬੰਗਲੇ ‘ਚੋਂ ਬਾਹਰ ਆ ਗਏ। ਇਹ ਸੀ ਨੂੰਹ-ਪੁੱਤ ਦਾ ਅਸਲੀ ਚਿਹਰਾ। ਫਿਰ ਪਤਾ ਲੱਗਾ ਕਿ ਮੁੰਡਾ ਹੋਇਆ ਸੀ ਅਮੋਲਕ ਦੇ। ਕੁਝ ਸਮੇਂ ਪਿੱਛੋਂ ਜਗਮੋਹਨ ਜੀ ਦਾ ਗੁੱਸਾ ਕੁਝ ਸ਼ਾਂਤ ਹੋਇਆ ਤਾਂ ਉਹ ਅਮੋਲਕ ਦੇ ਘਰ ਥੋੜ੍ਹੇ ਸਮੇਂ ਲਈ ਜਾਂਦੇ ਤੇ ਸ਼ਾਮ ਤਕ ਵਾਪਸ ਆ ਜਾਂਦੇ ਸਨ।ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਦੇ ਬਾਕੀ ਬਚੇ ਦਿਨ ਉਨ੍ਹਾਂ ਨੇ ਅਮਰਪੁਰਾ ‘ਚ ਬਿਤਾਉਣ ਦਾ ਮਨ ਬਣਾ ਲਿਆ ਸੀ। 2 ਸਾਲ ਤਾਂ ਆਰਾਮ ਨਾਲ ਗੁਜ਼ਰ ਗਏ ਪਰ ਅਚਾਨਕ ਇਕ ਰਾਤ ਉਨ੍ਹਾਂ ਦੇ ਪੇਟ ‘ਚ ਤੇਜ਼ ਦਰਦ ਹੋਇਆ। ਉਸ ਸਮੇਂ ਤਾਂ ਡਾਕਟਰ ਨੇ ਇੰਜੈਕਸ਼ਨ, ਗੋਲੀਆਂ ਵਗੈਰਾ ਦੇ ਦਿੱਤੀਆਂ ਪਰ ਅਗਲੇ ਦਿਨ ਪੂਰੀ ਜਾਂਚ ਲਈ ਹਸਪਤਾਲ ਆਉਣ ਲਈ ਕਿਹਾ। ਜਾਂਚ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਜੈਪੁਰ ‘ਚ ਇਲਾਜ ਕਰਾ ਲੈਣ, ਜਿਥੇ ਉਨ੍ਹਾਂ ਦੇ ਨੂੰਹ-ਪੁੱਤ ਪ੍ਰਸਿੱਧ ਸਰਜਨ ਹਨ। ਅੰਮ੍ਰਿਤਾ ਜੀ ਨੇ ਜੈਪੁਰ ਚੱਲਣ ‘ਤੇ ਜ਼ੋਰ ਦਿੱਤਾ, ਤਾਂ ਉਹ ਉਥੇ ਜਾਣ ਲਈ ਤਿਆਰ ਹੋਏ ਸਨ।ਤਿਲਕਨਗਰ ‘ਚ ਸਥਿਤ ਆਪਣੇ ਡਾਕਟਰ ਬੇਟੇ ਦੇ ਬੰਗਲੇ ‘ਤੇ ਜਦੋਂ ਉਹ ਪਹੁੰਚੇ ਤਾਂ ਬੇਟਾ ਤੇ ਨੂੰਹ ਕਿਸੇ ਵਿਆਹ ‘ਤੇ ਗਏ ਹੋਏ ਸਨ। ਚੌਕੀਦਾਰ ਨਵਾਂ ਸੀ। ਉਹ ਬੋਲਿਆ, ”ਮੈਨੂੰ ਮੁਆਫ ਕਰਿਓ, ਡਾਕਟਰ ਸਾਹਿਬ ਦੀ ਹਦਾਇਤ ਹੈ ਕਿ ਉਨ੍ਹਾਂ ਦੇ ਨਾ ਹੋਣ ‘ਤੇ ਮੈਂ ਕਿਸੇ ਨੂੰ ਅੰਦਰ ਨਾ ਆਉਣ ਦਿਆਂ।”ਥੱਕੇ-ਹਾਰੇ ਉਹ ਲੋਕ ਉਥੇ ਰੱਖੀਆਂ ਕੁਰਸੀਆਂ ‘ਤੇ ਬੈਠ ਗਏ। ਜਗਮੋਹਨ ਜੀ ਦੇ ਪੇਟ ‘ਚ ਦਰਦ ਹੋਣ ਲੱਗਾ ਤਾਂ ਅੰਮ੍ਰਿਤਾ ਨੇ ਉਨ੍ਹਾਂ ਨੂੰ ਬੈਗ ‘ਚੋਂ ਕੱਢ ਕੇ ਗੋਲੀਆਂ ਦੇ ਦਿੱਤੀ।”ਚਲੋ ਕਿਸੇ ਹੋਟਲ ‘ਚ ਚੱਲਦੇ ਹਾਂ। ਰਾਤ ਦੇ 10 ਵੱਜ ਰਹੇ ਨੇ। ” ਜਗਮੋਹਨ ਜੀ ਨੇ ਕਿਹਾ ਅਤੇ ਉੱਠਣ ਹੀ ਲੱਗੇ ਸਨ ਕਿ ਕਾਰ ਦੀਆਂ ਹੈੱਡਲਾਈਟਾਂ ਚਮਕ ਉੱਠੀਆਂ। ਨੂੰਹ-ਪੁੱਤ ਅਤੇ ਬੱਚੇ ਆ ਗਏ ਸਨ। ਚੌਕੀਦਾਰ ਨੇ ਦੌੜ ਕੇ ਗੇਟ ਖੋਲ੍ਹਿਆ। ਉਨ੍ਹਾਂ ਨੂੰ ਦੇਖ ਕੇ ਨਮਨ ਹੈਰਾਨ ਹੋ ਕੇ ਕਹਿਣ ਲੱਗਾ, ”ਤੁਸੀਂ ਕਦੋਂ ਆਏ?””3 ਘੰਟਿਆਂ ਤੋਂ ਤੇਰੀ ਉਡੀਕ ਕਰ ਰਹੇ ਹਾਂ, ਤੇਰੇ ਚੌਕੀਦਾਰ ਨੇ ਇਥੇ ਬਿਠਾ ਦਿੱਤਾ ਸੀ।””ਚੌਕੀਦਾਰ ਨੂੰ ਇਹੀ ਹਦਾਇਤ ਦਿੱਤੀ ਹੋਈ ਹੈ ਬਾਬੂ ਜੀ, ਇਥੇ ਕਈ ਥਾਈਂ ਵਾਰਦਾਤਾਂ ਹੋ ਚੁੱਕੀਆਂ ਹਨ। ਖ਼ੈਰ ਤੁਸੀਂ ਅੰਦਰ ਆਓ।”ਨੂੰਹ ਰੇਵਾ ਨੇ ਅਣਮੰਨੇ ਮਨ ਨਾਲ ਸੱਸ-ਸਹੁਰੇ ਦੇ ਪੈਰ ਛੂਹੇ। ਬੱਚਿਆਂ ਨੇ ਦਾਦਾ-ਦਾਦੀ ਦੇ ਆਉਣ ‘ਤੇ ਕੋਈ ਖੁਸ਼ੀ ਜ਼ਾਹਿਰ ਨਹੀਂ ਕੀਤੀ। ਨਮਨ ਨੇ ਅੰਮਾ-ਬਾਬੂ ਜੀ ਨੂੰ ਡਰਾਇੰਗ ਰੂਮ ‘ਚ ਬਿਠਾ ਦਿੱਤਾ ਅਤੇ ਰੇਵਾ ਕੋਲ ਆਇਆ। ਰੇਵਾ ਨੇ ਕਿਹਾ,”ਹੁਣ ਜੋ ਕੁਝ ਕਰਨਾ ਹੈ ਤੁਸੀਂ ਹੀ ਕਰੋ, ਰਾਤ ਦੇ 11 ਵੱਜ ਰਹੇ ਨੇ। ਤੁਸੀਂ ਬਾਜ਼ਾਰੋਂ ਖਾਣਾ ਲੈ ਆਓ। ਮੈਂ ਤਾਂ ਜਾ ਰਹੀ ਹਾਂ ਸੌਣ।”ਪਰੇਸ਼ਾਨ ਹਾਲਤ ‘ਚ ਨਮਨ ਨੇ ਡਰਾਇੰਗ ਰੂਮ ‘ਚ ਆ ਕੇ ਕਿਹਾ, ”ਤੁਸੀਂ ਹੱਥ-ਮੂੰਹ ਧੋ ਲਓ, ਮੈਂ ਹੋਟਲ ਤੋਂ ਖਾਣਾ ਲੈ ਆਉਂਦਾ ਹਾਂ।” ਭਾਵੇਂਕਿ ਜਗਮੋਹਨ ਜੀ ਅਤੇ ਅੰਮ੍ਰਿਤਾ ਜੀ ਦੋਵੇਂ ਭੁੱਖ ਨਾਲ ਬੇਹਾਲ ਹੋ ਰਹੇ ਸਨ ਪਰ ਉਹ ਬੋਲੇ, ”ਬੇਟੇ ਰਹਿਣ ਦੇ ਤੇਰੀ ਮਾਂ ਤੇ ਮੈਂ ਚਾਹ ਨਾਲ ਥੋੜ੍ਹਾ ਬਹੁਤ ਕੁਝ ਖਾ ਲਵਾਂਗੇ। ਚਾਹ ਦਾ ਸਾਮਾਨ ਦੱਸ ਦੇ, ਤੇਰੀ ਮਾਂ ਬਣਾ ਲਵੇਗੀ।”ਅਗਲੇ ਦਿਨ ਜਗਮੋਹਨ ਜੀ ਨੇ ਆਪਣੇ ਬੇਟੇ ਨੂੰ ਕਿਹਾ, ”ਡਾਕਟਰ ਨੇ ਮੇਰੇ ਪੇਟ ‘ਚ ਕੁਝ ਗੜਬੜ ਦੱਸੀ ਹੈ। ਤੂੰ ਜਾਂਚ ਕਰਾ ਦੇ, ਦੇਖ ਲੈ ਕੀ ਗੜਬੜ ਹੈ। ਮੇਰੇ ਪੇਟ ‘ਚ ਬਹੁਤ ਦਰਦ ਰਹਿੰਦਾ ਹੈ।” ਜਗਮੋਹਨ ਜੀ ਨੇ ਨਾਲ ਲਿਆਂਦੀ ਸੋਨੋਗ੍ਰਾਫੀ ਦੀ ਰਿਪੋਰਟ ਅਤੇ ਪ੍ਰੈਸਕ੍ਰਿਪਸ਼ਨ ਬੇਟੇ ਦੇ ਸਾਹਮਣੇ ਰੱਖ ਦਿੱਤੀ। ਨਮਨ ਨੇ ਰਿਪੋਰਟ ਦੇਖੀ ਅਤੇ ਕਿਹਾ, ”ਤੁਹਾਨੂੰ ਮੈਂ ਭਲਕੇ ਠੀਕ ਤਰ੍ਹਾਂ ਚੈੱਕ ਕਰਾਂਗਾ। ਹੁਣ ਰਾਤ ਕਾਫੀ ਹੋ ਗਈ ਹੈ, ਤੁਸੀਂ ਸੌਂ ਜਾਓ।” ਅਗਲੇ ਦਿਨ ਨਮਨ ਨੇ ਜਗਮੋਹਨ ਦੇ ਸਾਰੇ ਟੈਸਟ ਕਰਾ ਲਏ। ਕੁਝ ਹੀ ਘੰਟਿਆਂ ‘ਚ ਰਿਪੋਰਟਾਂ ਵੀ ਆ ਗਈਆਂ। ਜਗਮੋਹਨ ਜੀ ਦੇ ਪੇਟ ‘ਚ ਕੈਂਸਰ ਸੀ, ਜੋ ਬਹੁਤ ਵਧ ਚੁੱਕਾ ਸੀ। ਨਮਨ ਨੇ ਉਨ੍ਹਾਂ ਨੂੰ ਦੱਸ ਦੇਣਾ ਠੀਕ ਸਮਝਿਆ। ਪਤਾ ਲੱਗਦਿਆਂ ਹੀ ਜਗਮੋਹਨ ਜੀ ਹੈਰਾਨ ਰਹਿ ਗਏ ਅਤੇ ਅੰਮ੍ਰਿਤਾ ਜੀ ਰੋਣ ਲੱਗੀ। ”ਤੁਸੀਂ ਘਬਰਾਓ ਨਾ ਬਾਬੂ ਜੀ, ਤੁਹਾਨੂੰ ਹਿੰਮਤ ਤੋਂ ਕੰਮ ਲੈਣਾ ਪਵੇਗਾ। ਅੰਮਾ ਬਾਬੂ ਜੀ ਨੂੰ ਮੁੰਬਈ ਲੈ ਜਾਣਾ ਪਏਗਾ ਟਾਟਾ ਹਾਸਪੀਟਲ ‘ਚ। ਪੈਸਾ ਤਾਂ ਕਾਫੀ ਲੱਗੇਗਾ ਪਰ ਇਹ ਜ਼ਰੂਰੀ ਹੈ। ਤੁਹਾਨੂੰ ਰਿਟਾਇਰਮੈਂਟ ‘ਤੇ ਪੈਸਾ ਮਿਲਿਆ ਹੈ, ਡੇਢ-ਦੋ ਲੱਖ ਨਾਲ ਕੰਮ ਚੱਲ ਜਾਵੇਗਾ।”ਤਾਂ ਤੂੰ ਚੱਲ ਰਿਹੈਂ ਨਾ ਮੇਰੇ ਨਾਲ ਮੁੰਬਈ?” ”ਨਹੀਂ ਬਾਬੂ ਜੀ… ਮੈਂ ਕਿਵੇਂ ਜਾ ਸਕਦਾ ਹਾਂ। ਇਥੋਂ ਦੇ ਸਾਰੇ ਕੰਮ ਠੱਪ ਹੋ ਜਾਣਗੇ। ਮੈਂ ਟਾਟਾ ਹਾਸਪੀਟਲ ‘ਚ ਇਕ ਪਛਾਣ ਦੇ ਡਾਕਟਰ ਦੇ ਨਾਂ ਚਿੱਠੀ ਦੇ ਦਿਆਂਗਾ ਅਤੇ ਉਨ੍ਹਾਂ ਨੂੰ ਫੋਨ ਵੀ ਕਰ ਦਿਆਗਾਂ। ਸਾਰਾ ਪ੍ਰਬੰਧ ਹੋ ਜਾਵੇਗਾ।”ਜਗਮੋਹਨ ਜੀ ਨੇ ਕਠੋਰ ਲਹਿਜ਼ੇ ‘ਚ ਕਿਹਾ, ”ਨਹੀਂ ਕੋਈ ਲੋੜ ਨਹੀਂ ਹੈ, ਮੈਂ ਕਿਵੇਂ ਜਾਣਾ ਹੈ, ਕੀ ਕਰਨੈ, ਮੈਂ ਕਰ ਲਵਾਂਗਾ। ਤੂੰ ਆਪਣਾ ਹਾਸਪੀਟਲ ਅਤੇ ਬੱਚਿਆਂ ਨੂੰ ਦੇਖ।”ਅੰਮ੍ਰਿਤਾ ਜੀ ਨੂੰ ਹੈਰਾਨੀ ਹੋਈ। ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਕਿਰ ਆਏ। ਅਗਲੇ ਦਿਨ ਜਗਮੋਹਨ ਜੀ ਅੰਮ੍ਰਿਤਾ ਜੀ ਨਾਲ ਅਮਰਪੁਰਾ ਆ ਗਏ। (ਚਲਦਾ)

Tag:

ਕਸੌਟੀ

Tags: