ਪਿਆਰ ਦੀ ਦੁਨੀਆਂ

ਅੱਜ ਸ਼ਿਮਲੇ ਆਈ ਨੂੰ ਚੌਥਾ ਦਿਨ ਹੋ ਗਿਆ ਸੀ। ਲੱਗਦਾ ਸੀ ਜਿਵੇਂ ਚਾਰ ਘੰਟੇ ਵੀ ਨਹੀਂ ਹੋਵੇ। ਕਿੰਨਾ ਨਿੱਘ, ਕਿੰਨਾ ਪਿਆਰ, ਕਿੰਨਾ ਸੁਰੱਖਿਅਤ ਮਹਿਸੂਸ ਕਰ ਰਹੀ ਸਾਂ। ਬੱਚੇ ਸਕੇਟਿੰਗ ਕਰਨ ਚਲੇ ਗਏ। ਬੜੀ ਜ਼ਿੱਦ ਕੀਤੀ ਮੈਂ ਨਾਲ ਚੱਲਾਂ, ਪਰ ਤਬੀਅਤ ਕੁਝ ਢਿੱਲੀ ਜਿਹੀ ਸੀ, ਕਿਹਾ ਜਾਉ ਤੁਸੀਂ ਘੁੰਮ ਆਉ। ਮੈਂ ਖਿੜਕੀ ਕੋਲ ਖੜ੍ਹੀ ਦੂਰ-ਦੁਰਾਡੇ ਪਹਾੜ ਵੇਖਦੀ ਰਹੀ। ਬੱਦਲਾਂ ‘ਤੇ ਸੂਰਜ ਦੀ ਲੁਕਣਮੀਚੀ। ਪਤਾ ਨਹੀਂ ਕਦ ਸੋਚਾਂ ਦੇ ਦਰਿਆ ‘ਚ ਡੁੱਬ ਗਈ।
ਪਤੀ ਮੇਰੇ ਕਰਨਲ ਸ਼ਿਲਾਂਗ ਤੇ ਮੈਂ ਮਹਿਲਾ ਸਮਿਤੀ ਦੀ ਪ੍ਰਧਾਨ। ਸ਼ਿਮਲੇ ਮੈਂ ਕਿੱਥੇ ਆਉਣਾ ਸੀ, ਇਹ ਤਾਂ ਸ਼ੁੱਕਰ ਏ ਸਰੀਰ ਦੇ ਅੰਦਰ ਆਤਮਾ ਨਾਂ ਦੀ ਚੀਜ਼ ਐ। ਨਹੀਂ ਤਾਂ ਬੰਦਾ ਆਪਣੇ-ਆਪ ਨੂੰ ਰੱਬ ਹੀ ਸਮਝਣ ਲੱਗ ਪੈਂਦਾ। ਸਾਡੀ ਆਤਮਾ ਗਲਤ ਕੰਮ ਕਰਨ ਲਈ ਹਾਵੀ ਜ਼ਰੂਰ ਹੁੰਦੀ ਏ, ਲਮਹੇ ਐਸੇ ਜ਼ਰੂਰ ਹੁੰਦੇ ਐਂ ਜਦ ਅਸੀਂ ਕੀ ਕੀਤਾ, ਕੀ ਕਰਦੇ ਹਾਂ ਸੋਚਦੇ ਹਾਂ।
ਇਹ ਮੇਰੇ ਨਾਲ ਵੀ ਹੋਇਆ। ਮੈਂ ਅਕਸਰ ਮੀਟਿੰਗਾਂ ‘ਤੇ ਰਹਿੰਦੀ। ਘਰ ਬੱਚੇ ਆਇਆ ਦੇ ਹਵਾਲੇ। ਮੈਨੂੰ ਬਸ ਇਹੀ ਫਿਕਰ ਰਹਿੰਦਾ ਕੱਲ੍ਹ ਕਿਹੜੀ ਪੁਸ਼ਾਕ ਪਾਉਣੀ ਹੈ, ਕਿਹੜੀ ਮੀਟਿੰਗ ਦਾ ਖਰੜਾ ਤਿਆਰ ਕਰਨੈ। ਬੱਚੇ ਸਵੇਰੇ ਸਕੂਲ ਨਿਕਲ ਜਾਂਦੇ। ਤਕਰੀਬਨ ਜਦ ਘਰ ਪਰਤਦੀ ਸੁੱਤੇ ਹੁੰਦੇ। ਲੋਕਾਂ ਵਿਚ ਬੜੀ ਸੁਲਝੀ ਹੋਈ ਨੇਕ ਔਰਤ ਗਿਣੀ ਜਾਣ ਲੱਗੀ। ਮੇਰਾ ਧਿਆਨ ”ਮੈਂ ਬਾਹਰ ਕਿਦਾਂ ਲੱਗਾਂ” ਵੱਲ ਲੱਗਾ ਰਹਿੰਦਾ। ਬਸ ਇਸੇ ਦਿਖਾਵੇ ਲਈ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ।
ਅੱਠ ਦਿਨ ਪਹਿਲਾਂ ਦੀ ਹੀ ਤਾਂ ਗੱਲ ਹੈ ਮੈਂ ਬੜੇ ਵੱਡੇ ਫੰਕਸ਼ਨ ‘ਚੋਂ ਘਰ ਆਈ। ਮੂਵੀ ਬਣਾਉਣ ਵਾਲੇ ਮੇਰੇ ਅੱਗੇ-ਪਿੱਛੇ, ਫੋਟੋ ਲੈਣ ਵਾਲਿਆਂ ਦਾ ਅੰਤ ਕੋਈ ਨਹੀਂ ਸੀ। ਮੇਰਾ ਆਟੋਗ੍ਰਾਫੋ ਲੈਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਪੈਨਸਿਲ ਹੀਲ ਦੀ ਸੈਂਡਲ ਪਾਈ ਮੈਂ ਚੁਸਤ-ਦਰੁਸਤ ਇੰਜ ਘੁੰਮ ਰਹੀ ਸਾਂ ਜਿਵੇਂ ਮੈਂ ਪਤਾ ਨਹੀਂ ਕੀ ਬਣ ਗਈ ਹੋਵਾਂ। ਗਰੀਬਾਂ ਦੇ ਬੱਚਿਆਂ ਨੂੰ

ਕੱਪੜੇ ਦਾਨ ਮੇਰੇ ਹੱਥੋਂ ਕਰਵਾਏ ਗਏ। ਮੈਂ ਵੀ ਵੱਧ-ਚੜ੍ਹ ਕੇ ਸ਼ੋਭਾ ਖੱਟਣ ਲਈ ਨੋਟਾਂ ਦੀ ਗੱਠੀ ਦਾਨ ਵਿਚ ਦਿੱਤੀ। ਮੇਰੇ ਨਾਂ ਨਾਲ ਜ਼ਿੰਦਾਬਾਦ ਦੇ ਨਾਅਰੇ ਇਉਂ ਲੱਗ ਰਹੇ ਸਨ ਜਿੱਦਾਂ ਮੈਂ ਦੇਸ਼ ਆਜ਼ਾਦ ਕਰਾ ਕੇ ਝੰਡਾ ਲਹਿਰਾ ਕੇ ਆਈ ਹੋਵਾਂ।
ਕਾਰ ‘ਚ ਮੈਂ ਘਰ ਆਈ। ਘੰਟੀ ਮਾਰਨ ‘ਤੇ ਮੇਰੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਮੰਮੀ! ਇੰਨੀ ਲੇਟ? ਆਇਆ ਵੀ ਚਲੀ ਗਈ। ਉਹ ਦਾ ਲੜਕਾ ਗਿਰ ਗਿਐ। ਸਾਨੂੰ ਡਰ ਲੱਗ ਰਿਹੈ, ਮੀਨੂ ਨੇ ਕਿਤਾਬ ਗੁੰਮ ਕਰ ਦਿੱਤੀ ਏ, ਸਵੇਰੇ ਉਹ ਨੂੰ ਸਕੂਲ ਮਾਰ ਪਊਗੀ।
ਮੈਨੂੰ ਇਉਂ ਲੱਗਾ ਜਿਵੇਂ ਮੈਂ ਸਵਰਗ ‘ਚੋਂ ਨਰਕ ‘ਚ ਪਹੁੰਚ ਗਈ ਹੋਵਾਂ। ਜੇ ਮੂਵੀ ਬਣਾਉਣ ਵਾਲੇ ਮੇਰੀ ਮੂਵੀ ਘਰ ਆ ਕੇ ਲੈਂਦੇ ਤਾਂ ਮੇਰਾ ਰਵੱਈਆ ਦੇਖ ਕੇ ਸ਼ਾਇਦ ਕੈਮਰਾ ਵੀ ਸ਼ਰਮਾ ਜਾਂਦਾ। ਮੈਂ ਬੱਚਿਆਂ ਦੇ ਮੂੰਹ ਥੱਪੜ ਮਾਰ-ਮਾਰ ਕੇ ਲਾਲ ਕਰ ਦਿੱਤੇ। ਆਇਆ ਨੂੰ ਖੂਬ ਗਾਲ੍ਹਾਂ ਕੱਢੀਆਂ, ਕਮੀਨੀ ਦਾ ਮੁੰਡਾ ਮਰ ਤਾਂ ਨਹੀਂ ਸੀ ਗਿਆ, ਸੁੱਤੇ ਢੱਠੇ ਪਏ ਹੁੰਦੇ ਸੀ, ਜਦ ਆਉਂਦੀ ਸੀ, ਮੇਰੇ ਗਲ ਪਾ ਕੇ ਤੁਰ ਗਈ ਏ। ਮੀਨੂੰ ਨੂੰ ਮਹਿੰਗਾਈ ਦੀ ਹਾਏ ਤੌਬਾ ਕਰਾ ਦਿੱਤੀ, ਕਿਤਾਬ ਗੁੰਮ ਕਰ ਆਈ ਸੀ। ਬੱਚੇ ਸਿਸਕੀਆਂ ਭਰਨ ਲੱਗੇ। ਬੇਟੇ ਦੇ ਮੂੰਹ ‘ਤੇ ਜੋ ਥੱਪੜ ਪਿਆ ਪੰਜਾ ਛੱਪ ਗਿਆ।
ਬੱਚੇ ਮੇਰੇ ਤੋਂ ‘ਸੌਰੀ’ ਮੰਗ ਕੇ ਸਿਸਕੀਆਂ ਭਰਦੇ ਸੌਂ ਗਏ। ਮੈਂ ਨਾਈਟੀ ਪਾ ਲਈ। ਲੇਟੀ-ਲੇਟੀ ਮੈਂ ਫਿਰ ਉਹੀ ਖਿਆਲਾਂ ‘ਚ ਖੋ ਗਈ ਜਿੱਥੋਂ ਆਈ ਸਾਂ, ਅਚਾਨਕ ਮੇਰੇ ਕੰਨਾਂ ‘ਚ ਸਿਸਕੀਆਂ ਦੀ ਆਵਾਜ਼ ਆਈ, ਇਹ ਮੇਰੇ ਬੇਟੇ ਦੀਆਂ ਸਨ। ਮੈਂ ਬੱਤੀ ਜਗਾਈ। ਮੂੰਹ ‘ਤੇ ਉਹ ਦੇ ਅਜੇ ਵੀ ਛਾਪਾ ਲੱਗਾ ਹੋਇਆ ਸੀ। ਉਹ ਸੁੱਤਾ ਪਿਆ ਸੀ, ਪਰ ਹਉਕੇ ਨਿਕਲੀ ਜਾ ਰਹੇ ਸੀ। ਮੈਂ ਬੱਤੀ ਬੁਝਾ ਕੇ ਚਲੀ ਗਈ। ਆਪਣੇ ਕਮਰੇ ‘ਚ ਸ਼ੀਸ਼ਾ ਦੇਖਿਆ। ਪਤਾ ਨਹੀਂ ਕੀ ਹੋਇਆ, ਮੂੰਹ ‘ਚ ਆਪਣੇ -ਆਪ ਨੂੰ ਕਿਹਾ, ”ਕਾਇਰ ਔਰਤ।” ਆਪਣੀ ਗਲ ‘ਤੇ ਕਸ ਕੇ ਚਪੇੜ ਮਾਰੀ। ਇੰਨੀ ਜ਼ੋਰ ਕੀ ਕਿ ਮੂੰਹ ‘ਤੇ ਪੰਜਾ ਛੱਪ ਗਿਆ। ਨਾਈਟੀ ਬਦਲ ਕੇ ਮੈਂ ਸੂਟ ਪਾਇਆ। ਸਾਰੀ ਰਾਤ ਮੈਂ ਸੁੱਤੀ ਨਹੀਂ। ਘਰ ‘ਚ ਆਧੁਨਿਕ ਸਾਮਾਨ ਹੋਣ ਦੇ ਬਾਵਜੂਦ ਮੈਂ ‘ਸਟੋਰ’ ਜੋ ਨੌਕਰ ਦਾ ਸੀ ਆਪਣੇ ਘਰ ਮਿਲਣ ਗਿਆ ਹੋਇਆ ਸੀ, ਅੰਗੀਠੀ, ਗੋਹੇ, ਕੁਝ ਲੱਕੜੀਆਂ ਤੇ ਕੋਲੇ ਕੱਢੇ। ਸਵੇਰੇ ਪੰਜ ਵਜੇ ਮੈਂ ਅੰਗੀਠੀ ਭਖਾਈ। ਬੱਚਿਆਂ ਨੂੰ ਉਠਾਇਆ, ਉਹ ਡਰ ਗਏ, ਪਤਾ ਨਹੀਂ ਹੁਣ ਚੁੜੇਲ ਮੈਂ ਕੀ ਹਾਲ ਕਰਾਂਗੀ। ਕਹਿਣ ਲੱਗੇ ‘ਮੰਮੀ ਆਇਆ ਨਹੀਂ ਆਈ, ਅਸੀਂ ਆਪ ਤਿਆਰ ਹੋ ਜਾਵਾਂਗੇ।”
ਆਇਆ ਤਾਂ ਆਈ ਸੀ ਉਹ ਨੂੰ ਮੈਂ ਭੇਜ ਛੱਡਿਆ ਸੀ। ਉਹ ਵੀ ਮੇਰੀ ਕਾਇਰ ਔਰਤ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਜਦ ਮੈਂ ਕਿਹਾ ਜਾਹ ਤੇਰਾ ਮੁੰਡਾ ਠੀਕ ਨਹੀਂ। ਕਿੰਨੀ ਦੇਰ ਤਾਂ ਮੈਨੂੰ ਇਉਂ ਤੱਕਦੀ ਰਹੀ ਜਿੱਦਾਂ ਮੈਂ ਕੋਈ ਹੋਰ ਹੋਵਾਂ। ਇਹ ਤਾਂ ਸ਼ੁੱਕਰ ਏ ਕੱਲ੍ਹ ਉਹ ਬੱਚੇ ਛੱਡ ਕੇ ਚਲੇ ਗਈ ਸੀ ਨਹੀਂ ਤਾਂ ਮੈਨੂੰ ਕਿੱਦਾਂ ਪਤਾ ਲੱਗਦਾ ਮੈਂ ਝੂਠੀ ਜਿਹੀ ਸ਼ੌਹਰਤ ਦੇ ਪਿੱਛੇ ਘਰ ਤੋਂ ਕਿੰਨੀ ਦੂਰ ਚਲੀ ਗਈ ਸਾਂ। ਖੈਰ ਮੈਂ ਬੱਚਿਆਂ ਦੇ ਮੂੰਹ ਚੁੰਮੇ। ਆਇਆ ਨੂੰ ਮੈਂ ਭੇਜ ਛੱਡਿਐ। ਬੱਚੇ ਮੈਨੂੰ ਸੂਟ ਪਾਈ ਇੰਜ ਦੇਖ ਰਹੇ ਸੀ ਜਿਵੇਂ ਕਿਸੇ ਅੰਗਰੇਜ਼ਣ ਨੇ ਸੂਟ ਪਾਇਆ ਹੋਵੇ।
ਉਨ੍ਹਾਂ ਨੂੰ ਨਹਾ-ਧੁਵਾ ਕੇ ਮੈਂ ਰਸੋਈ ‘ਚ ਆਪਣੇ ਕੋਲ ਬਿਠਾ ਲਿਆ। ਅੰਗੀਠੀ ‘ਤੇ ਚਾਹ-ਰੋਟੀ ਬਣਾਈ, ਜਿੱਦਾਂ ਮੇਰੀ ਮਾਂ ਮੈਨੂੰ ਤੇ ਭੈਣ-ਭਰਾਵਾਂ ਨੂੰ ਕਿਹਾ ਆਉ। ਹੁਣ ਅੱਗ ਸੇਕੀਏ। ਬੱਚਿਆਂ ਦੇ ਚਿਹਰੇ ਮੈਨੂੰ ਇੰਜ ਲੱਗ ਰਹੇ ਸੀ ਜਿਵੇਂ ਅੱਜ ਦੀ ਦੁਨੀਆਂ ‘ਚ ਆਏ ਹੋਣ। ਬੱਚਿਆਂ ਦੇ ਮੂੰਹ ਵਾਰ-ਵਾਰ ਇੰਜ ਤੱਕ ਰਹੀ ਸਾਂ ਜਿਵੇਂ ਪਹਿਲਾਂ ਕਦੇ ਉਨ੍ਹਾਂ ਨੂੰ ਵੇਖਿਆ ਹੀ ਨਾ ਹੋਵੇ। ਉਹ ਮੈਨੂੰ ਤੱਕ-ਤੱਕ ਕੇ ਰੱਜਦੇ ਜਾਂਦੇ ਸਨ। ਮੈਨੂੰ ਝੂਠੀ ਦੁਨੀਆਂ ਤੋਂ ਨਫਰਤ ਹੋ ਗਈ ਸੀ। ਮੈਨੂੰ ਕਿਸੇ ਕਦੀ ਨਹੀਂ ਸੀ ਆਖਿਆ ਤੇਰੇ ਬੱਚੇ ਵੀ ਨੇ। ਜਦ ਮੈਂ ਆਪ ਹੀ ਏਡੀ ਆਧੁਨਿਕ ਬਣੀ ਫਿਰਦੀ ਸਾਂ ਜਿਹੜੀ ਕਹਿ ਦਿੰਦੀ ਮੀਟਿੰਗ ‘ਚ ਨਹੀਂ ਆ ਸਕਾਂਗੀ ਚਲੀ ਜਾਂਦੀ, ਮੈਂ ਪਿੱਛੋਂ ਕਹਿੰਦੀ ਬਸ, ਦੇਸ਼ ਤਰੱਕੀ ਕਰ ਗਿਆ। ਇਹ ਤਾਂ ਘਰ ਜੋਗੀਆਂ ਹੀ ਨੇ। ਮੈਨੰ ਹੁਣ ਮਹਿਸੂਸ ਹੋ ਰਿਹਾ ਸੀ ਮੇਰੇ ਵਰਗੀਆਂ ਤਾਂ ਨਾ ਘਰ ਦੀਆਂ ਨਾ ਬਾਹਰ ਦੀਆਂ ਰਹਿ ਜਾਂਦੀਆਂ ਨੇ। ਬਾਹਰ ਦੀ ਇੱਜ਼ਤ ਤਾਂ ਮੈਂ ਜਾਣਦੀ ਹਾਂ ਕਿਉਂ ਹੈ। ਮਿਸਿਜ਼ ਵਰਮਾ ਦੀ ਮੈਨੂੰ ਯਾਦ ਆਈ, ਉਹਦਾ ਪਤੀ ਡਾਇਰੈਕਟਰ ਸੀ ਬੈਂਕ ਦਾ। ਜਿੱਥੇ ਉਹ ਨਹੀਂ ਸੀ ਪਹੁੰਚਦੀ ਫੋਨ ‘ਤੇ ਫੋਨ ਕਰਕੇ ਕਾਰਨ ਪਤਾ ਕੀਤਾ ਜਾਂਦਾ ਸੀ। ਐਕਸੀਡੈਂਟ ‘ਚ ਪਤੀ ਦੀ ਮੌਤ ਤੋਂ ਬਾਅਦ ਉਹੀ ਮਿਸਿਜ਼ ਵਰਮਾ ਕਿ ਉਹ ਦਾ ਕਦੇ ਅਸੀਂ ਜ਼ਿਕਰ ਤੱਕ ਨਹੀਂ ਕਰਦੇ। ਸਕੂਲ ਜਾਣ ਦਾ ਵੇਲਾ ਹੋਇਆ। ਮੈਂ ਬੱਚਿਆਂ ਦੇ ਨਾਲ ਤਿਆਰ ਹੋਈ। ਸਕੂਲ ‘ਚ ਪੜ੍ਹਾਈ ਜ਼ੋਰਾਂ ‘ਤੇ ਸੀ। ਪ੍ਰਿੰਸੀਪਲ ਦੇ ਮਨ੍ਹਾਂ ਕਰਨ ‘ਤੇ ਵੀ ਮੈਂ ਹਫ਼ਤੇ ਦੀ ਛੁੱਟੀ ਜ਼ਬਰਦਸਤੀ ਲਈ। ਘਰ ਆ ਕੇ ਬੱਚਿਆਂ ਨੂੰ ਕਿਹਾ ਕਿਤਾਬਾਂ ਸਾਂਭ ਕੇ ਰੱਖ ਦਿਉ ਆ ਕੇ ਸਿਲੇਬਸ ਪੂਰੇ ਕਰਾਂਗੇ। ਅੱਜ ਅਸੀਂ ਸ਼ਿਮਲੇ ਚੱਲਣੈ।
ਅਸੀਂ ਗੱਡੀ ‘ਤੇ ਜਾਣਾ ਸੀ। ਘਰੋਂ ਦੋ ਰਜ਼ਾਈਆਂ ਨਾਲ ਲੈ ਕੇ ਨਿਕਲੇ। ਘਰ ਅਸੀਂ ਅਲੱਗ-ਅਲੱਗ ਸੌਂਦੇ ਸਾਂ। ਦੋ ਬੱਚੇ ਇਕੱਠੇ ਸੌਂ ਜਾਂਦੇ ਤਾਂ ਕਹਿੰਦੇ ਸਾਨੂੰ ਰਜ਼ਾਈ ਅੱਡ ਦਿਉ ਉਤੋਂ ਲਹਿ ਜਾਂਦੀ ਏ। ਦੂਜੀ ਰਜ਼ਾਈ ਕੱਢਣ ਦੀ ਲੋੜ ਹੀ ਨਹੀਂ ਪਈ। ਇਕੋ ਰਜ਼ਾਈ ਵਿਚ ਇੰਨੇ ਨਿੱਘ ਨਾਲ ਚਿੰਮੜੇ ਪਏ ਸਾਂ ਕਿ ਕਿੰਨੀ ਰਜ਼ਾਈ ਅਜੇ ਵੀ ਖਾਲੀ ਪਈ ਸੀ। ਮੈਨੂੰ ਜਿੰਨਾ ਮਜ਼ਾ ਬੱਚਿਆਂ ਨੂੰ ਗਲਵੱਕੜੀ ਪਾ ਕੇ ਹੋਇਆ ਪਹਿਲਾਂ ਕਦੇ ਨਹੀਂ ਸੀ ਹੋਇਆ। ਮੈਂ ਸੋਚ ਰਹੀ ਸਾਂ ਬੱਚੇ ਕਿੰਨਾ ਨਿੱਘ ਮਹਿਸੂਸ ਕਰ ਰਹੇ ਹੋਣੇ ਐਂ, ਜਿਨ੍ਹਾਂ ਨੇ ਮਾਂ ਹੁੰਦਿਆ ਸੁੰਦਿਆਂ ਹੁਣ ਤੱਕ ਨਹੀਂ ਸੀ ਡਿੱਠੀ।
ਰਸਤੇ ‘ਚ ਅਸੀਂ ਚੁਟਕਲੇ, ਕਹਾਣੀਆਂ ਸੁਣਾਉਂਦੇ ਰਹੇ। ਜੀਅ ਕਰੇ ਰਸਤੇ ‘ਚ ਹੀ ਉਤਰ ਜਾਈਏ ਤੇ ਪਹਾੜਾਂ, ਝਰਨਿਆਂ ਕੋਲ ਬਹਿ ਕੇ ਰੱਜ ਕੇ ਗੱਲਾਂ ਕਰੀਏ, ਜਿਵੇਂ ਮੁੱਦਤਾਂ ਬਾਅਦ ਅਸੀਂ ਇਕੱਠੇ ਹੋਏ। ਸ਼ਿਮਲੇ ਪਹੁੰਚ ਕੇ ਸਵੇਰ ਤੋਂ ਸ਼ਾਮ ਤੱਕ ਅਸੀਂ ਖੂਬ ਘੁੰਮੇ। ਬੱਚਿਆਂ ‘ਤੇ ਮੈਂ ਵੱਧ-ਚੜ੍ਹ ਕੇ ਖਰਚਾ ਕੀਤਾ। ਮੈਂ ਉਹ ਔਰਤ ਜੋ ਆਪਣਾ ਘਰ ਸਾੜ ਕੇ ਪਰਾਈ ਸ਼ਾਬਾਸ਼ੀ, ਸ਼ੋਹਰਤ, ਝੂਠੀ ਖੁਸ਼ੀ ‘ਤੇ ਜ਼ਿੰਦਾ ਫਿਰਦੀ ਸਾਂ ਨੂੰ ਛੱਡ ਆਈ ਸਾਂ। ਮੇਰੇ ਧਿਆਨ ਦੀ ਲੜੀ ਟੁਟ ਗਈ ਜਦ ਬੱਚੇ ਹੱਸਦੇ-ਹੱਸਦੇ ਆਏ, ”ਮੰਮੀ, ਬੜਾ ਮਜ਼ਾ ਆਇਆ।” ਮੈਂ ਮੰਨ ‘ਚ ਕਿਹਾ ਇਹ ਦਿਨ ਏਦਾਂ ਹੀ ਰਹਿਣਗੇ। ਹਫਤੇ ਬਆਦ ਅਸੀਂ ਘਰ ਆਏ। ਮੈਂ ਤਬੀਅਤ ਢਿੱਲੀ ਰਹਿਣ ਦਾ ਬਹਾਨਾ ਕਰਕੇ ਹਰ ਥਾਂ ਬਹੁਤ ਘੱਟ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਇੰਜ ਮੈਂ ਝੁਠੀ ਦੁਨੀਆਂ ਵਿਚੋਂ ਸੱਚੇ ਨਿੱਘ, ਪਿਆਰ ਦੀ ਦੁਨੀਆਂ ਵਿਚ ਆ ਗਈ ਸਾਂ।

Tag:

ਪਿਆਰ ਦੀ ਦੁਨੀਆਂ

Tags: