ਕਬੱਡੀ

ਕਬੱਡੀ ਦਾ ਸੰਖੇਪ ਇਤਿਹਾਸ—- ਸਰਕਲ ਅਰਥਾਤ ਚੱਕਰਨੁਮਾਂ ਮੈਦਾਨ ਵਿੱਚ ਖੇਡੀ ਜਾਣ ਵਾਲੀ ਕਬੱਡੀ ਖੇਡ, ਭਾਰਤੀ ਖਿੱਤੇ ਦੀਆਂ ਸਭ ਤੋਂ ਪੁਰਾਤਨ ਖੇਡਾਂ ਵਿੱਚੋਂ ਇੱਕ ਹੈ। ਕਰੀਬ 4000 ਸਾਲ ਪਹਿਲਾਂ ਵੀ ਇਹ ਖੇਡ ਭਾਰਤ, ਖ਼ਾਸ਼ਕਰ ਪੰਜਾਬ ਵਿੱਚ ਪ੍ਰਚੱਲਤ ਸੀ, ਮਹਾਂਭਾਰਤ ਸਮੇ,ਮਹਾਤਮਾ ਗੌਤਮ ਬੁੱਧ ਸਮੇ ,।ਸ਼ਿਵ ਪੁਰਾਣ ਵਿੱਚ ਵੀ ਹਮਲਾ ਕਰਨਾ (ਰੇਡ ਪਾਉਂਣੀ),ਹਮਲੇ ਤੋਂ ਬਚਣਾ (ਸਟਾਪਰ ਬਣਨਾਂ),ਦੀ ਗੱਲ ਚਲਦੀ ਰਹੀ ਹੈ। ਇਸ ਖੇਡ ਦੇ ਪਿਛੋਕੜ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਸ ਨੂੰ ਵੱਖ ਵੱਖ ਖਿਤਿਆਂ ਵਿੱਚ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ,ਦੱਖਣੀ ਭਾਰਤ ਵਿੱਚ ਇਸ ਨੂੰ ਚੇਡੂ ਗੁਡੂ,ਮਹਾਂਰਾਸ਼ਟਰ ਵਿੱਚ ਹੂ ਤੂ ਤੂ,ਬੰਗਾਲ ਵਿੱਚ ਡੋ ਡੋ,ਕੁੱਝ ਹੋਰਨਾਂ ਸਥਾਨਾਂ ‘ਤੇ ਖ਼ੋ ਖ਼ੋ ,ਅੱਤਿਆ ਪੱਤਿਆ,ਸੂ ਸੂ,ਸਰ ਸਰ, ਰਾਮ ਲਕਸ਼ਮਣ ਜਾਨਕੀ,ਜੈ ਬੋਲੋ ਹਨੂੰ ਮਾਨ ਕੀ,ਦੇ ਉਚਾਰਣ ਨਾਲ ਵੀ ਖੇਡਿਆ ਜਾਂਦਾ ਰਿਹਾ ਹੈ। ਇਸ ਦੀਆਂ ਕਈ ਵੰਨਗੀਆਂ ਵੀ ਪ੍ਰਚੱਲਤ ਰਹੀਆਂ ਹਨ,ਕੱਚੀ ਸੌਂਚੀ,ਪੱਕੀ ਸੌਂਚੀ, ਗੂੰਗੀ ਕੌਡੀ,ਛੇ ਹੰਧੀ,ਪੀਰ ਕੌਡੀ,ਪਰ ਕੌਡੀ,ਬੱਧੀ ਕੌਡੀ,ਬੈਠਵੀਂ ਕੌਡੀ,ਘੋੜ ਕਬੱਡੀ,ਬੁਰਜੀਆਂ ਵਾਲੀ ਕਬੱਡੀ,ਲੰਮੀ ਕੌਡੀ,ਦੋਧੇ ਜੌੜਾ ਕਬੱਡੀ,ਚੀਰਵੀ,ਢੇਰੀ ਵਾਲੀ,ਹੁਣ ਦਾਇਰੇ ਵਾਲੀ ਕਬੱਡੀ,ਡੀ ਅਕਾਰ ਦੇ ਦੋ ਪਾਸਿਆਂ ਅਤੇ ਦੋ ਹੰਧਿਆਂ ਵਾਲੀ ਕਬੱਡੀ।ਇਸ ਤੋਂ ਇਲਾਵਾ ਮੁਲਤਾਨੀ,ਅੰਬਰਸਰੀ,ਫਿਰੋਜ਼ਪੁਰੀ,ਲਾਇਲਪੁਰੀ,ਅੰਬਾਲਵੀ,ਲਹੌਰੀ ਬਹਾਵਲਪੁਰੀ ਕਬੱਡੀ ਵੀ ਕਿਹਾ ਜਾਂਦਾ ਰਿਹਾ ਹੈ।ਬਲਬੀਰ ਸਿੰਘ ਕੰਵਲ ਅਨੁਸਾਰ ਕਬੱਡੀ ਨੂੰ ਸੱਭ ਤੋਂ ਪਹਿਲਾਂ,ਕੌਡ ਕਬੱਡੀ ਕਿਹਾ ਜਾਂਦਾ ਸੀ,ਜਿਸ ਜਾਹਲਾਂ ਜਾਂ ਗੰਵਾਰਾਂ ਦੀ ਖੇਡ ਮੰਨਦੇ ਸਨ,ਅਰਥ ਇਹ ਵੇਖੇ ਜਾਂਦੇ ਸਨ,ਕਿ ਬਗੈਰ ਕਿਸੇ ਕਾਰਣ ਲੜਾਈ ਲੜਨਾਂ।ਪੰਜਾਬੀ ਦਾ ਸ਼ਬਦ ਕੌਡਾ ਵੀ ਭੈੜੀ-ਭਿਆਨਕ,ਅੱਖੜ ਰੂੜ,ਜਿਸ ਦੇ ਅਰਥ ਖ਼ਰਾਬ,ਖ਼ਤਰਨਾਕ,ਬੁਰੇ ਵਿਅੱਕਤੀਤਵ ਨੂੰ ਦਰਸਾਉਂਦੇ ਹਨ । ਬਿਗਾਨੇ ਦੇ ਘਰ ਜਾ ਕਿ ਧਾਵਾ ਬੋਲਣਾ ਅਤੇ ਨਾਲ ਨਾਲ ਕੌਡੀ ਕੌਡੀ ਕਹਿਣਾ ਕਿ ਮੈ ਬਹੁਤ ਬੁਰਾ,ਅਤੇ ਖ਼ਤਰਨਾਕ ਹਾਂ ਮੇਰੇ ਤੋਂ ਜੇ ਬਚ ਸਕਦੇ ਹੋ ਤਾਂ ਬਚੋ।ਸ਼ਬਦ ਕਟਾ-ਵੱਡੀ ਤੋਂ ਕਬੱਡੀ ਨਾਂਅ ਪੈਣਾ , ਇਸ ਖੇਡ ਤੇ ਕੌਡੀ ਵੀ ਖ਼ਰਚ ਨਾ ਹੋਣਾ ਅਤੇ ਮੇਰੀ ਸੋਚ ਅਨੁਸਾਰ ਕੋਡੇ ਹੋ ਕੇ ਅਰਥਾਤ ਕੁੱਬੇ ਹੋ ਕੇ ਕੌਡੀ ਪਾਉਣਾ ਵੀ ਇਸ ਦੇ ਇਸ ਨਾਮਕਰਣ ਵਿੱਚ ਸ਼ਾਮਲ ਹੈ। ਪਹਿਲੋਂ-ਪਹਿਲ ਇਹ ਖੇਡ ਲਗੋਟ ਪਹਿਨਕੇ ਪਿੰਡੋ ਬਾਹਰ ਵਾਰ ਪਿੜਾਂ ,ਰੌੜਾਂ ਵਿੱਚ ਖੇਡੀ ਜਾਂਦੀ ਸੀ। 1936 ਦੀਆਂ ਬਰਲਿਨ ਓਲੰਪਿਕ ਖੇਡਾਂ ਸਮੇਂ ਵੀ ਕਬੱਡੀ ਸਾਮਲ ਸੀ। 2004 ਦੇ ਕਬੱਡੀ ਵਿਸਵ ਕੱਪ ਸਮੇਂ ਇਰਾਨ,ਭਾਰਤ ਅਤੇ ਪਾਕਿਸਤਾਨ ਨੇ ਹਿੱਸਾ ਲਿਆ। ਭਾਰਤ ਨੇ ਇਹ ਵਿਸ਼ਵ ਕੱਪ 55-27 ਨਾਲ ਇਰਾਨ ਨੂੰ ਮਾਤ ਦੇ ਕੇ ਜਿੱਤਿਆ। ਦੂਜੇ 2007 ਵਾਲੇ ਵਿਸ਼ਵ ਕੱਪ ਸਮੇਂ ਅਫਗਾਨਿਸਤਾਨ,ਬੰਗਲਾ ਦੇਸ਼, ਭਾਰਤ, ਇਰਾਨ,ਇਟਲੀ,ਜਪਾਨ, ਕਰਿਗਸਤਾਨ, ਮਲੇਸ਼ੀਆ, ਨੇਪਾਲ, ਪਾਕਿਸਤਾਨ, ਦੱਖਣੀ ਕੋਰੀਆ, ਥਾਈਲੈਂਡ, ਤੁਰਕਮਿਨਸਤਾਨ, ਇੰਗਲੈਂਡ, ਵੈਸਟ ਇੰਡੀਜ਼ ਸਮੇਤ ਕੁੱਲ 15 ਟੀਮਾਂ ਨੇ ਸ਼ਮੂਲੀਅਤ ਕੀਤੀ। ਇੱਕ ਵਾਰ ਫਿਰ ਭਾਰਤੀ ਟੀਮ ਇਰਾਨ ਨੂੰ 29-19 ਨਾਲ ਹਰਾਕੇ ਜੇਤੂ ਬਣੀ।

ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਦਿਲਖਿੱਚਵੀਂ ਖੇਡ ਹੈ। ਕੋਈ ਇਸ ਨੂੰ ਮਾਂ ਖੇਡ ਕਹਿੰਦੈ ਤੇ ਕੋਈ ਮਹਿਬੂਬ ਖੇਡ। ਮੈਂ ਆਪਣੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ਲਿਖਿਐ, ਬੇਸ਼ੱਕ ਝੱਖੜ ਝੁੱਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਣ। ਪਰ ਪਤਾ ਲੱਗ ਜਾਵੇ ਸਹੀ ਕਿ ਨਦੀਓਂ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫਿਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲੇ? ਉਹ ਰਾਹ ਵਿਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਦਾਇਰੇ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ-ਮਹਾਂਦੀਪ ਦੇ ਵਾਸੀਆਂ ਨੂੰ ਕ੍ਰਿਕਟ ਨੇ ਪੱਟਿਐ, ਜੱਗ ਜਹਾਨ ਦੇ ਗੋਰੇ-ਕਾਲਿਆਂ ਨੂੰ ਫੁਟਬਾਲ ਨੇ ਕਮਲੇ ਕੀਤੈ ਉਵੇਂ ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।

ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਦਿਲਖਿੱਚਵੀਂ ਖੇਡ ਹੈ। ਕੋਈ ਇਸ ਨੂੰ ਮਾਂ ਖੇਡ ਕਹਿੰਦੈ ਤੇ ਕੋਈ ਮਹਿਬੂਬ ਖੇਡ। ਮੈਂ ਆਪਣੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ਲਿਖਿਐ, ਬੇਸ਼ੱਕ ਝੱਖੜ ਝੁੱਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਣ। ਪਰ ਪਤਾ ਲੱਗ ਜਾਵੇ ਸਹੀ ਕਿ ਨਦੀਓਂ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫਿਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲੇ? ਉਹ ਰਾਹ ਵਿਚ

 

ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਦਾਇਰੇ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ-ਮਹਾਂਦੀਪ ਦੇ ਵਾਸੀਆਂ ਨੂੰ ਕ੍ਰਿਕਟ ਨੇ ਪੱਟਿਐ, ਜੱਗ ਜਹਾਨ ਦੇ ਗੋਰੇ-ਕਾਲਿਆਂ ਨੂੰ ਫੁਟਬਾਲ ਨੇ ਕਮਲੇ ਕੀਤੈ ਉਵੇਂ ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।

ਉਂਜ ਤਾਂ ਕਬੱਡੀ ਦੇ ਸੈਂਕੜੇ ਟੂਰਨਾਮੈਂਟ ਤੇ ਕੱਪ ਹੁੰਦੇ ਹਨ ਪਰ ਕੈਨੇਡਾ ਕਬੱਡੀ ਕੱਪ ਦੀ ਸ਼ਾਨ ਨਿਰਾਲੀ ਹੈ। ਇਸ ਨੂੰ ਹਾਲੇ ਤਕ ਵਿਸ਼ਵ ਦਾ ਸਰਵੋਤਮ ਕਬੱਡੀ ਕੱਪ ਕਹਾਉਣ ਦਾ ਮਾਣ ਹਾਸਲ ਹੈ। ਵੀਹ ਕੁ ਸਾਲ ਪਹਿਲਾਂ ਟੋਰਾਂਟੋ ਦੇ ਕਬੱਡੀ ਪ੍ਰੇਮੀਆਂ ਨੇ ਸੋਚਿਆ ਸੀ ਕਿ ਟੋਰਾਂਟੋ ਵਿਚ ਇਕ ਅਜਿਹਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇ ਜਿਸ ‘ਚ ਕੁਲ ਦੁਨੀਆ ਦੀਆਂ ਸਰਵੋਤਮ ਟੀਮਾਂ ਭਾਗ ਲੈ ਸਕਣ ਤੇ ਕਬੱਡੀ ਦੇ ਸਭ ਤੋਂ ਤਕੜੇ ਖਿਡਾਰੀਆਂ ਦੀ ਖੇਡ ਇਕੋ ਥਾਂ ਵੇਖਣ ਨੂੰ ਮਿਲ ਸਕੇ। ਉਹਦੇ ਲਈ ਪੰਜ ਹਜ਼ਾਰ ਡਾਲਰ ਦਾ ਵੱਡਾ ਕੱਪ ਬਣਵਾਇਆ ਗਿਆ ਤੇ ਜੇਤੂ ਟੀਮ ਲਈ ਦਸ ਹਜ਼ਾਰ ਡਾਲਰ ਦਾ ਨਕਦ ਇਨਾਮ ਰੱਖਿਆ ਗਿਆ।

ਪਹਿਲਾ ਕੈਨੇਡਾ ਕਬੱਡੀ ਕੱਪ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ 8 ਅਗੱਸਤ 1991 ਨੂੰ ਵਰਸਿਟੀ ਸਟੇਡੀਅਮ ਵਿਚ ਕਰਵਾਇਆ ਜਿਸ ਲਈ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਅਮਰੀਕਾ ਤੇ ਸਕਾਟਲੈਂਡ ਦੀਆਂ ਟੀਮਾਂ ਨੂੰ ਸੱਦਿਆ ਗਿਆ। ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਨਾ ਮਿਲ ਸਕਿਆ ਜਿਸ ਕਰਕੇ ਕੈਨੇਡਾ ਦੀਆਂ ਦੋ ਟੀਮਾਂ ਈਸਟ ਤੇ ਵੈੱਸਟ ਪਾ ਕੇ ਛੇ ਟੀਮਾਂ ਦੇ ਮੈਚ ਕਰਾਏ ਗਏ। ਮੈਚ ਵੇਖਣ ਦੀ ਟਿਕਟ ਪੰਜ ਡਾਲਰ ਰੱਖੀ ਗਈ। ਫਾਈਨਲ ਮੈਚ ਅਮਰੀਕਾ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਅਮਰੀਕਾ ਦੀ ਟੀਮ ਜਿੱਤੀ। ਬੈੱਸਟ ਰੇਡਰ ਅੰਗਰੇਜ਼ ਸਿੰਘ ਬਿੱਲਾ ਤੇ ਬੈੱਸਟ ਜਾਫੀ ਸੁਖਵਿੰਦਰ ਸਿੰਘ ਨੇਕੀ ਐਲਾਨੇ ਗਏ। ਪਹਿਲੇ ਕੈਨੇਡਾ ਕੱਪ ਤੋਂ ਹੀ ਇਹ ਰੀਤ ਪ੍ਰਚਲਤ ਹੈ ਕਿ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਵਿਚ ਜਿਹੜਾ ਧਾਵੀ ਸਭ ਤੋਂ ਵੱਧ ਅੰਕ ਲਵੇ ਤੇ ਜਿਹੜਾ ਜਾਫੀ ਸਭ ਤੋਂ ਵੱਧ ਜੱਫੇ ਲਾਵੇ ਉਨ੍ਹਾਂ ਨੂੰ ਬੈੱਸਟ ਧਾਵੀ ਤੇ ਜਾਫੀ ਹੋਣ ਦਾ ਖ਼ਿਤਾਬ ਦਿੱਤਾ ਜਾਂਦੈ। ਇਹ ਨਹੀਂ ਵੇਖਿਆ ਜਾਂਦਾ ਕਿ ਪਹਿਲੇ ਮੈਚਾਂ ਵਿਚ ਉਨ੍ਹਾਂ ਦੀ ਕਾਰਗ਼ੁਜ਼ਾਰੀ ਕਿਹੋ ਜਿਹੀ ਸੀ?

ਇਹ ਰੀਤ ਵੀ ਮੁੱਢ ਤੋਂ ਹੀ ਪ੍ਰਚਲਤ ਹੈ ਕਿ ਟੀਮਾਂ ਨਾਂ ਤਾਂ ਮੁਲਕਾਂ ਦੇ ਵਰਤਦੀਆਂ ਹਨ ਪਰ ਇਹ ਜ਼ਰੂਰੀ ਨਹੀਂ ਕਿ ਖਿਡਾਰੀ ਵੀ ਉਸੇ ਹੀ ਦੇਸ਼ ਦੇ ਹੋਣ। ਪੰਜਾਬ ਦੇ ਖਿਡਾਰੀ ਭਾਰਤ ਤੋਂ ਬਿਨਾਂ ਹੋਰ ਮੁਲਕਾਂ ਦੀਆਂ ਟੀਮਾਂ ਵਿਚ ਵੀ ਖੇਡਦੇ ਹਨ ਤਾਂ ਜੋ ਟੀਮਾਂ ਬਰਾਬਰ ਦੀਆਂ ਬਣ ਜਾਣ। ਕਈ ਵਾਰ ਪੰਜਾਬ ਦੇ ਤਕੜੇ ਖਿਡਾਰੀ ਹੋਰਨਾਂ ਮੁਲਕਾਂ ਵੱਲੋਂ ਖਰੀਦ ਲਏ ਜਾਂਦੇ ਰਹੇ ਹਨ ਤੇ ਭਾਰਤ ਦੇ ਨਾਂ ‘ਤੇ ਖੇਡਣ ਵਾਲੀ ਟੀਮ ਬੜੀ ਕਮਜ਼ੋਰ ਰਹਿ ਜਾਂਦੀ ਰਹੀ ਹੈ। ਇਸ ਲਈ ਕਿਸੇ ਦੇਸ਼ ਦੀ ਟੀਮ ਜਿੱਤ ਜਾਣ ਦਾ ਇਹ ਮਤਲਬ ਨਹੀਂ ਕਿ ਕਬੱਡੀ ਵਿਚ ਉਹ ਵਾਕਿਆ ਹੀ ਸਭ ਤੋਂ ਤਕੜਾ ਹੈ। ਕੈਨੇਡਾ ਕਬੱਡੀ ਕੱਪ ਨੂੰ ਕਈ ਵਾਰ ਵਰਲਡ ਕਬੱਡੀ ਕੱਪ ਜਾਂ ਵਰਲਡ ਕਬੱਡੀ ਚੈਂਪੀਅਨਸ਼ਿਪ ਦਾ ਨਾਂ ਦਿੱਤਾ ਗਿਆ ਹੈ ਪਰ ਹੁਣ ਕੈਨੇਡਾ ਕਬੱਡੀ ਕੱਪ ਹੀ ਆਖਿਆ ਜਾ ਰਿਹੈ।

1992 ਦਾ ਦੂਜਾ ਕੱਪ ਫਿਰ ਅਮਰੀਕਾ ਦੇ ਨਾਂ ‘ਤੇ ਖੇਡੀ ਟੀਮ ਨੇ ਜਿੱਤਿਆ ਤੇ ਭਾਰਤ ਦੀ ਟੀਮ ਫਿਰ ਦੂਜੇ ਸਥਾਨ ‘ਤੇ ਰਹੀ। ਜਸਬੀਰ ਮੰਗੀ ਵਧੀਆ ਧਾਵੀ ਤੇ ਮੇਜਰ ਗਾਖਲ ਵਧੀਆ ਜਾਫੀ ਸਿੱਧ ਹੋਏ। 1993 ਦੇ ਕੱਪ ਦਾ ਫਾਈਨਲ ਮੈਚ ਤੀਜੀ ਵਾਰ ਅਮਰੀਕਾ ਤੇ ਭਾਰਤ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜੋ ਅਮਰੀਕਾ ਦੀ ਟੀਮ ਨੇ ਹੈਟ ਟ੍ਰਿਕ ਮਾਰਦਿਆਂ ਆਪਣੇ ਕਬਜ਼ੇ ਵਿਚ ਕਰ ਲਿਆ। ਭਿੰਦੀ ਭਲਵਾਨ ਨੂੰ ਬੈੱਸਟ ਧਾਵੀ ਤੇ ਮੇਜਰ ਗਾਖਲ ਨੂੰ ਬੈੱਸਟ ਜਾਫੀ ਐਲਾਨਿਆ ਗਿਆ। 1994 ਦੇ ਕੱਪ ਵਿਚ ਕਬੱਡੀ ਦਾ ਚੜ੍ਹਦਾ ਸੂਰਜ ਹਰਜੀਤ ਬਾਜਾਖਾਨਾ ਪਹਿਲੀ ਵਾਰ ਖੇਡਿਆ ਤੇ ਲਗਾਤਾਰ ਤਿੰਨ ਸਾਲ ਬੈੱਸਟ ਰੇਡਰ ਬਣਦਾ ਰਿਹਾ। ਇਹ ਕੱਪ ਭਾਰਤ ਦੀ ਟੀਮ ਨੇ ਜਿੱਤਿਆ ਤੇ ਅਮਰੀਕਾ ਦੀ ਟੀਮ ਦੂਜੇ ਸਥਾਨ ‘ਤੇ ਚਲੀ ਗਈ। ਹਰਜੀਤ ਦਾ ਸਾਥੀ ਹਰਜਿੰਦਰ ਕਾਲਾ ਬੈੱਸਟ ਜਾਫੀ ਬਣਿਆ।

1995 ਦਾ ਕੱਪ ਜਿਸ ਨੂੰ ਵਰਲਡ ਚੈਂਪੀਅਨਸ਼ਿਪ ਦਾ ਨਾਂ ਦਿੱਤਾ ਗਿਆ ਕੈਨੇਡਾ ਕੱਪਾਂ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਇਹ ਇਨਡੋਰ ਸਟੇਡੀਅਮ ਕੌਪਿਸ ਕੋਲੀਜ਼ੀਅਮ ਹੈਮਿਲਟਨ ਵਿਚ ਕਰਵਾਇਆ ਗਿਆ। ਲਗਭਗ ਚੌਦਾਂ ਹਜ਼ਾਰ ਦਰਸ਼ਕਾਂ ਨੇ ਟਿਕਟਾਂ ਲੈ ਕੇ ਇਹ ਕੱਪ ਵੇਖਿਆ ਜੋ ਹਾਲੇ ਤਕ ਰਿਕਾਰਡ ਹੈ। ਇਸ ਵਿਚ ਪਾਕਿਸਤਾਨ ਦੀ ਟੀਮ ਵੀ ਖੇਡੀ। ਇਸ ਕੱਪ ਦੇ ਮੈਚਾਂ ਦੀ ਕੁਮੈਂਟਰੀ ਕਰਨ ਲਈ ਮੈਨੂੰ ਵੀ ਸੱਦਿਆ ਗਿਆ। ਇਹ ਪਹਿਲਾ ਮੌਕਾ ਸੀ ਕਿ ਕਬੱਡੀ ਘਾਹ ਵਾਲੇ ਮੈਦਾਨ ਦੀ ਥਾਂ ਮੈਟ ਉਤੇ ਖੇਡੀ ਗਈ। ਮੈਂ ਉਸ ਮੈਟ ‘ਤੇ ਤੁਰ ਕੇ ਵੇਖਿਆ ਤਾਂ ਅਏਂ ਲੱਗਾ ਜਿਵੇਂ ਵਾਹੇ ਸੁਹਾਗੇ ਵਾਹਣ ‘ਚ ਤੁਰ ਰਿਹਾ ਹੋਵਾਂ। ਪੈਰ ਮੈਟ ਵਿਚ ਧਸ ਰਹੇ ਸਨ ਜਿਸ ਕਰਕੇ ਕਈ ਖਿਡਾਰੀਆਂ ਦੇ ਮੋਚਾਂ ਵੀ ਆਈਆਂ। ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਬੈੱਸਟ ਧਾਵੀ ਹਰਜੀਤ ਤੇ ਬੈੱਸਟ ਜਾਫੀ ਜਗਤਾਰ ਧਨੌਲਾ ਸਾਬਤ ਹੋਏ। ਇਹ ਵਰਣਨਯੋਗ ਹੈ ਕਿ ਉਦੋਂ ਤਕੜੇ ਖਿਡਾਰੀ ਭਾਰਤ ਦੀ ਟੀਮ ਲਈ ਰੱਖ ਕੇ ਬਚਦੇ ਖਿਡਾਰੀ ਹੀ ਹੋਰਨਾਂ ਟੀਮਾਂ ਨੂੰ ਦਿੱਤੇ ਗਏ ਸਨ। ਇਹ ਕੱਪ ਓਨਟਾਰੀਓ ਕਬੱਡੀ ਕਲੱਬ, ਸ਼ੇਰੇ ਪੰਜਾਬ ਸਪੋਰਟਸ ਤੇ ਦੇਸ਼ ਭਗਤ ਸਪੋਰਟਸ ਕਲੱਬ ਨੇ ਰਲ ਮਿਲ ਕੇ ਕਰਵਾਇਆ ਸੀ।

1996 ਦਾ ਕੱਪ ਮਾਲਟਨ ਸਪੋਰਟਸ ਕਲੱਬ ਨੇ ਲੀਹ ਤੋਂ ਹਟ ਕੇ ਇੰਟਰ-ਕਲੱਬ ਦੇ ਤੌਰ ‘ਤੇ ਕਰਵਾਇਆ। ਕਲੱਬਾਂ ਨੇ ਤਕੜੇ ਖਿਡਾਰੀ ਲੈ ਕੇ ਆਪੋ ਆਪਣੀਆਂ ਟੀਮਾਂ ਬਣਾਈਆਂ। ਹਰਜੀਤ ਬਾਜਾਖਾਨਾ ਬਰੈਂਪਟਨ ਸਪੋਰਟਸ ਕਲੱਬ ਤੇ ਬਲਵਿੰਦਰ ਫਿੱਡਾ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਵੱਲੋਂ ਖੇਡਿਆ। ਫਾਈਨਲ ਮੈਚ ਇਨ੍ਹਾਂ ਹੀ ਕਲੱਬਾਂ ਵਿਚਕਾਰ ਹੋਇਆ ਜੋ ਬਰੈਂਪਟਨ ਕਲੱਬ ਨੇ ਜਿੱਤਿਆ। ਹਰਜੀਤ ਬਰਾੜ ਬੈੱਸਟ ਧਾਵੀ ਤੇ ਹਰਜਿੰਦਰ ਕਾਲਾ ਬੈੱਸਟ ਜਾਫੀ ਐਲਾਨੇ ਗਏ। ਇਹ ਕੱਪ ਡਿਕਸੀ ਗੁਰੂਘਰ ਦੇ ਨਾਲ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਗਿਆ ਜਿਥੇ ਪਹਿਲਵਾਨ ਦਾਰਾ ਸਿੰਘ ਨੇ ਵੀ ਦਰਸ਼ਨ ਦਿੱਤੇ। ਇਥੇ ਵੀ ਬਹੁਤ ਵੱਡੀ ਗਿਣਤੀ ਵਿਚ ਦਰਸ਼ਕ ਕਬੱਡੀ ਮੈਚ ਵੇਖਣ ਢੁੱਕੇ।

1997 ਦਾ ਕੱਪ ਓਨਟਾਰੀਓ ਖਾਲਸਾ ਦਰਬਾਰ ਕਲੱਬ ਨੇ ਫਿਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੀ ਕਰਵਾਇਆ। ਫਾਈਨਲ ਮੈਚ ਕੈਨਡਾ ਤੇ ਭਾਰਤ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਕੈਨੇਡਾ ਦੀ ਟੀਮ ਜਿੱਤੀ। ਗਾਜ਼ੀਪੁਰੀਆ ਜਤਿੰਦਰ ਲੱਖਾ ਵਧੀਆ ਧਾਵੀ ਤੇ ਦੀਪਾ ਮੁਠੱਡਾ ਵਧੀਆ ਜਾਫੀ ਸਿੱਧ ਹੋਏ। 1998 ਵਿਚ ਕਬੱਡੀ ਦੇ ਸਟਾਰ ਖਿਡਾਰੀ ਹਰਜੀਤ ਬਰਾੜ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਜਿਸ ਨਾਲ ਕਬੱਡੀ ਹਲਕਿਆਂ ਸੁੰਨ ਵਰਤ ਗਈ। ਇਸ ਸਾਲ ਦਾ ਕੈਨੇਡਾ ਕੱਪ ਹਰਜੀਤ ਦੀ ਯਾਦ ਵਿਚ ਕਰਵਾਇਆ ਗਿਆ ਜਿਸ ‘ਚ ਭਾਰਤ, ਕੈਨੇਡਾ, ਪਾਕਿਸਤਾਨ, ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਸ਼ਾਮਲ ਹੋਈਆਂ। ਫਾਈਨਲ ਮੈਚ ਫਿਰ ਕੈਨੇਡਾ ਤੇ ਭਾਰਤ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜੋ ਦੂਜੀ ਵਾਰ ਕੈਨੇਡਾ ਨੇ ਜਿੱਤਿਆ। ਬਿੰਦਰ ਸੋਹਲ ਬੈੱਸਟ ਰੇਡਰ ਤੇ ਜੀਤਾ ਮੌੜ ਬੈੱਸਟ ਸਟੌਪਰ ਐਲਾਨੇ ਗਏ।

1999 ਦਾ ਕੈਨੇਡਾ ਕੱਪ ਲਗਾਤਾਰ ਤੀਜੀ ਵਾਰ ਕੈਨੇਡਾ ਦੀ ਟੀਮ ਨੇ ਜਿੱਤਿਆ। ਇਓਂ ਕੈਨੇਡਾ ਦੀ ਟੀਮ ਵੀ ਹੈਟ ਟ੍ਰਿਕ ਮਾਰ ਗਈ। ਇੰਗਲੈਂਡ ਦੀ ਟੀਮ ਦੂਜੇ ਨੰਬਰ ‘ਤੇ ਰਹੀ। ਜਤਿੰਦਰ ਲੱਖਾ ਤੇ ਸੁਖਵਿੰਦਰ ਫਿੰਡੀ ਵਧੀਆ ਧਾਵੀ ਤੇ ਜਾਫੀ ਐਲਾਨੇ ਗਏ। 2000 ਦੇ ਕੱਪ ‘ਚ ਭਾਗ ਲੈਣ ਲਈ ਪਾਕਿਸਤਾਨ ਦੀ ਟੀਮ ਫਿਰ ਟੋਰਾਂਟੋ ਪੁੱਜੀ ਸੀ ਪਰ ਉਹ ਫਾਈਨਲ ਮੈਚ ਤਕ ਨਾ ਪਹੁੰਚ ਸਕੀ। ਫਾਈਨਲ ਇੰਗਲੈਂਡ ਤੇ ਕੈਨੇਡਾ ਈਸਟ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਪਹਿਲੀ ਵਾਰ ਇੰਗਲੈਂਡ ਦੀ ਟੀਮ ਨੇ ਜਿੱਤਿਆ। ਸੰਦੀਪ ਲੱਲੀਆਂ ਨੂੰ ਬੈੱਸਟ ਰੇਡਰ ਤੇ ਗੁਲਜ਼ਾਰ ਅਲੀ ਨੂੰ ਵਧੀਆ ਜਾਫੀ ਐਲਾਨਿਆ ਗਿਆ। 2001 ਵਿਚ ਪਾਕਿਸਤਾਨ ਦੀ ਟੀਮ ਟੋਰਾਂਟੋ ਨਾ ਆ ਸਕੀ ਜਿਸ ਕਰਕੇ ਭਾਰਤ ਵੱਲੋਂ ਦੋ ਟੀਮਾਂ ਪਾਈਆਂ ਗਈਆਂ। ਫਾਈਨਲ ਮੈਚ ਭਾਰਤ ਬਲਿਊ ਨੇ ਕੈਨੇਡਾ ਈਸਟ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕੈਨੇਡਾ ਵਿਚ ਪਹਿਲੀ ਵਾਰ ਖੇਡਣ ਆਏ ਗੁਰਲਾਲ ਨੂੰ ਬੈੱਸਟ ਧਾਵੀ ਤੇ ਬੀਰ੍ਹੇ ਸਿੱਧਵਾਂ ਨੂੰ ਬੈੱਸਟ ਜਾਫੀ ਦਾ ਇਨਾਮ ਦਿੱਤਾ ਗਿਆ।

2002 ਦੇ ਕੱਪ ਦਾ ਫਾਈਨਲ ਮੈਚ ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਇੰਗਲੈਂਡ ਦੀ ਟੀਮ ਨੇ ਜਿੱਤਿਆ। ਬਲਵਿੰਦਰ ਕਾਕਾ ਵਧੀਆ ਧਾਵੀ ਤੇ ਜੀਤੀ ਕੂਨਰ ਵਧੀਆ ਜਾਫੀ ਸਿੱਧ ਹੋਏ। ਜੀਤੀ ਕੂਨਰ ਪਹਿਲਵਾਨੀ ਕਰਦਾ ਕਬੱਡੀ ਖੇਡਣ ਲੱਗਾ ਸੀ ਜਿਸ ਦੇ ਜੱਫਿਆਂ ਨੇ ਧੰਨ ਧੰਨ ਕਰਾ ਦਿੱਤੀ। ਪਹਿਲਵਾਨ ਕਰਤਾਰ ਸਿੰਘ ਨੇ ਗੇੜੀ ਲਾ ਕੇ ਆਪਣੇ ਜੁੱਸੇ ਦੇ ਦਰਸ਼ਨ ਕਰਵਾਏ। ਇਹ ਕੱਪ ਯੌਰਕ ਯੂਨੀਵਰਸਿਟੀ ਦੇ ਸਟੇਡੀਅਮ ਵਿਚ ਕਰਵਾਇਆ ਗਿਆ। ਕਬੱਡੀ ਪ੍ਰੇਮੀਆਂ ਦਾ ਦੁਖਾਂਤ ਹੈ ਕਿ ਕੁਝ ਸ਼ਰਾਬੀਆਂ ਦੀ ਮੂਰਖਤਾ ਕਾਰਨ ਕੈਨੇਡਾ ਕਬੱਡੀ ਕੱਪ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਾਉਣੇ ਪਿਛਲੇ ਦਸਾਂ ਸਾਲਾਂ ਤੋਂ ਬੰਦ ਹਨ।

2003 ਦਾ ਕੱਪ ਦੇਸ਼ ਭਗਤ ਕਲੱਬ ਨੇ ਹੈਮਿਲਟਨ ਦੇ ਖੁੱਲ੍ਹੇ ਸਟੇਡੀਅਮ ਵਿਚ ਕਰਵਾਇਆ ਜਿਸ ਵਿਚ ਆਸਟ੍ਰੇਲੀਆ ਦੀ ਟੀਮ ਨੇ ਵੀ ਭਾਗ ਲਿਆ। ਫਾਈਨਲ ਮੈਚ ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਇੰਗਲੈਂਡ ਦੀ ਟੀਮ ਨੇ ਜਿੱਤਿਆ। ਜੀਤੀ ਕੂਨਰ ਦੁਬਾਰਾ ਬੈੱਸਟ ਜਾਫੀ ਬਣਿਆ ਅਤੇ ਬਲਵਿੰਦਰ ਕਾਕਾ ਤੇ ਭੁਪਿੰਦਰ ਨਵਾਂ ਪਿੰਡ ਸਾਂਝੇ ਤੌਰ ‘ਤੇ ਬੈੱਸਟ ਰੇਡਰ ਐਲਾਨੇ ਗਏ। ਦੋਹਾਂ ਦੇ ਤੇਈ ਤੇਈ ਰੇਡਾਂ ‘ਚ ਬਾਈ ਬਾਈ ਅੰਕ ਸਨ।

2004 ਦਾ ਕੱਪ ਮਾਲਟਨ ਸਪੋਰਟਸ ਕਲੱਬ ਦੇ ਜ਼ਿੰਮੇ ਸੀ। ਇਹ ਫਿਰ ਇਨਡੋਰ ਸਟੇਡੀਅਮ ਕੌਪਿਸ ਕੋਲੀਜ਼ੀਅਮ ਵਿਚ ਕਰਵਾਇਆ ਗਿਆ ਜਿਸ ਵਿਚ ਇਕ ਟੀਮ ਸਾਂਝੇ ਪੰਜਾਬ ਦੇ ਨਾਂ ‘ਤੇ ਖਿਡਾਈ ਗਈ ਕਿਉਂਕਿ ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਨਹੀਂ ਸੀ ਮਿਲਿਆ। ਫਾਈਨਲ ਮੈਚ ਕੈਨੇਡਾ ਈਸਟ ਤੇ ਅਮਰੀਕਾ ਦੀਆਂ ਟੀਮਾਂ ਦਰਮਿਆਨ ਹੋਇਆ ਜੋ ਕੈਨੇਡਾ ਈਸਟ ਦੀ ਟੀਮ ਨੇ ਜਿੱਤਿਆ। ਸੰਦੀਪ ਲੱਲੀਆਂ ਦੂਜੀ ਵਾਰ ਬੈੱਸਟ ਧਾਵੀ ਬਣਿਆ। ਉਸ ਨੇ 26 ਰੇਡਾਂ ‘ਚ 25 ਅੰਕ ਲੈ ਕੇ ਨਵਾਂ ਰਿਕਾਰਡ ਰੱਖਿਆ। ਸੋਨੀ ਸੁਨੇਤ ਨੇ ਵੀ ਫਾਈਨਲ ਮੈਚ ‘ਚ ਸੱਤ ਜੱਫੇ ਲਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ ਜਿਸ ਨਾਲ ਬੈੱਸਟ ਜਾਫੀ ਐਲਾਨਿਆ ਗਿਆ। ਜ਼ਿਕਰਯੋਗ ਹੈ 12 ਜਲਾਈ 2009 ਨੂੰ ਇਕ ਮੈਚ ‘ਚ ਦੋ ਜੱਫੇ ਲਾਉਣ ‘ਤੇ ਉਸ ਨੂੰ ਦੋ ਲੱਖ ਰੁਪਏ ਦਾ ਇਨਾਮ ਮਿਲਿਆ ਹੈ।

2005 ਦਾ ਕੱਪ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਨੇ ਹਰਸ਼ੀ ਸੈਂਟਰ ਵਿਚ ਕਰਵਾਇਆ ਜਿਥੇ ਕੈਨੇਡਾ ਈਸਟ ਤੇ ਅਮਰੀਕਾ ਦੀਆਂ ਟੀਮਾਂ ਫਾਈਨਲ ਵਿਚ ਭਿੜੀਆਂ। ਉਥੇ ਬਿਹਾਰੀਪੁਰੀਏ ਕੁਲਵਿੰਦਰ ਕਿੰਦੇ ਨੂੰ ਬੈੱਸਟ ਰੇਡਰ ਅਤੇ ਜਤਿੰਦਰ ਸੋਨੀ ਸੁਨੇਤ ਤੇ ਜਤਿੰਦਰ ਡਡਵਿੰਡੀ ਨੂੰ ਬੈੱਸਟ ਸਟਾਪਰ ਦੇ ਇਨਾਮ ਦਿੱਤੇ ਗਏ। 2006 ਦਾ ਕੱਪ ਇਕ ਵਾਰ ਫਿਰ ਕੈਨੇਡਾ ਕਬੱਡੀ ਕੱਪ ਸ਼ੁਰੂ ਕਰਨ ਵਾਲੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਕਰਵਾਇਆ। ਇਹ ਕੌਪਿਸ ਕੋਲੀਜ਼ੀਅਮ ਵਿਚ ਹੋਇਆ ਜਿਥੇ ਦਸ ਹਜ਼ਾਰ ਤੋਂ ਵੱਧ ਦਰਸ਼ਕ ‘ਕੱਠੇ ਹੋਏ। ਇਥੇ ਪਹਿਲੀ ਵ਼ਾਰ ਪੰਜਾਬ ਕੇਸਰੀ ਨਾਂ ਦੀ ਟੀਮ ਖੇਡੀ। ਕੱਪ ਅਮਰੀਕਾ ਦੀ ਟੀਮ ਨੇ ਜਿੱਤਿਆ ਤੇ ਇੰਗਲੈਂਡ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਗੁਰਲਾਲ ਘਨੌਰ ਦੂਜੀ ਵਾਰ ਬੈੱਸਟ ਧਾਵੀ ਬਣਿਆ ਤੇ ਸਿਆਟਲ ਦੇ ਮਾਈਕ ਅਬਦੁੱਲ ਨੂੰ ਪਹਿਲੀ ਵਾਰ ਬੈੱਸਟ ਜਾਫੀ ਦਾ ਖ਼ਿਤਾਬ ਮਿਲਿਆ।

2007 ਦਾ ਕੈਨੇਡਾ ਕਬੱਡੀ ਕੱਪ ਯੂਨਾਈਟਿਡ ਸਪੋਰਟਸ ਕਲੱਬ ਨੇ ਕਰਵਾਇਆ। ਪਾਕਿਸਤਾਨ ਦੀ ਟੀਮ ਨਾ ਆਉਣ ਕਾਰਨ ਭਾਰਤ ਦੀ ਟੀਮ ਤੋਂ ਬਿਨਾਂ ਫਿਰ ਪੰਜਾਬ ਕੇਸਰੀ ਨਾਂ ਦੀ ਟੀਮ ਪਾਈ ਗਈ। ਫਾਈਨਲ ਮੈਚ ਪੰਜਾਬ ਕੇਸਰੀ ਤੇ ਕੈਨੇਡਾ ਵੈੱਸਟ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਪੰਜਾਬ ਕੇਸਰੀ ਨਾਂ ਦੀ ਟੀਮ ਨੇ ਜਿੱਤਿਆ। ਗੁਰਜੀਤ ਤੂਤ ਨੂੰ ਬੈੱਸਟ ਧਾਵੀ ਤੇ ਬਿੱਟੂ ਦੁਗਾਲ ਨੂੰ ਬੈੱਸਟ ਜਾਫੀ ਐਲਾਨਿਆ ਗਿਆ। 2008 ਦਾ ਕੱਪ ਫਿਰ ਕੌਪਿਸ ਕੋਲੀਜ਼ੀਅਮ ਵਿਚ ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਨੇ ਕਰਵਾਇਆ। ਛੇ ਟੀਮਾਂ ‘ਚੋਂ ਅਮਰੀਕਾ ਤੇ ਕੈਨੇਡਾ ਵੈੱਸਟ ਦੀਆਂ ਟੀਮਾਂ ਫਾਈਨਲ ਵਿਚ ਪੁੱਜੀਆਂ। ਮੁਕਾਬਲਾ ਗਹਿਗੱਚ ਸੀ ਜੋ ਅਮਰੀਕਾ ਦੀ ਟੀਮ ਨੇ ਜਿੱਤਿਆ। ਅਮਰੀਕਾ ਦੀ ਟੀਮ ਵਿਚ ਖੇਡ ਰਹੇ ਦੁੱਲੇ ਸੁਰਖਪੁਰੀਏ ਨੇ ਬੱਤੀ ਕਬੱਡੀਆਂ ਪਾ ਕੇ ਇਕੱਤੀ ਅੰਕ ਪ੍ਰਾਪਤ ਕੀਤੇ ਜੋ ਹੁਣ ਤਕ ਦਾ ਰਿਕਾਰਡ ਹੈ। ਦੁੱਲੇ ਨੂੰ ਸਰਵੋਤਮ ਧਾਵੀ ਤੇ ਮੀਕੇ ਸਿਆਟਲੀਏ ਨੂੰ ਬੈੱਸਟ ਜਾਫੀ ਦੇ ਕੱਪ ਦਿੱਤੇ ਗਏ। ਮੀਕ ਦੇ ਛੇ ਜੱਫੇ ਕਾਮਯਾਬ ਤੇ ਇਕ ਜੱਫਾ ਕਾਮਨ ਸੀ ਜਦ ਕਿ ਏਕਮ ਹਠੂਰੀਏ ਦੇ ਛੇ ਜੱਫੇ ਸਨ। ਹੁਣ ਤਕ ਹੋਏ ਅਠਾਰਾਂ ਕਬੱਡੀ ਕੱਪਾਂ ‘ਚੋਂ ਪੰਜ ਕੱਪ ਅਮਰੀਕਾ ਦੇ ਨਾਂ ‘ਤੇ ਖੇਡੀ ਟੀਮ ਜਿੱਤੀ ਹੈ, ਤਿੰਨ ਕੱਪ ਭਾਰਤ, ਤਿੰਨ ਕੱਪ ਇੰਗਲੈਂਡ, ਇਕ ਕੱਪ ਬਰੈਂਪਟਨ ਕਲੱਬ, ਇਕ ਕੱਪ ਪੰਜਾਬ ਕੇਸਰੀ ਤੇ ਪੰਜ ਕੱਪ ਕੈਨੇਡਾ ਦੀਆਂ ਟੀਮਾਂ ਜਿੱਤੀਆਂ ਹਨ।

2009 ਦਾ ਉੱਨੀਵਾਂ ਕੈਨੇਡਾ ਕੱਪ 16 ਅਗੱਸਤ ਨੂੰ ਪਹਿਲੀ ਵਾਰ ਅਦੁੱਤੀ ਮਾਡਰਨ ਸਟੇਡੀਅਮ ਸਕਾਈਡੋਮ ਵਿਚ ਹੋ ਰਿਹੈ ਜਿਸ ਦਾ ਨਵਾਂ ਨਾਂ ਰੌਜਰਜ਼ ਸੈਂਟਰ ਹੈ। ਇਸ ਦੀ ਅੱਠ ਏਕੜ ਦੀ ਛੱਤ ਖੁੱਲ੍ਹ ਵੀ ਜਾਂਦੀ ਹੈ ਤੇ ਮੀਂਹ ਕਣੀ ਵੇਲੇ ਬੰਦ ਵੀ ਕੀਤੀ ਜਾ ਸਕਦੀ ਹੈ। ਇਸ ਵਿਚ ਕਬੱਡੀ ਵੇਖਣ ਦਾ ਵੱਖਰਾ ਅਨੰਦ ਆਵੇਗਾ। ਕਬੱਡੀ ਦੇ ਮੈਚ ਕਾਟਨ ਗਰਾਸ ਉਤੇ ਖੇਡੇ ਜਾਣਗੇ ਜੋ ਕੰਧ ਜਿਡੀਆਂ ਸਕਰੀਨਾਂ ‘ਤੇ ਵੀ ਵਿਖਾਏ ਜਾਣਗੇ। ਉਮੀਦ ਹੈ ਇਸ ਵਾਰ ਹੋਰ ਵੀ ਵੱਡੀ ਗਿਣਤੀ ਵਿਚ ਕਬੱਡੀ ਪ੍ਰੇਮੀ ਕਬੱਡੀ ਕੱਪ ਦੇ ਨਜ਼ਾਰੇ ਵੇਖਣਗੇ। ਇਹ ਤਾਂ ਮੌਕੇ ‘ਤੇ ਹੀ ਪਤਾ ਲੱਗੇਗਾ ਕਿ ਫਾਈਨਲ ਭੇੜ ਕਿਨ੍ਹਾਂ ਟੀਮਾਂ ਵਿਚਕਾਰ ਹੋਵੇਗਾ ਅਤੇ ਕਿਹੜੇ ਖਿਡਾਰੀ ਬੈੱਸਟ ਧਾਵੀ ਤੇ ਬੈੱਸਟ ਜਾਫੀ ਬਣਨਗੇ? ਯੰਗ ਸਪੋਰਟਸ ਕਲੱਬ ਵੱਲੋਂ ਸਮੂਹ ਪਰਿਵਾਰਾਂ ਨੂੰ ਨਿੱਘਾ ਸੱਦਾ ਹੈ ਕਿ ਉਹ ਹੁਮ ਹੁਮਾ ਕੇ ਕਬੱਡੀ ਵੇਖਣ ਆਉਣ ਤੇ ਗੁਰਪ੍ਰੀਤ ਘੁੱਗੀ ਦੇ ਹਾਸਰਸੀ ਪ੍ਰੋਗਰਾਮ ਦਾ ਲੁਤਫ਼ ਉਠਾਉਣ।

 
ਫੋਟੋ

http://topnews.in/sports/files/kabbadi2.jpg
ਵੀਡੀਓ

http://www.youtube.com/watch?v=_sxOQAkl7pw

ਕਬੱਡੀ

Tags: