ਸੇਵਾ ਕਰਨ ਬਾਰੇ ਅਸੀਂ ਆਪਣੇ ਵੱਡਿਆਂ ਤੋਂ ਬਹੁਤ ਵਾਰ ਸੁਣਦੇ ਹਾਂ। ਇਹ ਗੱਲ ਵੀ ਆਮ ਹੀ ਸੁਣਨ ਨੂੰ ਮਿਲਦੀ ਹੈ : ਸੇਵਾ ਕਰੋਗੇ ਤਾਂ ਮੇਵਾ ਮਿਲੇਗਾ। ਸੇਵਾ ਕਿਸ ਦੀ ਕੀਤੀ ਜਾਵੇ, ਜੋ ਸਾਨੂੰ ਵਧੀਆ ਮੇਵਾ ਮਿਲੇ। ਸੇਵਾ ਆਪਣੇ ਬਜ਼ੁਰਗਾਂ ਦੀ , ਗਰੀਬਾਂ ਦੀ , ਵਿਕਲਾਂਗਾਂ ਦੀ, ਮਨੁੱਖਤਾ ਦੀ ਜਾਂ ਗੁਰੂੂ ਘਰਾਂ ਦੀ ? ਅਜੋਕੇ ਸਮੇਂ ਵਿੱਚ ਜ਼ਰੂਰਤ ਹੈ ਨਿਰਸੁਆਰਥ ਸੇਵਾ ਕਰਨ ਦੀ।
ਅੱਜ ਦੇ ਜ਼ਮਾਨੇ ਦੀ ਗੱਲ ਕਰਦੇ ਹਾਂ , ਜਿਸ ਜ਼ਮਾਨੇ ਵਿੱਚ ਸਭ ਆਪਣੇ ਆਪ ਵਿੱਚ ਵਿਅਸਤ ਹਨ। ਇੱਕ ਤਰਾਂ ਨਾਲ ਸਾਰੇ ਆਪਣੇ ਆਪ ਦੀ ਸੇਵਾ ਵਿਚ ਲੱਗੇ ਹੋਏ ਹਨ। ਮੈਂ ਇੱਕ ਆਮ ਅਤੇ ਜ਼ਰੂੂਰੀ ਸੇਵਾ ਦੀ ਗੱਲ ਕਰਨੀ ਚਾਹੁੰਦੀ ਹਾਂ। ਜਿਸ ਨਾਲ ਸਾਡੀਆਂ ਮੁਸ਼ਕਿਲਾਂ ਕਾਫ਼ੀ ਹੱਦ ਤੱਕ ਦੂਰ ਹੋ ਸਕਦੀਆਂ ਹਨ।
ਸਭ ਤੋਂ ਪਹਿਲਾਂ ਇੱਕ ਸਵਾਲ ਜ਼ਹਿਨ ਵਿੱਚ ਆਉਂਦਾ ਹੈ ਕਿ ,”ਕੀ ਅਸੀਂ ਉਸ ਪਰਮਾਤਮਾ ਦੀ ਸੇਵਾ ਕਰ ਸਕਦੇ ਹਾਂ?” “ਉਸ ਸਿ੍ਸ਼ਟੀ ਰਚਣ ਵਾਲੇ ਦੀ ਸੇਵਾ ਕਰ ਸਕਦੇ ਹਾਂ?”
ਸੋਚ ਤਾਂ ਰਹੇ ਹੋਵੋਂਗੇ ਕਿ ਜਿਸ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਅਸੀਂ ਉਸ ਲਈ ਕੁੱਝ ਕਰਨ ਵਾਲੇ ਕੌਣ ਹੁੰਦੇ ਹਾਂ? ਪਰਮਾਤਮਾ ਨੂੰ ਸਾਡੀ ਕਿਹੜੀ ਸੇਵਾ ਦੀ ਲੋੜ ਹੈ?
ਉਸ ਪਰਮਾਤਮਾ ਦੀ, ਉਸ ਰਚਣਹਾਰ ਦੀ ਸਭ ਤੋਂ ਵੱਡੀ ਅਤੇ ਅਣਮੁੱਲੀ ਰਚਨਾ ਦੀ ਸੇਵਾ। “ਇਸ ਧਰਤੀ ਦੀ ਸੇਵਾ।” ਅਸੀਂ ਆਪਣੇ ਗੁਰੂਆਂ, ਪੀਰਾਂ ਫ਼ਕੀਰਾਂ ਦੀਆਂ ਨਿਸ਼ਾਨੀਆਂ ਅਤੇ ਦਾਤਾਂ ਦੀ ਕਿੰਨੀ ਸਾਂਭ ਸਂਭਾਲ ਕਰਦੇ ਹਾਂ। ਪਰ ਉਸ ਪਰਮਾਤਮਾ ਦੀ ਸਭ ਤੋਂ ਮਹਾਨ ਰਚਨਾ ਦੀ ਕੋਈ ਦੇਖ ਭਾਲ ਨਹੀਂ ਕਰਦੇ। ਅਸੀਂ ਗੁਰੂ ਘਰਾਂ ਵਿੱਚ ਜਾ ਕੇ ਕਿੰਨੀ ਸੇਵਾ ਕਰਦੇ ਹਾਂ। ਪਰ ਪਰਮਾਤਮਾ ਤਾਂ ਇਸ ਧਰਤੀ ਦੇ ਕਣ-ਕਣ ਵਿੱਚ ਮੌਜੂਦ ਹੈ।ਕੀ ਸਾਡੀ ਸੇਵਾ ਧਾਰਮਿਕ ਸਥਾਨਾਂ ਤੱਕ ਹੀ ਸੀਮਿਤ ਹੋਣੀ ਚਾਹੀਦੀ ਹੈ?
ਅਸੀਂ ਸਿਰਫ਼ ਅਤੇ ਸਿਰਫ਼ ਆਪਣੇ ਘਰ ਆਦਿ ਨੂੰ ਹੀ ਆਪਣਾ ਸਮਝਦੇ ਹਾਂ। ਬਾਕੀ ਕਿਸ ਦੀ ਜ਼ਿੰਮੇਵਾਰੀ ਹੈ ਸ਼ਾਇਦ ਕਿਸੇ ਨੂੰ ਨਹੀਂ ਪਤਾ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰਾਂ ਜਾਣੂੰ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਪਰ ਪਤਾ ਨਹੀਂ ਕਿਉਂ ਅਸੀਂ ਆਪਣੇ ਹਿੱਸੇ ਦਾ ਸਹਿਯੋਗ ਪਾਉਣ ਤੋਂ ਭੱਜਦੇ ਹਾਂ?
ਜੇ ਅਸੀਂ ਸਾਰੇ ਥੋੜ੍ਹੀ ਥੋੜ੍ਹੀ ਜ਼ਿੰਮੇਵਾਰੀ ਨਿਭਾ ਲਈਏ ਤਾਂ ਅਸੀਂ ਇੱਕ ਅਜਿਹੀ ਸੇਵਾ ਕਰ ਲਵਾਂਗੇ ਜੋ ਕਿ ਸਾਡੇ ਲਈ ਲਾਭਦਾਇਕ ਹੋਵੇਗੀ।