ਵਿਆਹ ਦੇ ਦਿਨਾਂ ਵਿੱਚ ਕੁੜੀ ਦਾ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤ ‘ਸੁਹਾਗ’ ਅਖਵਾਉਂਦੇ ਹਨ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਅਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਿਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ ਪ੍ਰਗਟਾ ਦਾ ਮਾਧਿਅਮ ਬਣਦੇ ਹਨ।
ਇਹਨਾ ਲੋਕ-ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ਼ ਵਿਭਿੰਨ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ, ਕਿਤੇ ਤਣਾਉ ਹੈ।ਇਹਨਾਂ ਵਿੱਚ ਹੀ ਸਮਾਜਿਕ ਅਤੇ ਆਰਥਿਕ ਪੱਖ ਸਿਧੇ ਜਾਂ ਅਸਿੱਧੇ ਢੰਗ ਨਾਲ਼ ਅਸਰਦਾਰ ਹੁੰਦੇ ਦਿਸਦੇ ਹਨ।
ਵਿਆਹ ਵਿਆਤਕੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੈ। ਕੁੜੀ ਲਈ ਵਿਆਹ ਲਾਡਾਂ-ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਨਿਕਲ ਕੇ ਸਹੁਰੇ ਘਰ ਦੇ ਅਣਦੇਖੇ ਨਵੇਂ ਸੰਸਾਰ ਵਿੱਚ ਪ੍ਰਵੇਸ਼ ਕਰਨ ਦੀ ਰੀਤ ਦਾ ਨਾਂ ਹੈ। ਪੇਕੇ ਘਰ ਦੀ ਸੁਰੱਖਿਆ ਦੇ ਮੁਕਾਵਲੇ ਨਵੇਂ ਸਹੁਰੇ ਘਰ ਦਾ ਓਪਰਾ ਤੇ ਅਣਜਾਇਆਂ ਮਾਹੌਲ ਹੁੰਦਾ ਹੈ ਜਿਸ ਪ੍ਰਤੀ ਕੁੜੀ ਦੇ ਮਨ ਵਿੱਚ ਕਰੀ ਪ੍ਰਕਾਰ ਦੇ ਸੰਸੇ ਹੁੰਦੇ ਹਨ। ਦੁਜੇ ਬੰਨੇ ਸਮਾਜਿਕ ਪ੍ਰਬੰਧ ਮੁਤਾਬਿਕ ਉਸ ਨੇ ਸਹੁਰੇ ਘਰ ਜਾਣਾ ਹੁੰਦਾ ਹੈ। ਬਾਲਗ ਇਸਤਰੀ ਲਈ ਸਹੁਰਾ ਘਰ ਨਵਿਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ, ਇਸ ਲਈ ਉਸ ਦੇ ਮਨ ਵਿੱਚ ਚਾਵਾਂ ਦੇ ਭਾਵ ਵੀ ਰਲੇ ਹੁੰਦੇ ਹਨ।
ਜਿਹੜੇ ਸਮਾਜਿਕ ਵਾਤਾਵਰਨ ਵਿੱਚੋਂ ਸੁਹਾਗ ਦੇ ਇਹ ਲੋਕ-ਗੀਤ ਪੈਦਾ ਹੋਏ ਹਨ,ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ।ਬਹੁਤੇ ਸੁਹਾਗ ਧੀ ਵਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ।ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ‘ਧਰਮ’ ਕਹਾਉਂਦਾ ਹੈ, ਜਿਸ ਦੇ ਕਾਰਨ ‘ਤੇ ਜਸ ਤੇ ਪੁੰਨ ਦੋਵੇਂ ਹੁੰਦੇ ਹਨ। ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ-ਕੁੜੀ ਦੇ ਚਾਚੇ, ਤਾਏ ਅਤੇ ਨੇੜੇ ਦੇ ਰਿਸ਼ਤੇਦਾਰ ਮਾਮੇ-ਨਾਨੇ ਆਦਿ ਨ਼ਾਲ ਆ ਜੁੜਦੇ ਹਨ। ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਕ-ਸੰਬੰਧੀਆਂ ਲਈ ਸਾਂਝੀ ਜ਼ੁੰਮੇਵਾਰੀ ਬਣਿਆ ਹੁੰਦਾ ਹੈ।
ਸੁਹਾਗ ਦੇ ਲੋਕ-ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ, ਉਸ ਦਾ ਘਰ ਮਹਿਲ ਹੈ, ਬਾਹਰ ਬਾਗ਼ ਹਨ, ਜਿਸ ਵਿੱਚ ਚੰਨਣ ਦੇ ਰੁੱਖ ਲੱਗੇ ਹਨ, ਤਲਾਅ ਹਨ ਤੇ ਚੰਬਾ ਖਿੜਦਾ ਹੈ। ਇਸ ਤਰ੍ਹਾਂ ਬਾਬਲ ਇੱਕ ਰਾਜੇ ਵਾਂਗ ਹੈ ਪਰ ਉਹ ਧੀ ਵਿਆਹੁੰਦਾ ਜਾਣੋ ਨਿਵ ਜਾਂਦਾ ਹੈ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵਕਤਾ ਵਾਲ਼ੀ ਹੁੰਦੀ ਹੈ। ਤਦ ਉਸ ਦਾ ਬਾਬਲ ਹੀ ਨਹੀ ਸਾਰਾ ਪਰਿਵਾਰ ਤੇ ਸਾਕ ਸੰਬੰਧੀ ਛਮ-ਛਮ ਰੋਂਦੇ ਹਨ।
ਸੁਹਾਗ ਦੇ ਗੀਤਾਂ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਉ ਹੁੰਦਾ ਹੈ। ਗਾਉਣ ਵਾਲੇ ਦੀ ਉਪ-ਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ ਜਿਵੇਂ ਦਾਹੜੀ ਤੋਂ ਦਾਅੜੀ, ਦੇਵੀਂ ਤੋਂ ਦੇਈਂ, ਨਿਵਿਆਂ ਤੋਂ ਨਿਮਿਆਂ। ਇਸੇ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾਡੜੇ, (ਸਾਡੇ), ਬੇਟੜੀ (ਬੇਟੀ), ਵੱਡੜਾ (ਵੱਡਾ), ਬਾਹਲੜੇ (ਬਹੁਤੇ), ਡੱਬੜੇ (ਡੱਬੇ), ਹੁੰਦੜੀ (ਹੁੰਦੀ) ਆਦਿ ਸ਼ਬਦ ਵਰਤੇ ਜਾਂਦੇ ਹਨ।
ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ। ਇਹਨਾਂ ਵਿੱਚ ਦੁਹਰਾ ਹੈ। ਪ੍ਰਕਿਰਤੀ ਦੀਆਂ ਨਿਰਮਲ ਛੋਹਾਂ ਹਨ ਅਤੇ ਗਾਉਣ ਲਈ ਲੈਅ ਤੇ ਰਵਾਨੀ ਹੈ। ਇਸ ਲੇਖ ਲਈ ਵੰਨਗੀ ਵਜੋਂ ਪੰਜਾਬੀ ਦੇ ਹੇਠ ਲਿਖੇ ਸੁਹਾਗ ਚੁਣੇ ਗਏ :
ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ ਛਾਵਾਂ, ਮੋਜ ਭਰਾਵਾਂ ਨਾਲ ।
ਅਸੀ ਰੱਜ ਰੱਜ ਖੇਡੇ, ਛਾਵੇਂ ਵਿਹਡ਼ੇ ਬਾਬਲ ਦੇ ,
ਰੱਬਾ ਵੇ ਯੁੱਗ ਯੁੱਗ ਵਸਣ ਖੇਡ਼ੇ ਬਾਬਲ ਦੇ ।
ਬਾਬਲ ਤੇਰੇ ਖੇਤ, ਬਹਾਰਾਂ ਆਵਣ ਵੇ ,
ਕੁਡ਼ੀਆਂ ਚਿਡ਼ੀਆਂ , ਡਾਰਾਂ, ਉੱਡ ਉੱਡ ਜਾਵਣ ਵੇ ।
ਟਿੱਬਿਆਂ ਵਿੱਚੋਂ ਪਿਆ ਭੁਲੇਖਾ ਚੀਰੇ ਦਾ ,
ਅਡ਼ੀਓ ਝੱਟ ਪਛਾਤਾ ਘੋਡ਼ਾ ਵੀਰੇ ਦਾ ।
ਜਿਉਂ ਪੁਂਨਿਆਂ ਦਾ ਚਂਨ ਕਾਲੀਆਂ ਰੈਣਾਂ ਨੂੰ ।
ਮਸਾ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ ।
ਖਬਰੈ ਅੱਜ ਕੇ ਕੱਲ ,ਤੈਂ ਅਸੀ ਵਿਆਹੁਣੀਆਂ ।
ਝਿਡ਼ਕੀ ਨਾ ਵੇ ਵੀਰਾ ਅਸੀ ਪ੍ਰਾਹੁਣੀਆਂ ,
ਯਾਦ ਤੇਰੀ ਵਿਚ ਵੀਰਾ ,ਕਾਗ ਉਡਾਵਾਂ ਵੇ ,
ਤੂੰ ਲੇ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ ।
ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ ਛਾਵਾਂ, ਮੋਜ ਭਰਾਵਾਂ ਨਾਲ ।
ਸੁਹਾਗ ਵੀਡਿਓੁ