ਦੁੱਖ

ਅੱਜ ਪੰਮੀ ਉਦਾਸ ਬੈਠਾ ਸੋਚ ਰਿਹਾ ਸੀ ”ਆਸਾਂ ਮਗਰ ਭੱਜਾ ਫਿਰਦਾ ਆਦਮੀ ਅਖੀਰ ਬੇ-ਆਸ ਹੀ ਮਰ ਜਾਂਦਾ ਹੈ। ਮੈਂ ਰਾਤਾਂ ਦੀ ਕਾਲਖ ਪੀਂਦਾ ਰਿਹਾ, ਮਾਪਿਆਂ ਦੀ ਮਿਹਨਤ ਦੀ ਕਮਾਈ ਖੁੱਲ੍ਹੇ ਦਿਲ ਰੋੜ੍ਹੀ, ਐਮ. ਏ. ਪਾਸ ਕੀਤੀ ਤੇ ਫਿਰ ਬਣਿਆ ਕੀ? ਕਲਕਰ! ਜੋ ਮੈਂ ਦਸਵੀਂ ਪਾਸ ਕਰਕੇ ਵੀ ਬਣ ਸਕਦਾ ਸਾਂ ਤੇ ਹੁਣ ਤਾਈਂ ਛੇ ਸਾਲ ਦਾ ਤਜਰਬਾ ਵੀ ਹੋ ਜਾਣਾ ਸੀ। ਲੈਕਚਰਾਰ ਬਣਨ ਲਈ ਕਿੰਨੀ ਦੌੜ-ਭੱਜ ਕੀਤੀ ਪਰ ਨੌਕਰੀ ਨਾ ਮਿਲੀ! ਮੈਂ ਤਾਂ ਐਮ. ਏ. ਪੰਜਾਬੀ ਹੀ ਕੀਤੀ ਸੀ ਜੇ ਕਿਧਰੇ ਐਮ. ਏ. ਸਿਫਾਰਸ ਨਾਲ ਕਰ ਲੈਂਦਾ ਦਾ ਜ਼ਰੂਰ ਨੌਕਰੀ ਮਿਲ ਜਾਂਦੀ। ਹੁਣ ਚਾਰਾ ਵੀ ਕੀ ਰਹਿ ਗਿਆ ਸੀ? ਮਾਪਿਆਂ ਦੀ ਕੁਬੀ ਪਿੱਠ ਤੋਂ ਆਪਣਾ ਬੋਝ ਲਾਹੁਣ ਹਿੱਤ ਕਲਰਕੀ ਕਰਨੀ ਚੰਗੀ ਸਮਝੀ ਜਾਣੀ ਚਾਹੀਦੀ ਹੈ” ਤੇ ਉਹ ਅਤਿ ਉਦਾਸ ਮਨ ਨੂੰ ਹੋਰ ਪਾਸੇ ਲਾਉਣ ਲਈ ਬਜ਼ਾਰ ਵੱਲ ਚੱਲ ਪਿਆ।

ਦਫ਼ਤਰ ਉਸ ਦਾ ਦਿਲ ਨਾ ਲੱਗਦਾ। ਉਸਨੂੰ ਜਾਪਦਾ ਕਿ ਸਾਥੀ ਕਲਰਕਾਂ ਦਾ ਮੱਚ ਹੀ ਮਰ ਗਿਆ ਹੈ। ਉਹ ਸਵੇਰ ਤੋਂ ਸ਼ਾਮ ਤੱਕ ਫਾਈਲਾਂ ਨਾਲ ਮੱਥਾ ਮਾਰਦੇ ਰਹਿੰਦੇ ਤੇ ਸ਼ਾਮ ਨੂੰ ਘਰ ਜਾਣ ਲੱਗਿਆਂ ਵੀ ਦੋ-ਚਾਰ ਫਾਈਲਾਂ ਨਾਲ ਲੈ ਜਾਂਦੇ ਤਾਂ ਕਿ ਘਰ ਵਾਲਿਆਂ ‘ਤੇ ਰੋਹਬ ਪਾ ਸਕਣ ਕਿ ਉਨ੍ਹਾਂ ਨੂੰ ਕਿੰਨਾ ਕੰਮ ਕਰਨਾ ਪੈਂਦਾ ਹੈ। ਪੰਮੀ ਕਦੇ ਵੀ ਪੰਜ ਵਜੇ ਤੋਂ ਮਗਰੋਂ ਨਾ ਬੈਠਦਾ ਤੇ ਨਾ ਹੀ ਘਰ ਫਾਈਲਾਂ ਆਦਿ ਲੈ ਕੇ ਜਾਂਦਾ। ਕਈ ਵਾਰੀ ਉਹ ਜਦੋਂ ਅਤਿ ਉਦਾਸ ਹੁੰਦਾ ਤਾਂ ਆਪਣੇ ਮਿੱਤਰ ਕਲਰਕਾਂ ਦੇ ਘਰ ਚਲਾ ਜਾਂਦਾ। ਉਹ ਘਰ ਵੀ ਦਫ਼ਤਰ ਦੀਆਂ, ਆਪਣੀਆਂ ਕਲਰਕੀ ਸੂਝ ਦੀਆਂ, ਦਫ਼ਤਰੀ ਕੇਸਾਂ ਦੀਆਂ, ਅਫ਼ਸਰਾਂ ਦੀਆਂ ਅਤੇ ਉਨ੍ਹਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਕਰਦੇ। ਉਹ ਉਥੋਂ ਅੱਕ ਕੇ

ਤੁਰ ਪੈਂਦਾ। ਉਹ ਸੋਚਦਾ ਕਲਰਕੀ ਨਰਕ ਹੈ! ਤੇ ਮੈਂ ਨਰਕ ਵਿਚ ਬੁਰੀ ਤਰ੍ਹਾਂ ਫਸ ਗਿਆ ਹਾਂ।
ਯੂਨੀਵਰਸਿਟੀ ਵਿਚ ਪੜ੍ਹਦਿਆਂ ਸਭ ਤੋਂ ਵੱਧ ਸਾਂਝ ਤਿਪੀ ਨਾਲ ਸੀ ਤੇ ਇਹ ਸਾਂਝ ਜੀਵਨ ਪੰਧ ਕੇ ਇਕੱਠੇ ਵਿਚਰਨ ਦੇ ਵਾਅਦੇ ਤੱਕ ਪੁੱਜ ਗਈ। ਤਿਪੀ ਚੰਡੀਗੜ੍ਹ ਲੈਕਚਰਾਰ ਲੱਗ ਗਈ ਅਤੇ ਪੰਮੀ ਪਟਿਆਲੇ ਕਲਰਕ! ਕਿੰਨਾ ਅਨਿਆਂ? ਪਰ ਸੱਚਾ ਪਿਆਰ ਇਨ੍ਹਾਂ ਫਰਕਾਂ ਨੂੰ ਕੁਝ ਨਹੀਂ ਸਮਝਦਾ। ਫਿਰ ਵੀ ਪੰਮੀ ਦੇ ਮਨ ਵਿਚ ਹੀਣਭਾਵ ਜ਼ਰੂਰ ਆ ਗਿਆ ਸੀ। ਇਕ ਦਿਨ ਪੰਮੀ ਨੂੰ ਅਚਾਨਕ ਤਿਪੀ ਦੀ ਚਿੱਠੀ ਮਿਲੀ। ਬਸ ਫਿਰ ਕੀ ਸੀ। ਪੰਮੀ ਨੂੰ ਨਸ਼ਾ ਚੜ੍ਹ ਗਿਆ। ਲਿਖਿਆ ਸੀ ਕਿ ਪੰਮੀ ਤੁਸੀਂ ਮੇਰੇ ਪਾਸ ਦੋ ਛੁਟੀਆਂ ਲੈ ਕੇ ਆ ਜਾਓ, ਕਿਉਂਕਿ ਮੈਂ ਦੋ ਦਿਨ ਬਿਲਕੁਲ ਵਿਹਲੀ ਹਾਂ। ਆਪਾਂ ਪੰਜੌਰ ਗਾਰਡਨ ਚਲਾਂਗੇ ਤੇ ਸਾਰਾ ਦਿਨ ਮੁਸਾਫਰਾਂ ਵਾਂਗੂ ਸਾਰਾ ਦਿਨ ਖੂਬ ਘੁੰਮਾਂਗੇ। ਪੰਮੀ ਸਵੇਰੇ ਦਫ਼ਤਰ ਪੁੱਜਾ। ਕੰਮ ਕਾਰ ਕਰਦਾ ਰਿਹਾ ਤੇ ਨਾਲ ਹੀ ਸੋਚ ਰਿਹਾ ਸੀ ਕਿ ਅੱਜ ਛੁੱਟੀ ਲੈ ਲਵਾਂਗਾ ਤੇ ਸਵੇਰੇ ਪਹਿਲੀ ਬੱਸ ਚੰਡੀਗੜ੍ਹ ਚਲੇ ਜਾਵਾਂਗਾ। ਉਸਨੇ ਅਰਜ਼ੀ ਲਿਖੀ ਤੇ ਆਪਣੇ ਸਾਹਿਬ ਦੇ ਕਮਰੇ ਵਿਚ ਚਲਾ ਗਿਆ। ਉਹ ਐਨਕਾਂ ਲਾਈ ਫਾਈਲ ਕਵਰ ਵਿਚ ਲਕੋਈ ਕੋਈ ਨੰਗੀਆਂ ਤਸਵੀਰਾਂ ਵਾਲਾ ਮੈਗਜ਼ੀਨ ਦੇਖ ਰਿਹਾ ਸੀ। ਪੰਮੀ ਨੂੰ ਦੇਖ ਕੇ ਉਸਨੇ ਝੱਟ ਉਹ ਬੰਦ ਕਰ ਦਿੱਤਾ।
”ਹਾਂ ਕੀ ਗੱਲ ਹੈ?” ਰੁੱਖੇ ਜਿਹੇ ਲਹਿਜੇ ਵਿਚ ਬੋਲਿਆ। ਜੀ ਦੋ ਦਿਨਾਂ ਦੀ ਛੁੱਟੀ ਚਾਹੀਦੀ ਹੈ।”ਕੀ ਆਖਿਆ ਛੁੱਟੀ ਚਾਹੀਦੀ ਹੈ? ਕੱਲ੍ਹ ਅਜੇ ਤੂੰ ਨੌਕਰੀ ਤੇ ਆਇਆਂ ਹੈਂ ਤੇ ਅੱਜ ਛੁਟੀਆਂ ਵੀ ਮੰਗਣ ਲੱਗ ਪਿਆ ਹੈ। ਇਉਂ ਕੰਮ ਕਿਵੇਂ ਚੱਲੂ। ਕੋਈ ਛੁੱਟੀ ਨਹੀਂ ਮਿਲਣੀ ਜਾ ਕੇ ਕੰਮ ਕਰ।” ”ਜੀ ਬੜਾ ਜ਼ਰੂਰੀ ਕੰਮ ਹੈ।” ਦਫਤਰ ਦੇ ਕੰਮ ਨਾਲੋਂ ਕੋਈ ਕੰਮ ਜ਼ਰੂਰੀ ਨਹੀਂ।” ”ਮੈਂ ਆਪ ਨੂੰ ਬੇਨਤੀ ਕਰਦਾ ਹਾਂ ਜੀ। ਕਿਰਪਾ ਕਰਕੇ ਛੁੱਟੀ ਦੇ ਦਿਓ। ਬੜਾ ਹੀ ਜ਼ਰੂਰੀ ਕੰਮ ਹੈ। ਮੈਂ ਬਿਨਾਂ ਤਨਖਾਹ ਤੋਂ ਵੀ ਛੁੱਟੀ ਲੈਣ ਨੂੰ ਤਿਆਰ ਹਾਂ।” ਇਕ ਵਾਰੀ ਜੁ ਆਖ ਦਿੱਤਾ ਹੈ ਕੋਈ ਛੁੱਟੀ ਨਹੀਂ ਮਿਲਣੀ। ਚੁੱਪ ਕਰਕੇ ਸੀਟ ‘ਤੇ ਜਾ ਕੇ ਕੰਮ ਸ਼ੁਰੂ ਕਰ ਦਿਓ। ਹਾਂ ਦੇਖ ਜੇ ਘਰੋਂ ਛੁੱਟੀ ਭੇਜੀ ਤਾਂ ਰਿਜ਼ਲਟ ਬੜਾ ਬੁਰਾ ਹੋਵੇਗਾ। ਸਸਪੇਂਡ ਕਰਵਾ ਦਿਆਂਗਾ। ਆ ਜਾਂਦੇ ਨੇ ਮੂੰਹ ਚੁੱਕ ਕੇ। ਸਾਰਾ ਦਿਨ ਸਿਵਾਏ ਗੱਲਾਂ ਕਰਕੇ ਹੋਰ ਕੋਈ ਕੰਮ ਨਹੀਂ ਕਰਦੇ। ਸਰਕਾਰ ਨੂੰ ਚਾਹੀਦਾ ਹੈ ਕਿ ਐਮ. ਏ. ਪਾਸਾਂ ਨੂੰ ਕਦੇ ਵੀ ਕਲਰਕ ਨਾ ਲਾਉਣ, ਸਗੋਂ ਇਨ੍ਹਾਂ ਨੂੰ ਭੁੱਖੇ ਹੀ ਮਰਨ ਦੇਣ ਤਾਂ ਜੋ ਮਾੜੀ-ਮੋਟੀ ਅਕਲ ਆ ਜਾਵੇ। ਇਹ ਲੋਕ ਦੇਸ਼ ਦਾ ਭੱਠਾ ਬਿਠਾ ਕੇ ਹੀ ਸਾਹ ਲੈਣਗੇ। ਜਾਓ ਜਾ ਕੇ ਕੰਮ ਕਰੋ” ਆਖ ਕੇ ਦਸਵੀਂ ਪਾਸ ਸਾਹਿਬ ਨੇ ਫਿਰ ਫਾਈਲਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ। ਪੰਮੀ ਉਦਾਸ ਪਰਤ ਆਇਆ। ਉਹ ਫਾਈਲਾਂ ਫੋਲ ਰਿਹਾ ਸੀ ਪਰ ਉਸਨੂੰ ਕੁਝ ਸਮਝ ਨਹੀਂ ਸੀ ਆ ਰਹੀ। ਉਸ ਦੇ ਕੰਨਾਂ ਵਿਚ ਸਾਹਿਬ ਦੇ ਕਹੇ ਸ਼ਬਦ ਗੂੰਜ ਰਹੇ ਸਨ ”ਸਸਪੈਂਡ ਕਰਵਾ ਦਿਆਂਗਾ” ਉਹ ਸੋਚ ਰਿਹਾ ਸੀ ਕਿ ਅਜਿਹੀ ਗੁਲਾਮੀ ਨਾਲੋਂ ਤਾਂ ਚੰਗਾ ਹੈ ਕਿ ਛੋਲਿਆਂ ਦੀ ਰੇੜੀ ਹੀ ਲਾ ਲਵੋ। ਇਨ੍ਹਾਂ ਅਨਪੜ੍ਹ ਅਫਸਰਾਂ ਨੇ ਕਦੇ ਸ਼ੈਕਸਪੀਅਰ, ਮਿਲਟਨ, ਹਾਰਡੀ, ਸ਼ੈਲੇ, ਕੀਟਸ ਆਦਿ ਦਾ ਨਾਮ ਵੀ ਨਹੀਂ ਸੁਣਿਆ ਹੋਣਾ ਪਰ ਸਾਲੇ ਰੋਅਬ ਇਉਂ ਪਾਉਂਦੇ ਹਨ ਜਿਵੇਂ ਲਾਟ ਸਾਹਿਬ ਦੇ ਬੱਚੇ ਹੋਣ। ਅਸਾਂ ਕੀ ਖੱਟਿਆ ਐਮ. ਏ. ਕਰਕੇ? ਇਨ੍ਹਾਂ ਵਹਿੰਣਾ ਵਿਚ ਪਿਆ ਸ਼ਾਮ ਨੂੰ ਘਰ ਪੁੱਜ ਗਿਆ। ਉਹ ਅਤਿਅੰਤ ਦੁੱਖੀ ਸੀ।
ਸਵੇਰੇ ਉਸ ਦਾ ਮਨ ਬੜਾ ਹੀ ਦੁਖੀ ਸੀ। ਜਿਉਂ-ਜਿਉਂ ਦਿਨ ਆਪਣਾ ਪੈਂਡਾ ਤੈਅ ਕਰ ਰਿਹਾ ਸੀ ਪੰਮੀ ਉਦਾਸ ਹੋਇਆ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਤਿਪੀ ਕਿੰਨੀ ਬੇਸਬਰੀ ਨਾਲ ਉਡੀਕ ਰਹੀ ਹੋਵੇਗੀ। ਕਿਵੇਂ ਬੀਤਣਗੀਆਂ ਉਹਦੀਆਂ ਉਡੀਕ ਦੀਆਂ ਘੜੀਆਂ। ਕਿੰਨੀ ਨਿਰਾਸ਼ ਹੋਵੇਗੀ। ਫਿਰ ਮੈਨੂੰ ਬੁਰਾ ਭਲਾ ਆਖੇਗੀ। ਖਬਰੇ ਕਿੰਨੀਆਂ ਗਾਲ੍ਹਾਂ ਹੀ ਕੱਢਦੀ ਹੋਵੇਗੀ ਕਿ ਆਇਆ ਹੀ ਨਹੀਂ।
ਦੋ ਦਿਨ ਬਾਅਦ ਪੰਮੀ ਨੂੰ ਤਿਪੀ ਦੀ ਚਿੱਠੀ ਮਿਲ ਗਈ। ਕਹਿਰਾਂ ਦਾ ਗਿਲਾ ਤੇ ਗੁੱਸਾ ਭਰਿਆ ਪਿਆ ਸੀ ਉਹਦੇ ਸ਼ਬਦਾਂ ਵਿਚ। ਲਿਖਿਆ ਸੀ ”ਪੰਮੀ ਮੈਂ ਸਵੇਰੇ ਨੌ ਵਜੇ ਤੋਂ ਸ਼ਾਮੀਂ ਚਾਰ ਵਜੇ ਤਾਈਂ ਬੜੀ ਬੇਸਬਰੀ ਨਾਲ ਉਡੀਕਿਆ ਜੇ ਹਵਾ ਨੇ ਵੀ ਬੂਹੇ ਤੇ ਦਸਤਕ ਦਿੱਤੀ ਤਾਂ ਮੈਂ ਭੱਜ ਕੇ ਦਰਵਾਜ਼ਾ ਖੋਲ੍ਹਿਆ ਪਰ ਓਥੇ ਸਿਵਾਏ ਨਿਰਾਸ਼ਾ ਤੋਂ ਹੋਰ ਕੁਝ ਵੀ ਨਜ਼ਰੀ ਨਹੀਂ ਆਇਆ ਅਤੇ ਜੋ ਮੇਰੇ ਨਾਲ ਬੀਤੀ ਹੈ ਮੈਨੂੰ ਹੀ ਪਤਾ ਹੈ। ਕਿਸੇ ਨੂੰ ਕੀ! ਮੈਂ ਮਰਦੀ ਰਹੀ……. ਅੱਛਾ ਜੀ ਮੇਰੀ ਤੁਹਾਡੇ ਨਾਲ ਪੂਰੀ ਨਾਰਾਜ਼ਗੀ ਹੈ। ਮੈਂ ਕਦੇ ਵੀ ਤੁਹਾਡੇ ਨਾਲ ਨਹੀਂ ਜੇ ਬੋਲਣਾ। ਤੁਸਾਂ ਮੈਨੂੰ ਬੜਾ ਹੀ ਦੁੱਖੀ ਕੀਤਾ ਹੈ। ਅੱਜ ਤਾਂ ਮੇਰੀ ਆਤਮਾ ਵੀ ਦੁੱਖੀ ਹੈ” ਤੇ ਹੋਰ ਕਿੰਨਾ ਕੁਝ ਲਿਖਿਆ ਹੋਇਆ ਸੀ। ਪੰਮੀ ਸੋਚ ਰਿਹਾ ਸੀ ਵਾਕਿਆ ਹੀ ਉਹ ਦੁੱਖੀ ਹੈ। ਪੰਮੀ ਤਿਪੀ ਦੀ ਚਿੱਠੀ ਲਈ ਵਿਹੜੇ ਵਿਚ ਬੈਠਾ ਨਿਪਤਰੇ ਰੁੱਖ ਵੱਲ ਦੇਖ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਕੀ ਜਵਾਬ ਲਿਖਾਂ? ਕੁਝ ਸੁੱਝ ਨਹੀਂ ਸੀ ਰਿਹਾ। ”ਸਰਦਾਰ ਜੀ ਸਾਸਰੀ ਕਾਲ” ਇਕ ਅੱਸੀ ਕੁ ਸਾਲ ਦੇ ਕੁੱਬੇ ਕਲੀਗਰ ਬਜ਼ੁਰਗ ਨੇ ਆਪਣੀ ਕੰਬਦੀ ਆਵਾਜ਼ ਵਿਚ ਪੰਮੀ ਨੂੰ ਬੁਲਾਇਆ। ”ਬਾਬਾ ਜੀ ਕੀ ਕੰਮ ਹੈ ਦੱਸੋ? ”ਸਰਦਾਰ ਜੀ ਸਵੇਰ ਦਾ ਕੋਈ ਕੰਮ ਨਹੀਂ ਮਿਲਿਆ। ਸੋਚਿਆ ਕਿ ਆਪ ਨੂੰ ਹੀ ਪੁੱਛ ਦੇਖਾਂ ਭਾਂਡੇ ਕਲੀ ਕਰਵਾ ਲਓ।” ਪੰਮੀ ਦਾ ਮਨ ਤਰਸ ਨਾਲ ਭਰ ਗਿਆ ਤੇ ਉਸਨੇ ਬਾਬੇ ਨੂੰ ਵਿਹੜੇ ਵਿਚ ਬਿਠਾ ਲਿਆ। ਰਸੋਈ ਵਿਚ ਜਿੰਨੇ ਭਾਂਡੇ ਸਨ ਸਭ ਕਲੀ ਕਰਵਾਉਣ ਲਈ ਬਾਬੇ ਅੱਗੇ ਲਿਆ ਧਰੇ। ਬਾਬਾ ਖੁਸ਼ੀ ਨਾਲ ਮਸਤ ਹੋ ਕੇ ਕੰਮ ਕਰਨ ਦੀ ਤਿਆਰੀ ਕਰਨ ਲੱਗਾ। ਉਸ ਦਾ ਕੱਦ ਮੱਧਰਾ, ਸਰੀਰ ਨਿਰਬਲ ਤੇ ਨਿਗਾਹ ਬੜੀ ਕਮਜ਼ੋਰ ਸੀ। ਮੋਟੇ-ਮੋਟੇ ਸ਼ੀਸ਼ਿਆਂ ਵਾਲੀ ਲੱਗੀ ਐਨਕ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸੀ। ਬਾਬਾ ਰੋਗੀ ਜਾਪਦਾ ਸੀ। ਪੰਮੀ ਨੂੰ ਤਰਸ ਆਇਆ ਤੇ ਉਸਨੇ ਚਾਹ ਬਣਾ ਕੇ ਬਾਬੇ ਨੂੰ ਦਿੱਤੀ ਤੇ ਆਪ ਵੀ ਕੋਲ ਬੈਠ ਕੇ ਪੀਣ ਲੱਗਾ। ਬਾਬਾ ਵੀ ਪੰਮੀ ਨਾਲ ਖੁੱਲ੍ਹ ਗਿਆ ਤੇ ਗੱਲਾਂ ਕਰਨ ਲੱਗਾ। ਬਾਬਾ ਆਪਣੀ ਵਿੱਥਿਆ ਸੁਣਾ ਰਿਹਾ ਸੀ ”ਸਰਦਾਰ ਜੀ ਅਸੀਂ ਪਰਿਵਾਰ ਸਮੇਤ ਲਾਹੌਰ ਰਹਿੰਦੇ ਸਾਂ। ਮੇਰੀ ਉਥੇ ਸਬਜ਼ੀ ਦੀ ਚੰਗੀ ਦੁਕਾਨ ਸੀ। ਮੇਰੇ ਚਾਰ ਪੁੱਤ ਸਨ ਤੇ ਦੋ ਧੀਆਂ। ਮਿਰਗੀ ਪਏ ਇ੍ਹਨਾਂ ਲੀਡਰਾਂ ਨੂੰ। ਦੇਸ਼ ਵੰਡਿਆ ਗਿਆ। ਭੱਜ-ਦੌੜ ਸ਼ੁਰੂ ਹੋ ਗਈ। ਮੁਸਲਿਆਂ ਨੇ ਮੇਰੀਆਂ ਧੀਆਂ ਖੋਹ ਲਈਆਂ ਤੇ ਲੈ ਗਏ। ਮੇਰੇ ਤਿੰਨ ਪੁੱਤਰਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅਸੀਂ ਬੜੇ ਰੋਏ ਕੁਰਲਾਏ ਪਰ ਸਾਡੀ ਕੌਣ ਸੁਣੇ? ਅਸੀਂ ਤਰਲੇ ਕੀਤੇ ਕਿ ਸਾਨੂੰ ਵੀ ਨਾਲ ਮਾਰ ਜਾਓ। ਪਰ ਉਹ ਕਹਿੰਦੇ ਸਨਕਾਫਰੋ ਸਾਰੀ ਉਮਰ ਦੁੱਖੀ ਰਹੋਗੇ ਤੇ ਤੁਹਾਨੂੰ ਮਾਰਨ ਨਾਲੋਂ ਵੀ ਜ਼ਿਆਦਾ ਫਲ ਬਹਿਸਤਾਂ ਵਿਚ ਮਿਲੇਗਾ ਤੇ ਉਹ ਚਲੇ ਗਏ। ਸਾਡਾ ਛੋਟਾ ਮੁੰਡਾ ਜੋ ਬਾਹਰ ਗਿਆ ਹੋਇਆ ਸੀ ਵਾਪਸ ਆ ਗਿਆ। ਅਸੀਂ ਰੋਂਦੇ-ਕੁਰਲਾਂਦੇ ਕੈਂਪ ਵਿਚ ਪੁੱਜ ਗਏ। ਮੇਰੀ ਘਰ ਵਾਲੀ ਤੋਂ ਇਹ ਗਮ ਨਾ ਸਹਿਆ ਗਿਆ। ਉਹ ਕੈਂਪ ਵਿਚ ਹੀ ਮਰ ਗਈ। ਅਸੀਂ ਰੋਏ-ਕੁਰਲਾਏ ਪਰ ਰੱਬੀ ਕਹਿਰ ਸਹਿਣਾ ਹੀ ਪੈਣਾ ਸੀ। ਮੇਰਾ ਛੋਟਾ ਮੁੰਡਾ ਬੜਾ ਹੀ ਮਿਹਨਤੀ ਤੇ ਕਰਿੰਦਾ ਸੀ। ਉਹਨੇ ਪੰਜਾਬ ਆ ਕੇ ਕਲੀਗਰੀ ਦਾ ਕੰਮ ਸਿਖਿਆ ਤੇ ਫਿਰ ਰੋਜ਼ ਸ਼ਾਮ ਨੂੰ 7-8 ਰੁਪਏ ਕਮਾ ਲਿਆਉਂਦਾ। ਉਹ ਦਾ ਵਿਆਹ ਕਰ ਦਿੱਤਾ। ਨੂੰਹ ਬੜੀ ਚੰਗੀ ਨਿਕਲੀ ਉਹਨੇ ਮੇਰੀ ਪਿਓ ਨਾਲੋਂ ਵੀ ਵੱਧ ਸੇਵਾ ਕੀਤੀ। ਉਹਦੇ ਘਰ ਦੋ ਬੱਚੇ ਹੋਏ। ਸੋਚਦਾ ਸਾਂ ਪ੍ਰਭੂ ਦੀ ਮਿਹਰ ਹੈ। ਪੁਰਾਣਾ ਦੁੱਖ ਭੁੱਲਦਾ ਜਾ ਰਿਹਾ ਸੀ। ਅਸੀਂ ਨਵਾਂ ਜੀਵਨ ਸ਼ੁਰੂ ਕਰ ਦਿੱਤਾ ਸੀ। ਅਸੀਂ ਸਾਰਾ ਦਿਨ ਰੱਬ ਦਾ ਸ਼ੁਕਰ ਕਰਦੇ ਰਹਿੰਦੇ ਸਾਂ।”
”ਸਰਦਾਰ ਜੀ ਕਿਸਮਤ ਬੜੀ ਮਾੜੀ ਸ਼ੈ ਆ” ਤੇ ਬਾਬੇ ਨੇ ਇਕ ਲੰਮਾ ਹੌਕਾ ਲਿਆ ਤੇ ਫਿਰ ਆਖਣ ਲਗਾ ”ਇਕ ਸ਼ਾਮ ਮੁੰਡਾ ਕੰਮ ਕਰਕੇ ਵਾਪਸ ਆ ਰਿਹਾ ਸੀ ਕਿ ਇਕ ਕਾਰ ਉਹ ਦੇ ‘ਤੇ ਆ ਚੜ੍ਹੀ। ਉਹ ਸਦਾ ਲਈ ਸੌ ਗਿਆ।” ..ਤੇ ਇਹ ਆਖਦਿਆਂ ਬਾਬੇ ਦੀਆ ਕਮਜ਼ੋਰ ਅੱਖਾਂ ‘ਚੋਂ ਅਥਰੂ ਵਹਿ ਤੁਰੇ। ਬਾਬਾ ਕਿੰਨਾ ਚਿਰ ਰੋਂਦਾ ਰਿਹਾ। ਪੰਮੀ ਦੀ ਆਤਮਾ ਵਲੂੰਧਰੀ ਗਈ ਸੀ। ਬਾਬੇ ਨੇ ਐਨਕਾਂ ਲਾਹ ਕੇ ਅੱਖਾਂ ਪੂੰਝੀਆਂ ਤੇ ਫਿਰ ਆਖਣ ਲੱਗਾ ”ਸਰਦਾਰ ਜੀ ਕੀ ਹੋ ਸਕਦਾ ਸੀ। ਉਹ ਸਾਨੂੰ ਇੱਕਲਿਆਂ ਨੂੰ ਛੱਡ ਕੇ ਤੁਰ ਗਿਆ। ਦੁਨੀਆਂ ਵਿਚ ਆਮ ਹੁੰਦਾ ਹੈ ਕਿ ਵੱਡੇ ਆਪਣੀ ਰਾਸ ਪੂੰਜੀ ਆਪਣੇ ਵਾਰਸਾਂ ਨੂੰ ਸੌਂਪ ਕੇ ਜਾਂਦੇ ਹਨ ਪਰ ਮੇਰੇ ਨਾਲ ਉਲਟ ਹੋਇਆ। ਇਹ ਕਲੀ ਕਰਨ ਦਾ ਸਮਾਨ, ਇਹ ਕਲੀ ਦਾ ਡੱਬਾ, ਨੌਸ਼ਾਦਰ ਦੀ ਸ਼ੀਸ਼ੀ, ਇਹ ਧੌਕਣੀ ਆਦਿ ਸਭ ਉਹ ਜਾਣ ਲੱਗਾ ਮੈਨੂੰ ਦੇ ਗਿਆ ਸੀ। ਹੁਣ 80 ਵਰ੍ਹਿਆਂ ਦੀ ਉਮਰ ਵਿਚ ਮੈਂ ਮਸੀਂ ਤੁਰਦਾ-ਫਿਰਦਾ ਹਾਂ ਪਰ ਬੱਚੇ ਛੋਟੇ ਜਿਹੇ ਨੇ ਸਰਦਾਰ ਜੀ। ਵਿਧਵਾ ਨੂੰਹ ਵੀ ਸਿਲਾਈ ਸਿੱਖ ਰਹੀ ਹੈ ਪਰ ਅਜੇ ਤਾਂ ਮੈਨੂੰ ਹੀ ਗੁਜ਼ਾਰਾ ਤੋਰਨ ਲਈ ਕੰਮ ਕਰਨਾ ਪੈਂਦਾ ਹੈ। ਸ਼ਾਮ ਤਾਂਈਂ ਦੋ ਤਿੰਨ ਰੁਪਏ ਦਾ ਕੰਮ ਮਸੀਂ ਮਿਲਦਾ ਹੈ।” ਇੰਨੇ ਚਿਰ ਵਿਚ ਬਾਬੇ ਨੇ ਭਾਂਡੇ ਕਲੀ ਕਰ ਦਿੱਤੇ ਸਨ ਅਤੇ ਜਾਣ ਲਈ ਤਿਆਰ ਸੀ। ਪੰਮੀ ਬਾਬੇ ਨੂੰ ਮੂੰਹ ਮੰਗੇ ਪੈਸੇ ਦੇ ਦਿੱਤੇ। ਜਾਪਦਾ ਸੀ ਬਾਬੇ ਦਾ ਮਨ ਕਾਫੀ ਹਲਕਾ ਹੋ ਗਿਆ ਸੀ। ਅਖੀਰ ”ਸਾਸਰੀਕਲ” ਬੁਲਾ ਕੇ ਬਾਬਾ ਚਲਾ ਗਿਆ ਪਰ ਪੰਮੀ ਦਾ ਮਨ ਭਰਿਆ ਪਿਆ ਸੀ। ਪੰਮੀ ਨੇ ਲੈਟਰ ਪੇਡ ਚੁੱਕਿਆ ਤੇ ਤਿਪੀ ਨੂੰ ਸਿਰਫ ਇਨਾਂ ਹੀ ਲਿਖ ਭੇਜਿਆ : ਤੂਨੇ ਦੇਖੀ ਹੀ ਨਹੀਂ ਗਰਮੀ-ਏ ਰੁਖਸਾਰ-ਏ ਹਯਾਤ, ਹਮ ਨੇ ਇਸ ਆਗ ਮੇਂ ਜਲਤੇ ਹੁਏ ਦਿਲ ਦੇਖੇ ਹੈਂ।

Tag:

ਦੁੱਖ

Tags: