ਪਹਿਲੀ ਤੋਂ ਅਗਲੀ ਝਾਕੀ

ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ ‘ਤੇ ਉਭਰਦਾ ਹੈ । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।
ਹਾਲ ਕਮਰੇ ਦੇ ਉੱਚੇ ਥੜ੍ਹੇ ‘ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ । ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ । ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ? ” ਵੱਡੀ ਆਖਦੀ ਹੈ ।ਜੀ ……..ਈ ਮਾਈ ਬਾਪ , ਹਾਂ ….ਹਾਂ ਮਾਈ ਬਾਪ । ” ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ । “ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? ” ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ । ਪਿਛਲੀ ਕੰਧ ਨੇ ਹੱਥਾਂ ‘ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ, ਬੋਲੀ ਕੁਝ ਨਹੀਂ। ਸੱਜੇ-ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ । ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ। …..ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ । ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ‘ਤੇ ਧਰੇ ਹਥਿਆਰਾਂ ਦੇ ਬੱਟ ‘ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ । ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ? ” ਵੱਡੀ ਕੁਰਸੀ ਦੇ ਚਿਹਰੇ ‘ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ। ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ । ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ । ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ । ਛੱਤ, ਹੱਸ ਛੱਡਦੀ ਹੈ । ਵੱਡੀ ਕੁਰਸੀ ਦੇ ਚਿਹਰੇ ‘ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ । ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ -ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ । ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ‘ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ……..ਦੇਖਦਾ ਰਹਿੰਦਾ ਹੈ । ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ । ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ‘ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ……..ਟਿਕੀ ਰਹਿੰਦੀ ਹੈ । ਇਹ ਕੀ ਬਕਵਾਸ ਹੈ ? ” ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ । ਫ਼ਰਸ਼ ‘ਤੇ ਕੋਈ ਅਸਰ ਨਹੀਂ ਹੁੰਦਾ । ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ‘ਵਾਹਿਯਾਤ ‘ ਫ਼ਰਸ਼ ਨੂੰ ਤਹਿਸ -ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ । ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ……..ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ। ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ‘ਤੇ ਡਿੱਗਦਾ ਹੈ। ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ । ” ਨਹੀਂ ……….ਮਾਈ-ਬਾਪ , ਸਾਡੀ ਰਾਏ………।” ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ । ਸਾਡੀ ਗੱਲ ਤਾਂ ਸੁਣ ਲਈ ਜਾਏ , ” ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ । ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ । ” ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ ………। ‘ਡਿਕਟੇਟਰ ‘ ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ‘ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ । ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ । ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ‘ਤੇ ਵਿਛਾ ਦਿੱਤਾ ਹੈ। ਵੱਡੀ ਕੁਰਸੀ ਨੇ ‘ਫ਼ਸਾਦ ਦੀ ਜੜ੍ਹ ‘ ਫ਼ਰਸ਼ ਨੂੰ ‘ਬੰਦੇ ਦਾ ਪੁੱਤ ‘ ਬਣਾਉਣ ਦਾ ਹੁਕਮ ਦਿੱਤਾ ਹੈ । ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ । ਜ਼ਖਮੀ ਹੋਏ ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।
ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ । ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ‘ਫਾਇਰ-ਦੀ-ਪੁਜ਼ੀਸਨ ‘ ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ………ਕਿ………ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ। ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ …..ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ । ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ‘ਐਕਸ਼ਨ ‘ ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ। ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।
ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ….ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ‘ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ ….ਹੱਸਣ ਵਿੱਚ ਸਫ਼ਲ ਹੁੰਦਾ ਹੈ …ਹੱਸਦਾ ਰਹਿੰਦਾ ਹੈ ….ਅਤੇ ਹੱਸਦਾ ……..ਹੀ……….ਰਹਿੰਦਾ ……..ਹੈ।….ਪਰਦਾ ॥

Tag:

ਪਹਿਲੀ ਤੋਂ ਅਗਲੀ ਝਾਕੀ

Tags: