ਸੀਰੀ

ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ ‘ਬੇਦਖ਼ਲ’ ਕਰਨ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ ਰਹਿ ਗਿਆ। ਸਾਰਾ ਪਿੰਡ ਸਤੰਭ ਸੀ। ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਨੂੰ ਬੇਦਖ਼ਲ ਕਰਨਾ ਲੋਕਾਂ ਦੇ ਸੰਘ ਹੇਠੋਂ ਨਹੀਂ ਉੱਤਰ ਰਿਹਾ ਸੀ। ਗੁਰਵੰਤ ਸਿੰਘ ਤਾਂ ਆਪਣੇ ‘ਕੱਲੇ-‘ਕੱਲੇ ਪੁੱਤਰ ‘ਤੇ ਜਾਨ ਵਾਰਦਾ ਸੀ, ਲਹੂ ਡੋਲ੍ਹਦਾ ਸੀ। ਕੁਲਬੀਰ ਦੇ ਇਕ ਬੋਲ ‘ਤੇ ਗੁਰਵੰਤ ਸਿੰਘ ਆਪਣੇ ਆਪ ਨੂੰ ਸ਼ਰੇਆਮ ਨਿਲਾਮ ਕਰ ਸਕਦਾ ਸੀ। ਉਹ ਆਪਣੇ ਇਕਲੌਤੇ ਪੁੱਤਰ ਦੇ ਮੂੰਹੋਂ ਨਿਕਲੀ ਗੱਲ ਭੁੰਜੇ ਨਹੀਂ ਡਿੱਗਣ ਦਿੰਦਾ ਸੀ। ਹਰ ਵਾਹ ਲਾ ਕੇ ਪੂਰੀ ਕਰਦਾ ਸੀ।

ਗੁਰਵੰਤ ਦੇ ਵਿਆਹ ਹੋਏ ਨੂੰ ਪੰਦਰਾਂ ਸਾਲ ਬੀਤ ਚੁੱਕੇ ਸਨ। ਪਰ ਰੱਬ ਦੇ ਘਰੋਂ ਉਸ ਨੂੰ ਔਲਾਦ ਦੀ ਬਖ਼ਸ਼ਿਸ਼ ਨਾ ਹੋਈ। ਰੱਬ ਨੂੰ ਮੰਨਣ ਵਾਲਾ ਗੁਰਵੰਤ ਸਿੰਘ ਆਪਣੀ ਜ਼ਿੰਦਗੀ ਵਿਚ ਮਸਤ ਰਿਹਾ। ਲੋਕਾਂ ਨੇ ਉਸ ਨੂੰ ‘ਚੈੱਕ-ਅੱਪ’ ਕਰਵਾਉਣ ਲਈ ਪ੍ਰੇਰਿਆ। ਪਰ ਉਸ ਨੇ ਕਿਸੇ ਦੀ ਪ੍ਰੇਰਨਾ ਦੀ ਕੋਈ ਪ੍ਰਵਾਹ ਨਾ ਕੀਤੀ। ਬੁੜ੍ਹੀਆਂ ਨੇ ਵੀਹ ਸਾਧਾਂ-ਸੰਤਾਂ ਦੀ ਦੱਸ ਪਾਈ, ਪਰ ਗੁਰਵੰਤ ਸਿੰਘ ਸਾਧਾਂ ਨੂੰ ਵੈਸੇ ਹੀ ‘ਬੂਬਨੇ’ ਸਮਝਦਾ ਸੀ। ਉਹ ਆਮ ਹੀ ਆਖਦਾ, ”ਜਿਹੜੇ ਰੋਟੀ ਖਾਤਰ ਦਰ-ਦਰ ਭੌਂਕਦੇ ਫ਼ਿਰਦੇ ਐ, ਤੁਹਾਨੂੰ ਮੁੰਡਾ ਕਿੱਥੋਂ ਦੇ ਦੇਣਗੇ?” ਗੁਰਵੰਤ ਸਿੰਘ ਦੀ ਘਰਵਾਲੀ ਗੁਰਦੇਵ ਕੌਰ ਵੀ ਰੱਬ ਆਸਰੇ ਹੀ ਤੁਰਨ ਵਾਲੀ ਸੰਤੋਖੀ ਔਰਤ ਸੀ। ਉਸ ਨੇ ਵੀ ਕਿਸੇ ਸਾਧ ਦੇ ਡੇਰੇ ਜਾ ਕੇ ਮੱਥਾ ਨਾ ਰਗੜਿਆ। ਉਹਨਾਂ ਦੋਹਾਂ ਜੀਆਂ ਦੀਆਂ ਤਾਂ ਸੱਚੇ ਰੱਬ ‘ਤੇ ਹੀ ਆਸਾਂ ਸਨ। ਦਰ-ਦਰ ਭਟਕਣ ਵਾਲੇ ਦੋਨੋਂ ਹੀ ਨਹੀਂ ਸਨ। ਭੈਣਾਂ ਭਰਾਵਾਂ ਨੇ ਗੁਰਵੰਤ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ। ਪਰ ਉਸ ਨੇ ਫ਼ੇਰ ਨਾ ਪੈਰਾਂ ‘ਤੇ ਪਾਣੀ ਪੈਣ ਦਿੱਤਾ, ”ਜੇ ਮੇਰੇ ਕਰਮਾਂ ‘ਚ ਹੋਊ, ਤਾਂ ਮੈਨੂੰ ਦੇਬੋ ਦੀ ਕੁੱਖੋਂ ਈ ਮਿਲ ਜਾਊ, ਮੈਂ ਕਾਹਨੂੰ ਬਹੁਤੇ ਢਕਵੰਜ ਕਰਾਂ? ਨਾਲੇ ਮੈਂ ਦੇਬੋ ਦਾ ਦਿਲ ਦੁਖੀ ਕਰੂੰ ਤੇ ਨਾਲੇ ਅਗਲੀ ਨੂੰ ਪਰੁੰਨ੍ਹ ਕੇ ਰੱਖ ਦਿਊਂ! ਜੇ ਉਹਦੀ

ਕੁੱਖੋਂ ਵੀ ਕੋਈ ਔਲਾਦ ਨਾ ਹੋਈ, ਫ਼ੇਰ ਰੱਬ ਦਾ ਕੀ ਕਰ ਲਵਾਂਗੇ?” ਉਹ ਦੂਜੇ ਵਿਆਹ ਨੂੰ ਵੀ ਲੱਤ ਨਾ ਲਾਉਂਦਾ ਅਤੇ ਸੱਚੇ ਦਾਤੇ ਅੱਗੇ ਹੀ ਅਰਦਾਸਾਂ ਕਰਦਾ।
ਪੂਰੇ ਅਠਾਰਾਂ ਸਾਲ ਬਾਅਦ ਉਸ ਦੀਆਂ ਅਰਦਾਸਾਂ ਦਰਗਾਹ ਪ੍ਰਵਾਨ ਹੋਈਆਂ। ਗੁਰਵੰਤ ਸਿੰਘ ਦੇ ਘਰ ‘ਤੇ ਰੱਬ ਦੀ ਮਿਹਰ ਹੋਈ। ਉਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਕੋਈ ਹੋਰ ਖ਼ੁਸ਼ੀ ਮਨਾਉਣ ਦੀ ਜਗਾਹ ਉਹ ਸਿੱਧਾ ਗੁਰਦੁਆਰੇ ਪਹੁੰਚਿਆ ਅਤੇ ਸ਼ੁਕਰਾਨੇਂ ਦੀ ਅਰਦਾਸ ਕਰਵਾਈ, ਹੁਕਮਨਾਮਾ ਲਿਆ ਅਤੇ ਕਾਕੇ ਦਾ ਨਾਮ ‘ਕੱਕੇ’ ‘ਤੇ ਨਿਕਲਿਆ। ਘਰ ਆ ਕੇ ਉਸ ਨੇ ਪੁੱਤਰ ਦਾ ਨਾਂ ‘ਕੁਲਬੀਰ ਸਿੰਘ’ ਰੱਖਿਆ। ਲੋਕ ਗੁਰਵੰਤ ਨੂੰ ਵਧਾਈਆਂ ਦਿੰਦੇ ਤਾਂ ਉਹ ਅਹਿਸਾਨ ਵਜੋਂ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜ ਦਿੰਦਾ ਅਤੇ ਉਸ ਦਾ ਸ਼ੁਕਰਾਨਾਂ ਕਰਦਾ ਨਾ ਥੱਕਦਾ। ਗੁਰਵੰਤ ਸਿੰਘ ਸਿੱਧਾ-ਸਾਦਾ ਬੰਦਾ, ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਨਸਾਨ ਸੀ। ਉਸ ਦੇ ਘਰਵਾਲੀ ਦੇਬੋ ਵੀ ਵਲ-ਫ਼ੇਰ ਵਾਲੀ ਨਹੀਂ ਸੀ। ਕੁਲਬੀਰ ਦੇ ਪੂਰੇ ਇਕ ਸਾਲ ਦਾ ਹੋਣ ‘ਤੇ ਗੁਰਵੰਤ ਨੇ ਡੰਡਾਉਤ ਕਰਨ ਵਜੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਰਿਸ਼ਤੇਦਾਰ ਬੁਲਾਏ ਅਤੇ ਭੈਣਾਂ-ਭਾਣਜੀਆਂ ਨੂੰ ਦਾਨ ਪੁੰਨ ਵਜੋਂ ਲੀੜਾ-ਕੱਪੜਾ ਵੀ ਦਿੱਤਾ ਗਿਆ। ਗੁਰਵੰਤ ਸਿੰਘ ਅਤੇ ਗੁਰਦੇਵ ਕੌਰ ਅਤੀਅੰਤ ਖ਼ੁਸ਼ ਸਨ। ਗੁਰਵੰਤ ਕੁਲਬੀਰ ਨੂੰ ਆਪਣੇ ਮੋਢਿਆਂ ‘ਤੇ ਚੁੱਕੀ ਰੱਖਦਾ। ਗੁਰਦੁਆਰੇ ਮੱਥਾ ਟਿਕਾਅ ਕੇ ਲਿਆਉਂਦਾ ਅਤੇ ਫ਼ੇਰ ਖੇਤ ਭਲਵਾਨੀ ਗੇੜੀ ਲੁਆਉਂਦਾ। ਆਪ ਦੁੱਧ ਪੀਣ ਨੂੰ ਦਿੰਦਾ ਅਤੇ ਖੇਤ ਵਿਚ ਦੌੜ ਵੀ ਲੁਆਈ ਰੱਖਦਾ, ”ਐਵੇਂ ਰਿੱਗਲ ਜਿਹਾ ਨਹੀਂ ਬਣਨਾਂ ਪੁੱਤ! ਡੰਡਾ ਬਣਨੈਂ, ਡੰਡਾ!” ਉਹ ਕੁਲਬੀਰ ਨੂੰ ਥਾਪੜਾ ਦੇ ਕੇ ਕਹਿੰਦਾ।
ਪੰਜਵੀਂ ਜਮਾਤ ਤੱਕ ਉਹ ਕੁਲਬੀਰ ਨੂੰ ਆਪ ਘੰਧੇੜੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਰਿਹਾ। ਫ਼ਿਰ ਜਦ ਉਹ ਮਿਡਲ ਅਤੇ ਹਾਈ ਸਕੂਲ ਵਿਚ ਦਾਖ਼ਲ ਹੋਇਆ ਤਾਂ ਹੁਣ ਉਸ ਨੂੰ ਬਾਪੂ ਦੇ ਸਕੂਲ ਆਉਣ ‘ਤੇ ਸ਼ਰਮ ਆਉਣ ਲੱਗ ਪਈ। ਬਿਰਧ ਬਾਪੂ ਦੀ ਸਣ ਵਰਗੀ ਦਾਹੜੀ ਵੇਖ ਕੇ ਉਸ ਨੂੰ ਲੱਜ ਜਿਹੀ ਆ ਜਾਂਦੀ।
”ਤੂੰ ਮੇਰੇ ਬੁੱਢੇ ਵਾਰੇ ਜਾ ਕੇ ਹੋਇਐਂ ਕੁਲਬੀਰਿਆ! ਬਾਪੂ ਦੇ ਰਹਿਣ ਸਹਿਣ ਤੋਂ ਸ਼ਰਮ ਨਹੀਂ ਮੰਨੀਦੀ ਹੁੰਦੀ! ਸਭ ਦੁਨੀਆਂ ਨੂੰ ਪਤੈ ਬਈ ਮੈਂ ਤੈਨੂੰ ਕਿੰਨੇ ਤਰਲਿਆਂ ਨਾਲ ਲਿਐ! ਬੁੱਢਾ ਹੋ ਗਿਆ ਸੀ ਮੈਂ ਰੱਬ ਅੱਗੇ ਨੱਕ ਰਗੜਦਾ! ਬੁੱਢੇ ਬਾਪੂ ਦੀ ਸ਼ਰਮ ਨਹੀਂ ਕਰੀਦੀ ਹੁੰਦੀ!” ਪਰ ਕੁਲਬੀਰ ਬਾਹਰਲੇ ਪਿੰਡਾਂ ਤੋਂ ਸਕੂਲ ਆਉਂਦੇ ਮੁੰਡਿਆਂ ਤੋਂ ਬੁੱਢੇ ਅਤੇ ਸਾਦੇ ਬਾਪੂ ਦੀ ਹੋਂਦ ਅਤੇ ਪਹਿਚਾਣ ਛੁਪਾਈ ਰੱਖਦਾ ਸੀ। ਜਦ ਕਦੇ ਰਾਹ ਖਹਿੜੇ ਉਸ ਨੂੰ ਬਾਪੂ ਮਿਲ ਜਾਂਦਾ ਤਾਂ ਉਹ ਸ਼ਰਮਿੰਦਗੀ ਵਜੋਂ ਉਸ ਵੱਲੋਂ ਪਾਸਾ ਹੀ ਵੱਟ ਲੈਂਦਾ। ਇਸ ਗੱਲ ਦਾ ਗੁਰਵੰਤ ਨੂੰ ਅਥਾਹ ਅਫ਼ਸੋਸ ਹੁੰਦਾ ਕਿ ਇੱਕੋ ਇਕ ਪੁੱਤ ਰੱਬ ਤੋਂ ਮਸਾਂ ਨੱਕ ਰਗੜ-ਰਗੜ ਕੇ ਲਿਆ ਸੀ, ਹੁਣ ਮੇਰੇ ਬੁੜ੍ਹਾਪੇ ਕਾਰਨ ਉਹ ਲੋਕਾਂ ਵਿਚ ਵੀ ਮਿਲਣੋਂ ਪਾਸਾ ਵੱਟਦਾ ਹੈ। ਨਮੋਸ਼ੀ ਮੰਨਦਾ ਹੈ। ਪਰ ਇਹ ਗੱਲ ਉਹ ਗੁਰਦੇਵ ਕੌਰ ਤੋਂ ਛੁਪਾਈ ਰੱਖਦਾ। ਉਸ ਨੂੰ ਇਹ ਸੀ ਕਿ ਜਦ ਦੇਬੋ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਉਦਾਸ ਹੋ ਜਾਵੇਗੀ। ਇਹ ਗੱਲ ਉਸ ਦੇ ਮਨ ਵਿਚ ਰੋੜੇ ਵਾਂਗ ਰੜਕਦੀ ਰਹਿੰਦੀ ਅਤੇ ਉਹ ਬੜੇ ਸਬਰ ਨਾਲ ਜਰਦਾ, ”ਅਜੇ ਨਿਆਣਾਂ ਹੈ! ਜਦ ਸਿਆਣਾਂ ਹੋ ਗਿਆ, ਆਪੇ ਸਮਝ ਆਜੂਗੀ ਨਲਾਇਕ ਨੂੰ!” ਉਹ ਆਪਣੇ ਆਪ ਨੂੰ ਉਚੀ ਸਾਰੀ ਆਖਦਾ।
ਸਮਾਂ ਪਾ ਕੇ ਕੁਲਬੀਰ ਫ਼ੌਜ ਵਿਚ ਭਰਤੀ ਹੋ ਗਿਆ। ਉਸ ਦਾ ਵਿਛੋੜਾ ਦੋਹਾਂ ਜੀਆਂ ਨੂੰ ਬਿੱਛੂ ਵਾਂਗ ਡੰਗਦਾ।
”ਜੇ ਉਹਨੂੰ ਸਾਰੀ ਉਮਰ ਹਿੱਕ ਨਾਲ ਲਾਈ ਰੱਖਾਂਗੇ ਤਾਂ ਉਹਦੀ ਜਿੰਦਗੀ ਈ ਤਬਾਹ ਕਰਾਂਗੇ ਦੇਬੋ! ਫ਼ੌਜ ‘ਚ ਜਾ ਕੇ ਉਹਨੂੰ ਲੋਕਾਂ ‘ਚ ਰਹਿਣਾਂ ਬਹਿਣਾਂ ਤਾਂ ਆਊ? ਇੱਥੇ ਪਿੰਡ ‘ਚ ਰਹਿ ਕੇ ਤਾਂ ਆਪਣੇ ਵਰਗਾ ਉਜੱਡ ਈ ਬਣੂੰ! ਫ਼ੇਰ ਆਪਣੇ ਮਰਿਆਂ ਤੋਂ ਆਪਾਂ ਨੂੰ ਈ ਦੋਸ਼ ਦਿਆ ਕਰੂਗਾ, ਬਈ ਮੈਨੂੰ ਬਾਹਰਲੀ ਹਵਾ ਨਹੀਂ ਲੱਗਣ ਦਿੱਤੀ ਮੇਰੇ ਖ਼ੁਦਗਰਜ ਮਾਪਿਆਂ ਨੇ!” ਆਖ ਕੇ ਉਹ ਆਪਣੇ ਆਪ ਨੂੰ ਹੀ ਧਰਵਾਸ ਦੇ ਲੈਂਦਾ। ਪਰ ਦੇਬੋ ਚੁੱਪ ਰਹਿੰਦੀ।
ਕੁਲਬੀਰ ਦੀ ਬਦਲੀ ਫ਼ਿਰੋਜ਼ਪੁਰ ਦੀ ਹੋ ਗਈ ਅਤੇ ਉਸ ਦੀ ਚਿੱਠੀ ਆਈ ਕਿ ਮੈਨੂੰ ਦਸ ਕਿੱਲੋ ਖੋਆ ਮਾਰ ਕੇ ਕਿਸੇ ਦੇ ਹੱਥ ਭੇਜ ਦਿਓ! ਬਾਪੂ ਤਕਲੀਫ਼ ਨਾ ਕਰੇ, ਕਿਸੇ ਹੋਰ ਹੱਥ ਖੋਆ ਭੇਜ ਦੇਣਾਂ।
”ਲੈ! ਤਕਲੀਫ਼ ਕਾਹਦੀ ਐ? ਆਹ ਤਾਂ ਫ਼ਰੋਜਪੁਰ ਖੜ੍ਹੈ! ਮੈਂ ਆਪਣੇ ਸ਼ੇਰ ਨੂੰ ਆਪ ਖੋਆ ਮਾਰ ਕੇ ਹੱਥੀਂ ਦੇ ਕੇ ਆਊਂ! ਸਿਆਣੇ ਕਹਿੰਦੇ ਐ, ਹੱਥੀ ਵਣਜ ਪਰਾਈ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ! ਤੂੰ ਖੋਆ ਮਾਰ, ਮੈਂ ਆਪ ਫ਼ੜਾ ਕੇ ਆਊਂ ਮੇਰੇ ਸ਼ੇਰ ਬੱਗੇ ਨੂੰ ਖੋਆ!”
ਗੁਰਦੇਵ ਕੌਰ ਸਾਰੀ ਰਾਤ ਖੋਆ ਮਾਰਦੀ ਰਹੀ। ਗੁਰਵੰਤ ਦੋ ਕੁ ਘੰਟੇ ਸੌਂ ਲਿਆ ਸੀ।
ਸਵੇਰੇ ਉਹ ਤੁਰ ਕੇ ਹੀ ਅੰਮ੍ਰਿਤਸਰ ਪਹੁੰਚਿਆ ਅਤੇ ਉਥੋਂ ਬੱਸ ਫ਼ੜਕੇ ਫ਼ਿਰੋਜ਼ਪੁਰ ਜਾ ਉੱਤਰਿਆ। ਖੋਏ ਦਾ ਪੀਪਾ ਉਸ ਨੇ ਬੜੇ ਉਤਸ਼ਾਹ ਨਾਲ ਮੋਢਿਆਂ ‘ਤੇ ਚੁੱਕਿਆ ਹੋਇਆ ਸੀ। ਇਹ ਖੋਆ ਉਸ ਦੇ ਪੁੱਤ ਨੇ ਖਾਣਾਂ ਸੀ। ਖਾ ਕੇ ਸਰੀਰ ਬਣਾਉਣਾ ਸੀ। ਫ਼ੌਜ ਦੀ ਨੌਕਰੀ ਕਰਨੀ ਸੀ। ਚਾਰ ਪੈਸੇ ਜੋੜ ਕੇ ਉਸ ਦਾ ਵਿਆਹ ਵੀ ਕਰਾਂਗੇ ਤੇ ਫ਼ੇਰ ਮੇਰੇ ਪੋਤੇ ਮੇਰੇ ਮੋਢਿਆਂ ‘ਤੇ ਖੇਡਿਆ ਕਰਨਗੇ। ਘਰ ਰੌਣਕ ਲੱਗੀ ਰਿਹਾ ਕਰੇਗੀ। ਕੀ ਹੋ ਗਿਆ ਰੱਬ ਨੇ ਮੈਨੂੰ ਬੁੱਢੇ ਹੋਏ ਨੂੰ ਪੁੱਤ ਦਿੱਤਾ? ਅਜੇ ਤਾਂ ਮੈਂ ਵੀ ਘੋੜ੍ਹੇ ਵਰਗਾ ਤੁਰਿਆ ਫ਼ਿਰਦੈਂ! ਬੁਣਤੀਆਂ ਬੁਣਦਾ ਉਹ ਐਡਰੈੱਸ ਵਾਲੀ ਚਿੱਠੀ ਹੱਥ ਵਿਚ ਫ਼ੜੀ ਲੋਕਾਂ ਨੂੰ ਦਿਖਾਉਂਦਾ ਆਰਮੀ ਦੀ ਛਾਉਣੀਂ ਪਹੁੰਚ ਗਿਆ।
ਛਾਉਣੀ ਦੇ ਬਾਹਰ ਖੜ੍ਹੇ ਫ਼ੌਜੀਆਂ ਨੂੰ ਉਸ ਨੇ ਕੁਲਬੀਰ ਦਾ ਨਾਂ ਲੈ ਕੇ ਖੋਆ ਲਿਆਉਣ ਬਾਰੇ ਦੱਸਿਆ ਤਾਂ ਕੁਲਬੀਰ ਦੀ ਉਮਰ ਦਾ ਫ਼ੌਜੀ ਜੁਆਨ ਕੁਆਟਰਾਂ ਵੱਲ ਨੂੰ ਚਲਾ ਗਿਆ ਅਤੇ ਕੁਝ ਪਲਾਂ ਵਿਚ ਹੀ ਫ਼ੌਜੀ ਵਰਦੀ ਵਿਚ ਕੱਸਿਆ ਕੁਲਬੀਰ ਆਉਂਦਾ ਦਿਸਿਆ ਤਾਂ ਗੁਰਵੰਤ ਦਾ ਸੀਨਾਂ ਗਜ ਚੌੜਾ ਹੋ ਗਿਆ।
ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਜਾ ਪਾਈ। ਉਸ ਦਾ ਕਾਲਜਾ ਠਰ ਗਿਆ। ਜਿਵੇਂ ਰੇਗਿਸਤਾਨ ਵਿਚ ਸੀਤ ਕਣੀਂ ਡਿੱਗਦੀ ਹੈ। ਜੁੱਗੜਿਆਂ ਤੋਂ ਪਿਆਸੇ ਪਪੀਹੇ ਦੇ ਮੁੱਖ ਵਿਚ ਸੁਆਤੀ ਬੂੰਦ ਪੈਣ ਵਾਂਗ! ਪਰ ਕੁਲਬੀਰ ਉਸ ਨੂੰ ਮਿਲਣ ਵਿਚ ਸੰਕੋਚ ਕਰ ਰਿਹਾ ਸੀ।
”ਯਾਰ ਕਿੰਨੀ ਦੂਰੋਂ ਬੰਦਾ ਖੋਆ ਲੈ ਕੇ ਆਇਐ, ਚਾਹ ਪਾਣੀ ਤਾਂ ਪੁੱਛ ਲੈ!” ਕਿਸੇ ਫ਼ੌਜੀ ਸਾਥੀ ਨੇ ਟਕੋਰ ਮਾਰੀ।
ਕੁਲਬੀਰ ਬਾਪੂ ਨੂੰ ਅੰਦਰ ਲੈ ਗਿਆ। ਉਸ ਨੇ ਆਪਣੇ ਮੂੰਹੋਂ ਇਕ ਵਾਰ ਵੀ ”ਬਾਪੂ ਜੀ” ਨਹੀਂ ਕਿਹਾ ਸੀ। ਇਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆ ਗਿਆ ਸੀ।
ਉਸ ਨੇ ਬਾਪੂ ਨੂੰ ਫ਼ੌਜੀ ਕੰਨਟੀਨ ਵਿਚ ਬੈਠਣ ਦਾ ਰੁੱਖਾ ਜਿਹਾ ਇਸ਼ਾਰਾ ਕੀਤਾ। ਜਿਵੇਂ ਸੱਤ ਬਿਗਾਨਿਆਂ ਨੂੰ ਕਰੀਦਾ ਹੈ! ਬਾਪੂ ਹੋਰ ਅਵਾਜ਼ਾਰ ਹੋ ਗਿਆ। ਉਸ ਦੇ ਅਹਿਸਾਸ ਕਤਲ ਹੋ ਗਏ ਅਤੇ ਜਜ਼ਬਾਤ ਖ਼ੂਨੋਂ-ਖ਼ੂਨ!
ਇਕ ਫ਼ੌਜੀ ਜੁਆਨ ਚਾਹ ਦਾ ਕੱਪ ਅਤੇ ਗੁਲੂਕੋਜ਼ ਦੇ ਬਿਸਕੁਟ ਗੁਰਵੰਤ ਦੇ ਅੱਗੇ ਰੱਖ ਗਿਆ।
”ਕੌਣ ਆਇਐ?” ਕੰਨਟੀਨ ਵਿਚ ਇਕ ਪਾਸੇ ਖੜ੍ਹੇ ਫ਼ੌਜੀਆਂ ਨੇ ਕੁਲਬੀਰ ਨੂੰ ਪੁੱਛਿਆ, ”ਬਾਪੂ ਜੀ ਆਏ ਐ?”
ਕੁਲਬੀਰ ਦੇ ਮੂੰਹੋਂ ”ਮੇਰੇ ਬਾਪੂ ਜੀ” ਸੁਣਨ ਲਈ ਗੁਰਵੰਤ ਦੇ ਕੰਨ ਤਰਸੇ ਪਏ ਸਨ।
”ਸਾਡਾ ਸੀਰੀ ਆਇਐ! ਬਾਪੂ ਜੀ ਤਾਂ ਢਿੱਲੇ ਸੀ, ਆ ਨਹੀਂ ਸਕੇ! ਖੋਆ ਦੇ ਕੇ ਉਹਨਾਂ ਨੇ ਸੀਰੀ ਨੂੰ ਈ ਭੇਜਤਾ!” ਕੁਲਬੀਰ ਦੇ ਮੂੰਹੋਂ ਨਿਕਲੇ ਸ਼ਬਦ ਗੁਰਵੰਤ ਦੀ ਰੂਹ ਵਲੂੰਧਰ ਗਏ ਅਤੇ ਉਹ ਚਾਹ ਅਤੇ ਬਿਸਕੁਟ ਛੱਡ ਕੇ ਆਪਣੇ ਰਸਤੇ ਪੈ ਗਿਆ। ਸਾਰੀ ਉਮਰ ਕਿਸੇ ਬੱਚੇ ਦੇ ਮੂੰਹੋਂ ‘ਬਾਪੂ’ ਸ਼ਬਦ ਨੂੰ ਤਰਸਦਾ ਗੁਰਵੰਤ ਅੰਦਰੋਂ ਲਹੂ-ਲੁਹਾਣ ਹੋਇਆ ਪਿਆ ਸੀ ਅਤੇ ਉਸ ਦੀ ਆਤਮਾ ਵਿਲਕੀ ਜਾ ਰਹੀ ਸੀ। ਘਰੇ ਪਹੁੰਚਣ ਦੀ ਬਜਾਏ ਉਹ ਅਖ਼ਬਾਰ ਦੇ ਦਫ਼ਤਰ ਪਹੁੰਚਿਆ ਅਤੇ ‘ਬੇਦਖ਼ਲੀ’ ਦਾ ਨੋਟਿਸ ਦੇ ਦਿੱਤਾ।

Tag:
ਸੀਰੀ

Tags:

Leave a Reply