ਇਸ ਮੌਸਮ ਵਿੱਚ ਵਾਲਾਂ ਦੀਆਂ ਸਮੱਸਿਆਵਾਂ ਜ਼ਿਆਦਾ ਹੋ ਜਾਂਦੀਆਂ ਹਨ। ਜਿਵੇਂ ਸਿਕਰੀ, ਖੁਸ਼ਕੀ, ਰੁੱਖਾਪਨ, ਥਿੰਦੇ ਵਾਲ ਅਤੇ ਵਾਲਾਂ ਦਾ ਝੜਨਾ ਵਰਗੀਆਂ ਅਨੇਕਾਂ ਹੀ ਸਮੱਸਿਆਵਾਂ ਆਉਂਦੀਆਂ ਹਨ। ਸਰਦੀਆਂ ਵਿੱਚ ਵਾਲਾਂ ਦੀ ਸਭ ਤੋਂ ਵੱਡੀ ਸਮੱਸਿਆ ਖੁਸ਼ਕੀ ਹੀ ਹੁੰਦੀ ਹੈ। ਇਸ ਸਮੱਸਿਆ ਨਾਲ ਕੇਵਲ ਲੜਕੀਆਂ ਹੀ ਨਹੀਂ, ਬਲਕਿ ਲੜਕੇ ਵੀ ਪ੍ਰੇਸ਼ਾਨ ਹੁੰਦੇ ਹਨ। ਖ਼ੂਨ ਦੀ ਰਕਤਚਾਪ ਘੱਟ ਹੋਣ ਕਾਰਨ ਵਾਲਾਂ ਦਾ ਸਹੀ ਪੋਸ਼ਣ ਨਹੀਂ ਹੋ ਪਾਉਂਦਾ, ਜਿਸ ਕਾਰਨ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗ ਜਾਂਦੇ ਹਨ। ਨਾਲ ਹੀ ਇਸ ਮੌਸਮ ਵਿੱਚ ਵਾਲਾਂ ਦੇ ਹੇਠਾਂ ਦੀ ਚਮੜੀ ਦੇ ਤੇਲ ਦੇ ਗਲੈਂਡ ਬੰਦ ਹੋ ਜਾਂਦੇ ਹਨ। ਇਸ ਨਾਲ ਫੰਗਲ ਇਨਫੈਕਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਇਨਫੈਕਸ਼ਨ ਤੋਂ ਨਿਕਲਣ ਵਾਲੀ ਲੇਅਰ ਨੂੰ ਹੀ ਡੈਂਡਰਫ (ਸਿਕਰੀ) ਕਿਹਾ ਜਾਂਦਾ ਹੈ।
ਸਿਹਤਮੰਦ ਭੋਜਨ ਅਤੇ ਸਫ਼ਾਈ-ਵਾਲਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਜ਼ਿਆਦਾ ਫਾਸਟ ਫੂਡ ਦੀ ਵਰਤੋਂ ਕਰਦੀ ਹੈ, ਇਸੇ ਲਈ ਵਾਲਾਂ ਦੀਆਂ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਹ ਸਮੱਸਿਆਵਾਂ 2 ਕਾਰਨਾਂ ਕਰ ਕੇ ਜ਼ਿਆਦਾ ਹੁੰਦੀਆਂ ਹਨ-ਪਹਿਲੀ ਵਾਲਾਂ ਦੀ ਸਫਾਈ ਸਹੀ ਢੰਗ ਨਾਲ ਨਾ ਕਰਨ ਕਰ ਕੇ ਤੇ ਦੂਜਾ ਸੰਤੁਲਿਤ ਖਾਣਾ ਨਾ ਖਾਣ ਕਰ ਕੇ। ਜਦੋਂ ਵੀ ਮੌਸਮ ਬਦਲੇਗਾ, ਇਹ ਸਮੱਸਿਆਵਾਂ ਤਾਂ ਆਉਣਗੀਆਂ ਹੀ।