ਕਰਜ਼

ਉਹ ਕਾਫ਼ੀ ਤੇਜ਼ ਤੇ ਚਲਾਕ ਮੁੰਡਾ ਸੀ। ਫਾਲਤੂ ਕੰਮ ਕਰਕੇ ਖ਼ੁਸ਼ ਹੁੰਦਾ ਸੀ ਤੇ ਉਸ ਫਾਲਤੂ ਕੰਮ ਦੇ ਕੋਈ ਪੈਸੇ ਵੀ ਨਹੀਂ ਸੀ ਲੈਂਦਾ। ਦੇਣ ‘ਤੇ ਵੀ ਨਾਂਹ ਕਰ ਦਿੰਦਾ। ਬੱਸ ਆਪਣੇ ਮਹੀਨੇ ਦੇ ਬੰਨ੍ਹੇ ਹੋਏ ਪੈਸੇ ਹੀ ਲੈਂਦਾ। ਕਈ ਵਾਰੀ ਮੈਂ ਸੋਚਦੀ ਇਹ ਛੋਟਾ ਜਿੰਨਾ ਬੱਚਾ ਮੇਰਾ ਕੀ ਲੱਗਦਾ ਹੈ। ਇਹ ਕਿਵੇਂ ਆਪਣੇ ਨਿੱਕੇ ਨਿੱਕੇ ਅਹਿਸਾਨਾਂ ਦਾ ਬੋਝ ਮੇਰੇ ਉਪਰ ਪਾਈ ਜਾਂਦਾ ਹੈ। ਮੇਰੇ ਉਪਰ ਤਾਂ ਇਸ ਮੁੰਡੇ ਦਾ ਕਰਜ਼ਾ ਰੋਜ਼ ਰੋਜ਼ ਵਧਦਾ ਹੀ ਜਾ ਰਿਹਾ ਹੈ। ਅਸੀਂ ਆਪਣੇ ਨਵੇਂ ਘਰ ਵਿੱਚ ਰਾਤ ਨੂੰ ਸ਼ਿਫਟ ਕੀਤਾ ਸੀ ਤੇ ਸਵੇਰੇ ਉਠਦਿਆਂ ਹੀ ਜਿਸ ਨਾਲ ਸਭ ਤੋਂ ਪਹਿਲੀ ਮੁਲਾਕਾਤ ਹੋਈ ਉਹ ਸੀ 13-14 ਸਾਲਾਂ ਦਾ ਕੂੜਾ ਚੁੱਕਣ ਵਾਲਾ ਮੁੰਡਾ। ਉਸ ਦੀ ਰੇਹੜੀ ਸਾਡੇ ਘਰ ਅੱਗੇ ਖੜ੍ਹੀ ਸੀ। ਉਸ ਦਾ ਇੱਕ ਹੱਥ ਸਾਡੀ ਕਾਲ ਬੈੱਲ ‘ਤੇ ਸੀ ਤੇ ਦੂਜੇ ਨੂੰ ਘੁੰਮਾ-ਘੁੰਮਾ ਕੇ ਉਹ ਦੂਜੇ ਰੇਹੜੀ ਵਾਲੇ 15-16 ਸਾਲਾਂ ਦੇ ਮੁੰਡੇ ਨਾਲ ਖਹਿਬੜ ਰਿਹਾ ਸੀ, ”ਤੈਨੂੰ ਮੈਂ ਕਿਹਾ ਹੈ ਇਹ ਘਰ ਮੇਰਾ ਹੈ। ਤੇਰੇ ਤੋਂ ਪਹਿਲਾਂ ਮੈਂ ਇੱਥੇ ਪੁੱਜਿਆ ਹਾਂ। ਚੁੱਪ ਕਰ ਕੇ ਤੁਰਦਾ ਹੋ ਨਹੀਂ ਤਾਂ ਫੇਰ ਤੂੰ ਮੈਨੂੰ ਜਾਣਦਾ ਹੈਂ। ਮੇਰਾ ਨਾਂ ਅਕਸ਼ੈ ਕੁਮਾਰ ਹੈ।” ਦੂਜਾ ਮੁੰਡਾ ਉਸ ਤੋਂ ਤਕੜਾ ਸੀ ਤੇ ਵੱਡਾ ਵੀ। ਉਹ ਵੀ ਪੂਰੇ ਗੁੱਸੇ ਵਿੱਚ ਬੋਲ ਰਿਹਾ ਸੀ, ”ਓਏ, ਓਏ ਤੇਰਾ ਘਰ ਕਿੱਥੋਂ ਆ ਗਿਆ। ਜਿਹੜੇ ਪਹਿਲਾਂ ਇੱਥੇ ਰਹਿੰਦੇ ਸੀ ਮੈਂ ਹੀ ਉਨ੍ਹਾਂ ਦਾ ਕੂੜਾ ਕਈ ਸਾਲਾਂ ਤੋਂ ਚੁੱਕਦਾ ਰਿਹਾ ਹਾਂ ਤੇ ਹੁਣ ਤੂੰ ਇਕਦਮ ਕਿੱਥੋਂ ਜੰਮ ਪਿਆ ਵੱਡਾ ਲਾਟ ਸਾਹਿਬ? ਪਾਸੇ ਹਟ ਮੈਨੂੰ ਆਪਣਾ ਕੰਮ ਕਰਨ ਦੇ।” ”ਓ ਛੱਡ ਯਾਰ ਮਰ ਖਪ ਗਏ ਜਿਹੜੇ ਪਹਿਲਾਂ ਰਹਿੰਦੇ ਸੀ। ਉਹ ਤਾਂ ਭੱਜ ਗਏ। ਸਾਲੇ ਕਿਰਾਏਦਾਰ ਸੀ। ਅਸਲੀ ਮਾਲਕ ਤਾਂ ਹੁਣ ਆਏ ਨਾ ਮੇਰੀ ਨਾਨੀ ਦੀ ਤਾਂ ਸਾਰੀ ਉਮਰ ਬੀਤ ਗਈ। ਇਨ੍ਹਾਂ ਦਾ ਕੰਮ ਕਰਦਿਆਂ।” ਜਾਲੀ ਵਾਲੇ ਦਰਵਾਜ਼ੇ ਪਿੱਛੇ ਖੜ੍ਹੀ ਮੈਂ ਉਨ੍ਹਾਂ ਦੀ ਸਾਰੀ ਗੱਲਬਾਤ ਸੁਣ ਰਹੀ ਸਾਂ। ਮੈਨੂੰ ਖ਼ੁਸ਼ੀ ਹੋਈ ਕਿ ਘੱਟੋ-ਘੱਟ ਕੋਈ ਤਾਂ ਸੀ ਜਿਸ ਨੇ ਇਸ ਘਰ ਵਿੱਚ ਸਾਡਾ ਸਵਾਗਤ ਕੀਤਾ ਹੈ ਕਿਉਂਕਿ ਗੁਆਂਢੀਆਂ ਦੀ ਹਮਦਰਦੀ ਸਾਡੇ ਕਿਰਾਏਦਾਰਾਂ ਨਾਲ ਸੀ ਜਿਨ੍ਹਾਂ ਨੂੰ ਅਸੀਂ ਕਈ ਸਾਲ ਮੁਕੱਦਮਾ ਲੜਨ ਤੋਂ ਬਾਅਦ ਕੱਢਿਆ ਸੀ। ਗੁਆਂਢੀਆਂ ਨੇ ਕਦੇ ਸਾਨੂੰ ਉਨ੍ਹਾਂ ਬਾਬਤ ਸਹੀ ਜਾਣਕਾਰੀ ਨਹੀਂ ਸੀ ਦਿੱਤੀ। ਸ਼ਾਇਦ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਜਾਂ ਤਾਂ ਮਕਾਨ ਵੇਚਣਾ ਹੈ ਜਾਂ ਵਾਧੂ ਕਿਰਾਏ ‘ਤੇ ਕਿਸੇ ਹੋਰ ਨੂੰ ਦੇਣਾ ਹੈ। ਫੇਰ ਇਹ ਕੋਈ ਮਾੜੇ ਨੇ ਜੋ ਕਈ ਸਾਲਾਂ ਤੋਂ ਉਨ੍ਹਾਂ ਨਾਲ ਵਧੀਆਂ ਮਿਲਵਰਤ ਰਹੇ ਨੇ। ਬੜੀ ਖੱਜਲ-ਖੁਆਰੀ ਤੋਂ ਬਾਅਦ ਹੀ ਅਸੀਂ ਆਪਣੇ ਘਰ ਵਿੱਚ ਵੜੇ ਸੀ। ਮੈਂ ਝਟਪਟ ਉਸ ਮੁੰਡੇ ਦੇ ਪੱਖ ਵਿੱਚ ਹੋ ਗਈ। ਦਰਵਾਜ਼ੇ ਤੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਕਿਹਾ, ”ਠੀਕ ਹੈ ਅਕਸ਼ੈ ਕੁਮਾਰ ਤੂੰ ਹੀ ਸਾਡਾ ਕਚਰਾ ਚੁੱਕਿਆ ਕਰੀਂ। ਕੱਲ੍ਹ ਤੋਂ ਅੱਜ ਕੁਝ ਨਹੀਂ ਹੈ।” ਦੂਜੇ ਮੁੰਡੇ ਨੇ ਬੁਰਾ ਜਿਹਾ ਮੂੰਹ ਬਣਾ ਕੇ ਕਿਹਾ, ”ਤੁਹਾਨੂੰ ਨਹੀਂ ਪਤਾ ਬੀਬੀ ਜੀ, ਇਹ ਬੜਾ ਸ਼ੈਤਾਨ ਤੇ ਚਾਲੂ ਮੁੰਡਾ ਹੈ। ਨਾਗੇ ਵੀ ਬੜੇ ਕਰਦਾ ਹੈ ਤੇ ਪੈਸੇ ਵੀ ਵਾਧੂ ਲੈਂਦਾ ਹੈ। ਇਸ ਨੇ ਚਲਾਕੀ ਨਾਲ ਮੇਰੇ ਕਈ ਘਰ ਖੋਹ ਲਏ ਹਨ।” ਮੈਂ ਹੱਸ ਕੇ ਕਿਹਾ, ”ਇਹ ਤਾਂ ਆਪਣੀ ਆਪਣੀ ਹੁਸ਼ਿਆਰੀ ਦੀ ਗੱਲ ਹੈ। ਤੂੰ ਵੀ ਇਸ ਦੇ ਖੋਹ ਲੈ, ਤੈਨੂੰ ਕੋਈ ਰੋਕਦਾ ਹੈ।” ਕਹਿ ਕੇ ਮੈਂ ਹੱਸਦੀ ਅੰਦਰ ਆ ਗਈ।
ਅਕਸ਼ੈ ਕੁਮਾਰ ਰੋਜ਼ ਕੂੜਾ ਚੁੱਕਣ ਆਉਂਦਾ। ਭਾਵੇਂ ਅਸੀਂ ਕੂੜੇ ਵਾਲੇ ਡਿੱਬੇ ਪਹਿਲਾਂ ਹੀ ਬਾਹਰ ਰੱਖ ਦਿੰਦੇ ਸਾਂ। ਫਿਰ ਵੀ ਉਹ ਘੰਟੀ ਵਜਾ ਕੇ ਮੈਨੂੰ ਉਡੀਕਦਾ, ਨਮਸਤੇ ਕਰਦਾ ਤੇ ਕੂੜਾ ਰੇਹੜੀ ਵਿਚ ਸੁੱਟ ਕੇ ਡੱਬਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਕੇ ਅੰਦਰ ਰੱਖ ਦੇਂਦਾ। ਜੇ ਬਾਹਰ ਕਦੇ ਝਾੜੂ ਪਿਆ ਹੁੰਦਾ ਤਾਂ ਵਿਹੜੇ ਵਿਚ ਝਾੜੂ ਮਾਰਨ ਲੱਗ ਜਾਂਦਾ। ਕਦੇ ਪਾਣੀ ਨਾਲ ਵਿਹੜਾ ਧੋ ਵੀ ਦੇਂਦਾ। ਜੇ ਗੱਡੀ ਬਾਹਰ ਖੜ੍ਹੀ ਹੁੰਦੀ ਤਾਂ ਕਹਿੰਦਾ ਕਿ ਮੈਨੂੰ ਪਾਈਪ ਦੇ ਦਿਓ ਤੇ ਨਾਲੇ ਕੋਈ ਕੱਪੜਾ ਵੀ, ਮੈਂ ਗੱਡੀ ਨੂੰ ਧੋ ਕੇ ਪੂੰਝ ਦਿੰਦਾ ਹਾਂ। ਮੈਂ ਉਸ ਨੂੰ ਰੋਕਦੀ, ”ਨਹੀਂ ਅਕਸ਼ੈ ਗੱਡੀ ਧੋਣ ਵਾਲਾ ਮੁੰਡਾ ਆਪੇ ਆ ਕੇ ਧੋ ਲਵੇਗਾ, ਤੂੰ ਆਪਣਾ ਕੰਮ ਕਰ।” ”ਤੁਸੀਂ ਦੇਖਿਓ ਤਾਂ ਸਹੀ ਮੈਡਮ ਜੀ, ਮੇਰੇ ਧੋਣ ਵਿੱਚ ਤੇ ਉਸ ਦੇ ਧੋਣ ਵਿੱਚ ਕਿੰਨਾ ਫ਼ਰਕ ਹੈ। ਗੱਡੀ ਜੇ ਲਿਸ਼-ਲਿਸ਼ ਨਾ ਕਰੇ ਤਾਂ ਮੇਰਾ ਨਾਂ ਅਕਸ਼ੈ ਕੁਮਾਰ ਤੋਂ ਬਦਲ ਕੇ ਗੋਬਿੰਦਾ ਰੱਖ ਦੇਣਾ।” ਅਸੀਂ ਉਸ ਦੀਆਂ ਗੱਲਾਂ ਸੁਣ-ਸੁਣ ਕੇ ਹੱਸਦੇ ਰਹਿੰਦੇ। ਉਹ ਸੱਚਮੁੱਚ ਹੀ ਗੱਡੀ ਨੂੰ ਬਹੁਤ ਮਿਹਨਤ ਨਾਲ ਸਵਾਰ ਕੇ ਧੋਂਦਾ।
ਕਦੇ ਕਦੇ ਉਹ ਪਰਲੀ ਗਲੀ ਦੀ ਦੁਕਾਨ ਤੋਂ ਮੈਨੂੰ ਬਰੈੱਡ, ਅੰਡੇ ਤੇ ਮੱਖਣ ਵਗੈਰ ਲਿਆ ਦਿੰਦਾ ਪਰ ਰੁਪਏ ਫੜਨ ਤੋਂ ਪਹਿਲਾਂ ਉਹ ਆਪਣੇ ਹੱਥ ਮੂੰਹ ਚੰਗੀ ਤਰ੍ਹਾਂ ਧੋਂਦਾ। ਪੈਰਾਂ ‘ਤੇ ਵੀ ਪਾਣੀ ਸੁੱਟਦਾ ਫਿਰ ਆਪਣੇ ਕੁੜਤੇ ਦੇ ਪੱਲੇ ਨਾਲ ਪੂੰਝਦਾ ਤੇ ਰੁਪਏ ਲੈ ਕੇ ਚਲਾ ਜਾਂਦਾ ਜਿੰਨੇ ਪੈਸੇ ਬਚਦੇ ਪਹਿਲਾਂ ਲਿਆ ਕੇ ਮੇਰੇ ਹੱਥ ‘ਤੇ ਰੱਖਦਾ, ਫਿਰ ਸਾਮਾਨ ਦਾ ਬਿੱਲ ਤੇ ਫਿਰ ਸਾਮਾਨ ਮੈਨੂੰ ਫੜਾਉਂਦਾ! ਬਚੇ ਹੋਏ ਰੁਪਏ ਮੈਂ ਉਸ ਨੂੰ ਰੱਖਣ ਲਈ ਕਹਿੰਦੀ ਪਰ ਉਹ ਕਦੇ ਨਾ ਰੱਖਦਾ, ”ਨਾ ਜੀ, ਇਹ ਤਾਂ ਮੈਨੂੰ ਨਹੀਂ ਲੈਣੇ।” ਕਹਿ ਕੇ ਉਹ ਝੱਟ ਆਪਣੀ ਰੇਹੜੀ ਲੈ ਕੇ ਅਗਲੇ ਘਰ ਅੱਗੇ ਚੱਲ ਪੈਂਦਾ।
ਮੈਨੂੰ ਅਕਸ਼ੈ ਕੁਮਾਰ ਚੰਗਾ ਲੱਗਦਾ ਸੀ। ਉਹ ਕਾਫ਼ੀ ਤੇਜ਼ ਤੇ ਚਲਾਕ ਮੁੰਡਾ ਸੀ। ਫਾਲਤੂ ਕੰਮ ਕਰਕੇ ਖ਼ੁਸ਼ ਹੁੰਦਾ ਸੀ ਤੇ ਉਸ ਫਾਲਤੂ ਕੰਮ ਦੇ ਕੋਈ ਪੈਸੇ ਵੀ ਨਹੀਂ ਸੀ ਲੈਂਦਾ। ਦੇਣ ‘ਤੇ ਵੀ ਨਾਂਹ ਕਰ ਦਿੰਦਾ। ਬੱਸ ਆਪਣੇ ਮਹੀਨੇ ਦੇ ਬੰਨ੍ਹੇ ਹੋਏ ਪੈਸੇ ਹੀ ਲੈਂਦਾ। ਕਈ ਵਾਰੀ ਮੈਂ ਸੋਚਦੀ ਇਹ ਛੋਟਾ ਜਿੰਨਾ ਬੱਚਾ ਮੇਰਾ ਕੀ ਲੱਗਦਾ ਹੈ। ਇਹ ਕਿਵੇਂ ਆਪਣੇ ਨਿੱਕੇ ਨਿੱਕੇ ਅਹਿਸਾਨਾਂ ਦਾ ਬੋਝ ਮੇਰੇ ਉਪਰ ਪਾਈ ਜਾਂਦਾ ਹੈ। ਮੇਰੇ ਉਪਰ ਤਾਂ ਇਸ ਮੁੰਡੇ ਦਾ ਕਰਜ਼ਾ ਰੋਜ਼ ਰੋਜ਼ ਵਧਦਾ ਹੀ ਜਾ ਰਿਹਾ ਹੈ। ਮੈਂ ਕਿਵੇਂ ਇਸ ਦੇ ਇਸ ਕਰਜ਼ ਨੂੰ ਉਤਾਰਾਂਗੀ। ਜੇ ਕਦੇ ਮੈਂ ਉਸ ਨੂੰ ਕੋਈ ਚੀਜ਼ ਖਾਣ ਨੂੰ ਦਿੰਦੀ ਤਾਂ ਉਸ ਲਈ ਵੀ ਉਹ ਨਾਂਹ ਕਰ ਦੇਂਦਾ ਰਹਿੰਦਾ, ”ਮੈਡਮ ਜੀ ਕਚਰਾ ਚੁੱਕਦਾ ਹੋਇਆ ਤਾਂ ਮੈਂ ਖਾਣ ਦੀ ਚੀਜ਼ ਨਹੀਂ ਲੈ ਸਕਦਾ। ਤੁਸੀਂ ਰੱਖ ਲਓ! ਮੈਂ ਆਪੇ ਹੀ ਕਿਸੇ ਦਿਨ ਬਾਅਦ ਵਿੱਚ ਆ ਕੇ ਤੁਹਾਡੇ ਕੋਲੋਂ ਮੰਗ ਕੇ ਖਾ ਲਵਾਂਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਖਾਣ ਨੂੰ ਮੈਨੂੰ ਕੁਝ ਦਿੱਤਾ।”
ਇੱਕ ਦਿਨ ਉਹ ਆਪਣੇ ਮਿੱਥੇ ਸਮੇਂ ‘ਤੇ ਨਹੀਂ ਆਇਆ। ਫਿਰ ਉਹ ਅਗਲੇ ਦਿਨ ਤੇ ਉਸ ਤੋਂ ਅਗਲੇ ਦਿਨ ਵੀ ਨਹੀਂ ਆਇਆ। ਚੌਥੇ ਦਿਨ ਉਹ ਦੂਜਾ ਰੇਹੜੀ ਵਾਲਾ ਮੁੰਡਾ ਕਚਰਾ ਚੁੱਕਣ ਲਈ ਆ ਗਿਆ ਤੇ ਬੋਲਿਆ, ”ਬੀਬੀ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਬੜਾ ਖਰਾਬ ਮੁੰਡਾ ਹੈ। ਕੁਝ ਦਿਨ ਤਾਂ ਟਿਕ ਕੇ ਕੰਮ ਕਰੇਗਾ। ਫਿਰ ਇਵੇਂ ਹੀ ਕਰਨ ਲੱਗ ਪੈਂਦਾ ਹੈ। ਲਿਆਓ ਕਚਰਾ ਮੈਨੂੰ ਦੇ ਦਿਓ ਤੇ ਅੱਗੋਂ ਤੁਹਾਡੀ ਮਰਜ਼ੀ। ਕਹੋ ਤਾਂ ਕੱਲ੍ਹ ਤੋਂ ਮੈਂ ਤੁਹਾਡਾ ਕੂੜਾ ਚੁੱਕ ਲਿਆ ਕਰਾਂਗਾ।” ਮੈਂ ਬਿਨਾਂ ਕੁਝ ਬੋਲਿਆਂ ਅੰਦਰ ਆ ਗਈ। ਮੇਰਾ ਮੂਡ ਕਾਫ਼ੀ ਖਰਾਬ ਸੀ। ਇੱਕ ਤਾਂ ਅਕਸ਼ੈ ਕੁਮਾਰ ਦਾ ਇਸ ਤਰ੍ਹਾਂ ਗੁੰਮ ਹੋਣਾ ਮੇਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿਉਂਕਿ ਪਹਿਲਾਂ ਜਦੋਂ ਉਸ ਨੇ ਅਗਲੇ ਦਿਨ ਨਹੀਂ ਆਉਣਾ ਹੁੰਦਾ ਸੀ ਤਾਂ ਪਹਿਲਾਂ ਹੀ ਦੱਸ ਦੇਂਦਾ ਸੀ, ”ਮੈਡਮ ਜੀ, ਕੱਲ੍ਹ ਮੈਂ ਕਿਧਰੇ ਵਾਂਡੇ ਜਾਣਾ ਹੈ। ਤਿੰਨ-ਚਾਰ ਦਿਨ ਲੱਗ ਜਾਣਗੇ। ਕੂੜਾ ਚੁੱਕਣ ਲਈ ਮੈਂ ਪਰਲੀ ਗਲੀ ਵਾਲੇ ਮੁੰਡੇ ਨੂੰ ਕਹਿ ਦਿੱਤਾ ਹੈ। ਤੁਸੀਂ ਪ੍ਰੇਸ਼ਾਨ ਨਾ ਹੋਣਾ। ਹੋਰ ਵੀ ਕੋਈ ਕੰਮ ਹੋਵੇ ਤਾਂ ਉਸ ਨੂੰ ਕਹਿ ਦੇਣਾ। ਉਹ ਕਰ ਦੇਵੇਗਾ। ਮੈਂ ਉਸ ਨੂੰ ਸਮਝਾ ਦਿੱਤਾ ਹੈ।”
ਉਹ ਮੈਨੂੰ ਬੜਾ ਆਪਣਾ ਆਪਣਾ ਲੱਗਣ ਲੱਗਿਆ ਸੀ। ਮੋਹ ਦੀ ਅਜੀਬ ਪਤਲੀ ਜਿਹੀ ਤੰਦ ਸੀ ਜਿਸ ਵਿੱਚ ਪਤਾ ਨਹੀਂ ਮੈਂ ਕਦੋਂ ਬੰਨ੍ਹੀ ਗਈ ਸਾਂ। ਦੂਜੇ ਇਨ੍ਹਾਂ ਦਿਨਾਂ ਵਿੱਚ ਹੀ ਮੇਰਾ ਮੋਬਾਈਲ ਗੁੰਮ ਹੋ ਗਿਆ ਸੀ। ਕਾਫ਼ੀ ਮਹਿੰਗਾ ਮੋਬਾਈਲ ਸੀ ਤੇ ਬਹੁਤ ਸਾਰੇ ਜ਼ਰੂਰੀ ਨੰਬਰ ਉਸ ਵਿੱਚ ਸਨ। ਸਮਝ ਨਹੀਂ ਆਈ ਕਿ ਕਿਵੇਂ ਗੁੰਮਿਆ। ਕਿਧਰੇ ਗਿਰ ਗਿਆ ਜਾਂ ਕਿਸੇ ਨੇ ਕਾਰ ਵਿੱਚੋਂ ਕੱਢ ਲਿਆ ਜਾਂ ਕੋਈ ਘਰੋਂ ਹੀ ਚੁੱਕ ਕੇ ਲੈ ਗਿਆ। ਸਭ ਨੇ ਥਾਣੇ ਜਾ ਕੇ ਰਿਪੋਰਟ ਲਿਖਵਾਉਣ ਦੀ ਸਲਾਹ ਦਿੱਤੀ। ਪੁਲੀਸ ਚੌਕੀ ਭਾਵੇਂ ਘਰ ਦੇ ਬਿਲਕੁਲ ਨੇੜੇ ਹੀ ਸੀ ਪਰ ਮੈਨੂੰ ਉੱਥੇ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ। ਪਤਾ ਨਹੀਂ ਕੀ ਉਲਟੇ-ਸਿੱਧੇ ਸਵਾਲ ਪੁੱਛਣਗੇ। ਇਸ ਲਈ ਮੈਂ ਪੁਲੀਸ ਮਹਿਕਮੇ ਵਿੱਚ ਕੰਮ ਕਰਦੇ ਆਪਣੇ ਇੱਕ ਰਿਸ਼ਤੇਦਾਰ ਨੂੰ ਬੁਲਾ ਲਿਆ। ਉਸ ਨੇ ਕਿਹਾ, ” ਚੰਗਾ ਕੀਤਾ ਤੁਸੀਂ ਮੈਨੂੰ ਬੁਲਾ ਲਿਆ ਨਹੀਂ ਤਾਂ ਥੋੜ੍ਹੇ ਕੀਤੇ ਅਗਲੇ ਰਿਪੋਰਟ ਹੀ ਨਹੀਂ ਲਿਖਦੇ। ਛੱਤੀ ਤਰ੍ਹਾਂ ਦੇ ਸਵਾਲ ਕਰਦੇ ਹਨ ਫਿਰ ਕੁਝ ਸੇਵਾ ਪਾਣੀ ਵੀ੩. ਉਹ ਤਾਂ ਤੁਹਾਨੂੰ ਪਤਾ ਹੀ ਹੈ ਹਰ ਮਹਿਕਮੇ ਵਿੱਚ ਏਹੀ ਹਾਲ ਹੈ।” ਫੇਰ ਉਸ ਨੇ ਮੈਨੂੰ ਸਮਝਾ ਦਿੱਤਾ ਕਿ ਕੀ ਕਹਿਣਾ ਹੈ। ਬਹੁਤ ਬੋਲਣਾ ਵੀ ਨਹੀਂ, ਨਹੀਂ ਤਾਂ ਗੱਲਾਂ ਵਿੱਚੋਂ ਗੱਲਾਂ ਨਿਕਲ ਆਉਂਦੀਆਂ ਹਨ। ਬੱਸ ਰਿਪੋਰਟ ਲਿਖਣ ਵਾਲੇ ਵੱਲ ਧਿਆਨ ਹੀ ਨਾ ਦਿਓ। ਮੂਰਖਾਂ ਵਾਂਗੂ ਇਧਰ ਉਧਰ ਝਾਕੀ ਜਾਓ। ਚੌਕੀ ਵਾਲੇ ਉਸ ਨੂੰ ਸਭ ਜਾਣਦੇ ਸਨ। ਉਸ ਦੀ ਰਿਸ਼ਤੇਦਾਰ ਸਮਝ ਕੇ ਉਨ੍ਹਾਂ ਨੇ ਮੇਰੀ ਥੋੜ੍ਹੀ ਆਓ-ਭਗਤ ਵੀ ਕੀਤੀ ਚਾਹ ਵੀ ਮੰਗਵਾਈ ਤੇ ਝਟਪਟ ਰਿਪੋਰਟ ਲਿਖਣੀ ਸ਼ੁਰੂ ਕਰ ਦਿੱਤੀ। ਨਾਲ ਹੀ ਨਾਲ ਦੂਜਾ ਬੰਦਾ ਉਸ ਦੀ ਨਕਲ ਲਿਖਣ ਲੱਗ ਪਿਆ। ਨਾਲ ਦੀ ਟੇਬਲ ‘ਤੇ ਇੱਕ ਹੌਲਦਾਰ ਸਾਹਿਬ ਬੈਠੇ ਸਨ। ਉਨ੍ਹਾਂ ਦੀਆਂ ਲਾਲ-ਲਾਲ ਅੱਖਾਂ ਦੇਖ ਕੇ ਮੈਨੂੰ ਭੈਅ ਲੱਗ ਰਿਹਾ ਸੀ। ਸੋਚਦੀ ਸਾਂ ਕੋਈ ਉਲਟਾ ਸਿੱਧਾ ਸਵਾਲ ਹੀ ਨਾ ਕਰ ਬੈਠਣ। ਬੱਸ ਚਾਹੁੰਦੀ ਸਾਂ ਜਲਦੀ ਜਲਦੀ ਰਿਪੋਰਟ ਲਿਖੀ ਜਾਏ ਤੇ ਮੈਂ ਕਾਪੀ ਲੈ ਕੇ ਇੱਥੋਂ ਨਿਕਲਾ। ਏਨੇ ‘ਚ ਦੋ ਸਿਪਾਹੀ 5-6 ਮੁੰਡਿਆਂ ਨੂੰ ਧੱਕਦੇ ਹੋਏ ਅੰਦਰ ਦਾਖਲ ਹੋਏ। ਇਨ੍ਹਾਂ ਵਿੱਚ 10-12 ਸਾਲਾਂ ਤੋਂ ਲੈ ਕੇ 18-20 ਸਾਲਾਂ ਤਕ ਦੇ ਮੁੰਡੇ ਸਨ। ਸਿੱਧਾ ਹੀ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਦੇ ਹੋਏ ਲਿਆਏ ਤੇ ਬੋਲੇ, ”ਜਨਾਬ ਇਹ ਹੀ ਉਨ੍ਹਾਂ ਮੁੰਡਿਆਂ ਦਾ ਗਰੋਹ ਹੈ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੇ ਮੋਬਾਈਲ ਚੋਰੀ ਕਰਦਾ ਰਿਹਾ ਹੈ ਤੇ ਪਕੜ ਵਿੱਚ ਨਹੀਂ ਸੀ ਆਉਂਦਾ। ਸਾਡੀ ਕਈ ਦਿਨਾਂ ਤੋਂ ਇਨ੍ਹਾਂ ‘ਤੇ ਨਜ਼ਰ ਸੀ, ਅੱਜ ਇਹ ਕਾਬੂ ਆ ਗਏ ਹਨ।” ਹੌਲਦਾਰ ਨੇ ਗਾਲ੍ਹ ਕੱਢ ਕੇ ਕਿਹਾ, ”ਲਓ ਇਨ੍ਹਾਂ ਦੀ ਤਲਾਸ਼ੀ ਤੇ ਚਾੜ੍ਹੋ ਚੰਗੀ ਤਰ੍ਹਾਂ ਫੈਂਟੀ ਇਨ੍ਹਾਂ ‘ਤੇ।” ਮੈਂ ਦੇਖਿਆ ਇਨ੍ਹਾਂ ਵਿੱਚ ਅਕਸ਼ੈ ਕੁਮਾਰ ਵੀ ਸੀ। ਉਹ ਡਰ ਨਾਲ ਪੀਲਾ ਪਿਆ ਹੋਇਆ ਸੀ। ਦੋ ਚਾਰ ਡੰਡੇ ਤਾਂ ਉਹ ਸਿਪਾਹੀਆਂ ਕੋਲੋਂ ਰਾਹ ਵਿੱਚ ਹੀ ਖਾ ਚੁੱਕਿਆ ਹੋਵੇਗਾ। ਮੇਰੇ ਨਾਲ ਉਸ ਦੀਆਂ ਜਿਉਂ ਹੀ ਅੱਖਾਂ ਚਾਰ ਹੋਈਆਂ ਤਾਂ ਉਸ ਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ। ਉਹ ਝਟਪਟ ਹੱਥ ਜੋੜ ਕੇ ਰੋਂਦਾ ਹੋਇਆ ਬੋਲਿਆ, ”ਜੀ ਮੈਂ ਤਾਂ ਚੋਰੀ ਨਹੀਂ ਕੀਤੀ। ਮੈਂ ਤਾਂ ਅਜਿਹਾ ਕੋਈ ਕੰਮ ਨਹੀਂ ਕਰਦਾ। ਮੈਨੂੰ ਤਾਂ ਜਨਾਬ ਇਹ ਲੋਕ ਐਵੇਂ ਹੀ ਫੜ ਲਿਆਏ। ਮੈਂ ਤਾਂ ਮੈਡਮ ਜੀ ਦੇ ਘਰ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਬੇਸ਼ੱਕ ਤੁਸੀਂ ਇਨ੍ਹਾਂ ਕੋਲੋਂ ਪੁੱਛ ਲਵੋ! ਦੱਸੋ ਮੈਡਮ ਜੀ ਕੀ ਮੈਂ ਤੁਹਾਡੇ ਘਰੋਂ ਕਦੇ ਕੋਈ ਚੀਜ਼ ਚੁਰਾਈ ਹੈ।” ਉਸ ਨੇ ਮੇਰੇ ‘ਤੇ ਸਿੱਧਾ ਸੁਆਲ ਕੀਤਾ। ਹੌਲਦਾਰ ਨੇ ਝਟ ਮੇਰੇ ਕੋਲੋਂ ਪੁੱਛਿਆ, ”ਕਿਉਂ, ਮੈਡਮ ਜੀ ਕੀ ਇਹ ਛੋਕਰਾ ਠੀਕ ਕਹਿ ਰਿਹਾ ਹੈ? ” ਮੇਰੇ ਮੂੰਹੋਂ ਬਿਨਾਂ ਸੋਚੇ ਸਮਝਿਆ ਹੀ ਹਾਂ ਨਿਕਲ ਗਿਆ। ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਪਿੱਛੇ ਧੱਕ ਦਿੱਤਾ ਤੇ ਬਾਕੀ ਮੁੰਡਿਆਂ ਨੂੰ ਕੁੱਟਦੇ ਹੋਏ ਅੰਦਰ ਲੈ ਗਏ।
ਜਦ ਉਨ੍ਹਾਂ ਨੇ ਮੇਰੇ ਮੋਬਾਈਲ ਦੇ ਗੁੰਮ ਹੋ ਜਾਣ ਦੀ ਐਫ.ਆਈ.ਆਰ. ਦੀ ਕਾਪੀ ਮੈਨੂੰ ਦਿੱਤੀ ਤਾਂ ਮੇਰਾ ਧਿਆਨ ਪਤਾ ਨਹੀਂ ਕਿੱਥੇ ਸੀ। ਹਾਂ ਮੇਰੀਆਂ ਅੱਖਾਂ ਜ਼ਰੂਰ ਅਕਸ਼ੈ ਕੁਮਰ ਨੂੰ ਲੱਭ ਰਹੀਆਂ ਸਨ ਜਿਹੜਾ ਪਤਾ ਨਹੀਂ ਕਦੋਂ ਦਾ ਖਿਸਕ ਗਿਆ ਸੀ। ਹਾਂ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਵਾਰ ਵਾਰ ਉੱਠ ਰਿਹਾ ਸੀ ਕਿ ਕਰਜ਼ਾ ਮੇਰੇ ਸਿਰੋਂ ਉਤਰਿਆ ਸੀ ਜਾਂ ਚੜ੍ਹਿਆ ਸੀ।

Tag:

ਕਰਜ਼

Tags: