ਜ਼ਿੰਦਗੀ ਦੇ ਬਣੇ ਬਣਾਏ ਰਸਤਿਆਂ ‘ਤੇ ਤੁਰਨਾ ਸੌਖਾ ਹੁੰਦਾ ਏ। ਨਵੇਂ ਰਸਤੇ ਬਣਾ ਕੇ ਤੁਰਨਾ ਔਖਾ ਹੁੰਦਾ ਏ। ਹਰ ਕੋਈ ਇਹ ਨਵੇਂ ਰਸਤੇ ਨਹੀਂ ਬਣਾ ਸਕਦਾ। ਇਹ ਕੰਮ ਉਹੀ ਇਨਸਾਨ ਕਰ ਸਕਦਾ ਹੈ ਜਿਸ ਵਿਚ ਕੁਝ ਨਵਾਂ ਕਰਨ ਦਾ ਜ਼ਜਬਾ ਤੇ ਜਨੂੰਨ ਹੋਵੇ। ਹੌਂਸਲਾ, ਹਿੰਮਤ ਤੇ ਧੀਰਜ ਹੋਵੇ। ਕਾਬਲੀਅਤ ਤੋਂ ਕੁਝ ਵੀ ਨਵਾਂ ਸਿਰਜਿਆ ਨਹੀਂ ਜਾ ਸਕਦਾ। ਨਕਲ ਕਰਨੀ ਸੌਖੀ ਹੁੰਦੀ ਏ। ਇਹਦੇ ਵਾਸਤੇ ਖਾਸ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਜ਼ਿਆਦਾ ਦਿਮਾਗੀ ਸ਼ਕਤੀ ਵਰਤਣ ਦੀ।
ਕੁਝ ਨਵਾਂ ਤੇ ਮੌਲਿਕ ਸਿਰਜਣ ਲਈ ਅਥਾਹ ਦਿਮਾਗੀ ਤਾਕਤ ਦੇ ਨਾਲ ਨਾਲ ਸਰੀਰਕ ਬਲ ਤੇ ਮਾਨਸਿਕ ਦ੍ਰਿੜਤਾ ਦੀ ਵਰਤੋਂ ਕਰਨੀ ਪੈਂਦੀ ਹੈ। ਇਤਿਹਾਸ ਰਚਣ ਤੋਂ ਇਤਿਹਾਸ ਬਣਾਉਣ ਵਾਲਿਆਂ ਵਿਚ ਇਹ ਗੁਣ ਮੌਜੂਦ ਹੁੰਦੇ ਹਨ।
ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਬਿਨਾਂ ਜਜ਼ਬੇ, ਜਨੂੰਨ, ਲਗਨ, ਧੀਰਜ ਤੇ ਮਿਹਨਤ ਤੋਂ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਨਵੇਂ, ਮਿਆਰੀ, ਵਧੀਆ ਤੇ ਆਦਰਸ਼ਨਾਤਮਿਕ ਰਸਤੇ ਨਹੀਂ ਬਣਾਏ ਜਾ ਸਕਦੇ ਤੇ ਇਨ੍ਹਾਂ ਰਸਤਿਆਂ ਉਪਰ ਤੁਰਨ ਦੀ ਜਾਚ ਵੀ ਆਉਣੀ ਚਾਹੀਦੀ ਹੈ। ਬਣੇ ਬਣਾਏ ਰਾਹਾਂ ਉਪਰ ਵੀ ਹਰ ਕੋਈ ਚੰਗੀ ਤਰ੍ਹਾਂ ਨਹੀਂ ਤੁਰ ਸਕਦਾ। ਚੰਗੀ ਤਰ੍ਹਾਂ ਤੁਰਨਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਇਤਿਹਾਸ ਰਚਣਾ ਤੇ ਇਤਿਹਾਸ ਬਣਾਉਣਾ, ਮੀਲ ਪੱਥਰ ਕਾਇਮ ਕਰਨੇ, ਵਾਰਾਂ ਤੇ ਮੁਹਾਵਰਿਆਂ ਦਾ ਹਿੱਸਾ ਬਣਨਾ ਹੋਰ ਗੱਲ ਹੈ। ਇਤਿਹਾਸ ਲਿਖਣਾ, ਵਾਰਾਂ ਗਾਉਣੀਆਂ, ਮੁਹਾਵਰਿਆਂ ਦੀ ਵਰਤੋਂ ਕਰਨੀ ਬਿਲਕੁਲ ਇਕ ਵੱਖਰੀ ਤਰ੍ਹਾਂ ਦੀ ਗੱਲ ਹੈ। ਬੇਸ਼ੱਕ ਕੋਈ ਵੀ ਕੰਮ ਮੁਹਾਰਤ ਤੇ ਸੁਚੱਜਤਾ ਬਗੈਰ ਕਰਨਾ ਸੌਖਾ ਨਹੀਂ ਹੁੰਦਾ। ਫਿਰ ਵੀ ਨਾਇਕ, ਸਰਦਾਰ, ਸੱਚਾ ਰਹਿਬਰ, ਰਾਹ ਦਸੇਰਾ, ਇਤਿਹਾਸਕ ਪਾਤਰ
ਬਣਨ ਲਈ ਬਹੁਤ ਘਾਲਣਾ ਘਾਲਣੀ ਪੇੈਂਦੀ ਹੈ। ਲੋਕ ਉਨ੍ਹਾਂ ਮਾਰਨ ਬੰਦਿਆਂ, ਜ਼ਿੰਦਗੀ ਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲਿਆਂ ਦੇ ਨਾਂ ਯਾਦ ਕਰਦੇ ਹਨ, ਨਾਂ ਯਾਦ ਰੱਖਦੇ ਹਨ। ਲੋਕ ਉਨ੍ਹਾਂ ਨੂੰ ਆਪਣੇ ਹਿਰਦਿਆਂ ਅੰਦਰ ਵਸਾ ਕੇ ਰੱਖਦੇ ਹਨ। ਇਹ ਕੁਝ ਹੁਣ ਸਾਡੇ ਸਮਾਜ ਨਾਲ ਹੋ ਰਿਹਾ ਹੈ। ਸਾਡੇ ਸੱਚੇ ਰਹਿਬਰਾਂ ਨੇ ਸਾਨੂੰ ਸਿੱਖਿਆ ਦਿੱਤੀ ਕਿ ਸੰਜਮ ਤੋਂ ਕੰਮ ਲੈਣਾ ਹੈ। ਹੁਣ ਬਹੁਤੇ ਲੋਕ ਸੰਜਮ ਤੋਂ ਕੰਮ ਨਹੀਂ ਲੈਂਦੇ ਤੇ ਸਮਰੱਥਾ ਤੋਂ ਵੱਧ ਹਰੇਕ ਕੰਮ ਕਰਨਾ ਚਾਹੁੰਦੇ ਹਨ ਤੇ ਦੁਖੀ ਹੁੰਦੇ ਹਨ। ਨੇਕ ਤੇ ਇਮਾਨਦਾਰਾਨਾ ਢੰਗਾਂ ਨਾਲ ਕਮਾਈ ਗਈ ਦੌਲਤ ਸੰਜਮ ਸਿਖਾਉਂਦੀ ਹੈ। ਨਜਾਇਜ਼ ਤੇ ਬੇਈਮਾਨੀ ਭਰੇ ਢੰਗਾਂ ਨਾਲ ਕਮਾਈ ਗਈ ਦੌਲਤ ਬੰਦੇ ਤੋਂ ਸੰਜਮ ਦੀ ਸੌਗਾਤ ਖੋਹ ਲੈਂਦੀ ਹੈ ਤੇ ਉਹ ਫਜ਼ੂਲ ਖਰਚ ਕਰਨ ਵਾਲਾ ਬਣਾ ਜਾਂਦਾ ਹੈ। ਇਵੇਂ ਉਹ ਕਈ ਝੰਜਟਾਂ ਵਿਚ ਫਸ ਜਾਂਦਾ ਹੈ ਤੇ ਬਾਅਦ ਵਿਚ ਪਛਤਾਉਂਦਾ ਹੈ। ਚਾਦਰ ਤੋਂ ਬਾਹਰ ਤੱਕ ਪੈਰ ਪਸਾਰਨ ਵਾਲੇ ਦਾ ਕਿਰਦਾਰ ਖਲਕਤ ਸਾਹਮਣੇ ਨੰਗਾ ਹੋ ਜਾਂਦਾ ਹੈ।
ਇਹੋ ਹਾਲ ਉਨ੍ਹਾਂ ਲੋਕਾਂ ਦਾ ਹੁੰਦਾ ਹੈ, ਜਿਹੜੇ ਸਬਰ ਸੰਤੋਖ ਤੋਂ ਕੰਮ ਨਹੀਂ ਲੈਂਦੇ। ਜਿਸ ਬੰਦੇ ਦਾ ਢਿੱਡ ਤਾਂ ਅੰਨ ਨਾਲ ਭਰਿਆ ਹੋਵੇ, ਪਰ ਉਹਦਾ ਮਨ ਸਬਰ ਸੰਤੋਖ ਤੋਂ ਸੱਖਣਾ ਹੋਵੇ, ਨੀਤ ਵੱਲੋਂ ਭੁੱਖਾ ਹੋਵੇ, ਉਹ ਕਦੇ ਵੀ ਰੱਜ ਨਹੀਂ ਸਕਦਾ। ਸੰਤੁਸ਼ਟ ਨਹੀਂ ਹੋ ਸਕਦਾ। ਉਹ ਮਾਇਆ ਇਕੱਠੀ ਕਰਨ ਲਈ ਹੋਰ (ਵਾਧੂ) ਜਾਇਦਾਦ ਬਣਾਉਣ ਲਈ ਤਰਲੋ ਮੱਛੀ ਹੋਇਆ ਰਹਿੰਦਾ ਹੈ। ਭਟਕਦਾ ਰਹਿੰਦਾ ਹੈ। ਦਿਨ ਰਾਤ ਦੌੜਿਆ ਫਿਰਦਾ ਹੈ। ਉਹ ਬੇਚੈਨ ਤੇ ਆਸ਼ਾਂਤ ਰਹਿੰਦਾ ਹੈ। ਦਰਅਸਲ ਇਹੋ ਜਿਹੇ ਬੰਦੇ ਅੰਦਰੋਂ ਢੋਲ ਵਾਂਗ ਪੋਲੇ, ਖਾਲੀ ਹੁੰਦੇ ਹਨ।
ਉਨ੍ਹਾਂ ਦੇ ਅੰਦਰ-ਬਾਹਰ ਰੌਲਾ ਹੀ ਰੌਲਾ, ਬੇਚੈਨੀ ਹੀ ਬੇਚੈਨੀ ਹੁੰਦੀ ਹੈ। ਉਹ ਸੱਚੇ ਰਾਹ ਦਸੇਰਿਆਂ ਵੱਲੋਂ ਦਰਸਾਏ ਗਏ ਤੇ ਵਿਖਾਏ ਗਏ ਰਸਤਿਆਂ ਉਪਰ ਤੁਰਨਾ ਭੁੱਲ ਜਾਂਦੇ ਹਨ ਤੇ ਸਾਰੀ ਉਮਰ ਇਕ ਤੋਂ ਦੂਸਰੀ ਭੁੱਲ ਕਰਦੇ ਤੁਰੇ ਜਾਂਦੇ ਹਨ।
ਜਿਹੜੇ ਲੋਕ ਸਬਰ ਸੰਤੋਖ ਤੋਂ ਕੰਮ ਲੈਂਦੇ ਹਨ, ਉਹ ਅੰਦਰੋਂ ਵੀ ਖੁਸ਼ ਰਹਿੰਦੇ ਹਨ ਤੇ ਬਾਹਰੋਂ ਵੀ। ਸੰਤੁਸ਼ਟੀ, ਚੈਨ, ਸਕੂਨ ਨਾਲ ਉਨ੍ਹਾਂ ਦਾ ਅੰਦਰ ਬਾਹਰ ਭਰਿਆ-ਭਰਿਆ ਰਹਿੰਦਾ ਹੈ। ਢੋਲ ਦੀ ਪੋਲ ਵਰਗੀ ਪੋਲ ਉਨ੍ਹਾਂ ਦੇ ਵਿਅਕਤੀਤਵ ਵਿਚ ਨਹੀਂ ਹੁੰਦੀ। ਉਹ ਲੰਮੀਆਂ ਤਾਣ ਕੇ ਸੁੱਖ ਦੀ ਨੀਂਦ ਸੌਂਦੇ ਹਨ। ਉਹ ਲੰਮੀਆਂ ਤਾਣ ਕੇ ਸੁੱਖ ਦੀ ਨੀਂਦ ਸੌਂਦੇ ਹਨ। ਢੋਲੇ ਗਾਉਂਦੇ ਹਨ। ਮਾਨਸਿਕ ਉਲਝਣਾਂ, ਗੁੰਝਲਾਂ ਤੇ ਤਣਾਓ ਤੋਂ ਬਚੇ ਰਹਿੰਦੇ ਹਨ।
ਸਬਰ ਸੰਤੋਖ ਤੋਂ ਕੰਮ ਲੈਣ ਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ‘ਤੇ ਹੱਥ ਰੱਖ ਕੇ ਵਿਹਲੇ ਬੈਠੇ ਰਹੀਏ। ਕੋਈ ਕੰਮ ਕਰੀਏ ਹੀ ਨਾ। ਕਿਸਮਤ ‘ਤੇ ਭਰੋਸਾ ਕਰੀਏ। ਸਾਨੂੰ ਨੇਕ ਤੇ ਠੀਕ ਰਸਤਿਆਂ ‘ਤੇ ਚੱਲ ਕੇ ਕਮਾਈ ਕਰਦੇ ਰਹਿਣਾ ਚਾਹੀਦਾ ਹੈ। ਤਾਂ ਕਿ ਅਸੀਂ ਆਪਣਾ ਤੇ ਆਪਣੇ ਪਰਿਵਾਰਕ ਜੀਆਂ ਦਾ ਜੀਵਨ ਸੁੱਖਮਈ ਤੇ ਆਨੰਦਮਈ ਬਣਾ ਸਕੀਏ। ਲੋੜਵੰਦਾਂ ਤੇ ਗਰੀਬਾਂ ਦੀ ਸਮਰੱਥਾ ਮੁਤਾਬਕ ਮਦਦ ਕਰਕੇ ਆਪਣੇ ਸਹੀ ਇਨਸਾਨ ਹੋਣ ਦਾ ਸਬੂਤ ਦੇਈਏ। ਦਸਵੰਧ ਦਾ ਮਤਲਬ ਸਿਰਫ ਧਾਰਮਿਕ ਸਥਾਨਾਂ ‘ਤੇ ਚੜ੍ਹਾਵਾ ਚੜ੍ਹਾਉਣ ਤੋਂ ਨਹੀਂ ਹੈ। ਬਹੁਤ ਸਾਰੇ ਲੋਕ ਆਪੋ ਆਪਣੇ ਖੇਤਰ ਵਿਚ ਬਹੁਤ ਜਲਦੀ ਕਾਮਯਾਬ ਹੋਣਾ ਚਾਹੁੰਦੇ ਹਨ। ਉਹ ਕਈ ਤਰ੍ਹਾਂ ਦੇ ਗਲਤ ਢੰਗ ਇਸਤੇਮਾਲ ਕਰਦੇ ਹਨ। ਹੇਰਾਫੇਰੀਆਂ, ਚਲਾਕੀਆਂ ਕਰਦੇ ਹਨ। ਤਿਕੜਮਬਾਜ਼ੀ ਤੋਂ ਕੰਮ ਲੈਂਦੇ ਹਨ। ਇਹੋ ਜਿਹੇ ਕਲਾਬਾਜ਼, ਫਨਕਾਰ, ਅਦਾਕਾਰਾ, ਕਲਮਕਾਰ, ਆਦਿ ਕਲਾ ਤੇ ਸਾਹਿਤ ਦੇ ਪਿੜਾਂ ਅੰਦਰ ਵਿਚਰਦੇ ਵੀ ਵੇਖੇ ਜਾ ਸਕਦੇ ਹਨ। ਉਹ ਕੁਝ ਸਮੇਂ ਲਈ ਆਪਣੇ ਕਲਾ ਕੌਂਸਲ ਦਾ ਚਮਕਾਰਾ, ਝਲਕਾਰਾ ਜਿਹਾ ਵਿਖਾਉਂਦੇ ਹਨ। ਭਰਮਜਾਲ ਜਿਹਾ ਸਿਰਜਦੇ ਹਨ ਤੇ ਫਿਰ ਕਿਤੇ ਅਲੋਪ ਹੋ ਜਾਂਦੇ ਹਨ।
ਧੀਰਜ, ਠਰੰਮੇ, ਸਹਿਜਤਾ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਵੀ ਕੰਮ ਬਹੁਤ ਹੌਲੀ ਹੌਲੀ ਸਹਿਜੇ ਸਹਿਜੇ ਕਰੀਏ। ਕੁਝ ਕੰਮ ਅਜਿਹੇ ਹੁੰਦੇ ਹਨ ਜਿਹੜੇ ਚੁਸਤੀ ਫੁਰਤੀ ਨਾਲ ਕਰਨ ਵਾਲੇ ਹੁੰਦੇ ਹਨ। ਹਾਦਸਿਆਂ ਵਿਚ ਗੰਭੀਰ ਫੱਟੜ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਈ ਘਰ ਉਜੜਨ ਤੋਂ ਬਚ ਸਕਦੇ ਹਨ।
ਜਿਹੜੇ ਮਹਾਨ ਲੋਕਾਂ ਨੇ ਮਨੁੱਖਤਾ ਦੇ ਭਲੇ ਲਈ ਕੰਮ ਕੀਤੇ ਹਨ, ਸੁਰਗ ਨੂੰ ਧਰਤੀ ਉਤੇ ਉਤਰਨ ਲਈ ਯਤਨ ਕੀਤੇ ਹਨ, ਸਾਨੂੰ ਉਨ੍ਹਾਂ ਦੇ ਕੰਮਾਂ ਤੇ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਯਾਦ ਰੱਖਣਾ ਚਾਹੀਦਾ ਹੈ। ਜਿਨ੍ਹਾਂ ਨੇ ਆਪਣੀ ਮੌਲਿਕ ਤੇ ਲਾਹੇਵੰਦ ਸਿਰਜਣਾ ਸ਼ਕਤੀ ਨਾਲ ਸਾਡੇ ਵਾਸਤੇ ਰਸਤੇ ਬਣਾਏ ਹਨ, ਸਾਨੂੰ ਠੀਕ ਵਾਸਤੇ ਵਿਖਾਏ ਹਨ, ਸਾਨੂੰ ਉਨ੍ਹਾਂ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ। ਮਨੁੱਖਤਾ ਦੇ ਭਲੇ ਲਈ ਸਾਨੂੰ ਯਥਾ ਸ਼ਕਤੀ ਕੰਮ ਕਰਦੇ ਰਹਿਣਾ ਚਾਹੀਦਾ ਹੈ। ਸਿਰਫ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ, ਸਿਰਫ ਆਪਣੀ ਸਫਲਤਾ ਵਾਸਤੇ ਹੀ ਅਸੀਂ ਕੰਮ ਨਾ ਕਰਦੇ ਰਹੀਏ, ਸਗੋਂ ਦੂਸਰਿਆਂ ਦਾ ਜੀਵਨ ਸੁਖਾਲਾ ਬਣਾਉਣ ਤੇ ਉਨ੍ਹਾਂ ਦੀ ਸਫਲਤਾ ਲਈ ਵੀ ਕੁਝ ਕਰੀਏ। ਜੇਕਰ ਅਸੀਂ ਖੁਦ ਨਵੇਂ ਰਸਤੇ ਨਹੀਂ ਬਣਾ ਸਕਦੇ ਤਾਂ ਜ਼ਿੰਦਗੀ ਦੇ ਨੇਕ ਤੇ ਠੀਕ ਰਸਤਿਆਂ ‘ਤੇ ਤੁਰਨ ਦੀ ਜਾਚ ਹੀ ਸਿੱਖ ਲਈਏ।
Tag: