ਤਰੱਕੀ ਦਾ ਰਾਜ਼

ਇਕ ਵਾਰ ਸਵਾਮੀ ਰਾਮ ਤੀਰਥ ਜਹਾਜ਼ ਵਿਚ ਯੂਰਪ ਜਾ ਰਹੇ ਸੀ | ਉਨ੍ਹਾਂ ਦੇ ਨਾਲ ਇਕ ਨੱਬੇ ਸਾਲ ਦੇ ਬਜ਼ੁਰਗ ਵੀ ਯਾਤਰਾ ਕਰ ਰਹੇ ਸੀ |
ਰਾਮ ਤੀਰਥ ਨੇ ਦੇਖਿਆ ਕਿ ਬਜ਼ੁਰਗ ਦੇ ਹੱਥ, ਪੈਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਸੀ ਤੇ ਨਾ ਹੀ ਠੀਕ ਤਰ੍ਹਾਂ ਦਿਖਾਈ ਦਿੰਦਾ ਸੀ | ਪੰ੍ਰਤੂ ਬਜ਼ੁਰਗ ਹੱਥ ਵਿਚ ਕਾਗਜ਼ ਤੇ ਕਲਮ ਲੈ ਕੇ ਲਿਖ ਕੇ ਕੁਝ ਸਿੱਖਣ ਦਾ ਯਤਨ ਕਰ ਰਿਹਾ ਸੀ | ਬਜ਼ੁਰਗ ਦੇ ਹੱਥ ਪੂਰੀ ਤਰ੍ਹਾਂ ਨਾਲ ਕੰਬ ਰਹੇ ਸੀ | ਪਰ ਫਿਰ ਵੀ ਬਜ਼ੁਰਗ ਪੂਰੀ ਇਕਾਗਰਤਾ ਲਾ ਕੇ ਅਧਿਐਨ ਕਰ ਰਿਹਾ ਸੀ | ਰਾਮ ਤੀਰਥ ਤੋਂ ਰਿਹਾ ਨਹੀਂ ਗਿਆ | ਉਹ ਬਜ਼ੁਰਗ ਦੇ ਕੋਲ ਜਾ ਕੇ ਬੋਲਿਆ, ‘ਸ੍ਰੀਮਾਨ! ਮੈਂ ਬਹੁਤ ਦੇਰ ਤੋਂ ਦੇਖ ਰਿਹਾ ਹਾਂ ਕਿ ਤੁਸੀਂ ਕੁਝ ਸਿੱਖਣ ਦਾ ਯਤਨ ਕਰ ਰਹੇ ਹੋ | ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਕੀ ਸਿਖ ਰਹੇ ਹੋ?’
ਬਜ਼ੁਰਗ ਨੇ ਰਾਮ ਤੀਰਥ ਵੱਲ ਦੇਖੇ ਬਿਨਾਂ ਹੀ ਕਿਹਾ, ‘ਮੈਂ ਚੀਨੀ ਭਾਸ਼ਾ ਸਿਖ ਰਿਹਾ ਹਾਂ |’
ਇਹ ਸੁਣ ਕੇ ਰਾਮ ਤੀਰਥ ਨੇ ਮੁਸਕਰਾਉਂਦੇ ਹੋਏ ਕਿਹਾ, ‘ਸ੍ਰੀਮਾਨ! ਤੁਸੀਂ ਇਸ ਉਮਰ ‘ਚ ਇੰਨੀ ਜਟਿੱਲ ਭਾਸ਼ਾ ਸਿੱਖਣ ਦਾ ਯਤਨ ਕਿਉਂ ਕਰ ਰਹੇ ਹੋ? ਭਲਾ ਤੁਸੀਂ ਇਸ ਭਾਸ਼ਾ ਦਾ ਪ੍ਰਯੋਗ ਆਪਣੇ ਜੀਵਨ ਵਿਚ ਕਦੋਂ ਕਰੋਗੇ?’
ਇਸ ਵਾਰ ਬਜ਼ੁਰਗ ਨੇ ਰਾਮ ਤੀਰਥ ਵੱਲ ਦੇਖਿਆ ਅਤੇ ਕੋਈ ਉੱਤਰ ਨਾ ਦੇਣ ਦੀ ਬਜਾਏ ਰਾਮ ਤੀਰਥ ਤੋਂ ਪੁੱਛਿਆ, ‘ਤੇਰੀ ਉਮਰ ਕਿੰਨੀ ਹੈ?’
ਇਸ ਪ੍ਰਸ਼ਨ ਦਾ ਰਾਮ ਤੀਰਥ ਨੇ ਸਪਾਟ ਉੱਤਰ ਦਿੱਤਾ, ‘ਜੀ, ਤੀਹ ਸਾਲ ਦੇ ਲਗਭਗ ਹੋਵੇਗੀ |’
ਇਹ ਸੁਣ ਬਜ਼ੁਰਗ ਖਿੜਖਿੜਾ ਹੱਸਿਆ | ਰਾਮ ਤੀਰਥ ਬਜ਼ੁਰਗ ਦੇ ਹਾਸੇ ਦਾ ਕਾਰਨ ਨਾ ਸਮਝ ਸਕਿਆ ਤੇ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗਿਆ | ਰਾਮ ਤੀਰਥ ਨੇ ਮਨ ‘ਚ ਸੋਚਿਆ ਕਿ ਮੈਂ ਅਜਿਹਾ ਕੀ ਕਹਿ ਦਿੱਤਾ ਕਿ ਇਹ ਬਜ਼ੁਰਗ ਮੇਰੇ ‘ਤੇ ਹੱਸ ਰਿਹਾ ਹੈ? ਲਗਦਾ ਹੈ ਇਸ ਉਪਰ ਉਮਰ ਦਾ ਅਸਰ ਹੋ ਗਿਆ ਹੈ |
ਬਜ਼ੁਰਗ ਨੇ ਥੋੜ੍ਹੀ ਦੇਰ ਚੁੱਪ ਹੋ ਕੇ ਕਿਹਾ, ‘ਹੁਣ ਮੇਰੀ ਸਮਝ ਵਿਚ ਆਇਆ ਹੈ ਕਿ ਹਿੰਦੁਸਤਾਨ ਏਨਾ ਕਮਜ਼ੋਰ ਤੇ ਪਛੜਿਆ ਹੋਇਆ ਕਿਉਂ ਹੈ? ਇਥੋਂ ਦੇ ਲੋਕ ਜਿਊਣ ਤੋਂ ਪਹਿਲਾਂ ਹੀ ਮੌਤ ਦੀ ਗੱਲ ਸੋਚਦੇ ਹਨ | ਮੈਂ ਚਾਹੁੰਦਾ ਹਾਂ ਕਿ ਜੀਵਨ ਦੇ ਆਖਰੀ ਦਿਨਾਂ ਵਿਚ ਵੀ ਕੁਝ ਨਵਾਂ ਸਿਖਦਾ ਹੋਇਆ ਚੱਲਾਂ | ਬੇਟਾ, ਨਿੱਤ ਨਵੇਂ ਗਿਆਨ ਦਾ ਅਨੁਭਵ ਹੀ ਜੀਵਨ ਹੈ |
ਸਵਾਮੀ ਰਾਮ ਤੀਰਥ ਨੇ ਬਜ਼ੁਰਗ ਦੀ ਗੱਲ ਸੁਣ ਕੇ ਕਿਹਾ, ‘ਤੁਸੀਂ ਸਹੀ ਕਹਿ ਰਹੇ ਹੋ, ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ |’

Tags: ,