ਪੀਚੋ- ਬੱਕਰੀ

ਮਾਂ ਵਿਹੜੇ ਜੁੜੀਆਂ
ਪੀਚੋ-ਬੱਕਰੀ
ਖੇਡਣ ਕੁੜੀਆਂ

ਪੰਜਾਬ ਦੀਆਂ ਪੁਰਾਤਨ ਖੇਡਾਂ ‘ਚ ਕੁੜੀਆਂ ਦੀ ਇਹ ਹਰਮਨ ਪਿਆਰੀ ਖੇਡ ਸੀ। ਇਹ ਖੇਡ ਕਈ ਨਾਵਾਂ ਨਾਲ਼ ਜਾਣੀ ਜਾਂਦੀ ਸੀ। ਕਿਸੇ ਇਲਾਕੇ ‘ਚ ਪੀਚੋ ਬੱਕਰੀ, ਕਿਤੇ ਡੀਟੀ ਪਾੜਾ,ਸਮੁੰਦਰ ਪੱਟੜਾ, ਜਾਂ ਫਿਰ ਕਿਤੇ ਸਟਾਪੂ ਕਿਹਾ ਜਾਂਦਾ। ਅਕਸਰ ਕੁੜੀਆਂ ਦਾ ਖੇਡ ਮੈਦਾਨ ਕਿਸੇ ਨਾ ਕਿਸੇ ਕੁੜੀ ਦੇ ਘਰ ਦਾ ਵਿਹੜਾ ਹੀ ਹੁੰਦਾ।ਇਹ ਖੇਡ ਐਵੇਂ ਅਟੇ ਸਟੇ ਨਹੀਂ ਖੇਡੀ ਜਾਂਦੀ ਸੀ। ਇਸ ਵਿੱਚ ਵੀ ਨਿਸਚਿਤ ਨਿਯਮਾਂ ਦੀ ਪਾਲਣਾ ਹੁੰਦੀ । ਜ਼ਮੀਨ ਉੱਤੇ ਵਾਹੇ ਗਏ ਭਿੰਨ-ਭਿੰਨ ਪ੍ਰਕਾਰ ਦੇ ਆਕਾਰਾਂ ਵਿੱਚ ਖੇਡੀ ਜਾਂਦੀ ਸੀ ਇਹ ਖੇਡ । ਵੱਡੇ ਚੌਰਸ ਖਾਨੇ ਨੂੰ ਇਕੋ ਜਿਹੇ ਅੱਠ ਜਾਂ ਦਸ ਭਾਗਾਂ ‘ਚ ਵੰਡ ਕੇ ਪਾੜਾ ਵਾਹ ਲੈਣਾ। ਡੀਟੀ(ਠੀਕਰੀ) ਟੁੱਟੇ ਘੜੇ ਦੀ ਠੀਕਰ ਦੀ ਬਣਾਈ ਜਾਂਦੀ। ਸਭ ਤੋਂ ਪਹਿਲਾਂ ਇੱਕ-ਦੂਜੇ ਦਾ ਹੱਥ ਫੜ ਪੁੱਗਦੇ। ਕਈ ਵਾਰ ਮਿੱਕਣ ਲਈ

” ਈਂਗਣ-ਮੀਂਗਣ….” ਕਹਿੰਦੇ।
ਈਂਗਣ-ਮੀਂਗਣ ਤਲੀ ਤਲੀਂਗਣ
ਤਾਰਾ ਮੀਰਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ
ਪੱਤਾਂ ਵਾਲ਼ੇ ਘੋੜੇ ਆਏ
ਹੱਥ ਕਤਾੜੀ, ਪੈਰ ਕਤਾੜੀ
ਨਿਕਣ ਵਾਲਿ਼ਆ ਤੇਰੀ ਵਾਰੀ

ਖੇਡਣ ਲਈ ਡੀਟੀ ਨੂੰ ਪਹਿਲੇ ਖਾਨੇ ‘ਚ ਸੁਟਿਆ ਜਾਂਦਾ। ਫਿਰ ਇੱਕ ਪੈਰ ਨਾਲ਼ ਠੋਕਰ ਮਾਰ ਕੇ ਪੂਰੇ ਪਾੜੇ ‘ਚੋਂ ਪਾਰ  ਲੰਘਾਇਆ ਜਾਂਦਾ। ਮੁੜ ਤੋਂ ਡੀਟੀ ਦੂਜੇ ਖਾਨੇ ‘ਚ ਸੁੱਟੀ ਜਾਂਦੀ। ਇਸ ਤਰਾਂ ਸਾਰੇ ਖਾਨਿਆਂ ‘ਚ ਵਾਰੋ-ਵਾਰੀ ਡੀਟੀ ਸੁੱਟ ਅਖੀਰ ‘ਚ ਖਾਨਾ ਡੁੱਕਣ ਦੀ ਵਾਰੀ ਆਉਂਦੀ।ਡੁੱਕੇ ਖਾਨੇ ਵਿੱਚ ਖਿਡਾਰੀ ਖੇਡ ਸਮੇਂ ਆਵਦੇ ਦੋਨੋਂ ਪੈਰ ਟਿਕਾ ਸਕਦਾ ਸੀ ( ਬਿੰਦ ਦਮ ਲੈਣ ਲਈ) । ਇੱਕ ਖਿਡਾਰੀ ਵਲੋਂ ਡੁੱਕੇ ਖਾਨੇ ਨੂੰ ਦੂਜੇ ਖਿਡਾਰੀ ਨੂੰ ਛਾਲ਼ ਮਾਰ ਟੱਪ ਕੇ ਪਾਰ ਕਰਨਾ ਪੈਂਦਾ।
ਜੇ ਖੇਡਦਿਆਂ ਡੀਟੀ ਵਾਹੀ ਲਕੀਰ ‘ਤੇ ਟਿਕ ਜਾਣੀ ਤਾਂ ਮਿੱਤ ( ਵਾਰੀ) ਦੂਜੇ ਖਿਡਾਰੀ ਦੀ ਆ ਜਾਣੀ।

http://www.youtube.com/watch?v=BdzMLijhXf0

ਪੀਚੋ ਬੱਕਰੀ

Tags: